ਚੋਣਵੀਆਂ ਲਿਖਤਾਂ » ਲੇਖ

ਮੋਬਾਈਲ ਫ਼ੋਨ ਦੇ ਗ਼ੁਲਾਮ ਨਾ ਬਣੋ

December 19, 2023 | By

ਸਮਾਰਟ ਫ਼ੋਨ ਨੇ ਦੁਨੀਆ ਬਦਲ ਦਿੱਤੀ ਹੈ। ਅਜਿਹਾ ਨਾ ਕਦੇ ਕਿਸੇ ਨੇ ਸੋਚਿਆ ਸੀ ਨਾ ਕਲਪਨਾ ਕੀਤੀ ਸੀ। ਦੂਰ-ਦੁਰਾਡੇ ਤੋਂ ਘਰ ਗੱਲ ਹੋ ਜਾਂਦੀ ਸੀ ਏਨੇ ਨਾਲ ਹੀ ਬੰਦਾ ਬੜਾ ਖ਼ੁਸ਼ ਸੀ।

ਸਮਾਂ ਏਨੀ ਤੇਜ਼ੀ ਨਾਲ ਬਦਲਿਆ ਕਿ ਛੋਟੇ ਆਕਾਰ ਦੇ ਮੋਬਾਈਲ ਫ਼ੋਨ ਅਤੇ ਬਹੁਤ ਸਾਰੀਆਂ ਕੰਪਨੀਆਂ ਮੁਕਾਬਲੇ ‘ਚੋਂ ਬਾਹਰ ਹੋ ਗਈਆਂ, ਜਿਨ੍ਹਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਆਪਣੇ ਉਤਪਾਦ ਨੂੰ ਸਮੇਂ ਦਾ ਹਾਣੀ ਨਹੀਂ ਸੀ ਬਣਾਇਆ, ਉਹ ਹਾਸ਼ੀਏ ‘ਤੇ ਚਲੇ ਗਏ। ਮੁਕਾਬਲੇ ਵਿਚ ਗਿਣਤੀ ਦੀਆਂ ਕੰਪਨੀਆਂ ਰਹਿ ਗਈਆਂ, ਜਿਹੜੀਆਂ ਹਰੇਕ ਸਾਲ ਸਮਾਰਟ ਫ਼ੋਨ ਦੇ ਨਵੇਂ ਮਾਡਲ ਰਿਲੀਜ਼ ਕਰਦੀਆਂ ਹਨ ਅਤੇ ਦੁਨੀਆ ਭਰ ਦੇ ਲੋਕ ਹੁੰਮ-ਹੁਮਾ ਕੇ ਕਤਾਰਾਂ ਵਿਚ ਖੜ੍ਹੇ ਹੋ ਕੇ ਉਨ੍ਹਾਂ ਦੀ ਖ਼ਰੀਦ ਕਰਦੇ ਹਨ। ਸਮਾਰਟ ਫ਼ੋਨ ਨੇ ਆਧੁਨਿਕ ਮਨੁੱਖ ਨੂੰ ਛੋਟੇ ਜਿਹੇ ਇਸ ਯੰਤਰ ਵਿਚ ਐਨਾ ਕੁਝ ਮੁਹੱਈਆ ਕਰਵਾ ਦਿੱਤਾ ਹੈ ਕਿ ਉਹ ਖ਼ੁਸ਼ੀ ਨਾਲ ਖੀਵਾ ਹੋ ਗਿਆ। ਪੋਟੇ ਕੱਚ ਦੇ ਇਸ ਟੁਕੜੇ ‘ਤੇ ਨੱਚਦੇ-ਨੱਚਦੇ ਦਿਲ-ਦਿਮਾਗ਼ ਨੂੰ, ਮਨ ਨੂੰ ਕਿੱਥੋਂ ਕਿੱਥੇ ਲੈ ਜਾਂਦੇ ਹਨ ਉਸ ਨੂੰ ਪਤਾ ਹੀ ਨਹੀਂ ਲਗਦਾ। ਜਦ ਪਤਾ ਲਗਦਾ ਹੈ ਉਦੋਂ ਤੱਕ ਵਾਹਵਾ ਸਮਾਂ ਬੀਤ ਚੁੱਕਾ ਹੁੰਦਾ ਹੈ ਅਤੇ ਤਨ-ਮਨ ਦਾ ਵਾਹਵਾ ਸਾਰਾ ਨੁਕਸਾਨ ਹੋ ਚੁੱਕਾ ਹੁੰਦਾ ਹੈ।

