ਲੇਖ » ਸਿੱਖ ਖਬਰਾਂ

ਨਾਨਕ ਸ਼ਾਹ ਫਕੀਰ ਦਾ ਮਾਮਲਾ: ਦਾਅਵਾ ਇਲਾਹੀ ਦਰਸ਼ਨ ਦਾ ਅਤੇ ਪੈਰਵੀ ਬੁੱਤਪ੍ਰਸਤੀ ਦੀ…

April 23, 2015 | By

ਗੁਰੂ ਨਾਨਕ ਦੇਵ ਜੀ ਬਾਰੇ ਜਿਸ ਮਨੁਖ ਨੇ ਹੁਣੇ ਇਕ ਫਿਲਮ ਬਣਾਈ ਹੈ (ਵੈਸੇ ਤਾਂ ਸਾਨੂੰ ਉਸ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ) ਉਸ ਦੇ ਬਿਆਨਾਂ ਨੇ, ਭਾਵੇਂ ਜਾਣੇ-ਅਣਜਾਣੇ ਵਿਚ ਹੀ ਸਹੀ, ਸਿੱਖੀ ਅੰਦਰ ਤੁਰੀ ਆਉਂਦੀ ਬੁੱਤਾਂ ਦੀ ਪੁਰਾਣੀ ਮਰਜ਼ ਨੂੰ ਵਿਚਾਰ ਦੇ ਮੰਚ ਤੇ ਲੈ ਆਂਦਾ ਹੈ।

ਇਸ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਫਿਲਮਕਾਰ ਨੇ ਇਕ ਨਵੀਂ ਕਿਸਮ ਦਾ ਬੁੱਤ ਪੇਸ਼ ਕੀਤਾ ਹੈ। ਜਿਥੋਂ ਤੱਕ ਨਵੀਂ ਕਿਸਮ ਦੇ ਬੁੱਤ ਦਾ ਸਵਾਲ ਹੈ ਉਸ ਬਾਰੇ ਇਹੀ ਕਹਿਣਾ ਬਣਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਖਿਆਲਾਂ ਦੇ ਬੁੱਤ ਵੀ ਤੋੜ ਦਿੱਤੇ ਅਤੇ ਉਹ ਫਿਲਮਕਾਰ ਹਾਲੇ ਵੀ ਇਹ ਸਿੱਧ ਕਰਨ ਵਿਚ ਉਲਝਿਆ ਹੋਇਆ ਹੈ ਕਿ ਪਰਛਾਵਾਂ ਬੁੱਤ ਵਰਗਾ ਨਹੀਂ ਹੁੰਦਾ। ਹਕੀਕਤ ਇਹ ਹੈ ਕਿ ਪੱਥਰ, ਮਿੱਟੀ, ਲੱਕੜ ਅਤੇ ਕਾਗਜ਼ ਦੇ ਬੁੱਤ ਨਾਲੋਂ ਪਰਛਾਵਾਂ ਬੁੱਤ ਦਾ ਵਧੇਰੇ ਲੁਭਾਉਣਾ ਰੂਪ ਹੈ। ਇਹ ਪਰਛਾਵਾਂ ਮਨੁੱਖੀ ਹੈ ਜਾਂ ਮਸ਼ੀਨੀ ਇਸ ਗੱਲ ਵਿਚ ਉਕਾ ਹੀ ਫਰਕ ਨਹੀਂ ਹੈ ਕਿਉਂਕਿ ਆਖਰ ਦੋਵੇਂ ਹੀ ਬੁੱਤ ਦੀ ਪੂਰਤੀ ਕਰਦੇ ਹਨ।

ਕੋਈ ਢਾਈ ਸਦੀਆਂ ਦੇ ਸਮੇਂ ਦੌਰਾਨ ਕਦੀ ਗੁਰੂ ਸਾਹਿਬ ਨੇ ਆਪਣੇ ਲੱਖਾਂ ਸਿੱਖਾਂ ਵਿਚੋਂ ਕਿਸੇ ਨੂੰ ਵੀ ਆਪਣਾ ਜਾਂ ਅਕਾਲ ਪੁਰਖ ਦਾ ਬੁੱਤ ਬਣਾਉਣ ਲਈ ਕਿਹਾ ਹੋਵੇ ਜਾਂ ਇਤਿਹਾਸ ਵਿਚ ਕਿਸੇ ਸਿੱਖ ਨੇ ਹੀ ਇਹ ਗੁਨਾਹ ਕਰਨ ਦੀ ਗਲਤੀ ਕੀਤੀ ਹੋਵੇ, ਅਜਿਹੀ ਕੋਈ ਮਿਸਾਲ ਨਹੀਂ ਮਿਲਦੀ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਦੀ ਸਾਖੀ ਇਸ ਮਾਮਲੇ ਵਿਚ ਮਹੱਤਵਪੂਰਨ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਭਾਈ ਰਾਮ ਕੁਇਰ ਜੀ (ਬਾਅਦ ਵਿਚ ਭਾਈ ਗੁਰਬਖਸ਼ ਸਿੰਘ) ਨੂੰ ਸਮਝਾਇਆ ਕਿ ਜੋ ਪਰਿਵਾਰ ਗੁਰੂ ਸਾਹਿਬ ਨੂੰ ਗੁਰਗੱਦੀ ਤਿਲਕ ਦੇਣ ਦੀ ਰਸਮ ਅਦਾ ਕਰਦਾ ਆ ਰਿਹਾ ਹੈ, ਉਹ ਵੀ ‘ਗੁਰੂ’ ਨੂੰ ਨਹੀਂ ਜਾਣ ਸਕਦਾ। ਪ੍ਰੋ ਪੂਰਨ ਸਿੰਘ ਆਪਣੇ ਲੇਖ ‘ਕਲਗੀਆਂ ਵਾਲੇ ਦੀ ਛਵੀ’ ਵਿਚ ਕਹਿੰਦੇ ਹਨ ਕਿ ਗੁਰੂ ਦੀ ਛਵੀ ਬਣਾਈ ਹੀ ਨਹੀਂ ਜਾ ਸਕਦੀ।ਇਸ ਲਈ ਗੁਰੂ ਸਾਹਿਬ ਦੇ ਸਰੂਪ ਨੂੰ ਕਿਸੇ ਵੀ ਤਰ੍ਹਾਂ ਦੀ ਨਵੀਂ ਜਾਂ ਪੁਰਾਣੀ ਬੁੱਤਕਾਰੀ ਵਿਚ ਬੰਨ੍ਹਿਆ ਨਹੀਂ ਜਾ ਸਕਦਾ।

ਇਸ ਫਿਲਮਕਾਰ ਮਨੁੱਖ ਨੇ ਦਾਅਵਾ ਕੀਤਾ ਹੈ ਕਿ ਉਸਨੇ 7 ਰਾਤਾਂ ਗੁਰੂ ਸਾਹਿਬ ਨਾਲ ਬਿਤਾਈਆਂ ਹਨ। ਜੇ ਅਸੀਂ ਉਸ ਦੀ ਗੱਲ ਨੂੰ ਮੰਨ ਵੀ ਲਈਏ ਕਿ ਉਸਨੇ ਲਗਾਤਾਰ 7 ਰਾਤਾਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ ਫਿਰ ਤਾਂ ਉਸਨੂੰ ਆਪਣੇ ਫਿਲਮ ਵਾਲੇ ਕਰਮ ਬਾਰੇ ਸੋਚਣਾ ਵੀ ਚਾਹੀਦਾ ਹੈ ਕਿ ਫਿਲਮ ਦੇ ਮਾਮਲੇ ਵਿਚ ਉਹ ਆਪਣਾ ਪੱਖ ਦੱਸਣ, ਮਜ਼ਬੂਤ ਕਰਨ ਜਾਂ ਬਚਾਉਣ ਦੇ ਚੱਕਰ ਵਿਚ, ਅਸਲੋਂ ਉਹ ਕਹਿ ਕੀ ਰਿਹਾ ਏ? ਸਾਡੇ ਕੋਲ ਇਸ ਗੁਰੂ ਦਰਸ਼ਨ ਵਰਗੇ ਵਾਕਿਆਤ ਦਾ ਨੇੜੇ ਤੋਂ ਨੇੜੇ ਦਾ ਹਵਾਲਾ ਭਾਈ ਵੀਰ ਸਿੰਘ ਜੀ ਦੀ ਕਵਿਤਾ ਦੇ ਰੂਪ ਵਿਚ ਹਾਜ਼ਰ ਹੈ ਕਿ :

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ ਅਸਾਂ ਧਾ ਗਲਵਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ।

ਉਸ ਫਿਲਮਕਾਰ ਦਾ ਦਾਅਵਾ ਹੈ ਕਿ ਉਸਨੇ ਗੁਰੂ ਦੇ ਰੱਜਵੇਂ ਦਰਸ਼ਨ ਕੀਤੇ ਹਨ। ਇਸੇ ਕਰਕੇ ਇਕ ਜਗਿਆਸੂ ਮਨ ਵਿਚ ਇਹ ਖਿਆਲ ਰਹਿ ਰਹਿ ਕੇ ਆਉਂਦਾ ਹੈ ਕਿ ਜੇ ਇਹ ਸੁਭਾਗ ਉਸਨੂੰ ਪ੍ਰਾਪਤ ਹੈ ਤਾਂ ਉਸਦਾ ਵਿਹਾਰ (ਜੋ ਉਸਦੀਆਂ ਲਗਾਤਾਰ ਮੁਲਾਕਾਤਾਂ ਅਤੇ ਬਿਆਨਾਂ ਵਿਚੋਂ ਪਰਗਟ ਹੋ ਰਿਹਾ ਹੈ) ਆਮ ਦੁਨੀਆਦਾਰਾਂ ਵਰਗਾ ਹੀ ਕਿਉਂ ਹੈ?

ਧਰਮ ਦੇ ਇਤਿਹਾਸ ਵਿਚ ਜੋ ਇਸ ਤਰ੍ਹਾਂ ਦੀਆਂ ਗਵਾਹੀਆਂ ਪਰਾਪਤ ਹਨ, ਉਹ ਦੱਸਦੀਆਂ ਹਨ ਕਿ ਆਪਣੇ ਇਸ਼ਟ ਦੇ ਪਰਤੱਖ ਦਰਸ਼ਨ ਕਰਨ ਵਾਲੇ ਦਾ ਜੀਵਨ, ਦਰਸ਼ਨਾਂ ਤੋਂ ਬਾਅਦ ਪਹਿਲਾਂ ਵਰਗਾ ਦੁਨੀਆਦਾਰ ਨਹੀਂ ਰਹਿੰਦਾ, ਸਗੋਂ ਉਹ ਅਲੌਕਿਕ ਹੋ ਜਾਂਦਾ ਹੈ। ਇਥੋਂ ਤੱਕ ਕਿ ਵੱਖ-ਵੱਖ ਧਰਮਾਂ ਦੇ ਬਾਨੀਆਂ ਦੇ ਜੀਵਨ ਇਤਿਹਾਸ ਵਿਚੋਂ ਵੀ ਇਸ ਤਰ੍ਹਾਂ ਦੀਆਂ ਗਵਾਹੀਆਂ ਮਿਲਦੀਆਂ ਹਨ ਜਿਥੇ ਅੰਤਮ ਸਚਾਈ ਦੇ ਦਰਸ਼ਨ ਮਗਰੋਂ ਧਰਮ ਦੀ ਸ਼ੁਰੂਆਤ ਹੋਈ। ਅਸਾਡੀ ਮਨਸ਼ਾ ਉਸ ਸਧਾਰਨ ਮਨੁੱਖ ਦੀ ਪੈਗੰਬਰਾਂ ਅਤੇ ਮਹਾਨ ਹਸਤੀਆਂ ਨਾਲ ਤੁਲਨਾ ਕਰਨ ਦੀ ਬਿਲਕੁਲ ਨਹੀਂ ਹੈ। ਇਹ ਸਿਰਫ ਹਵਾਲੇ ਹਨ ਗੱਲ ਨੂੰ ਦੱਸਣ ਲਈ, ਕਿ ਜਦੋਂ ਦੁਨੀਆਦਾਰੀ ਵਾਲੇ ਜੀਵਨ ਵਿਚ ਇਲਾਹੀ ਝਲਕਾਰੇ ਵੱਜਦੇ ਹਨ ਤਾਂ ਰੂਹਾਨੀ ਪੱਧਰ ‘ਤੇ ਵੱਡੇ ਬਦਲਾਅ ਆਉਂਦੇ ਹਨ, ਜਿਹੜੇ ਸੰਸਾਰ ਸਾਹਮਣੇ ਪਰਗਟ ਹੋ ਜਾਂਦੇ ਹਨ। ਜਿਵੇਂ ਗੁਰਬਾਣੀ ਦਾ ਫੁਰਮਾਣ ਹੈ:

