May 8, 2023 | By ਸਿੱਖ ਸਿਆਸਤ ਬਿਊਰੋ
ਸੰਤ ਬਾਬਾ ਵਿਸਾਖਾ ਸਿੰਘ ਇਕ ਅਜੇਹੀ ਅਦੁੱਤੀ ਸ਼ਖ਼ਸੀਅਤ ਸਨ, ਜਿਨ੍ਹਾਂ ਦੀ ਗੁੰਮਨਾਮ ਸੇਵਾ ਅਤੇ ਦੇਸ਼ ਦੀ ਆਜ਼ਾਦੀ ਦੀ ਖਾਤਿਰ ਕੀਤੀਆਂ ਗਈਆਂ ਕੁਰਬਾਨੀਆਂ ਨੇ ਭਾਰਤੀ ਸੁਤੰਤਰਤਾ ਲਹਿਰ ਨੂੰ ਤਿੱਖਾ ਕਰਨ ਵਿਚ ਮਹੱਤਵਪੂਰਨ ਹਿੱਸਾ ਪਾਇਆ । ਆਪ ਸੰਤੋਖ ਗੁਰਸਿੱਖ, ਪੂਰਨ ਭਜਨੀਕ, ਨਾਮ ਰਸੀਏ, ਤਿਆਗੀ, ਗਰੀਬਾਂ ਦੇ ਸੁਹਿਰਦ, ਸੇਵਾ ਤੇ ਸਰਬੱਤ ਦੇ ਭਲੇ ਦੇ ਇਛੁੱਕ, ਪਾਰਟੀ ਚੌਧਰਾਂ ਤੋਂ ਦੂਰ ਰਹਿ ਕੇ ਨਿੱਗਰ ਕੰਮ ਕਰਨ ਵਿਚ ਯਕੀਨ ਰੱਖਦੇ ਸਨ, ਪਰੰਤੂ ਜਦ ਦੇਸ਼ ਤੇ ਕੌਮ ਨੂੰ ਕੁਰਬਾਨੀਆਂ ਦੀ ਲੋੜ ਪਈ ਤਾਂ ਆਪਣੀ ਸਿਹਤ ਤੇ ਆਯੂ ਦਾ ਖਿਆਲ ਨਾ ਰੱਖਦੇ ਹੋਏ ਕੇਵਲ ਆਪ ਹੀ ਮੋਹਰਲੀ ਕਤਾਰ ਵਿਚ ਖੜ੍ਹੇ ਨਾ ਹੋਏ, ਸਗੋਂ ਆਪ ਦੀ ਪ੍ਰੋਰਨਾ ਨਾਲ ਸੈਂਕੜੇ ਅਜੇਹੇ ਮਰਜੀਵੜੇ ਪੈਦਾ ਹੋਏ, ਜੋ ਸਿਰ ਉੱਤੇ ਖੱਫਣ ਬੰਨ੍ਹ ਕੇ ਆਜ਼ਾਦੀ ਲਈ ਮਰ ਮਿਟਣ ਵਾਸਤੇ ਹਮੇਸ਼ਾ ਤੱਤਪਰ ਰਹੇ।
ਆਪ ਦਾ ਜਨਮ ਪਿੰਡ ਦਦੇਹਰ, ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਵਿਚ ਪਹਿਲੀ ਵਿਸਾਖ ਸੰਮਤ 1934 ਬਿਕਰਮੀ ਅਰਥਾਤ 1877 ਈਸਵੀ ਨੂੰ ਪਿਤਾ ਸ. ਦਿਆਲ ਸਿੰਘ ਸੰਧੂ ਤੇ ਮਾਤਾ ਬੀਬੀ ਇੰਦ ਕੌਰ ਦੇ ਘਰ ਹੋਇਆ। ਵਿਸਾਖੀ ਦਾ ਦਿਨ ਜਨਮ ਹੋਣ ਕਰਕੇ ਮਾਪਿਆਂ ਨੇ ਇਨ੍ਹਾਂ ਦਾ ਨਾਮ ਵਿਸਾਖਾ ਸਿੰਘ ਰੱਖ ਦਿੱਤਾ।
ਬਾਰ੍ਹਾਂ ਸਾਲ ਦੀ ਉਮਰ ਹੁੰਦਿਆਂ ਹੀ 1889 ਈਸਵੀਂ ਵਿਚ ਉਨ੍ਹਾਂ ਨੇ ਅੰਮ੍ਰਿਤ ਛਕ ਲਿਆ ਅਤੇ ਤਿਆਰ-ਬਰ-ਤਿਆਰ ਸਿੰਘ ਸਜ ਕੇ ਰਹਿਤ ਮਰਯਾਦਾ ਵਿਚ ਪੱਕੇ ਹੋ ਗਏ। ਉਪਰੰਤ ਸਾਰੀ ਉਮਰ ਦੇਸ਼ ਪ੍ਰਦੇਸ਼, ਜੇਲ੍ਹਾਂ ਅੰਦਰ ਤੇ ਬਾਹਰ ਵਿਚਰਨ ਸਮੇਂ ਉਨ੍ਹਾਂ ਨੇ ਇਸ ਰਹਿਤ ਮਰਯਾਦਾ ਨੂੰ ਚੰਗੀ ਤਰ੍ਹਾਂ ਨਿਭਾਇਆ। ਹਰ ਰੋਜ਼ ਦੇ ਜੀਵਨ ਵਿਚ ਵਿਸਾਖਾ ਸਿੰਘ ਦਸਤਾਰ ਨੂੰ ਇਕ ਇਕ ਪੇਚ ਕਰਕੇ ਉਤਾਰਦਾ। ਪ੍ਰਸ਼ਾਦ ਛੱਕਣ ਪਿਛੋਂ ਅਤੇ ਕਿਤੇ ਬਾਹਰ ਜਾਣ ਦੀ ਤਿਆਰੀ ਸਮੇਂ, ਅਰਦਾਸਾ ਸੋਧਿਆ ਜਾਂਦਾ। ਉਹ ਇਨ੍ਹਾਂ ਪੁਰਾਤਨ ਗੁਰਸਿੱਖ ਰਹੁ-ਰੀਤਾਂ ਨੂੰ ਰਹਿਤ ਮਰਯਾਦਾ ਦੇ ਨਿਯਮਾਂ ਵਾਂਗ ਹੀ ਨਿਭਾਇਆ ਕਰਦੇ ਸਨ। ਵਿਸਾਖਾ ਸਿੰਘ ਆਪਣੇ ਕੋਲ ਹਰ ਵੇਲੇ ਵੱਡੀ ਕਿਰਪਾਨ ਰੱਖਿਆ ਕਰਦੇ ਸਨ ਅਤੇ ਵੱਡੀ ਤੋਂ ਵੱਡੀ ਮੁਸ਼ਕਲ ਪੈਣ ਸਮੇਂ ਵੀ ਇਸ ਦਾ ਸਾਥ ਨਹੀਂ ਸੀ ਛੱਡਦੇ।
ਸ਼ਖਸੀਅਤ ਤੇ ਵਿਚਾਰਧਾਰਾ
ਸੰਤ ਬਾਬਾ ਵਿਸਾਖਾ ਸਿੰਘ ਦੀ ਸਖਸ਼ੀਅਤ ਗਦਰ ਪਾਰਟੀ ਦੀ ਆਪਾ-ਵਾਰੂ ਸਪਿਰਟ ਅਤੇ ਇਨਕਲਾਬੀ ਲਗਨ ਦਾ ਇਕ ਸੁੰਦਰ ਨਮੂਨਾ ਸੀ, ਜਿਸ ਵਿਚ ਭਗਤੀ ਤੇ ਸ਼ਕਤੀ ਦਾ ਸੁਮੇਲ ਸੀ। ਆਪ ਸਿਦਕੀ, ਗੁਰਮੁਖ ਤੇ ਸੰਤ ਸੁਭਾਅ ਦੇ ਮਾਲਕ ਅਤੇ ਸ਼ੁਰੂ ਤੋਂ ਹੀ ‘ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ’ ਦੇ ਆਦਰਸ਼ ਉਤੇ ਚੱਲਣ ਵਾਲੇ ਮਹਾਂਪੁਰਸ਼ ਸਨ। ਗ਼ਦਰ ਪਾਰਟੀ ਵਿਚ ਹਿੱਸਾ ਲੈਣ ਕਰਕੇ ਇਨ੍ਹਾਂ ਭਾਵਾਂ ਨੂੰ ਇਨਕਲਾਬੀ ਸਪਿਰਟ ਦੀ ਇਕ ਅਨੋਖੀ ਪਿਉਂਦ ਲੱਗ ਗਈ। ਅੰਡੇਮਾਨ ਦੀ ਰਿਹਾਈ ਤੋਂ ਲੈ ਕੇ ਅਖੀਰ ਤਕ ਆਪਣੀ ਅਣਖ ਨੂੰ ਦਬਾ ਕੇ ਦੇਸ਼ ਭਗਤ ਪਰਿਵਾਰਾਂ ਦੀ ਸਹਾਇਤਾ, ਜੇਲ੍ਹਾਂ ਵਿਚ ਡੱਕੇ ਹੋਏ ਸਾਥੀਆਂ ਦੀਆਂ ਮੁਸ਼ਕਿਲਾਂ ਦੂਰ ਕਰਵਾਉਣ ਅਤੇ ਉਨ੍ਹਾਂ ਦੀ ਰਿਹਾਈ ਦੇ ਜਤਨਾਂ ਵਿਚ ਆਪ ਜੁੱਟੇ ਰਹੇ। ਆਪ ਵਲੋਂ ਚਲਾਈ ‘ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ’ ਉਨ੍ਹਾਂ ਇਨਕਲਾਬੀਆਂ ਨੂੰ ਮੁੜ ਲੜੀ ਵਿਚ ਪ੍ਰੋਣ ਦਾ ਵਸੀਲਾ ਬਣੀ, ਜੋ ਗਦਰ ਲਹਿਰ ਦੇ ਸੰਬੰਧ ਵਿਚ ਹੋਇਆਂ ਲੰਮੀਆਂ ਸਜ਼ਾਵਾਂ ਭੁਗਤਣ ਮਗਰੋਂ ਸਮੇਂ ਸਮੇਂ ਰਿਹਾਅ ਹੁੰਦੇ ਰਹੇ। ਧਾਰਮਿਕ ਵਿਚਾਰਧਾਰਾ ਤੇ ਉਚੇਰੇ ਜੀਵਨ ਆਦਰਸ਼ਾਂ ਕਾਰਨ ਜਨਤਾ ਵਿਚ ਬਾਬਾ ਜੀ ਦਾ ਅਸਰ ਰਸੂਖ ਬਹੁਤ ਸੀ ਅਤੇ ਇਹ ਅਸਰ ਰਸੂਖ ਇਨਕਲਾਬੀਆਂ ਦੇ ਹਮੇਸ਼ਾ ਕੰਮ ਆਉਂਦਾ ਰਿਹਾ। ਆਪ ਦੀ ਮਿਠਾਸ, ਨਿਮਰਤਾ ਅਤੇ ਸੁਹਿਰਦਤਾ ਭਰੀ ਸ਼ਖਸੀਅਤ ਦੇ ਕਾਰਨ, ਦੇਸ਼ ਭਗਤਾਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਰਹੀ। ਸ. ਗੁਰਮੁਖ ਸਿੰਘ ਲਲਤੋਂ, ਕਾ. ਤੇਜਾ ਸਿੰਘ ਸੁਤੰਤਰ ਵਰਗੇ ਗੁਪਤ ਪ੍ਰਵਾਸ ਕਰਨ ਵਾਲੇ ਕਈ ਸੁਤੰਤਰਤਾ ਸੰਗਰਾਮੀਆਂ ਦਾ ਗੁਪਤ ਥਾਵਾਂ ਉੱਤੇ ਠਹਿਰਨ ਦਾ ਪ੍ਰਬੰਧ ਕਰਨਾ ਵੀ ਆਪ ਦਾ ਹੀ ਕੰਮ ਸੀ।
ਛੋਟੀ ਉਮਰ ਵਿਚ ਹੀ ਇਹ ਪੰਜਾਬੀ ਪੜ੍ਹਨੀ ਸਿੱਖ ਕੇ ਬਾਣੀ ਦੇ ਰਸੀਏ ਤੇ ਗੁਰਸਿੱਖ ਅਸੂਲਾਂ ਦੇ ਧਾਰਨੀ ਹੋ ਗਏ ਸਨ। ਪੰਜ ਗ੍ਰੰਥੀ, ਜਾਪ ਸਾਹਿਬ, ਸਵੱਈਏ, ਆਦਿ ਬਾਣੀਆਂ ਕੰਠ ਕਰ ਲਈਆਂ। ਉਦੋਂ ਤੋਂ ਲੈ ਕੇ ਅੰਤ ਤੱਕ ਇਹ ਬਾਣੀਆਂ ਇਨ੍ਹਾਂ ਦਾ ਨਿਤਨੇਮ ਬਣੀਆਂ ਰਹੀਆਂ। ਫੌਜ ਦੀ ਨੌਕਰੀ, ਪੁਲਿਸ ਦੀ ਨੌਕਰੀ ਅਮਰੀਕਾ ਰਹਿੰਦੇ, ਜੇਲ੍ਹਾਂ ਵਿਚ ਕੈਦ ਕੱਟਦੇ ਤੇ ਦੇਸ਼ ਭਗਤਾਂ ਦੇ ਪਰਿਵਾਰ ਲਈ ਸਹਾਇਤਾ ਇਕੱਠੀ ਕਰਦੇ, ਆਦਿ ਕਿਸੇ ਵੀ ਸਮੇਂ, ਨਿਤਨੇਮ ਤੋਂ ਨਾਗਾ ਨਾ ਪਾਇਆ। ਸਿੱਖ ਰਹੁ-ਰੀਤਾਂ ਦੇ ਪੱਕੇ ਧਾਰਨੀ ਹੋ ਕੇ ਪੂਰਨ ਗੁਰਸਿੱਖਾਂ ਵਾਂਗ ਹਰ ਰੋਜ਼ ਦਾ ਪ੍ਰੋਗਰਾਮ ਬਣਾ ਲਿਆ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਲੌਢੇ ਵੇਲੇ ਸਰੀਰਕ ਕਸਰਤ ਕਰਨੀ ਤੇ ਛਾਲਾਂ ਮਾਰਨੀਆਂ ਅਤੇ ਰਾਤ ਨੂੰ ਢੋਲਕੀ ਛੈਣਿਆਂ ਨਾਲ ਪ੍ਰੇਮ ਤੇ ਵੈਰਾਗ ਭਰੇ ਸ਼ਬਦ ਪੜ੍ਹਨੇ ਅਤੇ ਦਿਨ-ਦਿਹਾਰਾਂ ਤੇ ਤਿਓਹਾਰਾਂ ਦੇ ਦੀਵਾਨ ਸਮੇਂ ਸੰਗਤ ਦੇ ਜੋੜੇ ਝਾੜਨੇ ਤੇ ਪੱਖਾ ਝੱਲਣਾ। ਥੋੜ੍ਹੇ ਬਹੁਤ ਫ਼ਰਕ ਨਾਲ ਆਪ ਦਾ ਇਹ ਨੇਮ ਅੰਤਿਮ ਸਵਾਸਾਂ ਤੱਕ ਨਿਭਿਆ।
ਮਈ, 1948 ਈ. ਦੀ ਗੱਲ ਹੈ, ਉਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਸਰਕਾਰ ਨੇ ਕ੍ਰਿਪਾਨ ਉਤੇ ਪਾਬੰਦੀ ਲਗਾਈ ਹੋਈ ਸੀ। ਬਾਬਾ ਜੀ ਆਪਣੇ ਇਕ ਸਾਥੀ ਸਮੇਤ ਡੇਹਰਾਦੂਨ ਜਾ ਰਹੇ ਸਨ। ਸਹਾਰਨਪੁਰ ਦੇ ਸਟੇਸ਼ਨ ਉੱਤੇ ਗੱਡੀਓਂ ਉਤਰਨ ਲੱਗੇ ਤਾਂ ਇਨ੍ਹਾਂ ਦਾ ਸਾਥੀ ਆਪਣੀ ਕ੍ਰਿਪਾਨ ਨੂੰ ਬਿਸਤਰ ਵਿਚ ਬੰਨ੍ਹਣ ਲੱਗਾ, ਆਪ ਨੇ ਉਸ ਨੂੰ ਰੋਕਿਆ ਤੇ ਕਿਹਾ, “ਕ੍ਰਿਪਾਨ ਸਾਨੂੰ ਗੁਰੂ ਬਾਬੇ ਦੀ ਬਖਸ਼ੀ ਦਾਤ ਹੈ। ਅਸੀਂ ਇਸ ਧਾਰਮਿਕ ਹੱਕ ਤੋਂ ਪਿੱਛੇ ਨਹੀਂ ਹੱਟਣਾ।” ਪਾਬੰਦੀ ਦੇ ਬਾਵਜੂਦ ਸਹਾਰਨਪੁਰ, ਡੇਹਰਾਦੂਨ, ਆਦਿ ਥਾਵਾਂ ਉਤੇ ਕ੍ਰਿਪਾਨ ਨੂੰ ਹੱਥ ਵਿਚ ਪਕੜ ਕੇ ਨਿੱਤ ਵਾਂਗ ਫਿਰਦੇ ਰਹੇ ਤੇ ਗ੍ਰਿਫਤਾਰੀ ਦੀ ਪ੍ਰਵਾਹ ਨਾ ਕੀਤੀ। ਲੋਕਾਂ ਵਲੋਂ ਕੰਘੇ ਉੱਤੇ ਜੜੀ ਨਿੱਕੀ ਕ੍ਰਿਪਾਨ ਦੇ ਰਿਵਾਜ ਉਪਰ ਹੱਸਿਆ ਕਰਦੇ ਤੇ ਕਿਹਾ ਕਰਦੇ ਸਨ ਕਿ ਅਸੀਂ ਗੁਰੂ ਸਾਹਿਬ ਦੇ ਅਸਲ ਮੰਤਵ ਨੂੰ ਤੋੜ ਮਰੋੜ ਕੇ ਕੀ ਦਾ ਕੀ ਬਣਾ ਦਿੱਤਾ ਹੈ?
