June 27, 2016 | By ਅਵਤਾਰ ਸਿੰਘ
ਲੇਖਕ: ਅਵਤਾਰ ਸਿੰਘ
ਜੂਨ 1984 ਦਾ ਘੱਲੂਘਾਰਾ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦਾ ਇਕ ਫੈਸਲਾਕੁੰਨ ਅੰਗ ਹੈ। ਜੂਨ 1984 ਦਾ ਮਹੀਨਾ ਸਿੱਖ ਪੰਥ ਲਈ ਇਕ ਵੱਡੀ ਤਬਦੀਲੀ ਦਾ ਬਾਇਜ਼ ਆਖਿਆ ਜਾ ਸਕਦਾ ਹੈ। ਇਨ੍ਹਾਂ ਦਿਨਾਂ ਵਿਚ ਸਿੱਖ ਪੰਥ ਦੇ ਹਿਰਦੇ ਉੱਤੇ ਬਹੁਤ ਡੂੰਘੇ ਜ਼ਖਮ ਲਗਾਏ ਗਏ। ਪਹਿਲੀ ਵਾਰ ਅਜਿਹੇ ਘਾਤਕ ਜ਼ਖਮਾਂ ਨੇ ਸਿੱਖ ਪੰਥ ਨੂੰ ਨਵੇਂ ਸਿਰੇ ਤੋਂ ਸੋਚਣ ਅਤੇ ਸਮਝਣ ਦੇ ਕਾਬਲ ਬਣਾਇਆ। ਜੂਨ 1984 ਦੇ ਜ਼ਖਮ ਸਿੱਖ ਕੌਮ ਦਾ ਸਰਮਾਇਆ ਹਨ। ਬੇਸ਼ੱਕ ਇਹਨਾਂ ਜ਼ਖਮਾਂ ਨੇ ਕੌਮ ਨੂੰ ਬਹੁਤ ਤੜਫਾਇਆ ਹੈ ਪਰ ਇਤਿਹਾਸ ਦੇ ਕਈ ਜ਼ਖਮ ਡਾਢੀ ਪੀੜ ਦੇ ਬਾਵਜੂਦ ਕਈ ਵਾਰ ਏਨੇ ਪਾਵਨ ਹੋ ਨਿਬੜਦੇ ਹਨ ਕਿ ਕੌਮਾਂ ਵਿਚ ਉਨ੍ਹਾਂ ਉੱਤੇ ਮਾਣ ਕਰਨ ਦੀ ਪਰਵਿਰਤੀ ਪੈਦਾ ਹੁੰਦੀ ਹੈ। ਜੂਨ 1984 ਦੇ ਜ਼ਖਮ ਵੀ ਸਿੱਖ ਕੌਮ ਲਈ ਪ੍ਰੇਰਣਾਮਈ ਅਤੇ ਮਾਣ ਕਰਨ ਵਾਲੇ ਹਨ। ਜੂਨ 1984 ਦੇ ਪਹਿਲੇ ਹਫਤੇ ਦੌਰਾਨ ਸਿੱਖ ਪੰਥ ਨਾਲ ਜੋ ਵਾਪਰਿਆ ਉਹ ਸਿੱਖਾਂ ਦੀ ਅਣਖੀਲੀ ਪਰੰਪਰਾ ਦੀ ਵਿਰਾਸਤ ਹੈ। ਇਹਨਾਂ ਦਿਨਾਂ ਵਿਚ ਹੀ ਸਿੱਖਾਂ ਦੀ ਰਾਜਸੀ ਤੇ ਬਹੁਪੱਖੀ ਹੋਣੀ ਦੇ ਬੀਜ ਬੀਜੇ ਗਏ। ਇਹਨਾਂ ਦਿਨਾਂ ਵਿਚ ਹੀ ਸਿੱਖ ਸੂਰਮਿਆਂ ਨੇ ਗੁਰੂ ਦੇ ਚਰਨਾਂ ਵਿਚ ਆਪਣੇ ਸਿਰਾਂ ਦੇ ਬੀਜ, ਬੀਜ ਕੇ ਸੁੱਤੀ ਹੋਈ ਕੌਮ ਨੂੰ ਗਲਫਤ ਦੀ ਨੀਂਦ ਵਿਚੋਂ ਹਲੂਣਾ ਦੇ ਕੇ ਜਗਾਇਆ। 1984 ਦੇ ਉਨ੍ਹਾਂ ਦਿਨਾਂ ਵਿਚ ਹੀ ਪਹਿਲੀ ਵਾਰ ਸਿੱਖ ਮਾਨਸਿਕਤਾ ਨੇ ਉਹ ਚੋਭ ਮਹਿਸੂਸ ਕੀਤੀ ਜੋ ਜਨੇਊ ਪਾਉਣ ਵੇਲੇ ਗੁਰੂ ਨਾਨਕ ਦੇਵ ਜੀ ਨੇ ਅਤੇ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਨੇ ਮਹਿਸੂਸ ਕੀਤੀ ਸੀ। 