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦ ਖਲਾਸੁ॥

ਇਹ ਝਲਕਾਰੇ ਤਾਂ ਇਕੋ ਵਾਰ ਵੀ ਕਾਫੀ ਹਨ ਜੇਕਰ ਇਹ 7 ਰਾਤਾਂ ਦੇ ਹੋਣ ਤਾਂ ਇਹ ਨਿਸ਼ਚੇ ਹੀ ਮਨੁੱਖੀ ਇਤਿਹਾਸ ਦੀ ਬਹੁਤ ਵੱਡੀ ਘਟਨਾ ਹੋਵੇਗੀ।

ਹਰਿੰਦਰ ਸਿੱਕਾ

ਹਰਿੰਦਰ ਸਿੱਕਾ

ਉਸ ਫਿਲਮਕਾਰ ਦੇ ਦਾਅਵੇ ਅਨੁਸਾਰ ਤਾਂ ਸਿੱਖ ਹੋਣ ਦੇ ਨਾਤੇ ਉਸਨੇ ਜਿੰਦਗੀ ਦੀ ਸਭ ਤੋਂ ਵੱਡੀ ਪਰਾਪਤੀ ਕਰ ਲਈ ਹੈ। ਇਸ ਲਈ ਹੀ ਉਹ ਦੁਨੀਆਂ ਨੂੰ ਇਹ ਦੱਸਣ ਲਈ ਨਿਕਲ ਤੁਰਿਆ ਹੈ ਕਿ ਗੁਰੂ ਸਾਹਿਬ ਕਿੰਨੇ ਵੱਡੇ ਸਨ। ਅਸੀਂ ਅੱਜ ਤੱਕ ਗੁਰੂ ਸਾਹਿਬ ਬਾਰੇ ਭਾਈ ਗੁਰਦਾਸ ਜੀ ਅਨੁਸਾਰ ਸਮਝੇ ਹਾਂ ਕਿ ‘ਬਾਬੇ ਤਾਰੇ ਚਾਰੇ ਚੱਕ’ ਪਰ ਉਹ ਫਿਲਮਕਾਰ ਆਪਣੇ ਬਿਆਨਾਂ ਵਿਚ ਆਖਦਾ ਹੈ ਕਿ ਗੁਰੂ ਸਾਹਿਬ ਦਾ ਦੇਸ਼ ਹਿੰਦੋਸਤਾਨ ਹੈ, ਕਿਉਂਕਿ ਗੁਰਬਾਣੀ ਅੰਦਰ ਉਹਨਾਂ ‘ਹਿੰਦੋਸਤਾਨ’ ਸ਼ਬਦ ਵਰਤਿਆ ਹੈ। ਦੂਜੇ ਪਾਸੇ ਉਹ ਆਪਣੀ ਫਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਸਮਝਾਉਂਦਾ ਹੈ ਕਿ ਗੁਰੂ ਸਾਹਿਬ ਸਭ ਸੰਸਾਰ ਦੇ ਸਾਂਝੇ ਹਨ। ਇਹ ਕਹਿਣੀ ਅਤੇ ਕਰਨੀ ਦਾ ਅੰਤਰ ਕਿਉਂ?

(ਉਸਦੇ ਦੱਸਣ ਅਨੁਸਾਰ) ਜਿਸ ਭਾਰਤੀ ਔਰਤ ਦੀ ਦੇਸ਼ਭਗਤੀ ਤੋਂ ਪ੍ਰਭਾਵਿਤ ਹੋ ਕੇ ਉਹ ਪਾਕਿਸਤਾਨ ਚਲਿਆ ਗਿਆ ਸੀ, ਗੁਰੂ ਦਰਸ਼ਨ ਤੋਂ ਬਾਅਦ ਵੀ ਉਹ ਫਿਲਮਕਾਰ ਉਸ ਔਰਤ ਦੇ ਐਨੇ ਅਸਰ ਥੱਲੇ ਹੈ ਕਿ ਉਸ ਔਰਤ ਦੁਆਰਾ ਆਪਣੇ ਰਿਸ਼ਤੇਦਾਰਾਂ ਦੇ ਕੀਤੇ ਗਏ ਵਿਸਾਹਘਾਤੀ ਕਤਲਾਂ ਦੀ ਅੱਜ ਵੀ ਵਕਾਲਤ ਕਰ ਰਿਹਾ ਹੈ ਅਤੇ ਅਜੇ ਵੀ ਇਕ ਫੌਜੀ ਦੇ ਭੂਗੋਲਿਕ ਹੱਦਬੰਦੀ ਨਾਲ ਬੱਝੇ ਸੰਕਲਪ ਦੀ ਪੈਰਵੀ ਕਰ ਰਿਹਾ ਹੈ। ਇਕ ਪਾਸੇ ਉਹ ਆਪੇ ਆਖ ਰਿਹਾ ਹੈ ਕਿ ਉਹ ਗੁਰੂ ਦਰਸ਼ਨ ਤੱਕ ਪਹੁੰਚ ਗਿਆ ਹੈ ਅਤੇ ਉਸਨੇ ਸਾਰੇ ਸੰਸਾਰ ਨੂੰ ਗੁਰੂ ਦਾ ਅਜਿਹਾ ਸੁਨੇਹਾ ਦੇਣਾ ਹੈ ਜੋ ਕਿਸੇ ਹੋਰ ਨੇ ਨਹੀਂ ਦਿੱਤਾ ਪਰ ਦੂਜੇ ਪਾਸੇ ਹਾਲੇ ਤੱਕ ਉਹ ਫਿਲਮਕਾਰ ਹਿੰਦੁਸਤਾਨ ਦੀ ਸੌੜੀ ਦੇਸ਼ਭਗਤੀ ਤੋਂ ਬਾਹਰ ਨਹੀਂ ਆ ਰਿਹਾ ਜੋ 1947 ਤੋਂ ਬਾਅਦ ਜਨਮੀ ਹੈ। ਇਹ ਦੇਸ਼ਭਗਤੀ ਤਾਂ ਗੁਰੂ ਨਾਨਕ ਦੇ ਜਨਮ ਸਥਾਨ ਦੇ ਵਸ਼ਿੰਦਿਆਂ ਨਾਲ ਵੈਰ ਰੱਖਣ ਵਾਲੀ ਹੈ। ਉਸ ਅੰਦਰੋਂ ਹਾਲੇ ਵੀ ਇਕ ਗੁਰੂ ਦੇ ਸਿੱਖ, ਭਾਈ ਘਨਈਆ ਵਾਲੀ ਨਜ਼ਰ ਨਹੀਂ ਫੁੱਟੀ ਜੋ ਸਭ ਨੂੰ ਇਕ ਸਮਾਨ ਵੇਖੇ ਸਗੋਂ ਉਸ ਵਿਚੋਂ ਅਜੇ ਵੀ ਕੇਵਲ ਭਾਰਤੀ ਦੇਸ਼ਭਗਤੀ ਦਾ ਨਜ਼ਰੀਆ ਹੀ ਪਰਗਟ ਹੋ ਰਿਹਾ ਹੈ। ਕਿਸੇ ਖਿੱਤੇ ਨਾਲ ਜੁੜੀ ਅਜਿਹੀ ਵਫਾਦਾਰੀ ਗੁਰੂ ਦਾ ਬ੍ਰਹਿਮੰਡੀ ਸੁਨੇਹਾ ਪੂਰੀ ਮਾਨਵਤਾ ਨੂੰ ਕਿਵੇਂ ਦੇਵੇਗੀ?

ਉਸ ਫਿਲਮਕਾਰ ਨੂੰ ਆਪਣੇ ਬਾਰੇ ਹਰ ਥਾਂ ਦੱਸਣਾ ਪੈ ਰਿਹਾ ਹੈ ਕਿ ਉਸ ਨੇ 7 ਰਾਤਾਂ ਗੁਰੂ ਸਾਹਿਬ ਨਾਲ ਗੁਜ਼ਾਰੀਆਂ। ਇਕ ਜਿਗਿਆਸੂ ਵਜੋਂ ਮਨ ਵਿਚ ਸਵਾਲ ਉਠਦਾ ਹੈ ਕਿ ਗੁਰਬਾਣੀ ਦੇ ਇਸ ਫੁਰਮਾਣ ਨੂੰ ਕਿਥੇ ਢੁਕਾਇਆ ਜਾਵੇ ਕਿ:

ਕਾਂਇ ਰੇ ਬਕਬਾਦੁ ਲਾਇਓ॥ਜਿਨਿ ਹਰਿ ਪਾਇਓ ਤਿਨਹਿ ਛਪਾਇਓ॥

ਗੁਰਬਾਣੀ ਅੰਦਰ ਇਹ ਵੀ ਦੱਸਿਆ ਗਿਆ ਹੈ ਕਿ ਅਮਲਾਂ ਦੀ ਖੁਸ਼ਬੂ ਛੁਪਦੀ ਨਹੀਂ: ਹਰਿ ਕਾ ਭਗਤ ਪ੍ਰਗਟ ਨਹੀ ਛਪੈ॥ ਗੁਰੂ ਦੇ ਦਰਸ਼ਨ ਦੱਸਣ ਦੀ ਲੋੜ ਨਹੀਂ ਹੁੰਦੀ ਸਗੋਂ ਉਸ ਮਨੁੱਖ ਦੇ ਅਮਲ ਦੱਸ ਦੇਣਗੇ ਕਿ ਉਸ ਨੇ ਗੁਰੂ ਦੇ ਸਚਮੁਚ ਦਰਸ਼ਨ ਕੀਤੇ ਹਨ ਜਾਂ ਨਹੀਂ।

ਉਸ ਫਿਲਮਕਾਰ ਦਾ ਅਤੇ ਉਸਦੇ ਪੱਖ ਵਿਚ ਲਿਖਣ ਵਾਲਿਆਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਦੁਨੀਆਂ ਨੂੰ ਗੁਰੂ ਸਾਹਿਬ ਬਾਰੇ ਪਤਾ ਨਹੀਂ (ਜਿਵੇਂ ਇਕ ਵਿਦਵਾਨ ਸੱਜਣ ਨੇ ਹਵਾਲਾ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਬਾਰੇ ਸਿਰਫ 8% ਅਮਰੀਕਨਾਂ ਨੂੰ ਪਤਾ ਹੈ) ਇਸ ਲਈ ਨਵੀਂ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਦਲੀਲ ਹਕੂਮਤਾਂ ਅਤੇ ਵਪਾਰਕ ਅਦਾਰਿਆਂ/ਕਾਰਪੋਰੇਸ਼ਨਾਂ ਦੇ ਫੈਲਾਅ ਤੇ ਲਾਗੂ ਹੁੰਦੀ ਹੈ ਕਿ ਜਿਹੜੀ ਧਿਰ ਨਵੀਂ ਤਕਨੀਕ ਦੀ ਵਰਤੋਂ ਕਰਦੀ ਹੈ ਉਹ ਦੂਜਿਆਂ ਤੋਂ ਅੱਗੇ ਨਿਕਲ ਜਾਂਦੀ ਹੈ ਜਾਂ ਦੂਜਿਆਂ ਨੂੰ ਕਾਬੂ ਕਰ ਲੈਂਦੀ ਹੈ। ਜਿਸ ਕਿਸੇ ਨੂੰ ਧਰਮ ਦੀ ਥੋੜ੍ਹੀ ਜਿਹੀ ਸੋਝੀ ਵੀ ਹੈ ਉਹ ਜਾਣਦਾ ਹੈ ਕਿ ਧਰਮ ਦਾ ਰਾਹ ਇਹ ਨਹੀਂ ਹੈ। ਧਰਮ ਅਤੇ ਵਪਾਰ ਦੇ ਪਰਚਾਰ ਵਿਚ ਸੱਚ ਝੂਠ ਵਰਗਾ ਬੁਨਿਆਦੀ ਅੰਤਰ ਹੁੰਦਾ ਹੈ। ਪਰਚਾਰ ਦੀ ਲੋੜ ਨਾਲ ਸਿਰਫ ਸਾਰੇ ਸਿੱਖ ਹੀ ਨਹੀਂ ਸਗੋਂ ਸਭ ਧਰਮਾਂ ਦੇ ਲੋਕ ਸਹਿਮਤ ਹਨ ਪਰ ਸਵਾਲ ਇਹ ਹੈ ਕਿ ਪਰਚਾਰ ਕਿਸ ਕੀਮਤ ਤੇ ਹੋਣਾ ਚਾਹੀਦਾ ਹੈ? ਜਿਵੇਂ ਉਸ ਫਿਲਮਕਾਰ ਦੇ ਹਿਮਾਇਤੀ ਵਿਦਵਾਨਾਂ (ਸਿੱਧੂ ਦਮਦਮੀ, ਕੰਵਰ ਸੰਧੂ, ਆਈ. ਜੇ. ਸਿੰਘ ਆਦਿ) ਨੇ ਸਿੱਖਾਂ ਨੂੰ ਇਸ ਮਾਮਲੇ ਵਿਚ ਮੁਸਲਮਾਨਾਂ ਨਾਲ ਮਿਲਾਇਆ ਹੈ ਕਿ ਸਿੱਖ ਕੱਟੜ ਹੋ ਗਏ ਹਨ ਤਾਂ ਵੀ ਸਿਧਾਂਤ ਨਹੀਂ ਬਦਲੇਗਾ ਕਿ ਧਰਮ ਪਰਚਾਰ ਲਈ ਸਹੀ ਰਾਹ ਕੀ ਹੈ? ਸਿਧਾਂਤਕ ਉਤਰ ਇਹੋ ਹੈ ਕਿ ਪਹਿਲਾਂ ਉਹਨਾਂ ਵਿਚਾਰਾਂ ਨੂੰ ਅਮਲੀ ਰੂਪ ਵਿਚ ਅਪਣਾਓ ਜਿਨ੍ਹਾਂ ਦਾ ਪਰਚਾਰ ਕਰਨਾ ਹੈ।

ਗੁਰਬਾਣੀ ਦਾ ਫੁਰਮਾਨ ਹੈ: ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥

ਇਕ ਸਿੱਖ ਵਜੋਂ ਧਰਮ ਪਰਚਾਰ ਦਾ ਇਹੀ ਮਤਲਬ ਨਹੀਂ ਹੈ ਕਿ ਦੂਜਿਆਂ ਨੇ ਜੋ ਸਾਧਨ ਅਪਣਾਏ ਹਨ ਜੇ ਅਸੀਂ ਉਹਨਾਂ ਨੂੰ ਨਹੀਂ ਵਰਤਾਂਗੇ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ ਜਾਂ ਅਸੀਂ ਕੱਟੜ ਸਿੱਧ ਹੋ ਜਾਵਾਂਗੇ। ਧਰਮ ਵਿਚ ਸਿਧਾਂਤ ਦੀ ਪਾਲਣਾ ਪਹਿਲਾਂ ਹੈ, ਉਸ ਦਾ ਪਰਚਾਰ ਬਾਅਦ ਵਿਚ ਹੈ। ਜਿਹੜਾ ਪਰਚਾਰ ਸਿਧਾਂਤ ਤੋਂ ਉਲਟ ਹੈ ਉਸ ਨੂੰ ਪਰਚਾਰ ਨਹੀਂ ਸਗੋਂ ਵਿਰੋਧ ਕਿਹਾ ਜਾਂਦਾ ਹੈ। ਪਰ ਹਾਲ ਇਹ ਹੈ ਕਿ ਜੋ ਪਰਚਾਰ ਉਸ ਫਿਲਮਕਾਰ ਅਤੇ ਉਸਦੇ ਹਮਾਇਤੀਆਂ ਨੂੰ ਧਰਮ ਸਿਧਾਂਤ ਬਾਰੇ ਚੇਤੰਨ ਕਰ ਰਿਹਾ ਹੈ ਉਹ ਉਸਨੂੰ ਵਿਰੋਧ ਕਹਿ ਰਹੇ ਹਨ।

ਮਹਾਤਮਾ ਬੁੱਧ ਇਸ ਖਿੱਤੇ ਵਿਚ ਮੂਰਤੀ ਪੂਜਾ ਦੇ ਪਹਿਲੇ ਵਿਰੋਧੀ ਸਨ ਪਰ ਅੱਜ ਸਭ ਤੋਂ ਵੱਧ ਬੁੱਤ ਉਹਨਾਂ ਦੇ ਹੀ ਹਨ, ਹਰ ਸਜਾਵਟ ਦੀ ਦੁਕਾਨ ਤੋਂ ‘ਲ਼ਾਫਿੰਗ ਬੁੱਧਾ’ ਮਿਲ ਜਾਂਦਾ ਹੈ। ਇਹ ਕਿਸ ਤਰ੍ਹਾਂ ਦਾ ਪਰਚਾਰ ਹੋਇਆ ਜਿਸ ਨਾਲ ਬੁੱਧ ਧਰਮ ਨੂੰ ਦੇਸ਼ ਨਿਕਾਲਾ ਹੀ ਮਿਲ ਗਿਆ। ਗੁਰੂ ਸਾਹਿਬ ਦੀਆਂ ਮੂਰਤੀਆਂ ਬਣਨੀਆਂ ਵੀ ਓਦੋਂ ਤੋਂ ਸ਼ੁਰੂ ਹੋਈਆਂ ਹਨ ਜਦੋਂ ਤੋਂ ਸਿੱਖਾਂ ਨੇ ਅਮਲ ਦੀ ਥਾਂ ਸਾਧਨਾਂ/ਤਕਨੀਕ ਰਾਹੀਂ ਪਰਚਾਰ ਦੀ ਗੱਲ ਸ਼ੁਰੂ ਕੀਤੀ ਹੈ।

ਕਿਸੇ ਵੇਲੇ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਵੀ ਮੂਰਤੀਆਂ ਪਈਆਂ ਸਨ, ਕਿਸੇ ਵੇਲੇ ਹਾਕਮਾਂ ਦੇ ਘੋੜੇ ਵੀ ਇਥੇ ਬੱਝੇ ਹੁੰਦੇ ਸਨ। ਇਤਿਹਾਸ ਵਿਚ ਇਹ ਵੀ ਜ਼ਿਕਰ ਹੈ ਕਿ ਦਰਬਾਰ ਸਾਹਿਬ ਵਿਚ ਮੱਸੇ ਰੰਘੜ ਦਾ ਡੇਰਾ ਹੋ ਗਿਆ ਸੀ। ਕੀ ਇਸ ਦੇ ਅਰਥ ਇਹੋ ਬਣਦੇ ਨੇ ਕਿ ਹਰੇਕ ਨੂੰ ਹੀ ਇਸ ਤਰ੍ਹਾਂ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ? ਜੇ ਸੋਭਾ ਸਿੰਘ ਦੀਆਂ ਤਸਵੀਰਾਂ ਨੂੰ ਆਮ ਸਿੱਖਾਂ ਵਲੋਂ ਅਪਣਾਇਆ ਜਾ ਰਿਹਾ ਹੈ ਤਾਂ ਕੀ ਇਹ ਉਸ ਨੂੰ ਫਿਲਮਾਂ ਦੀ ਅਜੋਕੀ ਤਕਨੀਕ ਰਾਹੀਂ ਨਵੇਂ ਕਿਸਮ ਦੇ ਬੁੱਤ ਬਣਾਉਣ ਦੀ ਪਰਵਾਨਗੀ ਹੋ ਗਈ?

ਸਿੱਖਾਂ ਦੇ ਘਰ ਦਾੜ੍ਹੀ ਰੰਗਣੀ ਮਨ੍ਹਾਂ ਹੋਣ ਦੇ ਸਬੂਤ ਤਾਂ ਮਿਲਦੇ ਹੀ ਹਨ (ਸਬੂਤ ਦੀ ਗੱਲ ਇਸ ਲਈ ਕਿ ਫਿਲਮਕਾਰ ਨੂੰ ਸਬੂਤ ਮੰਗਣ ਦੀ ਕਾਹਲ ਰਹਿੰਦੀ ਹੈ) ਭਾਵੇਂ ਕਿ ਦਾਹੜੀ ਬੰਨਣ ਬਾਰੇ ਤਨਖਾਹਨਾਮੇ ਵਿਚ ਕੋਈ ਜ਼ਿਕਰ ਨਹੀਂ ਮਿਲਦਾ। ਐਲਾਨੀਆ ਰੂਹਾਨੀ ਬਦਲਾਅ ਮਗਰੋਂ ਵੀ ਉਹ ਫਿਲਮਕਾਰ ਹਾਲੇ ਤੱਕ ਆਪਣੀ ਦਾਹੜੀ ਨੂੰ ਰੰਗ ਕੇ, ਬੰਨ੍ਹ ਕੇ ਛੁਪਾਉਣ ਦੀ ਕਮਜ਼ੋਰੀ ਤੋਂ ਮੁਕਤ ਨਹੀਂ ਹੋ ਸਕਿਆ। ਕੀ ਇਸ ਦੀ ਪਰਵਾਨਗੀ ਉਸਨੂੰ ਗੁਰੂ ਸਾਹਿਬ ਵੱਲੋਂ ਮਿਲੇ ਸੁਨੇਹੇ ਵਿਚ ਛੁਪੀ ਹੋਈ ਹੈ, ਜਿਹੜਾ ਦੱਸਿਆ ਨਹੀਂ ਜਾ ਸਕਦਾ? ਇਸ ਹਾਲਤ ਵਿਚ ਉਹ ਗੁਰੂ ਦਾ ਕਿਹੜਾ ਰੂਪ ਵਿਖਾਉਣ ਤੁਰ ਪਿਆ ਹੈ?

ਉਸ ਦੀਆਂ ਸਾਰੀਆਂ ਗੱਲਾਂ ਨੂੰ ਜੇ ਥੋੜ੍ਹੇ ਜਿਹੇ ਧਿਆਨ ਨਾਲ ਸੁਣੀਏ ਤਾਂ ਉਨ੍ਹਾਂ ਵਿਚੋਂ ਆਰਥਕ ਲੇਖੇ-ਜੋਖੇ ਦੀ ਝਲਕ ਹੀ ਪੈਂਦੀ ਹੈ। ਜਿਵੇਂ ਕਿ ਹਾਲੇ ਵੀ ਉਸਦੇ ਬਿਆਨ ਇਸ ਤਰ੍ਹਾਂ ਦੇ ਹਨ ਕਿ ‘ਮੈਂ ਲੱਖਾਂ ਰੁਪਏ ਲਾ ਦਿੱਤੇ ਫਿਲਮ ਦੀ ਕਹਾਣੀ ਤੇ’, ‘ਮੇਰੇ ਇਸ ਫਿਲਮ ‘ਤੇ ੩੫ ਕਰੋੜ ਰੁਪਏ ਲੱਗੇ ਹਨ’, ‘ਮੈਂ ਕਮਾਈ ਘਰ ਨਹੀਂ ਲੈ ਕੇ ਜਾਵਾਂਗਾ’। ਫਿਲਮ ਤੋਂ ਹੋਣ ਵਾਲੀ ਕਮਾਈ ਘਰ ਇਸ ਲਈ ਨਹੀਂ ਲੈ ਕੇ ਜਾਣੀ ਕਿਉਂਕਿ ਉਸ ਦੇਸ਼ਭਗਤ ਔਰਤ ਨੇ ਫਿਲਮਕਾਰ ਨੂੰ ਕਿਹਾ ਸੀ।

ਪਾਕਿਸਤਾਨ ਵਿਚ ਜਾਸੂਸ ਉਸ ਭਾਰਤੀ ਦੇਸ਼ਭਗਤ ਔਰਤ ਨੇ ਉਸਨੂੰ ਜੋ ਕਿਹਾ, ਉਹ ਗੱਲ ਉਸਨੇ ਬਹੁਤ ਵਾਰ ਦੱਸੀ ਹੈ ਪਰ ਕਿਤੇ ਇਹ ਬਿਆਨ ਨਹੀਂ ਕਰ ਰਿਹਾ ਕਿ ਗੁਰੂ ਸਾਹਿਬ ਨੇ ਕੀ ਕਿਹਾ? ਆਖਰ ਐਸਾ ਕੀ ਕਿਹਾ ਕਿ ਉਹ ਫਿਲਮ ਬਣਾਉਣ ਲੱਗ ਪਿਆ?