ਬਾਬਾ ਜੀ ਨੂੰ ਜਦੋਂ ਵੀ ਮੋਕਾ ਮਿਲਦਾ ਨਾਲ ਨਾਲ ਇਤਿਹਾਸ ਦਾ ਵੀ ਮੁਤਾਲਿਆ ਕਰਦੇ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ, ਜੋ ਕਸ਼ਟ ਸਿੱਖਾਂ ਨੇ ਸਹਾਰੇ ਅਤੇ ਜਿਸ ਉੱਚੇ ਆਚਰਣ ਤੇ ਕੁਰਬਾਨੀ ਦਾ ਉਨ੍ਹਾਂ ਸਬੂਤ ਦਿੱਤਾ ਸੀ, ਆਪ ਉਸ ਤੋਂ ਬਹੁਤ ਪ੍ਰਭਾਵਿਤ ਹੋਏ। ਸਿੱਖ ਇਤਿਹਾਸ ਦੇ ਉਸ ਕਾਲ ਦਾ ਆਪ ਨੂੰ ਅਦਭੁਤ ਗਿਆਨ ਸੀ, ਜਿਸ ਨੇ ਸਿੱਖ ਨਿਸ਼ਚੈ ਤੇ ਆਚਰਣ ਨੂੰ ਅਪਦਾ ਦੀ ਕੁਠਾਲੀ ਵਿਚ ਗਾਲ ਕੇ ਕੰਚਨ ਵਰਗਾ ਬਣਾ ਦਿੱਤਾ। ਬਾਬਾ ਜੀ ਦੀ ਸਭ ਤੋਂ ਵੱਡੀ ਇੱਛਾ, ਖਾਲਸੇ ਨੂੰ ਉਸ ਸਮੇਂ ਦੇ ਉੱਚੇ ਆਦਰਸ਼ਾਂ ਤੇ ਰਿਵਾਇਤਾਂ ਅਨੁਸਾਰ ਜੀਵਨ ਬਤੀਤ ਕਰਦੇ ਵੇਖਣਾ ਸੀ। ਗੁਰੁ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ, ਉਨ੍ਹਾਂ ਦੇ ਕਾਰਨਾਮੇ, ਦੇਸ਼ ਤੇ ਕੌਮ ਵਾਸਤੇ ਕੀਤੀਆਂ ਕੁਰਬਾਨੀਆਂ ਆਪ ਨੂੰ ਹਮੇਸ਼ਾ ਚਾਨਣ ਮੁਨਾਰੇ ਦਾ ਕੰਮ ਦੇਂਦੀਆਂ ਰਹੀਆਂ। ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਤੋਂ ਬਿਨਾਂ ਬਾਬਾ ਬੰਦਾ ਬਹਾਦੁਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਮਾਈ ਭਾਗੋ, ਆਦਿ ਸਿੰਘ ਸਿੰਘਣੀਆਂ ਦੀਆਂ ਬਹਾਦਰੀਆਂ ਆਪ ਦੀ ਜ਼ਿੰਦਗੀ ਦਾ ਆਦਰਸ਼ ਬਣੀਆਂ ਹੋਈਆਂ ਸਨ। ਇਹੀ ਜੀਵਨ ਇਨ੍ਹਾਂ ਨੇ ਖੁਦ ਜੀਵਿਆ ਤੇ ਇਸੇ ਅਨੁਸਾਰ ਰਹਿਣ ਦੀ ਹਰੇਕ ਸਿੱਖ ਤੋਂ ਆਸ ਰੱਖਦੇ ਸਨ। ਬਾਬਾ ਜੀ ਆਦਮੀਆਂ ਨੂੰ ਹਮੇਸ਼ਾ ਬਾਬਾ ਦੀਪ ਸਿੰਘ ਤੇ ਇਸਤਰੀਆਂ ਨੂੰ ਮਾਈ ਭਾਗੋ ਬਣਨ ਦਾ ਉਪਦੇਸ਼ ਦੇਂਦੇ।