20ਵੀਂ ਸਦੀ ਦੇ ਇਤਿਹਾਸ ਨੇ ਕੌਮ ਨੂੰ ਇਹ ਚੋਭ ਮਹਿਸੂਸ ਕਰਵਾਉਣ ਲਈ ਬਹੁਤ ਲੰਬਾ ਸਮਾਂ ਲਿਆ ਅਤੇ ਸਿੱਖ ਸ਼ਹੀਦਾਂ ਨੇ ਗੁਰੂ ਜੀ ਦੀਆਂ ਰਹਿਮਤਾਂ ਅਤੇ ਬਰਕਤਾਂ ਨਾਲ ਇਕ ਵਾਰ ਫਿਰ ਕੌਮ ਦੀ ਗੋਦ ਨੂੰ ਹਰਾ ਭਰਾ ਕਰ ਦਿੱਤਾ। ਪਹਿਲੀ ਵਾਰ ਕੌਮ ਨੂੰ ਸਿਰਾਂ ਅਤੇ ਸੀਸਾਂ ਵਿਚਲੇ ਫਰਕ ਦਾ ਪਤਾ ਲੱਗਾ ਅਤੇ ਪਹਿਲੀ ਵਾਰ ਹੀ ਕੌਮ ਨੇ ਹਿੰਦੂ ਧਾਰਾ ਨਾਲ ਆਪਣੇ ਰਿਸ਼ਤੇ ਬਾਰੇ ਨਵੇਂ ਸਿਰੇ ਤੋਂ ਸੋਚਣਾ ਅਰੰਭ ਕੀਤਾ।
‘ਹਮ ਹਿੰਦੂ ਨਹੀਂ’ ਦਾ ਜੋ ਸਿਧਾਂਤਕ ਸੰਕਲਪ ਬੜੀ ਦੇਰ ਤੋਂ ਸਿੱਖ ਪੰਥ ਦੀ ਜੁਝਾਰੂ ਧਾਰਾ ਨੂੰ ਆਪਣੀ ਨਿਵੇਕਲੀ ਹੋਂਦ ਦਾ ਅਹਿਸਾਸ ਕਰਵਾਉਂਦਾ ਰਿਹਾ ਸੀ ਅਸਲ ਵਿਚ ਉਹ ਸਮਾਂ ਪੈਣ ਨਾਲ ਸਿੱਖ ਮਾਨਸਿਕਤਾ ਦਾ ਗੰਭੀਰ ਹਿੱਸਾ ਨਹੀਂ ਸੀ ਰਿਹਾ। ਸਿੱਖ ਮਾਨਸਿਕਤਾ ਲੰਮੇ ਸਮੇਂ ਦੇ ਬੌਧਿਕ ਹਿੰਦੂ ਹਮਲੇ ਕਾਰਨ ਹਿੰਦੂ ਤਰਜ਼ੇ ਜ਼ਿੰਦਗੀ ਨੂੰ ਅਪਣਾ ਕੇ ਇਹ ਭੁੱਲ ਹੀ ਗਈ ਸੀ ਕਿ ਮਨੁੱਖੀ ਸਿਰਜਣਾ ਦਾ ਇਕ ਸਿੱਖ ਮਾਡਲ ਵੀ ਹੈ ਜੋ ਮਨੁੱਖ ਨੂੰ ਲੋਭ ਲਾਲਚ ਹੰਕਾਰ ਅਤੇ ਡਰ-ਭਉ ਤੋਂ ਮੁਕਤ ਕਰਵਾ ਕੇ ਇਕ ਪਰਮ ਮਨੁੱਖ ਵਿਚ ਤਬਦੀਲ ਕਰਨ ਦਾ ਹੋਕਾ ਦੇਂਦਾ ਹੈ। ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੀ ਅਗਵਾਈ ਹੇਠ ਲੜਾਈ ਲੜਨ ਵਾਲੇ ਸਿੱਖ ਜੁਝਾਰੂਆਂ ਨੇ ਗੁਰੂ ਦੇ ਚਰਨਾਂ ਵਿਚ ਸੀਸ ਅਰਪਨ ਕਰਕੇ ਸਿੱਖ ਕੌਮ ਨੂੰ ਇਹੋ ਗੱਲ ਸਮਝਾਈ ਸੀ ਕਿ ਸਿੱਖ ਤਰਜ਼ੇ-ਜਿੰਦਗੀ ਅਤੇ ਹਿੰਦੂ ਤਰਜ਼ੇ-ਜਿੰਦਗੀ ਵਿਚ ਬਹੁਤ ਵੱਡਾ ਫਰਕ ਹੈ। ਬੇਸ਼ੱਕ ਵਿਚਾਰਾਂ ਦੀ ਪੱਧਰ ਉਤੇ ਇਹ ਗੱਲ ਸਿੱਖਾਂ ਵਿਚ ਤੁਰੀ ਆਉਂਦੀ ਸੀ ਪਰ ਅਮਲੀ ਤੌਰ ’ਤੇ ਸਿੱਖਾਂ ਨੇ ਏਨੀ ਵੱਡੀ ਹਿੰਦੂ ਚੋਭ ਕਦੇ ਮਹਿਸੂਸ ਨਹੀਂ ਸੀ ਕੀਤੀ। ਸਿੱਖ ਪਾਵਨ ਅਸਥਾਨਾਂ ਦੀ ਬੇਅਦਬੀ ਤੋਂ ਬਾਅਦ ਖੁਸ਼ੀ ਵਿਚ ਭੰਗੜੇ ਪਾ ਰਹੀਆਂ ਹਿੰਦੂ ਭੀੜਾਂ ਅਤੇ ਭਾਰਤੀ ਫੌਜੀਆਂ ਨੂੰ ਮਠਿਆਈਆਂ ਵੰਡ ਰਹੇ ਹਿੰਦੂ ਨੇਤਾਵਾਂ ਦੀਆਂ ਕਾਰਵਾਈਆਂ ਅਤੇ ਕਿਰਦਾਰਾਂ ਨੇ ਪਹਿਲੀ ਵਾਰ ਸਿੱਖ ਮਾਨਸਿਕਤਾ ਨੂੰ ਹਲੂਣ ਕੇ ਇਕ ਨਵੇਂ ਰੰਗ ਵਿਚ ਰੰਗਣ ਦਾ ਯਤਨ ਕੀਤਾ। ਅੰਤਾਂ ਦੀ ਪੀੜ ਅਤੇ ਗਹਿਰੇ ਸਦਮੇ ਦਾ ਸ਼ਿਕਾਰ ਹੋਈ ਸਿੱਖ ਕੌਮ ਨੇ ਜਦੋਂ ਹਿੰਦੂ ਅਬਾਦੀਆਂ ਵਿਚ ਭੰਗੜੇ ਪੈਂਦੇ ਦੇਖੇ ਤਾਂ ਉਸ ਨੂੰ ਪਹਿਲੀ ਵਾਰ ਇਹ ਅਹਿਸਾਸ ਹੋਇਆ ਕਿ ‘ਹਮ ਹਿੰਦੂ ਨਹੀਂ’। ਹਮ ਹਿੰਦੂ ਨਹੀਂ ਦੇ ਸਿਧਾਂਤ ਨੇ ਪਹਿਲੀ ਵਾਰ ਅਮਲੀ ਤੌਰ ਤੇ ਆਪਣੇ ਜਲੌਅ ਦੇ ਜਲਵੇ ਬਖੇਰੇ ਸਨ ਪਰ ਇਨ੍ਹਾਂ ਜਲਵਿਆਂ ਦੀਆਂ ਨੀਹਾਂ ਵਿਚ ਸੈਂਕੜੇ ਜੁਝਾਰੂ ਸਿੰਘਾਂ ਅਤੇ ਅਣਗਿਣਤ ਮਾਸੂਮ ਅਤੇ ਬੇਗੁਨਾਹ ਸਿੱਖਾਂ ਦਾ ਲਹੂ ਪਿਆ ਸੀ ਜੋ ਪਾਣੀ ਪੀਣ ਲਈ ਤਰਲੇ ਕੱਢਦੇ ‘ਆਪਣਿਆਂ’ ਦੇ ਹੱਥੋਂ ਹੀ ਕੋਹ ਦਿੱਤੇ ਗਏ।
ਜੂਨ 1984 ਦੇ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਨੇ ਸਿੱਖ ਕੌਮ ਦੀ ਮਾਨਸਿਕਤਾ ਉੱਤੇ ਜੋ ਜ਼ਖਮ ਲਗਾਏ ਹਨ, ਉਹ ਕਾਫੀ ਡੂੰਘੇ ਅਤੇ ਫੈਸਲਾਕੁੰਨ ਹਨ। ਸਿੱਖ ਕੌਮ ਨੂੰ ਕਦੇ ਉਹ ਜ਼ਖ਼ਮ ਭਰਨੇ ਨਹੀਂ ਚਾਹੀਦੇ ਕਿਉਂਕਿ ਕੌਮਾਂ ਦੇ ਇਤਿਹਾਸ ਵਿਚ ਕਈ ਜ਼ਖ਼ਮ ਸਿਰਜਣਾ ਦਾ ਸੋਮਾ ਹੋ ਨਿਬੜਦੇ ਹਨ। ਸਾਰੇ ਜ਼ਖਮ ਭਰ ਦੇਣ ਦੇ ਕਾਬਲ ਨਹੀਂ ਹੁੰਦੇ। ਕਈ ਜ਼ਖ਼ਮ ਜੋ ਮਨੁੱਖ ਦੀ ਹੋਣੀ ਨੂੰ ਪ੍ਰਭਾਵਿਤ ਕਰਦੇ ਹਨ, ਜੋ ਉਸ ਵਿਚ ਗ਼ੈਰਤਮੰਦ ਇਨਸਾਨ ਹੋਣ ਦਾ ਜਜ਼ਬਾ ਭਰਦੇ ਹਨ, ਉਹ ਮਨੁੱਖੀ ਇਤਿਹਾਸ ਦੀ ਵਿਰਾਸਤ ਬਣ ਜਾਂਦੇ ਹਨ। ਜੂਨ 1984 ਦੇ ਜ਼ਖਮ ਵੀ ਸਿੱਖ ਪੰਥ ਦੀ ਵਿਰਾਸਤ ਹਨ। ਵੀਹਵੀਂ ਸਦੀ ਵਿਚ ਲੱਗੇ ਇਨ੍ਹਾਂ ਜ਼ਖ਼ਮਾਂ ਨੇ ਸਿੱਖਾਂ ਨੂੰ ਇਕ ਵੱਖਰੇ, ਨਿਵੇਕਲੇ ਅਤੇ ਪਰਮ ਮਨੁੱਖ ਵਜੋਂ ਸੋਚਣ, ਸਮਝਣ ਅਤੇ ਮਹਿਸੂਸ ਕਰਨ ਦੀ ਸ਼ਕਤੀ ਬਖਸ਼ੀ ਸੀ। ਪਹਿਲੀ ਵਾਰ ਸਮੁੱਚੀ ਕੌਮ ਨੇ ਇਕ ਕੌਮ (Nation) ਵਜੋਂ ਸੋਚਿਆ ਅਤੇ ਮਹਿਸੂਸ ਕੀਤਾ ਸੀ। ਇਨ੍ਹਾਂ ਪੰਜ ਛੇ ਦਿਨਾਂ ਵਿਚ ਹੀ ਸਿੱਖ ਇਕ ‘ਭਾਈਚਾਰੇ’ (Community) ਤੋਂ ‘ਕੌਮ’ (Nation) ਵਜੋਂ ਸੋਚਣ ਲੱਗ ਪਏ ਸਨ। ਇਸ ਅਹਿਸਾਸ ਨੂੰ ਹਰ ਕਿਸੇ ਨੇ ਆਪਣੇ ਬੌਧਿਕ ਪੱਧਰ ਅਨੁਸਾਰ ਮਹਿਸੂਸਿਆ ਅਤੇ ਸਮਝਿਆ। ਉਸ ਸਮਝ ਵਿਚੋਂ ਹਰ ਕਿਸੇ ਨੇ ਆਪੋ ਆਪਣੇ ਪ੍ਰਤੀਕਰਮ ਪ੍ਰਗਟ ਕੀਤੇ। ਜੇ ਖੁਸ਼ਵੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰਾਂ ਨੂੰ ਆਪਣਾ ਵਿਰੋਧੀ ਜਮਹੂਰੀ ਢੰਗ ਨਾਲ ਪ੍ਰਗਟ ਕੀਤਾ ਤਾਂ ਸਿੱਖ ਜਵਾਨੀ ਦਾ ਇਕ ਵੱਡਾ ਹਿੱਸਾ ਹਥਿਆਰਾਂ ਦੇ ਰਾਹ ਪੈ ਗਿਆ। ਬੇਸ਼ੱਕ ਉਸ ਸਾਕੇ ਦੇ ਪ੍ਰਤੀਕਰਮ ਸਭ ਨੇ ਆਪੋ ਆਪਣੇ ਢੰਗ ਨਾਲ ਕੀਤੇ ਪਰ ਇਸ ਕਾਂਡ ਵਿਰੁੱਧ ਮੂੰਹ ਖੋਲ੍ਹਣ ਵਾਲਿਆਂ ਵਿਚ ਇਕ ਗੱਲ ਸਾਂਝੀ ਸੀ ਕਿ ਉਨ੍ਹਾਂ ਸਿੱਖ ਕੌਮ (Sikh Nation) ਦੇ ਇਕ ਹਿੱਸੇ ਵਜੋਂ ਆਪੋ ਆਪਣੀ ਪ੍ਰਤੀਕਿਿਰਆ ਪ੍ਰਗਟ ਕੀਤੀ।
ਕੌਮ ਘੱਲੂਘਾਰੇ ਦੀ 32ਵੀਂ ਵਰ੍ਹੇਗੰਢ ਮਨਾ ਰਹੀ ਹੈ। ਹਰ ਸਾਲ ਸਿੱਖ ਕੌਮ ਉਸ ਇਤਿਹਾਸਕ ਮੌਕੇ ’ਤੇ ਸ਼ਹੀਦੀਆਂ ਪਾ ਗਏ ਸਿੱਖਾਂ ਨੂੰ ਸਰਧਾਂਜਲੀਆਂ ਭੇਂਟ ਕਰਕੇ ਆਪਣੀ ਆਤਮਾ ਨੂੰ ਸੰਤੁਸ਼ਟ ਕਰ ਲੈਂਦੀ ਹੈ। ਪੰਥਕ ਧਿਰਾਂ ਵਿਚ ਵਾਰ-ਵਾਰ ਇਹ ਵਿਚਾਰ ਉਠ ਰਿਹਾ ਹੈ ਕਿ ਹੁਣ ਕੀ ਕੀਤਾ ਜਾਵੇ? ਸਿੱਖਾਂ ਨੂੰ ਹੁਣ ਤਿੰਨ ਦਹਾਕੇ ਬਾਅਦ ਕੀ ਕਰਨਾ ਚਾਹੀਦਾ ਹੈ?