ਜੇ ਉਸਨੇ ਮਾਇਆ ਘਰ ਨਹੀਂ ਲੈ ਕੇ ਜਾਣੀ ਤਾਂ ਇਸ ਫਿਲ਼ਮ ਨੂੰ ਵੇਚਣ ਲਈ ਏਨੀ ਕੋਸ਼ਿਸ਼ ਕਿਉਂ ਹੋ ਰਹੀ ਹੈ? ਹਰ ਤਰੀਕੇ ਲੋਕਾਂ ਨੂੰ ਫਿਲਮ ਵੇਖਣ ਲਈ ਜ਼ੋਰ ਕਿਉਂ ਲਾਇਆ ਜਾ ਰਿਹਾ ਹੈ? ਫਿਲਮ ਵੇਚਣ ਲਈ ਸਾਗਾ ਕੰਪਨੀ ਲੋਕਾਂ ਨੂੰ ਉਹਨਾਂ ਦਾ ਭਾਅ ਪੁਛ ਰਹੀ ਹੈ ਕਿ ਦੱਸੋਂ ਤੁਸੀਂ ਕੀ ਕੀਮਤ ਮੰਗਦੇ ਹੋ ਇਸ ਫਿਲਮ ਦੀ ਮਸ਼ਹੂਰੀ ਕਰਨ ਲਈ (ਖਾਸ ਕਰਕੇ ਇਸ ਦੇ ਵਿਰੋਧ ਕਰਨ ਵਾਲਿਆਂ ਤੋਂ)। ਕੀ ਇਹ ਗੱਲਾਂ ਉਸ ਫਿਲਮਕਾਰ ਨੂੰ ਗੁਰੂ ਸਾਹਿਬ ਨਾਲ ਸੁਪਨੇ ਦੌਰਾਨ ਹੀ ਪਰਾਪਤ ਹੋਈਆਂ ਹਨ ਕਿ ਹੁਣ ਉਸਨੇ ਸਿੱਖੀ ਦਾ ਇਸ ਤਰ੍ਹਾਂ ਪਰਚਾਰ ਕਰਨਾ ਹੈ? ਅਸੀਂ ਤਾਂ ਅੱਜ ਤੱਕ ਇਹੋ ਸੁਣਿਆ ਸੀ ਕਿ ਗੁਰੂ ਦੇ ਦਰਸ਼ਨ ਕਰਨ ਨਾਲ ਬੰਦੇ ਦਾ ਮਾਇਆ ਦਾ ਖਿਆਲ ਛੁੱਟ ਜਾਂਦਾ ਹੈ ਪਰ ਉਸਦੀ ਤਾਂ ਹਾਲੇ ਵੀ ਲੇਖੇ ਵਿਚ ਗੁਜ਼ਰ ਰਹੀ ਹੈ ਸਗੋਂ ਮਾਇਆ ਦਾ ਝਮੇਲਾ ਵੱਧ ਗਿਆ ਹੈ। ਉਸ ਵਲੋਂ ਸਿੱਖਾਂ ਦੀਆਂ ਪ੍ਰਸਿੱਧ ਹਸਤੀਆਂ ਨੂੰ ਘਰ ਸੱਦ ਕੇ ਫਿਲਮ ਵਿਖਾਉਣਾ ਕਿਸ ਤਰ੍ਹਾਂ ਦਾ ਪਰਚਾਰ ਏ? ਏਨੀ ਗੱਲ ਨੂੰ ਕੌਣ ਨਹੀਂ ਜਾਣਦਾ ਕਿ ਵੱਡੇ ਲੋਕਾਂ ਨੂੰ ਫਿਲਮ ਜਾਰੀ ਹੋਣ ਤੋਂ ਪਹਿਲਾਂ ਘਰ ਕਿਉਂ ਸੱਦਿਆ ਜਾਂਦਾ ਹੈ।
ਧਰਮ ਦਾ ਸਬੰਧ ਗੁਣ ਨਾਲ ਹੈ ਅਤੇ ਵਪਾਰ ਤੇ ਰਾਜਨੀਤੀ ਦਾ ਗਿਣਤੀ ਨਾਲ ਹੈ। ਫਿਲਮਕਾਰ ਦੇ ਬਹੁਤੇ ਹਿਮਾਇਤੀ ਇਹੋ ਦਲੀਲ ਦਿੰਦੇ ਹਨ ਕਿ ਨਵੀਂ ਤਕਨੀਕ ਨਾਲ ਵੱਧ ਲੋਕਾਂ ਤੱਕ ਜਾਇਆ ਜਾ ਸਕਦਾ ਹੈ। ਪਰ ਯਾਦ ਰਹੇ ਕਿ ਇਹ ਨਜ਼ਰੀਆ ਵਪਾਰਕ ਜਾਂ ਰਾਜਨੀਤਿਕ ਹੋ ਸਕਦਾ ਹੈ ਜਾਂ ਕਿਸੇ ਹੋਰ ਧਰਮ ਦਾ ਹੋ ਸਕਦਾ ਹੈ ਪਰ ਸਿੱਖੀ ਵਾਲਾ ਨਹੀਂ ਹੈ। ਹਾਂ, ਧਾਰਮਿਕ ਤੌਰ ਤੇ ਇਹ ਇਸ ਡਰ ਦਾ ਪਰਤੀਕ ਜ਼ਰੂਰ ਹੈ ਜੋ ਇਸ ਦੇਸ਼ ਵਿਚ ਆਪਣੇ ਆਪ ਨੂੰ ਘੱਟ ਗਿਣਤੀ ਮੰਨਣ ਵਾਲਿਆਂ ਨੂੰ ਮਹਿਸੂਸ ਹੋ ਰਿਹਾ ਹੈ, ਸ਼ਾਇਦ ਇਸੇ ਕਰਕੇ ਉਹ ਕਿਸੇ ਤਰੀਕੇ ਆਪਣੀ ਗਿਣਤੀ ਵਧਾਉਣ ਵਾਲੀ ਸਮਝ ਅਧੀਨ ਜਿਉਂਦੇ ਹਨ।

ਜੋ ਦਲੀਲਾਂ ਉਸ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹ ‘ਸਲਾਮੁ ਜਬਾਬ ਦੋਵੈ ਕਰੇ’ ਵਾਲੀਆਂ ਹਨ। ਉਹ ਇਕ ਪਾਸੇ ਸਬੂਤ ਮੰਗ ਰਿਹਾ ਹੈ ਕਿ ਵਿਖਾਓ ਕਿਥੇ, ਕਿਹੜਾ ਮਤਾ, ਕਦੋਂ, ਕਿਹਨੇ ਪਾਸ ਕੀਤਾ? ਦੂਜੇ ਪਾਸੇ ਉਹ ਆਖ ਰਿਹਾ ਹੈ ਕਿ ਫਿਲਮ ਹੀ ਗੁਰੂ ਸਾਹਿਬ ਨੇ ਆਪ ਬਣਾਈ ਹੈ। ਜੇ ਫਿਲਮ ਹੀ ਗੁਰੂ ਸਾਹਿਬ ਨੇ ਆਪ ਬਣਾਈ ਹੈ ਫੇਰ ਭਾਈ, ਸਿੱਖਾਂ ਨੂੰ ਗੁਰੂ ਸਾਹਿਬ ਆਪੇ ਵੇਖਣਗੇ ਉਸਨੂੰ ਕਿਸ ਗੱਲ ਦਾ ਫਿਕਰ? ਪਰ ਜਾਪਦਾ ਇਹ ਹੈ ਕਿ ਉਸਦਾ ਫਿਕਰ ਗੁਰੂ ਬਾਰੇ ਨਹੀਂ ਸਗੋਂ ਫਿਲਮ ਦੇ ਚੱਲਣ ਬਾਰੇ ਹੈ। ਉਹ ਇਹ ਵੀ ਆਖ ਰਿਹਾ ਹੈ ਕਿ ਪਹਿਲਾਂ ਇਹਨਾਂ-ਇਹਨਾਂ ਲੋਕਾਂ ਨੇ ਇਸ ਤਰ੍ਹਾਂ ਦੇ ਫਿਲਮਾਂ/ਨਾਟਕ ਕੀਤੇ, ਪਹਿਲਾਂ ਵਿਰੋਧ ਕਿਉਂ ਨਹੀਂ ਕੀਤਾ? ਸਾਡੀ ਜਾਚੇ ਇਹ ਹੋਰਾਂ ਦੀ ਕੀਤੀ ਗਲਤੀ ਉਸਨੂੰ ਨਵੀਂ ਤਰ੍ਹਾਂ ਗਲਤੀ ਕਰਨ ਦਾ ਪਰਵਾਨਾ ਕਿੱਦਾਂ ਬਣ ਗਈ? ਇਸ ਤੋਂ ਇਕ ਭਾਵ ਇਹ ਵੀ ਨਿਕਲਦਾ ਹੈ ਕਿ ਉਸਦਾ ਔਖਾ ਹੋਣਾ ਸਿਧਾਂਤਕ ਮਾਮਲਾ ਨਹੀਂ ਸਗੋਂ ਪੈਸੇ ਜਾਂ ਮਸ਼ਹੂਰੀ ਦਾ ਚੱਕਰ ਹੈ। ਉਸਦਾ ਇਹ ਇਤਰਾਜ਼ ਵੀ ਹੈ ਕਿ ‘ਚਾਰ ਸਾਹਿਬਜ਼ਾਦੇ’ ਫਿਲਮ ਨਾਲੋਂ ਉਸਦੀ ਫਿਲਮ ਪਹਿਲਾਂ ਬਣੀ ਸੀ ਭਾਵ ਉਸ ਪ੍ਰਸਿੱਧੀ ਅਤੇ ਮਾਇਆ ਉਪਰ ਉਸਦਾ ਹੱਕ ਬਣਦਾ ਸੀ ਜੋ ਕੋਈ ਹੋਰ ਲੈ ਗਿਆ? ਇਸ ਕਰਕੇ ਹੀ ਉਹ ਇਹ ਆਖ ਰਿਹਾ ਹੈ ਕਿ ਉਸਦੀ ਫਿਲਮ ਦਾ ਵਿਰੋਧ ਕਿਸੇ ਫਿਲਮਕਾਰ ਦੇ ਕਹਿਣ ਤੇ ਕੀਤਾ ਜਾ ਰਿਹਾ ਹੈ? ਇਸ ਦਾ ਸਾਫ ਮਤਲਬ ਇਹੋ ਬਣਦਾ ਹੈ ਕਿ ਉਹ ਮਾਲ਼ੀ ਨੁਕਸਾਨ ਦੇ ਹਿਸਾਬ ਕਾਰਨ ਗੁੱਸੇ ਵਿਚ ਹੈ। ਇਹ ਕਿਸ ਤਰ੍ਹਾਂ ਦੀ ਨਿਸ਼ਕਾਮ ਸੇਵਾ ਭਾਵਨਾ ਹੈ ਜੋ ਭਵਿੱਖਮੁਖੀ ਨਫੇ ਦੇ ਖੁਸਣ ਤੋਂ ਡਰ ਰਹੀ ਹੈ? ਉਸਨੂੰ ਆਪਣਾ ਮੁਕਾਬਲਾ ਉਹਨਾਂ ਲੋਕਾਂ ਨਾਲ ਕਰਨਾ ਚਾਹੀਦਾ ਹੈ ਜਿਹੜੇ ਗੁਰੂ ਘਰਾਂ ਵਿਚ ਇਕੱਠ ਦੇ ਮੌਕੇ ਸੇਵਾ ਕਰਦਿਆਂ ਅਕਸਰ ਆਪਣੀ ਜਾਨ ਤੱਕ ਖਤਰੇ ਵਿਚ ਪਾ ਲੈਂਦੇ ਹਨ। ਹੁਣ ਤਾਂ ਨਵੀਂ ਤਕਨੀਕ (ਜਿਸ ਦੀ ਉਹ ਵਕਾਲਤ ਕਰ ਰਿਹਾ ਹੈ) ਨੇ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਸੇਵਾ ਭਾਵਨਾ ਅਧੀਨ ਆਪਣੀ ਜਾਨ ਕੁਰਬਾਨ ਕਰਦਿਆਂ ਵਿਖਾ ਦਿੱਤਾ ਹੈ। ਨਿਰਭਉ ਨਿਰਵੈਰ ਦੀ ਭਾਵਨਾ ਤੋਂ ਬਿਨਾਂ ਕੋਈ ਸਿੱਖੀ ਨੂੰ ਆਮ ਸਿੱਖਾਂ ਨਾਲੋਂ ਕਿੱਦਾਂ ਵੱਖਰੇ ਰੂਪ ਵਿਚ ਸਮਝ ਸਕਦਾ ਹੈ ਜੋ ਉਹ ਮਨੁੱਖ ਹੋਰਾਂ ਨੂੰ ਸਮਝਾਉਣ ਚੱਲਿਆ ਹੈ?

ਉਹ ਆਪਣੇ ਵਿਚਾਰਾਂ ਦੇ ਪਰਗਟਾਓ ਦੇ ਲੋਕਤੰਤਰੀ ਹੱਕ ਦੀ ਗੱਲ ਵੀ ਕਰਦਾ ਹੈ? ਕੀ ਉਸਨੂੰ ਗੁਰੂ ਨਾਨਕ ਸਾਹਿਬ ਦੇ ਦੁਰਲਭ ਦਰਸ਼ਨ ਵਿਚੋਂ ਇਹੋ ਦਲੀਲਾਂ ਹਾਸਲ ਹੋਈਆਂ? ਇਹ ਦੇਸ਼ਾਂ ਦੇ ਅਧਿਕਾਰ-ਕਾਨੂੰਨ ਕੱਲ੍ਹ ਨਹੀਂ ਸਨ ਅਤੇ ਹੋ ਸਕਦਾ ਏ ਕੱਲ੍ਹ ਨੂੰ ਨਾ ਹੋਣ। ਦੇਸ਼ਾਂ ਦੇ ਕਾਨੂੰਨ ਅਤੇ ਹੱਦਾਂ ਬਦਲਦੀਆਂ ਰਹਿੰਦੀਆਂ ਹਨ ਪਰ ਧਰਮ ਦੇ ਸਿਧਾਂਤ ਨਹੀਂ ਬਦਲਦੇ। ਉਹ ਕਿਸ ਨੂੰ ਪਹਿਲ ਦੇਣੀ ਚਾਹੇਗਾ ਧਰਮ ਸਿਧਾਂਤ ਨੂੰ ਜਾਂ ਉਸ ਦੇਸ਼ਭਗਤ ਬੀਬੀ ਦੇ ਕਾਰਨਾਮੇ ਅਤੇ ਫੌਜ ਤੋਂ ਸਿੱਖੀ ਦੇਸ਼ਭਗਤੀ ਨੂੰ? ਜਾਂ ਇਸ ਤੋਂ ਵੀ ਵੱਧ ਉਸ ਲਈ ਵਿਹਾਰਕ ਸਚਾਈ ਬਣ ਗਏ ਵਪਾਰਕ ਨੁਕਤਿਆਂ ਨੂੰ? ਉਸ ਲਈ ਸੱਚਮੁਚ ਵੱਡੀ ਗੱਲ ਕਿਹੜੀ ਹੋ ਸਕਦੀ ਹੈ, ਜਿਸ ਨੂੰ ਉਹ ਵੱਡੀ ਦੱਸ ਰਿਹਾ ਹੈ?