ਗੁਰਬਾਣੀ ਤੇ ਸਿੱਖ ਇਤਿਹਾਸ ਤੋਂ ਬਿਨਾਂ ਅਖਬਾਰ, ਟਰੈਕਟ ਤੇ ਆਮ ਵਾਕਫ਼ੀਅਤ ਦੀਆਂ ਹੋਰ ਪੁਸਤਕਾਂ ਵੀ ਪੜ੍ਹਦੇ ਰਹਿੰਦੇ। ਭਾਰਤ ਦੀਆਂ ਪੁਰਾਤਨ ਬੀਰ-ਗਾਥਾਵਾਂ ਤੇ ਹਿੰਦ ਦੇ ਪੁਰਾਣੇ ਇਤਿਹਾਸ ਬਾਰੇ ਇਨ੍ਹਾਂ ਨੇ ਬਹੁਤ ਕੁਝ ਪੜ੍ਹਿਆ। ਇਸ ਵਿਸ਼ਾਲ ਅਧਿਐਨ ਨੇ ਬਾਬਾ ਜੀ ਨੂੰ ਹਰੇਕ ਸਮੱਸਿਆ ਦੀ ਤਹਿ ਤਕ ਪਹੁੰਚਣ ਦੀ ਆਦਤ ਪਾ ਦਿੱਤੀ। ਆਪ ਜ਼ਿੰਦਗੀ ਵਿਚ ਅੱਖਾਂ ਖੋਲ੍ਹ ਕੇ ਵਿਚਰੇ ਅਤੇ ਹਰ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪਿਆ। ਇਸ ਲਈ ਜ਼ਿੰਦਗੀ ਦਾ ਅਮਲੀ ਤਜਰਬਾ ਬਹੁਤ ਹੋ ਗਿਆ ਅਤੇ ਇਹੋ ਤਜਰਬਾ ਹੀ ਪਿਛੋਂ ਜਾ ਕੇ ਆਪ ਲਈ ਜੀਵਨ ਦੀਆਂ ਗੁੰਝਲਾਂ ਸੁਲਝਾਉਣ ਦੇ ਕੰਮ ਆਇਆਂ ।
ਇਨਸਾਨਾਂ ਤੇ ਲਹਿਰਾਂ ਦੀ ਅਸਲ ਪਰਖ ਉਨ੍ਹਾਂ ਉੱਤੇ ਸੰਕਟ ਆਉਣ ਸਮੇਂ ਹੁੰਦੀ ਹੈ। ਬਾਬਾ ਜੀ ਦ੍ਰਿੜ੍ਹ ਇਰਾਦੇ ਦੇ ਮਾਲਕ ਸਨ। ਦੇਸ਼ ਦੀ ਆਜ਼ਾਦੀ ਲਈ ਦ੍ਰਿੜ੍ਹਤਾ ਤੇ ਨਿਸ਼ਚਾ ਫੋਲਾਦ ਵਰਗਾ ਪੱਕਾ ਸੀ। ਇਸੇ ਲਈ ਇਨ੍ਹਾਂ ਸਾਥੀਆਂ ਨਾਲ ਰਲ ਕੇ ਗੁਲਾਮੀ ਵਿਰੁੱਧ ਹਥਿਆਰਬੰਦ ਇਨਕਲਾਬ ਦਾ ਬੀੜਾ ਚੁੱਕਿਆ। ਦੇਸ਼ ਦੀ ਆਜ਼ਾਦੀ ਲਈ ਜੂਝਦੇ ਹੋਏ ਇਨ੍ਹਾਂ ਦਾ ਸਾਰਾ ਜੀਵਨ ਪ੍ਰੀਖਿਆਵਾਂ ਦੀ ਕਸਵੱਟੀ ਬਣਿਆ ਰਿਹਾ। ਅਨੇਕਾਂ ਪ੍ਰੀਖਿਆਵਾਂ ਵਿਚੋਂ ਸਫ਼ਲ ਨਿਕਲਣ ਨਾਲੋਂ ਵੀ ਵੱਡੀ ਗੱਲ ਇਹ ਹੈ ਕਿ ਆਪ ਉੱਤੇ ਕਦੇ ਵੀ ਨਿਰਾਸ਼ਤਾ ਜਾਂ ਪਛਤਾਵੇ ਦਾ ਅਸਰ ਨਹੀਂ ਹੋਇਆ। ਲੋਕ ਸੇਵਾ ਦੇ ਉਤਸ਼ਾਹ ਵਿਚ ਰਾਈ ਭਰ ਫ਼ਰਕ ਨਾ ਪਿਆ ਅਤੇ ਆਪ ਸਾਰੀ ਉਮਰ ਚੜ੍ਹਦੀ ਕਲਾ ਵਿਚ ਵਿਚਰਦੇ ਰਹੇ।
ਕਾਲੇ ਪਾਣੀ ਦੀ ਜੇਲ੍ਹ ਵਿਚ ਦੇਸ਼ ਭਗਤਾਂ ਨੇ ਹੜਤਾਲ ਕੀਤੀ ਹੋਈ ਸੀ। ਹੜਤਾਲ ਦੇ ਦੌਰਾਨ ਅੱਠ ਇਨਕਲਾਬੀ ਸ਼ਹੀਦ ਹੋ ਚੁੱਕੇ ਸਨ। ਸ. ਸੋਹਣ ਸਿੰਘ ਭਕਨਾ ਤੇ ਬਾਬਾ ਵਿਸਾਖਾ ਸਿੰਘ ਦੀ ਹਾਲਤ ਇੰਨੀ ਨਾਜ਼ੁਕ ਹੋ ਗਈ ਕਿ ਇਨ੍ਹਾਂ ਦੇ ਬਚਣ ਦੀ ਆਸ ਬਹੁਤ ਘਟ ਗਈ। ਦੇਸ਼ ਭਗਤਾਂ ਦੀ ਜੇਲ੍ਹ ਕਮੇਟੀ ਦੇ ਸਕੱਤਰ ਸ. ਮਦਨ ਸਿੰਘ ਗਾਗਾ ਨੇ ਬਾਬਾ ਜੀ ਦੀ ਅਤੇ ਸ.