ਅਸੀਂ ਸਮਾਰਟ ਫ਼ੋਨ ਦੇ ਗ਼ੁਲਾਮ ਬਣ ਗਏ ਹਾਂ। ਘੜੀ-ਘੜੀ ਸਕਰੀਨ ਖੋਲ੍ਹਦੇ ਹਾਂ, ਵੇਖਦੇ ਹਾਂ ਇਧਰੋਂ-ਉਧਰੋਂ, ਉਧਰੋਂ ਇਧਰ। ਆਦਤ ਪੈ ਗਈ ਹੈ। ਲੱਤ ਲੱਗ ਗਈ ਹੈ।

ਸਮਾਰਟ ਫ਼ੋਨ ਦੀ ਬਣਤਰ ਅਜਿਹੀ ਹੈ ਕਿ ਇਹ ਹਰ ਵੇਲੇ ਸਾਡੇ ਹੱਥ ਵਿਚ, ਜੇਬ ਵਿਚ ਜਾਂ ਦਫ਼ਤਰ ਦੇ ਟੇਬਲ ‘ਤੇ ਰਹਿੰਦਾ ਹੈ। ਅਸੀਂ ਬਿਨਾਂ ਮਤਲਬ, ਬਿਨਾਂ ਕਿਸੇ ਕੰਮ ਦੇ ਇਸ ਨੂੰ ਚਲਾ ਕੇ ਵੇਖਦੇ ਰਹਿੰਦੇ ਹਾਂ।

ਅੱਗੋਂ ਆਪੋ ਆਪਣੀ ਦਿਲਚਸਪੀ ਅਨੁਸਾਰ ਲਾਈਕ, ਕਮੈਂਟ ਕਰੀ ਜਾਂਦੇ ਹਾਂ। ਇਹ ਵੀ ਕੀ ਕੰਮ ਹੋਇਆ? ਦਿਨ ਵਿਚ ਕਈ-ਕਈ ਘੰਟੇ ਅਸੀਂ ਇਸੇ ‘ਕੰਮ’ ਨੂੰ ਲਾਈ ਜਾਂਦੇ ਹਾਂ। ਆਧੁਨਿਕ ਸਮਿਆਂ ਵਿਚ ਪਰਸਪਰ ਰਾਬਤਾ ਰੱਖਣ ਦਾ ਇਹ ਕਾਰਗਰ ਤੇ ਤੇਜ਼-ਤਰਾਰ ਢੰਗ-ਤਰੀਕਾ ਮੰਨਿਆ ਜਾਂਦਾ ਹੈ। ਹੋ ਸਕਦਾ ਹੈ ਇਸ ਦੇ ਕੁਝ ਲਾਭ, ਕੁਝ ਫਾਇਦੇ ਹੋਣ ਪਰ ਤੁਸੀਂ ਹੈਰਾਨ ਹੋਵੋਗੇ, ਲੰਮੇ ਸਮੇਂ ਦੌਰਾਨ ਇਸ ਦੇ ਨੁਕਸਾਨ ਅਤੇ ਮਾੜੇ ਪਹਿਲੂ ਵਧੇਰੇ ਹਨ।