ਸੁਪਨੇ ਦਾ ਸਮਾਂ ਸੰਸਾਰੀ ਸਮੇਂ ਦੇ ਮੁਕਾਬਲੇ ਬਹੁਤ ਤੇਜ਼ ਹੁੰਦਾ ਹੈ ਕਿਉਂਕਿ ਇਹ ਮਨ ਤੇ ਵਾਪਰਦਾ ਹੈ। ਗੁਰਬਾਣੀ ਅੰਦਰ ਵੀ ਇਸ ਤਰ੍ਹਾਂ ਦਾ ਇਸ਼ਾਰਾ ਹੈ ਕਿ ‘ਇਹੁ ਮਨੂਆ ਖਿਨੁ ਊਭ ਪਇਆਲ ਭਰਮਦਾ॥’ ਭਾਵ ਇਹ ਮਨ ਇਕ ਖਿਨ ਅੰਦਰ ਉਚਾਣ ਨਿਵਾਣ ਨੂੰ ਹੰਢਾ ਲੈਂਦਾ ਹੈ। ਜੇ ਇਕ ਪਲ ਦਾ ਸਮਾਂ ਦੋਵਾਂ ਸਿਰਿਆਂ ਤੱਕ ਜਾਣ ਦੇ ਸਮੇਂ ਦੇ ਬਰਾਬਰ ਹੈ ਤਾਂ 7 ਰਾਤਾਂ ਸਚਮੁਚ ਕਈ ਜੁਗਾਂ ਜੇਡੀਆਂ ਹੋਣੀਆਂ ਨੇ।

ਇਹ ਰੀਝ, ਮੇਰੇ ਸਮੇਤ ਅਨੇਕਾਂ ਹੋਰ ਲੋਕਾਂ ਦੀ ਵੀ ਹੋ ਸਕਦੀ ਹੈ ਕਿ ਆਖਰ ਉਸਨੇ ਗੁਰੂ ਸਾਹਿਬ ਨੂੰ ਮਿਲਣ ਸਮੇਂ ਉਹਨਾਂ ਨੂੰ ਕੀ ਕਹਿ ਕਿ ਸੰਬੋਧਨ ਕੀਤਾ? ਉਸਨੇ ਉਹਨਾਂ ਨੂੰ ਫਕੀਰ, ਸ਼ਾਹ ਜਾਂ ਫਿਰ ਪੰਜਾਬੀ ਕਾਮਰੇਡਾਂ ਵਾਂਗ ਸਿੱਧਾ ਨਾਮ ਲੈ ਕੇ ਬੁਲਾਇਆ, ਜਾਂ ਫਿਰ ਉਸ ਵੇਲੇ ਗੁਰੂ ਸ਼ਬਦ ਵਰਤਣ ਦੀ ਖੇਚਲ ਵੀ ਕੀਤੀ? ਟੀ.ਵੀ., ਰੇਡੀਓ ਅਤੇ ਪ੍ਰੈਸ ਮੁਲਾਕਾਤਾਂ ਦੌਰਾਨ ਵੀ ਉਹ ਗੁਰੂ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦੇ ਜੀਆਂ ਲਈ ਸਤਿਕਾਰ ਦੇ ਸ਼ਬਦ ਬੋਲਣੇ ਭੁੱਲ ਜਾਂਦਾ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈ। ਕੀ ਉਸਨੇ ਗੁਰੂ ਸਾਹਿਬ ਨੂੰ ਉਹਨਾਂ ਦੀ ਹਜ਼ੂਰੀ ਵਿਚ ਗੁਰੂ ਕਿਹਾ ਅਤੇ ਹੁਣ ਪਿੱਠ ਪਿਛੇ ਗੈਰ-ਸਿੱਖਾਂ ਨੂੰ ਖੁਸ਼ ਕਰਨ ਲਈ ਗੁਰੂ ਲਈ ਸੰਬੋਧਨ ਹੀ ਬਦਲ ਲਿਆ। ਉਸ ਅਨੁਸਾਰ ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਹਨ ਪਰ ਕੀ ਉਹ ਉਸ ਫਿਲਮਕਾਰ ਦੇ ਵੀ ਹਨ? ਇਕ ਸਿੱਖ ਵਜੋਂ ਇਹ ਗੱਲ ਸੋਚੀ ਨਹੀਂ ਜਾ ਸਕਦੀ ਕਿ ਕੋਈ ਆਪਣੇ ਗੁਰੂ ਦੇ ਨਾਂ ਨੂੰ ਹੀ ਸਿਰਫ ਇਹ ਸੋਚ ਕੇ ਕਿ ਦੂਜੇ ਉਹਨਾਂ ਨੂੰ ਇਸ ਤਰ੍ਹਾਂ ਬੁਲਾਉਂਦੇ ਹਨ ਜਾਂ ਦੂਜੇ ਇਸ ਤਰ੍ਹਾਂ ਵਧੇਰੇ ਸੌਖ ਮਹਿਸੂਸ ਕਰਨਗੇ ਸਤਿਕਾਰਹੀਣ ਕਰ ਦੇਵੇ। ਉਹ ਇਹ ਵੀ ਵਾਰ-ਵਾਰ ਕਿਹਾ ਹੈ ਕਿ ਇਹ ਫਿਲਮ ਗੁਰੂ ਸਾਹਿਬ ਨੇ ਆਪ ਬਣਾਈ ਹੈ। ਕੀ ਇਸ ਦਾ ਮਤਲਬ ਇਹ ਹੈ ਕਿ ਉਹ ਇਸ ਗੱਲ ਦਾ ਜਾਮਨ ਬਣ ਗਿਆ ਹੈ ਕਿ ਗੁਰੂ ਸਾਹਿਬ ਦੇ ਨਾਂ ਨਾਲ ‘ਗੁਰੂ’ ਸਬਦ ਦੀ ਵਰਤੋਂ ਗਲਤ ਹੈ? ਕੀ ਇਸ ਕਰਕੇ ਹੀ ਉਸਨੇ ਫਿਲਮ ਦੇ ਨਾਂ ਵਿਚ ਉਹਨਾਂ ਲਈ ਗੁਰੂ ਸ਼ਬਦ ਨਹੀਂ ਵਰਤਿਆ ਕਿਉਂਕਿ ਉਹ ਗੁਰੂ ਸਾਹਿਬ ਦੇ ਸਨਮੁਖ ਮੌਜੂਦ ਸੀ? ਉਸਦੇ ਕਹਿਣ ਮੁਤਾਬਿਕ, ਪੂਰੀ ਕਾਇਨਾਤ ਅੰਦਰ ਉਹ ਇਕ ਮਾਤਰ ਐਸਾ ਮਨੁੱਖ ਹੈ ਜਿਸਨੂੰ ਗੁਰੂ ਦਰਸ਼ਨ ਦਾ ਏਡਾ ਸੁਭਾਗ ਪ੍ਰਾਪਤ ਹੋਇਆ ਹੈ ਪਰ ਉਸ ਦੀਆਂ ਗੱਲਾਂ ਅਤੇ ਉਸਦੇ ਕਰਮ ਇਸ ਦਾਅਵੇ ਨਾਲ ਮੇਲ ਨਹੀਂ ਖਾਂਦੇ।

ਜਿਵੇਂ ਸਿੱਖ ਪਰੰਪਰਾ ਗੁਰੂ ਦੇ ਸਤਿਕਾਰ ਨੂੰ ਜਾਨ ਤੋਂ ਪਿਆਰਾ ਕਬੂਲਦੀ ਹੈ ਉਸੇ ਤਰ੍ਹਾਂ ਬਾਣੀ ਦਾ ਉਚਾਰਣ ਵੀ ਇਹੋ ਦਰਜਾ ਰੱਖਦਾ ਹੈ। ਜਦਕਿ ਉਹ ਫਿਲਮਕਾਰ ਦੀ ਆਮ ਅਤੇ ਖਾਸ ਗੱਲਬਾਤ ਵਿਚੋਂ ਬਾਣੀ ਉਚਾਰਣ ਵੀ ਗਲਤ ਪਰਗਟ ਹੁੰਦਾ ਹੈ। ਕੀ ਇਹ ਇਸ ਲਈ ਸੁਭਾਵਿਕ ਹੈ ਕਿ ਉਸਨੇ ਵੀ ਬਾਣੀ ਉਚਾਰਣ ਬਾਰੇ ਆਮ ਦੁਨੀਆਦਾਰਾਂ ਵਰਗਾ ਵਤੀਰਾ ਧਾਰਨ ਕੀਤਾ ਹੋਇਆ ਹੈ ਜਿਸਦੀ ਇਕ ਸ਼ਰਧਾਵਾਨ ਸਿੱਖ ਤੋਂ ਆਸ ਨਹੀਂ ਕੀਤੀ ਜਾਂਦੀ।

ਉਸਦੇ ਵਿਹਾਰ ਦੀ ਇਕ ਹੋਰ ਗੱਲ, ਜੋ ਵੇਖਣ ਨੂੰ ਹੈ ਬੜੀ ਸਧਾਰਨ ਪਰ ਇਥੇ ਬਾਕੀ ਗੱਲਾਂ ਨਾਲ ਉਸ ਦਾ ਜੋੜ ਬਣਦਾ ਹੈ। ਉਹ ਆਪਣੇ ਬਾਰੇ ਗੱਲ ਕਰਦਿਆਂ ਅਕਸਰ ਰੋ ਪੈਂਦਾ ਹੈ। ਪੰਜਾਬੀ ਦੇ ਮਸ਼ਹੂਰ ਕਵੀ ਪਾਸ਼ ਦੇ ਦੋਸਤ ਰਮਨ ਨੇ ਉਸ ਬਾਰੇ ਜ਼ਿਕਰ ਕੀਤਾ ਹੈ ਕਿ ਇਕ ਵਾਰ ਪਾਸ਼ ਨੂੰ ਰੋਂਦਿਆਂ ਵੇਖ ਕੇ ਉਹ ਭਾਵੁਕ ਹੋ ਗਿਆ ਪਰ ਬਾਅਦ ਵਿਚ ਪੁਛਣ ਤੇ ਪਾਸ਼ ਕਹਿਣ ਲੱਗਾ ਕਿ ਮੈਂ ਜੇਲ੍ਹ ਵਿਚ ਰੋਣਾ ਸਿੱਖਿਆ ਏ, ਜਦੋਂ ਚਾਹਾਂ ਮੈਂ ਰੋ ਸਕਦਾ ਹਾਂ। ਇਸੇ ਤਰ੍ਹਾਂ ਪੰਜਾਬੀ ਦਾ ਬਹੁਪੱਖੀ ਕਲਾ ਵਾਲਾ ਕਲਾਕਾਰ ਕਿਰਪਾਲ ਕਜ਼ਾਕ ਆਪਣੇ ਰੋਣ ਬਾਰੇ ਬੋਲਦਿਆਂ ਆਖਦਾ ਹੈ ਕਿ ‘ਮਹਾਰਾਜ! ਮੈਂ ਸੇਲਜ਼ਮੈਨ ਹਾਂ, ਆਪਣਾ ਸਮਾਨ ਵੀ ਤਾਂ ਵੇਚਣਾ ਹੋਇਆ’। ਇਸ ਫਿਲਮਕਾਰ ਨੇ ਵੀ ਫਿਲਮਾਂ ਦੀ ਦੁਨੀਆਂ ਵਿਚ ਪੈਰ ਧਰਿਆ ਹੈ ਜਿਥੇ ਸਭ ਕੁਝ ਝੂਠੀ-ਮੂਠੀ ਕਰਨ ਦਾ ਨਾਂ ਹੀ ਕਲਾ ਹੈ। ਇਸ ਕਰਕੇ ਉਸਦਾ ਰੋਣਾ ਸੁਭਾਵਿਕ ਹੀ ਕਲਾ ਅਧੀਨ ਆ ਜਾਂਦਾ ਹੈ ਕਿਉਂਕਿ ਉਹ ਜਦੋਂ ਆਪਣੀ ਗੱਲ ਦਲੀਲ ਨਾਲ ਨਹੀਂ ਕਹਿ ਸਕਦਾ ਤਾਂ ਉਹ ਨਿਰਮਾਣਤਾ ਦਾ ਪੱਲਾ ਫੜ ਲੈਂਦਾ ਹੈ ਕਿ ‘ਮੈਂ ਤਾਂ ਕੁਝ ਨਹੀਂ ਸਾਂ’ ਫਿਰ ਰੋਣ ਦਾ ਇਕ ਢੁਕਵਾਂ ਵਹਾਅ ਬਣਾ ਲੈਂਦਾ ਹੈ ਤੇ ਇਸ ਤਰ੍ਹਾਂ ਸਵਾਲ ਤੋਂ ਸਾਫ ਬਚ ਨਿਕਲਦਾ ਹੈ।