ਇਨ੍ਹਾਂ ਸਾਲਾਂ ਦੇ ਇਤਿਹਾਸ ਨੇ ਸਿੱਖ ਕੌਮ ਨੂੰ ਫਿਰ ਇਕ ਉਹੋ ਜਿਹੇ ਚੌਰਾਹੇ ਉੱਤੇ ਲਿਆ ਖੜਾ ਕੀਤਾ ਹੈ ਜਿਥੋਂ ਸਿੱਖ ਕੌਮ ਤੁਰੀ ਸੀ। ਅੱਜ ਸਿੱਖ ਕੌਮ ਇਕ ਵਾਰ ਫਿਰ ਹਿੰਦੂ ਅਲਾਮਤਾਂ ਜਾਂ ਕਹਿ ਲਉ ਹਿੰਦੂ ਵਿਚਾਰਧਾਰਕ ਹਮਲੇ ਦਾ ਸ਼ਿਕਾਰ ਹੋ ਕੇ ਹਾਰੀ ਹੋਈ ਮਾਨਸਿਕਤਾ ਨਾਲ ਜੀਅ ਰਹੀ ਹੈ। ਸਿੱਖ ਸਮਾਜ ਅੱਜ ਸਮਾਜਕ ਅਤੇ ਵਿਚਾਰਧਾਰਕ ਤੌਰ ਤੇ ਜਿਸ ਹੱਦ ਤੱਕ ਗਰਕਣ ਵੱਲ ਵੱਧ ਰਿਹੈ ਏਨਾ ਸ਼ਾਇਦ ਪਹਿਲਾਂ ਕਦੇ ਵੀ ਨਾ ਗਰਕਿਆ ਹੋਵੇ। ਜਿਹੋ ਜਿਹੀਆਂ ਤਬਾਹਕੁੰਨ ਸਮਾਜੀ ਅਲਾਮਤਾਂ ਨੇ ਕੌਮ ਨੂੰ ਘੇਰ ਲਿਆ ਹੈ ਕਿ ਉਹ ਕੌਮ ਦੀ ਹੋਂਦ ਲਈ ਖਤਰਨਾਕ ਨਹੀਂ ਬਲਕਿ ਅਤਿ ਖਤਰਨਾਕ ਹਨ। ਸਿੱਖ ਕੌਮ ਸਮਾਜਕ ਤੌਰ ’ਤੇ ਅੱਜ ਮੋਹ ਪਿਆਰ ਅਤੇ ਭਾਈਚਾਰਕ ਸਾਂਝ ਦੀਆਂ ਸਾਰੀਆਂ ਹੱਦਾਂ ਤੋੜ ਕੇ ਜਿਵੇਂ ਭੋਗਵਾਦ ਦੀ ਕੁਲਹਿਣੀ ਖੱਡ ਵਿਚ ਡਿੱਗ ਰਹੀ ਹੈ, ਇਹ ਇਕ ਵੱਡੇ ਸੰਕਟ ਅਤੇ ਖਤਰਨਾਕ ਭਵਿੱਖ ਦੀਆਂ ਨਿਸ਼ਾਨੀਆਂ ਹਨ। ਕੌਮ ਦੀ ਰਾਜਸੀ ਲੀਡਰਸ਼ਿਪ ਨੇ ਵਿਕਾਊ ਲੋਕਾਂ ਦੀ ਜੋ ਵੱਡੀ ਭੀੜ ਖੜ੍ਹੀ ਕਰ ਦਿੱਤੀ ਹੈ ਉਹ ਸਿੱਖ ਸਿਧਾਂਤਾਂ, ਸਿੱਖ ਵਿਚਾਰਧਾਰਾ ਅਤੇ ਸਿੱਖ ਸ਼ਹੀਦਾਂ ਦੇ ਸੁਪਨਿਆਂ ਨੂੰ ਟਿੱਚਰਾਂ ਕਰਕੇ ਲੰਘ ਰਹੀ ਹੈ। ਧਰਮ, ਕੌਮ, ਇਤਿਹਾਸ, ਵਿਰਾਸਤ ਅਤੇ ਜ਼ਮੀਰ ਨੂੰ ਜਿਵੇਂ ਕੌਮ ਦੇ ਵੱਡੇ ਹਿੱਸੇ ਨੇ ਵਿਕਣ ਲਈ ਲਗਾ ਦਿੱਤਾ ਹੈ ਉਸ ਮਾਹੌਲ ਵਿਚ ਚੰਗਾ ਸੋਚਣ ਵਾਲਿਆਂ ਦੇ ਰਾਹ ਵਿਚ ਕੰਡਿਆਂ ਤੋਂ ਬਿਨਾਂ ਕੁਝ ਨਹੀਂ ਹੈ। ਪਰ ਏਨਾ ਕੁਝ ਤਬਾਹਕੁੰਨ ਵਾਪਰਨ ਦੇ ਬਾਵਜੂਦ ਵੀ ਕੁਝ ਚੰਗਾ ਸੋਚਣ ਵਾਲੇ ਮੁੱਠੀ ਭਰ ਲੋਕਾਂ ਲਈ ਹੌਸਲੇ ਢਾਹੁਣ ਦਾ ਸਮਾਂ ਨਹੀਂ ਹੈ ਇਹ। ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜੂਨ 1984 ਦੇ ਜ਼ਖਮ ਸਾਡੇ ਲਈ ਪ੍ਰੇਰਨਾ ਦਾ ਸੋਮਾ ਹਨ। ਇਹ ਸਾਡੀ ਬੇਸ਼ਕੀਮਤੀ ਵਿਰਾਸਤ ਹਨ। ਇਹਨਾਂ ਜ਼ਖ਼ਮਾਂ ਦੀ ਪੀੜ ਹੀ ਸਾਡਾ ਰਾਹ ਰੁਸ਼ਨਾ ਸਕਦੀ ਹੈ। 