ਸੋਹਣ ਸਿੰਘ ਭਕਨਾ ਦੀ ਹਾਲਤ ਨੂੰ ਮੁੱਖ ਰੱਖ ਕੇ ਇਕ ਸੰਤਰੀ ਦੇ ਹੱਥ ਬਾਬਾ ਜੀ ਨੂੰ ਚਿੱਠੀ ਭੇਜੀ ਕਿ ਇਸ ਹਾਲਤ ਵਿਚ ਹੜਤਾਲ ਤੋੜ ਦਿੱਤੀ ਜਾਵੇ। ਬਾਬਾ ਜੀ ਭਾਵੇਂ ਕਮਜ਼ੋਰ ਹੋ ਗਏ ਸਨ ਪਰ ਪਿਛੇ ਹਟਣ ਵਾਲੇ ਨਹੀਂ ਸਨ। ਜਿੰਦ ਜਾਵੇ ਪਰ ਅਸੂਲ ਤੋਂ ਪਿਛੋਂ ਨਹੀਂ ਹਟਣਾ। ਇਨ੍ਹਾਂ ਨੇ ਉੱਤਰ ਦਿੱਤਾ ਕਿ ਜਦ ਤਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਹੜਤਾਲ ਬੰਦ ਨਹੀਂ ਕਰਨੀ ਅਤੇ ਆਪਣੀ ਹਾਲਤ ਬਾਰੇ ਉਸ ਦੀ ਚਿੰਤਾ ਨੂੰ ਦੂਰ ਕਰਨ ਲਈ ਲਿਖਿਆ :
ਭੇਜੀ ਪਤ੍ਰਕਾ ਤੁਸਾਂ ਜੋ ਅਸਾਂ ਤਾਈਂ,
ਅਸਾਂ ਨਾਲ ਪ੍ਰੇਮ ਦੇ ਪੜ੍ਹੀ ਪਿਆਰੇ।
ਮਤਲਬ ਸਾਰਾ ਹੀ ਅਸਾਂ ਨੇ ਸਮਝ ਲਿਆ,
ਖੁਸ਼ੀ ਚਿਤ ਨੂੰ ਹੋਈ ਹੈ ਬੜੀ ਪਿਆਰੇ।
ਇੜਾ ਪਿੰਗਲਾ ਸੁਖਮਨਾ ਮੇਲ ਤਿੰਨ,
ਸੁਰਤ ਦਸਮ ਦੁਆਰਾ ਹੈ ਚੜ੍ਹੀ ਪਿਆਰੇ।
ਦੁਸ਼ਟ ਫੌਜ ਸਭ ਅੰਦਰੋ ਬਾਹਰ ਹੋਈ,
ਚੜ੍ਹ ਫੌਜ ਬਿਬੇਕ ਦੀ ਲੜੀ ਪਿਆਰੇ।
ਸ਼ਬਦ ਸੌਂਹ ਕੇ ਚਿਤ ਵਸ ਕੀਤਾ,
ਲੱਗੀ ਨਾ, ਦੀ ਆਣ ਕੇ ਝੜੀ ਪਿਆਰੇ।
ਕੀਤੀ ਮਿਹਰ ਮਹਾਰਾਜ ਦਿਆਲ ਹੋਏ,
ਭੁਜਾ ਆਪ ਅਕਾਲ ਨੇ ਫੜੀ ਪਿਆਰੇ।
ਇਸ ਤਰ੍ਹਾਂ ਆਪ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਵਾਲੇ ਗੁਰਮਤ ਦੇ ਅਸੂਲ ਦੇ ਧਾਰਨੀ ਸਨ। ਆਪ ਵਿਹਲੇ ਬੰਦੇ ਨੂੰ ਬਹੁਤ ਮਾੜਾ ਸਮਝਦੇ ਸਨ ਤੇ ਦਸਾਂ ਨਹੁੰਆਂ ਦੀ ਕਿਰਤ ਨੂੰ ਸਰਵੋਤਮ ਮੰਨਦੇ ਸਨ।
ਬਾਬਾ ਜੀ ਦਾ ਪੱਕਾ ਨਿਸ਼ਚਾ ਸੀ ਕਿ ਸਿੱਖ-ਮੱਤ ਵਿਚ ਸਿਮਰਨ ਅਤੇ ਸੇਵਾ ਵਿਚਕਾਰ ਨਾ ਟੁੱਟ ਸਕਣ ਵਾਲਾ ਰਿਸ਼ਤਾ ਹੈ। ਆਤਮਿਕ ਉਡਾਰੀ ਦੀ ਪੂਰਤੀ ਤਾਂ ਹੀ ਸੰਭਵ ਹੈ ਜੇ ਨਾਮ ਰਸ ਮਾਣਦੇ ਹੋਏ ਵੀ ਦੀਨ ਦੁਖੀਆਂ ਦੀ ਸੇਵਾ ਵਿਚ ਜੁਟਿਆ ਜਾਏ।