ਉਸਦੀਆਂ ਗੱਲਾਂ ਵਿਚ ਪੁਰਾਣੇ ਵਾਧੇ ਘਾਟੇ ਦਾ ਜ਼ਿਕਰ ਵਿਦਮਾਨ ਹੈ ਜਿਵੇਂ ‘ਮੈਂ ਬਹੁਤ ਮਿਹਨਤ ਨਾਲ ਪਾਣੀ ਪਿਲਾਇਆ ਕਿ ਮੈਨੂੰ ਕਦੇ ਤਾਂ ਹਾਕੀ ਖੇਡਣ ਲਈ ਮੌਕਾ ਮਿਲੇਗਾ’। ਮੌਕਾ ਨਾ ਮਿਲਣ ਦਾ ਜ਼ਿਕਰ ਕਰਦਿਆਂ ਉਹ ਅਜੇ ਵੀ ਰੋਣ ‘ਤੇ ਆ ਜਾਂਦਾ ਹੈ। ਪੰਜਾਬੀ ਵਿਚ ਇਹ ਆਮ ਕਹਾਵਤ ਹੈ ਕਿ ਝੂਠਾ ਬੰਦਾ ਰੋਣ ਤੇ ਛੇਤੀ ਉਤਾਰੂ ਹੁੰਦਾ ਹੈ। ਜਦੋਂ ਤੋਂ ਵਪਾਰਕ ਯੋਗਤਾ ਦੀ ਪੜ੍ਹਾਈ ਸ਼ੁਰੂ ਹੋਈ ਹੈ (ਜੋ ਉਸਨੇ ਬੜੇ ਭਲੇ ਵੇਲਿਆਂ ਵਿਚ ਕੀਤੀ ਹੈ) ਲਗਭਗ ਓਦੋਂ ਤੋਂ ਹੀ ਰੋਣਾ ਇਕ ਵਪਾਰਕ ਨੁਕਤਾ ਬਣ ਗਿਆ ਹੈ ਹਾਲਾਂਕਿ ਪ੍ਰਬੰਧਕ ਨੁਕਤੇ ਦੇ ਹਿਸਾਬ ਨਾਲ ਰੋਣਾ ਅਯੋਗਤਾ ਦੀ ਨਿਸ਼ਾਨੀ ਹੈ। ਉਹ ਫੌਜ ਦੀ ਨੌਕਰੀ ਮਗਰੋਂ ਇਕ ਵੱਡੇ ਵਪਾਰਕ ਅਦਾਰੇ ਦਾ ਹਿੱਸਾ ਬਣਿਆ, ਜਿਥੇ ਉਸਨੇ ਮੁਸ਼ਕਲਾਂ ਦਾ ਹੱਲ ਕੱਢਣਾ ਆਪਣੀ ਨੌਕਰੀ ਦਾ ਹਿੱਸਾ ਬਣਾਇਆ ਪਰ ਹੁਣ ਜੋ ਉਸਨੇ ਆਪਣੇ ਲਈ (ਆਪੇ ਪੈਦਾ ਕੀਤੀ) ਮੁਸ਼ਕਲ ਦਾ ਜੋ 7 ਰਾਤਾਂ ਵਾਲਾ ਹੱਲ ਦੱਸਿਆ ਹੈ ਇਹ ਉਸਦੀਆਂ ਮੁਸ਼ਕਲਾਂ ਵਿਚ ਵਾਧਾ ਕਰ ਰਿਹਾ ਹੈ। ਇਸ ਤਰ੍ਹਾਂ ਉਸਦਾ ਇਹ ਕਰਮ ਨਾ ਤਾਂ ਸੰਸਾਰਕ ਯੋਗਤਾ ਵਾਲਾ ਸਿੱਧ ਹੋ ਰਿਹਾ ਹੈ ਅਤੇ ਨਾ ਹੀ ਗੁਰੂ ਦੇ ਦਰਸ਼ਨ ਪ੍ਰਾਪਤ ਸਿੱਖ ਵਾਲਾ।

ਗੁਰੂ ਸਾਹਿਬ ਦੇ ਇਕ-ਇਕ ਬੋਲ ਦੀ ਕੀਮਤ ਅਨੇਕਾਂ ਫਿਲਮਾਂ ਰਾਹੀਂ ਵੀ ਬਿਆਨ ਕਰਨੀ ਮੁਸ਼ਕਲ ਹੈ ਪਰ ਉਸਨੇ ਇਹ ਕਿਸ ਤਰ੍ਹਾਂ ਦੀ ਕਾਹਲ ਕੀਤੀ ਹੈ ਕਿ ਪੂਰਾ ਜੀਵਨ ਚੰਦ ਘੜੀਆਂ ਵਿਚ ਨਿਬੇੜ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਿਥੇ ਗੁਰੂ ਸਾਹਿਬ ਨੇ ਪੈਰ ਧਰਿਆ ਉਹ ਥਾਂ ਪੂਜਣਯੋਗ ਹੋ ਗਈ। ਉਸ ਫਿਲਮਕਾਰ ਦੇ ਕਹਿਣ ਅਨੁਸਾਰ ਤਾਂ ਉਸਦੇ ਮਨ ਮਸਤਕ ਵਿਚ ਗੁਰੂ ਨੇ ਆਪ ਹਾਜ਼ਰੀ ਦਿੱਤੀ ਹੈ ਫਿਰ ਵੀ ਇਹ ਤਪਦੇ ਸੰਸਾਰਕ ਮਨ ਵਾਲੀ ਦੁਬਿਧਾ ਅਤੇ ਕਾਹਲ ਕਿਉਂ?

ਗੁਰਬਾਣੀ ਅੰਦਰ ਦਰਜ ਹੈ ਕਿ:
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥

ਭਾਵ ਜੋ ਗੁਰੂ ਦੀ ਗੱਲ ਸੁਣਾਵੇ ਉਸ ਦਾ ਹੱਦੋਂ ਵੱਧ ਸਤਿਕਾਰ ਕਰਨਾ ਬਣਦਾ ਹੈ ਪਰ ਉਹ ਉਸਨੂੰ ਹੀ ਵਿਰੋਧੀ ਦੱਸ ਰਿਹਾ ਹੈ ਜੋ ਉਸਨੂੰ ਗੁਰੂ ਦੀ ਗੱਲ ਸਮਝਾਉਂਦਾ ਹੈ। (ਉਸਦੇ ਕਹਿਣ ਅਨੁਸਾਰ) ਉਸਨੂੰ ਤਾਂ ਗੁਰੂ ਸਾਹਿਬ ਨੇ ਆਪ ਨਿਹਾਲ ਕੀਤਾ ਹੈ ਪਰ ਗੁਰੂ ਦੀ ਗੱਲ ਫੇਰ ਸਮਝ ਨਹੀਂ ਆ ਰਹੀ ਕਿ ਬੁੱਤਪ੍ਰਸਤੀ ਮਨ੍ਹਾਂ ਹੈ। ਉਹ ਹਾਲੇ ਵੀ ਆਪਣੇ ਪੱਖ ਵਿਚ ਸਬੂਤ ਲੱਭ-ਲੱਭ ਕੇ, ਲੋਕਾਂ ਨੂੰ ਫੋਨ ਕਰਕੇ, ਆਪਣੇ ਹੱਕ ਵਿਚ ਕਰਨ ਦੀ ਕਵਾਇਦ ਵਿਚ ਲੱਗਿਆ ਹੋਇਆ ਹੈ। ਇਹ ਸਿਧਾਂਤਕ ਸਮਝ ਜਾਂ ਧਾਰਮਿਕ ਭਾਵਨਾ ਨਾਲੋਂ ਵਪਾਰਕ ਕਰਮ ਜਿਆਦਾ ਮਹਿਸੂਸ ਹੋ ਰਿਹਾ ਹੈ। aੁਸਦੇ ਅਨੁਸਾਰ ਵਿਰੋਧ ਕਰਨ ਵਾਲੇ ਲੋਕ ਮੁੱਠੀ ਭਰ ਹਨ। ਜੇ ਉਸਦੇ ਵਿਰੋਧੀ ਮੁੱਠੀ ਭਰ ਹੀ ਹਨ ਫਿਰ ਇਹ ਫਿਲਮਕਾਰ ਉਹਨਾਂ ਬਾਰੇ ਇਹ ਕਿਉਂ ਕਹਿ ਰਿਹਾ ਏ ਕਿ ਮੈਂ ਡਰਦਾ ਨਹੀਂ ਹਾਂ? ਕਿਸੇ ਨਿਡਰ ਨੂੰ ਇਹ ਕਦੀ ਨਹੀਂ ਕਹਿਣਾ ਪੈਂਦਾ ਕਿ ਉਹ ਨਿਡਰ ਹੈ। ਜਿਹੜਾ ਨਿਡਰ ਨਹੀਂ ਹੈ ਉਸ ਦਾ ਰੂਹਾਨੀ ਪ੍ਰਾਪਤੀ ਦਾ ਦਾਅਵਾ ਝੂਠਾ ਹੈ ਕਿਉਂਕਿ ਗੁਰਬਾਣੀ ਅਨੁਸਾਰ ਇਸ ਮਾਰਗ ਦੀ ਪਹਿਲੀ ਸ਼ਰਤ ਹੀ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਹੈ।

ਉਹ 84 ਦੇ ਕਤਲੇਆਮ ਨੂੰ ਕਤਲੇਆਮ ਤਾਂ ਕਹਿੰਦਾ ਹੈ ਪਰ ਨਾਲ ਇਹ ਵੀ ਕਹਿੰਦਾ ਹੈ ਕਿ ਇਹ ਕਾਂਗਰਸ ਪਾਰਟੀ ਦਾ ਕੀਤਾ ਸੀ ਅਤੇ ਭਾਜਪਾ ਪਾਰਟੀ (ਸਰਕਾਰ) ਚੰਗੀ ਹੈ। ਭਾਜਪਾ ਦਾ ਕਰਮ ਅਤੇ ਚਿਹਰਾ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਸ ਹਾਲ ਵਿਚ ਉਸ ਦੁਆਰਾ ਭਾਜਪਾ ਨੂੰ ਚੰਗੇ ਕਹਿਣ ਵਾਲੀ ਦਲੀਲ ਧੜੇਬੰਦਕ ਹੈ। ਇਹ ਕਿਸੇ ਰੂਹਾਨੀ ਤਲ ਤੱਕ ਪਹੁੰਚੀ ਹਸਤੀ ਦੇ ਬੋਲ ਨਹੀਂ ਹਨ। ਜਦੋਂ ਕੋਈ ਵੀ ਮਨੁੱਖ ਧਰਮ ਦੀ ਉਚਾਈ ਨੂੰ ਛੂੰਹਦਾ ਹੈ ਤਾਂ ਉਹ ਗਰੀਬਾਂ, ਮਜਲੂਮਾਂ ਅਤੇ ਕਮਜ਼ੋਰਾਂ ਦੀ ਸੇਵਾ ਲਈ ਉਤਰਦਾ ਹੈ ਪਰ ਉਹ ਗੁਰੂ ਸਾਹਿਬ ਨਾਲ ਸੁਪਨਮਈ ਮੇਲ ਮਗਰੋਂ ਫਿਲਮ ਵੱਲ ਰੁਚਿਤ ਹੋ ਗਿਆ, ਇਹ ਕਿਸ ਤਰ੍ਹਾਂ ਦਾ ਦਰਸ਼ਨ ਸੀ?

ਇਹ ਕਿਸ ਤਰ੍ਹਾਂ ਦਾ ਰੂਹਾਨੀ ਟਿਕਾਓ ਹੈ ਕਿ ਉਸਨੂੰ ਆਪਣੇ ਬਾਰੇ ਹਰ ਗੱਲ ਦੱਸਣੀ ਪੈ ਰਹੀ ਹੈ? ਉਹ ਸਰੋਤਿਆਂ ਨੂੰ ਕਹਿ ਰਿਹਾ ਹੈ ਕਿ ਉਸ ਵਲੋਂ ਫਿਲਮਾਇਆ ਇਹ ਸ਼ਬਦ ਵੇਖਣ ਤਾਂ ਉਹਨਾਂ ਨੂੰ ਫਾਇਦਾ ਹੋਵੇਗਾ। ਇਹ ਕੀ ਵੇਚਿਆ ਜਾ ਰਿਹਾ ਹੈ? ਸਿੱਖੀ ਅੰਦਰ ਕਿਸੇ ਚੀਜ਼ ਨੂੰ ਵੇਖਣ ਨਾਲ ਪ੍ਰਾਪਤੀ ਦੀ ਥਾਂ ਕਿਥੇ ਹੈ? ਇਥੇ ਤਾਂ ਗੁਰੂ ਨੂੰ ਵੇਖਣ ਬਾਰੇ ਵੀ ਸੁਚੇਤ ਕੀਤਾ ਗਿਆ ਹੈ ਕਿ:

ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥

ਗੱਲ ਮੁੜ ਕੇ ਸ਼ਬਦ ਉਪਰ ਆਉਂਦੀ ਹੈ ਨਾ ਕਿ ਬੁੱਤ ਉਪਰ। ਅਸੀਂ ਤਾਂ ਗੁਰਬਾਣੀ ਦੇ ਭਾਵਾਂ ਵਿਚੋਂ, ਇਤਿਹਾਸ ਪਰੰਪਰਾ ਦੇ ਕਰਮਾਂ ਵਿਚੋਂ ਇਹੋ ਸਮਝਿਆ ਹੈ ਕਿ ਸਿੱਖ ਲਈ ‘ਗੁਰੂ, ਰੱਬ ਅਤੇ ਸ਼ਬਦ’ ਇਕੋ ਹੈ। ਇਸ ਕਰਕੇ ਉਸਨੂੰ ਆਪਣੇ ਸੁਪਨੇ ਬਾਰੇ ਮੁੜ ਸੋਚਣਾ ਬਣਦਾ ਹੈ ਕਿ ਗੁਰ ਦਰਸ਼ਨ ਵਿਚੋਂ ਉਸਨੂੰ ਕੀ ਸਮਝ ਆਇਆ? ਉਹ ਕੈਮਰੇ ਨਾਲ ਚਮਤਕਾਰ ਫੜ੍ਹਨ ਦੀਆਂ ਗੱਲਾਂ ਕਰਦਾ ਹੈ ਪਰ ਸਿੱਖੀ ਚਮਤਕਾਰ ਨੂੰ ਥਾਂ ਕਿੱਥੇ ਦਿੰਦੀ ਏ? ਬਾਬਰਵਾਣੀ ਅੰਦਰ ਗੁਰੂ ਸਾਹਿਬ ਚਮਤਕਾਰਾਂ ਦੀ ਆਸ ਵਾਲਿਆਂ ਲੋਕਾਂ ਦਾ ਜ਼ਿਕਰ ਕਰਦੇ ਹਨ ਜਿਹੜੇ ਚਮਤਕਾਰਾਂ ਦੇ ਆਸਰੇ ਸਚਾਈ ਨੂੰ ਬਦਲਣਾ ਚਾਹੁੰਦੇ ਸਨ:
ਕੋਟੀ ਹੂ ਪੀਰ ਵਰਜਿ ਰਹਾਏ … ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥

ਇਸ ਕਰਕੇ ਉਸ ਫਿਲਮਕਾਰ ਦਾ ਦਾਅਵਾ ਵੀ ਗੁਰਮਤਿ ਦੇ ਉਲਟ ਜਾਂਦਾ ਹੈ। ਜਿਸ ਸਾਹਿਬ ਦੇ ‘ਏਕੋ ਕਵਾਉ’ ਨਾਲ ‘ਲਖ ਦਰੀਆਉ’ ਹੁੰਦੇ ਹਨ ਉਸ ਦੇ ਨਾਲ ੭ ਰਾਤਾਂ ਦੇ ਮੇਲ ਦੌਰਾਨ ਬੇਸ਼ਕੀਮਤੀ ਬੋਲਾਂ ਵਿਚੋਂ ਸਿਰਫ ਇਸ ਤਰ੍ਹਾਂ ਦੀ ਫਿਲਮ ਨੇ ਹੀ ਨਿਕਲਣਾ ਸੀ? ਉਸਨੇ ਤਾਂ ਬੜਾ ਸਸਤਾ ਸੌਦਾ ਬਣਾ ਧਰਿਆ ਸਤਿਗੁਰ ਦੇ ਇਲਾਹੀ ਦਰਸ਼ਨਾਂ ਦਾ। (ਬਗਦਾਦ ਦੇ ਨੇੜੇ ਇਕ ਫਕੀਰ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਉਪਰੰਤ ਰਹਿੰਦੀ ਉਮਰ ਉਸੇ ਪ੍ਰੇਮ ਸਮਾਧੀ ਵਿਚ ਲੀਨ ਰਿਹਾ। (ਤੇਜਾ ਸਿੰਘ/ਗੰਡਾ ਸਿੰਘ, ਸੰਖੇਪ ਸਿਖ ਇਤਿਹਾਸ)

ਸਧਾਰਨ ਇਤਿਹਾਸ ਦੀ ਖੋਜ ਕਰਦਿਆਂ ਡਾਕਟਰ ਗੰਡਾ ਸਿੰਘ, ਕਰਮ ਸਿੰਘ ਹਿਸਟੋਰੀਅਨ ਨੇ ਇਹ ਜਾਨਣ ਲਈ ਆਪਣੀ ਜਾਨ ਖਤਰੇ ਵਿਚ ਪਾਈ ਕਿ ਗੁਰੂ ਸਾਹਿਬ ਅਰਬ ਮੁਲਕਾਂ ਵਿਚ ਕਿਥੇ-ਕਿਥੇ ਗਏ ਸਨ? ਉਹ ਫਿਲਮਕਾਰ ਗੁਰੂ ਦੇ ਦਰਸ਼ਨ ਕਰਨ ਮਗਰੋਂ ਵੀ ਭਾਈ ਵੀਰ ਸਿੰਘ ਸਹਿਤ ਸਦਨ ਦੀ ਲਾਇਬ੍ਰੇਰੀ ਵਿਚ ਬੈਠ ਕੇ ਕਿਤਾਬਾਂ ਤੋਂ ਹੀ ਗੁਰੂ ਬਾਰੇ ਪੁਛਦਾ ਰਿਹਾ ਹੈ? ਫਿਰ ਤਾਂ ਉਸ ਨਾਲੋਂ ਉਹ ਸੰਸਾਰੀ ਲੋਕ (ਕਿਉਂਕਿ ਡਾਕਟਰ ਗੰਡਾ ਸਿੰਘ, ਕਰਮ ਸਿੰਘ ਹਿਸਟੋਰੀਅਨ ਨੇ ਕੋਈ ਉਸ ਫਿਲਮਕਾਰ ਵਰਗਾ ਦਾਅਵਾ ਨਹੀਂ ਕੀਤਾ ਸੀ) ਹੀ ਵਧੇਰੇ ਚੰਗੇ ਹੋਏ। ਜਿਥੋਂ ਤੱਕ ਜਾਣਕਾਰੀ ਦਾ ਸਵਾਲ ਹੈ, ਥੋੜ੍ਹਾ-ਮੋਟਾ ਪੜ੍ਹਿਆ ਬੰਦਾ ਵੀ ਜਾਣਦਾ ਹੈ ਕਿ ਸਿੱਖ ਧਰਮ ਨਾਲ ਸਬੰਧਤ ਵਧੇਰੇ ਕਿਤਾਬਾਂ ਕਿਥੇ-ਕਿਥੇ ਮਿਲ ਸਕਦੀਆਂ ਹਨ? ਉਹ ਫਿਲਮਕਾਰ ਮਨੁੱਖ ਉਸ ਭਾਰਤੀ ਦੇਸ਼ਭਗਤ ਬੀਬੀ ਲਈ ਤਾਂ ਪਾਕਿਸਤਾਨ ਚਲਿਆ ਗਿਆ ਪਰ ਗੁਰੂ ਸਾਹਿਬ ਬਾਰੇ ਫਿਲਮ ਬਣਾਉਣ ਵੇਲੇ ਉਸਨੇ ਗੁਰੂ ਸਾਹਿਬ ਦਾ ਜਨਮ ਸਥਾਨ ‘ਰਾਇ ਭੋਇ ਦੀ ਤਲਵੰਡੀ’ ਵੀ ਇਥੇ ਹੀ ਬਣਾ ਲਈ। ਘੱਟੋ-ਘੱਟ ਉਸਨੂੰ ਧਰਤੀ ਦਾ ਚੋਗਰਦਾ ਤਾਂ ਅਸਲ਼ੀ ਲੈ ਲੈਣਾ ਚਾਹੀਦਾ ਸੀ ਜੋ ਸੁਖਾਲਿਆਂ ਹੀ ਸੰਭਵ ਹੋ ਸਕਦਾ ਸੀ ਕਿਉਂਕਿ ਹਿੰਦੁਸਤਾਨ ਵਿਚ ਸਰਕਾਰ ਜੋ ਉਸਦੇ ਮਨਪਸੰਦ ਦੀ ਹੈ ਪਰ ਉਸ ਕੋਲੋਂ ਤਾਂ ਮਨਪਸੰਦ ਸਰਕਾਰ ਤੋਂ ਇਹ ਕੰਮ ਵੀ ਨਹੀਂ ਲਿਆ ਗਿਆ।

ਜਿਹੜੇ ਸਭਿਆਚਾਰਕ ਜਾਂ ਧਾਰਮਿਕ ਮਾਨਤਾਵਾਂ ਕਰਕੇ ਫਿਲਮਾਂ ਵੇਖਣ ਦਾ ਵੀ ਵਿਰੋਧ ਕਰਦੇ ਹਨ ਉਹਨਾਂ ਨੂੰ ਤਾਂ ਫਿਲਮਕਾਰ ਅਤੇ ਉਸ ਵਰਗੇ ਅਨੇਕਾਂ ਹੋਰ ਪਿਛਾਂਹਖਿਚੂ ਆਖ ਦਿੰਦੇ ਹਨ ਪਰ ਜਦੋਂ ਨਵੀਂ ਖੋਜ ਵਾਲਾ ਮਨੋਵਿਗਿਆਨ ਆਖਦਾ ਹੈ ਕਿ ਨਵੀਂ ਤਕਨੀਕ ਦੇ ਅਸਰ ਕਾਰਨ ਅਗਲੀ ਪੀੜ੍ਹੀ ਨੂੰ ਸਚਾਈ, ਕਲਪਨਾ ਅਤੇ ਸੁਪਨੇ ਵਿਚ ਫਰਕ ਕਰਨਾ ਮੁਸ਼ਕਲ ਹੋ ਰਿਹਾ ਹੈ ਤਾਂ ਇਸ ਫਿਲਮਕਾਰ ਅਤੇ ਉਸ ਵਰਗੇ ਹੋਰ ਨਵੀਂ ਤਕਨੀਕ ਦੇ ਮੂੰਹਜ਼ੋਰ ਹਿਮਾਇਤੀਆਂ ਦਾ ਕੀ ਉਤਰ ਹੋਵੇਗਾ? ਗੁਰੂ ਸਾਹਿਬ ਦੇ ਇਲਾਹੀ ਦਰਸ਼ਨ ਮਗਰੋਂ ਤਾਂ ਉਸਨੂੰ ਮਹਿਸੂਸ ਹੋਣਾ ਚਾਹੀਦਾ ਸੀ ਕਿ ਵਪਾਰ ਦੇ ਅਸੂਲ਼, ਸੰਦ ਅਤੇ ਨਵੀਆਂ ਤਕਨੀਕਾਂ ਪਿਛੇ ਦੌੜਨਾ ‘ਅਵਰਾ ਸਾਦ’ ਹੈ ਪਰ ਉਹ ਤਾਂ ਇਸ ਨਾਲ ਵਧੇਰੇ ਅਤੇ ਬੁਰੇ ਤਰੀਕੀਆਂ ਨਾਲ ਜੁੜ ਗਿਆ। ਹੋਰ ਲੋਕਾਂ ਨੇ ਜਾਂ ਉਸ ਤੋਂ ਪਹਿਲਿਆਂ ਨੇ ਜੋ ਕੀਤਾ: ਨਾਟਕ ਬਣਾਏ, ਫਿਲਮਾਂ ਬਣਾਈਆਂ ਪਰ ਉਹਨਾਂ ਦਾ ਦਾਅਵਾ ਹੁਣ ਦੇ ਨਵੇਂ ਫਿਲਮਕਾਰ ਵਾਂਗ ਵੱਡਾ ਨ੍ਹੀ ਸੀ। ਇਸ ਨਵੇਂ ਫਿਲਮਕਾਰ ਨਾਲ ਸਿੱਖਾਂ ਦਾ ਗੁੱਸਾ ਵੀ ਤਾਂ ਹੀ ਵੱਡਾ ਏ ਕਿਉਂਕਿ ਇਸਦਾ ਦਾਅਵਾ ਬਹੁਤ ਵੱਡਾ ਏ।(ਵੈਸੇ ਇਸ ਤੋਂ ਵੀ ਵੱਡੇ ਦਾਅਵੇ ਵਾਲਾ ਆਪਣੇ ਪਰਚਾਰ ਲਈ ਇਸ ਵਾਂਗ ਨਵੀਂ ਤਕਨੀਕ ਦੀ ਵਰਤੋਂ ਕਰ ਚੁੱਕਾ ਏ, ਤੇ ਕੋਈ ਮੁਫਤ ਵੀ ਵੇਖਣ ਨਹੀਂ ਆਇਆ)। ਗੁਰੂ ਨਾਨਕ ਸਾਹਿਬ ਵੇਲੇ ਅਵਤਾਰ ਰਾਮ-ਕ੍ਰਿਸ਼ਨ ਦੀਆਂ ਰਾਮ-ਲੀਲਾ, ਕ੍ਰਿਸ਼ਨ-ਲੀਲਾ ਦੇ ਨਾਟਕ ਖੇਡੇ ਜਾਂਦੇ ਸਨ ਜਿਨ੍ਹਾਂ ਬਾਰੇ ਗੁਰੂ ਸਾਹਿਬ ‘ਆਸਾ ਦੀ ਵਾਰ’ ਵਿਚ ਇਨ੍ਹਾਂ ਉਸ ਵੇਲੇ ਦੇ ਨਾਟਕਕਾਰਾਂ ਨੂੰ ‘ਰੋਟੀਆ ਕਰਣਿ ਪੂਰਹਿ ਤਾਲ॥’ ਕਹਿੰਦੇ ਹਨ। ਇਸ ਲਈ ਗੁਰੂ ਸਾਹਿਬ ਦੇ ਸ਼ਬਦਾਂ ਵਿਚ ਅੱਜ ਦੇ ਫਿਲਮਕਾਰ ਵੀ ਸੁਆਰਥ ਅਧੀਨ ਹੀ ਆਉਂਦੇ ਹਨ ਬੇਸ਼ਕ ਉਹ ਧਾਰਮਕ ਨਾਟਕ/ਫਿਲਮਾਂ ਹੀ ਬਣਾਉਣ।
ਅੱਜ ਤੱਕ ਲੋਕਾਂ ਨੇ ਗੁਰੂ ਦਾ ਨਾਂ ਵੇਚਿਆ ਏ ਪਰ ਉਸ ਨੇ ਗੁਰੂ ਦੇ ਇਲਾਹੀ ਦਰਸ਼ਨ ਦਾ ਦਾਅਵਾ ਵੇਚਿਆ ਏ। ਇਸ ਕਰਕੇ ਉਸਨੇ ਸਿੱਖ ਜਗਤ ਨੂੰ ਵੱਡੀ ਠੇਸ ਪਹੁੰਚਾਈ ਏ। ਗੁਰੂ ਦੇ ਸੱਚੇ ਦਰਸ਼ਨ ਦਾ ਦਾਅਵਾ ਕਰਕੇ ਫਿਰ ਇਹ ਕੂੜੇ ਦਰਸ਼ਨ ਦੀ ਖੇਡ ਕਰਨ ਦੀ ਕੇਹੀ ਜੁਗਤ ਕੀਤੀ ਏ? ਫਿਰ ਇਸ ਫਿਲਮਕਾਰ ਨੂੰ ਚਾਹੀਦਾ ਹੈ ਕਿ ਓਹੀ ਪੂੰਜੀ ਵਰਤਾਵੇ ਜਿਹੜੀ ਆਪ ਹਾਸਲ ਕੀਤੀ ਏ। ਲੋਕਾਂ ਨੂੰ ਨਕਲ ਕਿਉਂ ਵਿਖਾਉਂਦਾ ਹੈ, ਜੇ ਉਸਨੇ ਅਸਲੀ ਵਸਤ ਪ੍ਰਾਪਤ ਕਰ ਹੀ ਲਈ ਏ?