1984 ਦੇ ਘੱਲੂਘਾਰੇ ਨੇ ਹੀ ਪਹਿਲੀ ਵਾਰ ਸਿੱਖਾਂ ਨੂੰ ਹਿੰਦੂ ਧਾਰਾ ਤੋਂ ਵੱਖਰੇ ਹੋਣ ਦਾ ਅਹਿਸਾਸ ਦਵਾਇਆ ਸੀ ਅਤੇ ਅੱਜ ਵੀ ਪੰਥਕ ਧਿਰਾਂ ਨੂੰ ਆਪਣੀ ਲੜਾਈ ਉਸੇ ਮੋੜ ਤੋਂ ਅਰੰਭ ਕਰਨੀ ਪਵੇਗੀ। ਸਿੱਖ ਕੌਮ ਅੱਜ ਜਿਸ ਕਿਸਮ ਦੀ ਮਾਨਸਿਕ ਗੁਲਾਮੀ ਭੋਗਦੀ ਹੋਈ ਲਗਪਗ ਜਿਵੇਂ ਹਾਰ ਜਿਹੀ ਗਈ ਹੈ ਉਸ ਦਾ ਵੱਡਾ ਕਾਰਨ ਹੀ ਕੌਮ ਵਲੋਂ ਮੁੜ ਬਿਪਰਵਾਦੀ ਤਰਜ਼ੇ-ਜ਼ਿੰਦਗੀ ਨੂੰ ਗਲ ਨਾਲ ਲਾ ਲੈਣ ਦਾ ਹੈ। ਬਿਪਰਵਾਦੀ ਵਿਚਾਰਧਾਰਾ ਦਾ ਮਨੁੱਖੀ ਮਾਡਲ ਹੀ ਇਨਸਾਨ ਨੂੰ ਜਜ਼ਬੇ ਗੈਰਤ ਅਤੇ ਅਣਖ ਤੋਂ ਹੀਣਾ ਕਰਕੇ ਕੇਵਲ ਪੈਸੇ ਦੇ ਪੁੱਤ ਬਣਕੇ ਜਿਊਣ ਦੀ ਜਾਚ ਦੱਸਦਾ ਹੈ। ਇਹ ਦੂਰ ਬਹਿ ਕੇ ਸ਼ਕਤੀ ਦੀ ਪੂਜਾ ਕਰਨ ਦੀ ਹੀ ਗੱਲ ਕਰਦਾ ਹੈ ਜਦ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ‘ਤੇਜ ਧਾਰਕ ਖਾਲਸਾ ਪੰਥ’ ਦੇ ਰੂਪ ਵਿਚ ਚਿਤਰਿਆ ਅਤੇ ਸਿਰਜਿਆ ਸੀ। ਵਰਤਮਾਨ ਸਿੱਖ ਲਹਿਰ ਦੀ ਪੁਨਰ ਸੁਰਜੀਤੀ ਦੇ ਬੀਜ ਹੀ ਹਿੰਦੂ ਵਿਚਾਰਧਾਰਕ ਹਮਲੇ ਨੂੰ ਹਰਾਉਣ ਅਤੇ ਸਿੱਖਾਂ ਨੂੰ ਜੀਵਨ ਜਾਚ ਦਾ ਪੰਥਕ ਰਾਹ ਦਰਸਾਉਣ ਵਿਚ ਪਏ ਹਨ। ਹਿੰਦੂ ਵਿਚਾਰਧਾਰਕ ਹਮਲੇ ਦਾ ਟਾਕਰਾ ਕਰਕੇ ਉਸ ਦੇ ਬਰਾਬਰ ਸਿੱਖ ਵਿਚਾਰਧਾਰਾ ਦਾ ਮਨੁੱਖੀ ਮਾਡਲ ਖੜ੍ਹਾ ਕਰਨਾ ਪੰਥਕ ਧਿਰਾਂ ਦਾ ਪ੍ਰਮੁੱਖ ਕੰਮ ਹੈ। ਦੇਖਣ ਅਤੇ ਕਹਿਣ ਨੂੰ ਜਿਵੇਂ ਇਹ ਕੁਝ ਕੁ ਸ਼ਬਦਾਂ ਦਾ ਇਕ ਵਾਕ ਜਾਪਦਾ ਹੈ ਲਾਗੂ ਕਰਨ ਦੇ ਮਾਮਲੇ ਵਿਚ ਇਹ ਚੁਣੌਤੀ ਏਨੀ ਸਰਲ ਨਹੀਂ ਹੈ। ਪੰਥਕ ਧਿਰਾਂ ਸਾਹਮਣੇ ਇਹ ਪੂਰੀ ਕੌਮ ਦੀ ਤਰਜੇ ਜ਼ਿੰਦਗੀ ਨੂੰ ਤਬਦੀਲ ਕਰਨ ਦਾ ਵੱਡਾ ਕਾਰਜ ਹੈ ਜਿਸ ਦੀਆਂ ਅੱਗੇ ਹਜਾਰਾਂ ਵੰਨਗੀਆਂ ਹਨ। ਧਰਮ, ਰਾਜਨੀਤੀ, ਮੀਡੀਆ, ਬੱਚਿਆਂ ਦੀ ਮਾਨਸਿਕਤਾ, ਨੌਜਵਾਨਾਂ ਦੀਆਂ ਰੁਚੀਆਂ, ਉਨ੍ਹਾਂ ਦੀ ਪੜ੍ਹਾਈ ਦਾ ਮਾਡਲ ਅਤੇ ਮੂਲ ਰੂਪ ਵਿਚ ਵਿਕਾਊ ਜਮੀਰਾਂ ਦੇ ਮੁਕਾਬਲੇ ਵਿਚ ਗੈਰਤਮੰਦ ਜਮੀਰਾਂ ਦਾ ਇਕ ਸੁੱਚਾ ਅਤੇ ਪਾਵਨ ਮਾਡਲ ਪੇਸ਼ ਕਰਨਾ, ਇਹ ਸਭ ਪੰਥਕ ਧਿਰਾਂ ਦੀਆਂ ਦੀ ਹੀ ਜਿੰਮੇਵਾਰੀ ਹੈ। ਉਰੋਕਤ ਕੰਮ ਕੁਝ ਦਿਨਾਂ ਜਾਂ ਮਹੀਨਿਆਂ ਦੇ ਨਹੀਂ ਹਨ ਬਲਕਿ ਦਹਾਕਿਆਂ ਦੀ ਲੰਬੀ ਯੋਜਨਾਬੰਦੀ, ਸਾਧਨ ਅਤੇ ਵੱਖ-ਵੱਖ ਸੰਸਥਾਵਾਂ ਨੂੰ ਚਲਾਉਣ ਲਈ ਵਿਦਵਾਨਾਂ ਦੇ ਪੈਨਲ ਤਿਆਰ ਕਰਕੇ ਕਰਨ ਵਾਲੇ ਬਹੁਤ ਵੱਡੇ ਕਾਰਜ ਹਨ। ਰਾਜਨੀਤਿਕ ਖੇਤਰ ਵਿਚ ਸ਼ਹੀਦਾਂ ਦੇ ਸੁਪਨਿਆਂ ਦੇ ਅੰਗ ਸੰਗ ਰਹੀ ਸ਼ੁਸ਼ੀਲ, ਈਮਾਨਦਾਰ ਅਤੇ ਵਿਚਾਰਵਾਨ ਲੀਡਰਸ਼ਿਪ ਦੇ ਘੱਟੋ ਘੱਟ ਤਿੰਨ ਪੂਰ ਪੈਦਾ ਕਰਨ ਦੀ ਚੁਣੌਤੀ ਵੀ ਪੰਥਕ ਧਿਰਾਂ ਦੇ ਸਾਹਮਣੇ ਦਰਪੇਸ਼ ਹੈ। ਸਿੱਖੀ ਦੇ ਪਰਚਾਰ ਦੇ ਨਾਂ ’ਤੇ ਕੌਮ ਨੂੰ ਬਿਪਰਵਾਦੀ ਧਾਰਾ ਵੱਲ ਧੱਕ ਰਹੇ ਸਾਧਾਂ ਦੀ ਦੁਕਾਨਦਾਰੀ ਬੰਦ ਕਰਵਾ ਕੇ ਸਿੱਖ ਧਰਮ ਦੀ ਨਵੀਂ ਅਤੇ ਨਿਵੇਕਲੀ ਵਿਚਾਰਧਾਰਕ ਪਰਿਭਾਸ਼ਾ ਕੌਮ ਨੂੰ ਦੇਣ ਦਾ ਕਾਰਜ ਵੀ ਸਾਡੇ ਸਾਹਮਣੇ ਦਰਪੇਸ਼ ਹੈ। ਰਹਿਤ ਮਰਯਾਦਾ ਦੇ ਨਾਂ ’ਤੇ ਲਗਾਈਆਂ ਗਈਆਂ ਅਣਮਨੁੱਖੀ ਪਾਬੰਦੀਆਂ ਬਾਰੇ ਵੀ ਨਵੀਂ ਵਿਚਾਰਧਾਰਕ ਪਹੁੰਚ ਅਪਨਾਉਣੀ ਪਵੇਗੀ। ਕੌਮਾਂਤਰੀ ਪੱਧਰ ਉਤੇ ਇਸ ਸਮੇਂ ਜੋ ਤੇਜ ਤਬਦੀਲੀਆਂ ਵਾਪਰ ਰਹੀਆਂ ਹਨ ਉਨ੍ਹਾਂ ਦਾ ਗਹਿਰ ਗੰਭੀਰ ਅਧਿਐਨ ਕਰਕੇ ਉਸ ਸੰਬੰਧੀ ਸਿੱਖ ਕੌਮ ਦੀ ਨੀਤੀ ਅਤੇ ਸਿੱਖ ਹਿੱਤਾਂ ਅਨੁਸਾਰ ਉਨ੍ਹਾਂ ਦੀ ਪੇਸ਼ਕਾਰੀ ਕਰਨ ਦਾ ਕਾਰਜ ਵੀ ਕਾਫੀ ਜਿੰਮੇਵਾਰੀ ਦੀ ਮੰਗ ਕਰਦਾ ਹੈ। ਇਸ ਵੇਲੇ ਕੌਮਾਂਤਰੀ ਸਥਿਤੀਆਂ ਦੇ ਸਬੰਧ ਵਿਚ ਬਹੁਤੇ ਸਿੱਖ ਵਿਦਵਾਨ ਭਾਵੁਕਤਾ ਵਿਚੋਂ ਹੀ ਬਹੁਤੀਆਂ ਪੁਜੀਸ਼ਨਾਂ ਲੈ ਰਹੇ ਹਨ ਜੋ ਕੌਮਾਂਤਰੀ ਤੌਰ ਉੱਤੇ ਸਿੱਖ ਮਸਲੇ ਨੂੰ ਖਰਾਬ ਕਰਨ ਦਾ ਹੀ ਕਾਰਜ ਕਰ ਰਹੀਆਂ ਹਨ। ਸਿੱਖਾਂ ਦੀ ਹੋਣੀ ਨਾਲ ਜੁੜੇ ਹੋਏ ਇਸ ਗੰਭੀਰ ਮਸਲੇ ਸੰਬੰਧੀ ਪੁਜੀਸ਼ਨਾਂ ਲੈਣ ਖਾਤਰ ਇਕ ਕੌਮਾਂਤਰੀ ‘ਸਿੱਖ ਥਿੰਕ ਟੈਕ’ ਉਸਾਰਨਾਂ ਪੰਥਕ ਲੀਡਰਸ਼ਿਪ ਦੀ ਅਹਿਮ ਜਿੰਮੇਵਾਰੀ ਹੈ। ਸਿੱਖ ਮੀਡੀਆ ਜਿਸ ਵਿਚ ਰੋਜ਼ਾਨਾ ਅਖਬਾਰ ਅਤੇ ਟੀ.ਵੀ. ਚੈਨਲ ਸ਼ਾਮਲ ਹੈ, ਵੀ ਸਿੱਖਾਂ ਦੀਆਂ ਤਰਜੀਹਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ।