ਨਾਮ ਸਿਮਰਨ ਆਪ ਦਾ ਨਿਤਨੇਮ ਸੀ। ਬਾਬਾ ਜੀ ਦਾ ਮੱਤ ਹੈ ਕਿ ਨਾਮ ਵਿਚ ਨਿਸ਼ਕਾਮ ਅਤੇ ਨਿਰਮਾਣ ਸੇਵਾ, ਅਰਦਾਸ, ਕੀਰਤਨ, ਭਗਤੀ , ਪ੍ਰੇਮ, ਗਿਆਨ ਸਿਮਰਨ ਅਤੇ ਸਹਿਜ ਯੋਗ ਸਭ ਦੀ ਮਦਦ ਨਿਰਗੁਣ ਅਤੇ ਸਰਗੁਣ ਰੂਪ ਪ੍ਰਭੂ ਵਿਚ ਲੀਨ ਹੋਣ ਵਾਸਤੇ ਲਈ ਜਾਂਦੀ ਹੈ। ਇਸ ਦਾ ਨਿਸ਼ਾਨਾ ਦੁੱਖ ਸੁੱਖ ਰਹਿਤ ਜਜ਼ਬਾਤ ਹੀਣ ਪੱਥਰ ਰੂਪ ਮੁਕਤੀ ਨਹੀਂ ਇਸ ਦਾ ਸਿੱਟਾ ‘ਮੈਂ” ਦੀ ਥਾਂ ‘ਤੂੰ’ ਮੱਲ ਲੈਂਦੀ ਹੈ।
“ਅਰਦਾਸ ਦੀ ਸ਼ਕਤੀ’ ਉਤੇ ਆਪ ਦਾ ਦ੍ਰਿੜ੍ਹ ਵਿਸ਼ਵਾਸ ਸੀ। ਆਪ ਦਾ ਹਰੇਕ ਦਿਨ, ਹਰੇਕ ਸਫ਼ਰ ਅਤੇ ਹਰੇਕ ਕੰਮ ਅਰਦਾਸ ਨਾਲ ਸ਼ੁਰੂ ਹੁੰਦਾ ਸੀ। ਅਮਰੀਕਾ ਰਹਿੰਦੇ ਗ਼ਦਰ ਪਾਰਟੀ ਵਿਚ ਸ਼ਾਮਲ ਹੋਣ ਸਮੇਂ ਆਪ ਨੇ “ਗੁਰੂ ਗ੍ਰੰਥ ਸਾਹਿਬ” ਵਿਚੋਂ ਵਾਕ ਲੈ ਕੇ ਨਿਰਣਾ ਲਿਆ ਅਤੇ ਆਪਣਾ ਤਨ ਮਨ ਧਨ ਕੌਮ ਨੂੰ ਸਮਰਪਿਤ ਕਰਕੇ ਗੁਰੂ ਹਜ਼ੂਰ ਅਰਦਾਸ ਕੀਤੀ। 1935-36 ਵਿਚ ਪੰਥਕ ਚੋਣਾਂ ਲਈ ਉਮੀਦਵਾਰ ਖੜ੍ਹੇ ਕਰਨ ਵੇਲੇ ਵੀ ਆਪ ਨੇ ਇਸੇ ਅਡੋਲ ਨਿਸ਼ਚੇ ਅਧੀਨ ‘ਗੁਰੂ ਗ੍ਰੰਥ ਸਾਹਿਬ’ ਦੀ ਹਜ਼ੂਰ ਪਰਚੀਆਂ ਪਾ ਕੇ ਫੈਸਲਾ ਲੈਣ ਦਾ ਸੁਝਾਅ ਦਿੱਤਾ।
ਬਾਬਾ ਜੀ ਇਕ ਅਦੁੱਤੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਦੇ ਵਿਚਾਰਾਂ ਤੇ ਪ੍ਰੋਗਰਾਮ ਨਾਲ ਭਾਵੇਂ ਕਿਸੇ ਦਾ ਮਤਭੇਦ ਹੋਵੇ, ਪਰੰਤੂ ਉਨ੍ਹਾਂ ਦੀ ਕੁਰਬਾਨੀ, ਸੱਚਾਈ, ਦੇਸ਼ ਪਿਆਰ ਅਤੇ ਕਿਰਤੀ ਕਿਸਾਨਾਂ ਲਈ ਉਨ੍ਹਾਂ ਦਾ ਦਰਦ ਬੇਨਜ਼ੀਰ ਸੀ। ਨੌਜਵਾਨਾਂ ਲਈ ਆਪ ਦਾ ਜੀਵਨ ਇਕ ਆਦਰਸ਼ ਮੁਨਾਰਾ ਸੀ।
5 ਦਸੰਬਰ 1957 ਨੂੰ ਬਾਬਾ ਵਿਸਾਖਾ ਸਿੰਘ ਜੀ ਚੜ੍ਹਾਈ ਕਰ ਗਏ ਸਨ। ਉਨ੍ਹਾਂ ਦੀ ਯਾਦ ਉਨ੍ਹਾਂ ਦੇ ਪਿੰਡ ਦਦੇਹਰ (ਨੇੜੇ ਸਰਹਾਲੀ) ਤਹਿ. ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹਰ ਸਾਲ ਮਨਾਈ ਜਾਂਦੀ ਹੈ।
Related Topics: Baba Visakha Singh Dadehar