ਜੋ ਗੁਰਬਾਣੀ ਕਹਿ ਰਹੀ ਏ ਫਿਲਮਕਾਰ ਨੇ ਵੀ ਓਹੀ ਦਾਅਵਾ ਕੀਤਾ ਏ ਕਿ ‘ਕਿਹਾ ਨਹੀਂ ਜਾ ਸਕਦਾ’। ਉਹ ਇਸ ਗੱਲ ਬਾਰੇ ਕੀ ਕਹੇਗਾ ਕਿ, ਜੋ ਸ਼ਬਦਾਂ ਦੇ ਕਹਿਣ ਵਿਚ ਨਹੀਂ ਆ ਸਕਦਾ, ਉਹ ਰੰਗਾਂ ਵਿਚ ਕਿਥੋਂ ਸਮਾ ਜਾਏਗਾ, ਉਹਨੂੰ ਪਰਛਾਵੇਂ ਕਿੱਦਾਂ ਝੱਲਣਗੇ? ਜੇ ਸ਼ਬਦਾਂ ਨਾਲੋਂ ਰੰਗ ਵੱਡੇ ਹੁੰਦੇ ਤਾਂ ਜ਼ਰੂਰ ਗੁਰੂ ਸਾਹਿਬ ਨੇ ਰੰਗ ਨੂੰ ਗੁਰੂ ਦਾ ਦਰਜਾ ਦੇਣਾ ਸੀ, ਸ਼ਬਦ ਨੂੰ ਨਹੀਂ ਸੀ ਦੇਣਾ। ਫਿਲਮਾਂ ਨੂੰ ਤਾਕਤਵਰ ਮਾਧਿਅਮ ਕਹਿਣ ਵਾਲੇ ਅਤੇ ਜਿਹੜੇ ‘ਚਾਰ ਸਾਹਿਬਜ਼ਾਦੇ’ ਫਿਲਮ ਦੇ ਗੁਣ ਗਾਂਦੇ ਨੇ ਉਹਨਾਂ ਤੋਂ ਪੁੱਛਿਆ ਜਾ ਸਕਦਾ ਹੈ ਕਿ ਕਦੀ ਉਹਨਾਂ ਨੇ ਜੋਗੀ ਅੱਲ੍ਹਾ ਯਾਰ ਖਾਂ ਦਾ ਸਾਹਿਬਜ਼ਾਦਿਆਂ ਬਾਰੇ ਲਿਖਿਆ ਕਲਾਮ ‘ਗੰਜੇ-ਸ਼ਹੀਦਾਂ ਅਤੇ ਸ਼ਹੀਦਾਨਿ-ਵਫਾ’ ਪੜ੍ਹਨ ਦੀ ਹਿੰਮਤ ਕੀਤੀ ਹੈ। ਜੇ ਉਹ ਸੱਜਣ ਪੜ੍ਹ ਲੈਣ ਤਾਂ ਭਰਮ ਦੂਰ ਹੋ ਜਾਏਗਾ ਕਿ ਕਿਹੜੀ ਚੀਜ਼ ਵੱਧ ਅਤੇ ਵਧੀਆ ਅਸਰ ਪਾਉਂਦੀ ਏ। ਸਚਮੁੱਚ ਹੀ ਰੰਗ, ਰਾਗ ਅਤੇ ਖਿਆਲ ਦੀ ਜੋ ਗਰੀਬੀ ਉਸ ਫਿਲਮ ਵਿਚੋਂ ਨਿਕਲਦੀ ਏ ਉਸ ਨੂੰ ਉਸ ਮਹਾਨ ਕਵੀ ਦੇ ਸ਼ਬਦ ਧੋ ਦੇਣਗੇ।

ਪੰਜਾਬੀ ਦੇ ਸਾਦਾ ਦਿਲ ਕਵੀ ਸੰਤ ਰਾਮ ਉਦਾਸੀ ਨੂੰ ਵੀ ਸੋਚ ਅਤੇ ਸਰੀਰ ਵਿਚਲੇ ਫਰਕ ਦੀ ਸਮਝ ਸੀ ਤਦੇ ਉਹ ਆਖਦਾ ਏ ਕਿ ‘ਮੇਰੀ ਮੌਤ ਨੂੰ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ’ ਪਰ ਇਹ ਫਿਲਮਕਾਰ ਗੁਰੂ ਦੀ ਸੋਚ ਦੁਨੀਆਂ ਨੂੰ ਦੱਸਣ ਦੀ ਥਾਂ ਨਵੀਂ ਤਕਨੀਕ ਨਾਲ ਉਹਨਾਂ ਨੂੰ ਹੀ ਸਰੀਰੀ ਬੁੱਤ ਵਿਚ ਬੰਨ੍ਹਣ ਵਿਚ ਰੁਝ ਗਿਆ ਹੈ। ਉਪਰੋਂ ਇਹ ਆਖ ਰਿਹਾ ਹੈ ਕਿ ਇਹ ਬੰਦੇ ਦਾ ਪਰਛਾਂਵਾ ਨਹੀਂ ਏ, ਤਕਨੀਕ ਦਾ ਪਰਛਾਂਵਾ ਏ। ਪਰ ਉਹਨੂੰ ਕੌਣ ਸਮਝਾਏ ਕਿ ਉਹ ਜੋ ਫਰਕ ਬਣਾ ਕੇ ਦੱਸ ਰਿਹਾ ਏ ਇਹ ਫਰਕ ਫਰਕ ਨ੍ਹੀਂ। ਪੱਥਰ ਤੋਂ ਪਰਛਾਂਵੇ ਤੱਕ ਬੁੱਤ ਹਰ ਹਾਲ ਬੁੱਤ ਹੈ। ਅਸਲ ਫਰਕ ਵਿਚਾਰ ਅਤੇ ਅਮਲ ਦਾ ਹੁੰਦਾ ਹੈ। ਤੇ ਉਸਨੂੰ ਇਹ ਫਰਕ ਵੀ ਵੱਡੇ ਹੋ ਕੇ ਸਮਝਣਾ ਚਾਹੀਦਾ ਹੈ। ਇਹ ਕਿਸੇ ਇਕ ਮਨੁੱਖ ਨਾਲ ਕੁਝ ਮਨੁੱਖਾਂ ਦਾ ਜਾਂ ਇਕ ਧੜੇ ਦਾ ਕਿਸੇ ਦੂਜੇ ਛੋਟੇ/ਵੱਡੇ ਧੜੇ ਦਾ ਰੌਲਾ ਨਹੀਂ ਹੈ। ਇਹ ਗੁਰੂ ਦੀ ਮਤਿ ਦਾ ਮਾਮਲਾ ਹੈ ਇਥੇ ਆਪਣੀ ਮੱਤ ਜਿੰਨੀ ਘੱਟ ਵਰਤੀ ਜਾਏਗੀ ਓਨਾ ਹੀ ਸਹੀ ਹੋਵੇਗਾ। ਆਪਣੇ ਖਿਆਲ ਨੂੰ ਜਾਂ ਜਮਾਨੇ ਦੇ ਭਾਰੂ ਖਿਆਲ ਨੂੰ ਗੁਰੂ ਦੇ ਖਿਆਲ ਉਪਰ ਕਿਸੇ ਵੀ ਹਾਵੀ ਨਹੀਂ ਕਰਨਾ ਚਾਹੀਦਾ। ਗੁਰੂ ਦਾ ਅਰਥ ਵੱਡਾ ਹੁੰਦਾ ਏ, ਕੋਈ ਵੀ ਆਪਣੇ ਅਨੁਸਾਰ ਉਸ ਨੂੰ ਦੱਸ ਕੇ ਵੱਡਾ ਨਹੀਂ ਕਰ ਸਕਦਾ ਸਗੋਂ ਗੁਰੂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਆਪਣੇ ਆਪ ਨੂੰ ਵੱਡਾ ਕੀਤਾ ਜਾ ਸਕਦਾ ਹੈ। ਸਿੱਧੇ ਹੀ ਆਪਣੇ ਆਪ ਨੂੰ ਵੱਡਾ ਆਖ ਆਖ ਕੇ ਵੱਡੇ ਨਹੀਂ, ਛੋਟੇ ਹੋਇਆ ਜਾਂਦਾ ਏ। ਉਸ ਫਿਲਮਕਾਰ ਨੇ ਗੁਰੂ ਦੇ ਦਰਸ਼ਨ ਕਰਨ ਦਾ ਜੋ ਦਾਅਵਾ ਕੀਤਾ ਹੈ ਇਹ ਤਾਂ ਲੱਖਾਂ ਹਜ਼ਾਰਾਂ ਫਿਲਮਾਂ ਨਾਲੋਂ ਵੱਡਾ ਹੈ, ਇਕ ਸਿੱਖ ਵਲੋਂ ਵੱਡੇ ਤੋਂ ਵੱਡਾ ਦਾਅਵਾ ਇਹੋ ਹੋ ਸਕਦਾ ਏ ਪਰ ਜੇ ਸਚਮੁੱਚ ਉਸਦੀ ਝੋਲੀ ਵਿਚ ਕੁਝ ਹੈ ਤਾਂ ਜਿੰਦਾ ਮਿਸਾਲ ਬਣ ਕੇ ਅਮਲ ਰਾਹੀਂ ਗੁਰੂ ਦੀ ਬਖਸ਼ਿਸ ਵਰਤਾਉਣੀ ਚਾਹੀਦੀ ਹੈ। ਇਹ ਮਸ਼ਹੂਰ, ਆਸਕਰ ਜਾਂ ਰਾਸ਼ਟਰੀ ਐਵਾਰਡ ਵਾਲੇ ਨਾਵਾਂ ਦੀ ਸੂਚੀ ਗੁਰੂ ਦੇ ਦਰਸ਼ਨ ਅੱਗੇ ਕਾਈ ਮੁੱਲ ਨਹੀਂ ਰੱਖਦੀ। ਉਸ ਫਿਲਮਕਾਰ ਨੂੰ ਵਪਾਰ ਦੀ ਚੋਖੀ ਸਮਝ ਜਾਪਦੀ ਏ, ਉਸਨੂੰ ਆਪਣਾ ਇਕ ਮੁੱਲ ਹੀ ਤੈਅ ਕਰਨਾ ਚਾਹੀਦਾ ਹੈ ਸੰਸਾਰੀ ਜਾਂ ਕਰਤਾਰੀ। ਇਹਨਾਂ ਕੰਮਾਂ ਵਿਚ ਦੁਬਿਧਾ ਸੋਭਦੀ ਨਹੀਂ ਹੈ।

ਸੇਵਕ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,