ਬਿਪਰਵਾਦੀ ਵਿਚਾਰਧਾਰਕ ਹਮਲਾ ਜਿੰਨੇ ਵੀ ਪਾਸਿਆਂ ਤੋਂ ਸਿੱਖਾਂ ਉੱਤੇ ਆਪਣੀਆਂ ਗੋਲੀਆਂ ਦਾਗ ਰਿਹਾ ਹੈ ਉਨ੍ਹਾਂ ਸਾਰਿਆਂ ਮੋਰਚਿਆਂ ਉੱਤੇ ਗੈਰਤਮੰਦ ਅਤੇ ਚੇਤੰਨ ਸਿੱਖਾਂ ਨੂੰ ਆਪਣੀ ਲੜਾਈ ਦੇਣੀ ਪਵੇਗੀ। ਇਸ ਸਮੁੱਚੀ ਲੜਾਈ ਲਈ ਪ੍ਰੇਰਨਾ ਸਾਨੂੰ ਜੂਨ 1984 ਦਾ ਘੱਲੂਘਾਰਾ ਦੇ ਗਿਆ ਹੈ ਹੁਣ ਸਿਰਫ ਗੁਰੂ ਦੇ ਸੱਚੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਸ਼ਹੀਦਾਂ ਦੇ ਸ਼ੰਦੇਸ਼ ਨੂੰ ਕੰਨ ਲਾ ਕੇ ਸੁਣਨ ਅਤੇ ਉਸ ਨੂੰ ਵਿਚਾਰਧਾਰਕ ਤੌਰ ’ਤੇ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਇਸ ਵੱਡੇ ਕਾਰਜ ਲਈ ਤੱਤਪਰ ਸੱਜਣਾਂ ਨੂੰ ਇਹ ਗੱਲ ਸਦਾ ਚੇਤੇ ਰੱਖਣੀ ਪਵੇਗੀ ਕਿ ‘ਹਮ ਹਿੰਦੂ ਨਹੀਂ’ ਅਤੇ ਮਨੁੱਖੀ ਵਿਕਾਸ ਦਾ ਸਿੱਖ ਮਾਡਲ ਦੁਨੀਆਂ ਭਰ ਵਿਚ ਆਪਣੀ ਪਹਿਚਾਣ ਦੇ ਝੰਡੇ ਗੱਡਣ ਦੇ ਕਾਬਲ ਹੋ ਸਕਦਾ ਹੈ ਜੇ ਸੁਹਿਰਦਤਾ ਨਾਲ ਉਸ ਉਤੇ ਪਹਿਰਾ ਦਿੱਤਾ ਜਾਵੇ। ਪੰਥ ਦੀਆਂ ਜੁਝਾਰੂ ਧਿਰਾਂ ਸਾਹਮਣੇ ਇਕ ਵੱਡੇ ਵਿਚਾਰਧਾਰਕ ਅਤੇ ਮਾਨਸਿਕ ਹਮਲੇ ਦੀ ਮਾਰ ਸਹਿ ਰਹੀ ਕੌਮ ਦੇ ਕਰੈਕਟਰ ਦੀ ਉਸਾਰੀ ਦਾ ਵੱਡਾ ਕਾਰਜ ਹੈ। ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਅੱਗੇ ਤੋਰਦਿਆਂ ਸੰਤ ਜਰਨੈਲ ਸਿੰਘ ਨੇ ਸਿੱਖਾਂ ਦੇ ਚਰਿੱਤਰ ਨੂੰ ਹੀ ਨਵੇਂ ਰੰਗ ਵਿਚ ਰੰਗਿਆ ਸੀ। ਸਿੱਖ ਲਹਿਰ ਦੀ ਉਸ ਰੂਹਾਨੀ ਪੀੜ ਦੇ ਜਲੌਅ ਨੂੰ ਆਪਣੀ ਆਤਮਾ ਨਾਲ ਇਕਮਿਕ ਕਰਕੇ ਸਮੁੱਚੀ ਕੌਮ ਨੂੰ ਲੋਭ ਲਾਲਚ ਤੋਂ ਰਹਿਤ ਗੈਰਤਮੰਦ ਅਤੇ ਸਿਧਾਂਤਾਂ ਲਈ ਮਰ ਮਿਟਣ ਵਾਲੀ ਸਿਰਲੱਥ ਕੌਮ ਵਿਚ ਬਦਲ ਦੇਣ ਲਈ ਪੰਥਕ ਧਿਰਾਂ ਨੂੰ ਇਕ ਗੰਭੀਰ ਮੁਹਿੰਮ ਜਥੇਬੰਦ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
– 0 –
Related Topics: Audio Articles on June 1984, Avtar Singh UK, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib), ਸਿੱਖ ਨਸਲਕੁਸ਼ੀ 1984 (Sikh Genocide 1984)