ਇਸ ਨੇ ਅਜੋਕੇ ਮਨੁੱਖ ਦੀ ਮਾਨਸਿਕ ਤੇ ਸਰੀਰਕ ਸਿਹਤ ਸਾਹਮਣੇ ਅਨੇਕਾਂ ਸਵਾਲ ਖੜ੍ਹੇ ਕਰ ਦਿੱਤੇ ਹਨ। ਰੇਡੀਏਸ਼ਨ ਹੈ, ਕਾਰਮਿਨੋਜਨਿਕ ਹੈ। ਫੇਸਬੁੱਕ ਯੂ-ਟਿਊਬ, ਇੰਸਟਾਗ੍ਰਾਮ ਜਿਹੇ ਮੰਚ ਅਨੇਕਾਂ ਹੋਰ ਮਾਨਸਿਕ, ਸਰੀਰਕ ਵਿਕਾਰਾਂ ਨਾਲ ਜੁੜ ਹਏ ਹਨ। ਦੁਨੀਆ ਭਰ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਸਮਾਰਟ ਫ਼ੋਨ ਸਮਾਜ ਵਿਚ ਸੰਚਾਰ ਦਾ ਮੁੱਖ ਮਾਧਿਅਮ ਬਣ ਗਿਆ ਹੈ। ਵੱਖ-ਵੱਖ ਮਾਹਿਰ ਅਤੇ ਸੰਬੰਧਿਤ ਅਦਾਰੇ ਮੰਨਦੇ ਹਨ ਕਿ ਲੋਕਾਂ ਨੂੰ ਤਰਜੀਹੀ ਆਧਾਰ ‘ਤੇ ‘ਸਕਰੀਨ ਟਾਈਮ’ ਘਟਾਉਣਾ ਹੋਵੇਗਾ ਅਤੇ ਜਿਸ ਸਮੇਂ ਸਮਾਰਟ ਫ਼ੋਨ ਦੀ ਵਰਤੋਂ ਨਹੀਂ ਕੀਤੀ ਜਾ ਰਹੀ, ਉਦੋਂ ਉਸ ਨੂੰ ਆਪਣੇ ਤੋਂ ਦੂਰੀ ‘ਤੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਹੁਣ ਤਾਂ ਇਹ ਚਿੱਟੇ ਦਿਨ ਵਾਂਗ ਅਨੇਕਾਂ ਖੋਜਾਂ ਦੁਆਰਾ ਸਿੱਧ ਹੋ ਚੁੱਕਾ ਹੈ ਕਿ ਸਮਾਰਟ ਫ਼ੋਨ ਦੀ ਵਧੇਰੇ ਵਰਤੋਂ ਤਣਾਅ ਅਤੇ ‘ਡਿਪਰੈਸ਼ਨ’ ਦਾ ਕਾਰਨ ਬਣਦੀ ਹੈ। ਨੀਂਦ ਪ੍ਰਭਾਵਿਤ ਹੋਣ ਕਾਰਨ ਮਾਨਸਿਕ ਸਿਹਤ ਲਈ ਖ਼ਤਰੇ ਪੈਦਾ ਹੋ ਰਹੇ ਹਨ।

ਜਦ ਸਮਾਰਟ ਫ਼ੋਨ ਤਿਆਰ ਕੀਤਾ ਜਾਂਦਾ ਹੈ ਤਾਂ ਲਿਥੀਅਮ, ਲੀਡ, ਕਾਪਰ, ਜ਼ਿੰਕ, ਕੈਡਮੀਅਮ ਅਤੇ ਪਾਰਾ ਜਿਹੇ ਖ਼ਤਰਨਾਕ ਪਦਾਰਥਾਂ ਦਾ ਪ੍ਰਯੋਗ ਹੁੰਦਾ ਹੈ। ਇਸ ਦੀ ਵਰਤੋਂ ਕਰਨ ਵਾਲਾ ਵਿਅਕਤੀ ਲਗਾਤਾਰ ਲੰਮਾ ਸਮਾਂ ਬੈਠੇ ਰਹਿਣ ਲਈ ਮਜਬੂਰ ਹੁੰਦਾ ਹੈ, ਜਦੋਂ ਕਿ ਬੈਠਣ ਦੀ ਲੋੜ ਵੀ ਨਹੀਂ। ਸਰ੍ਹਾਣੇ ਨਾਲ ਢੋਅ ਲਗਾ ਕੇ ਘੰਟਿਆਂ ਤੱਕ ਇਸ ਦੀ ਵਰਤੋਂ ਹੋਰ ਵੀ ਘਾਤਕ ਸਿੱਧ ਹੋ ਰਹੀ ਹੈ। ਸਮਾਰਟ ਫ਼ੋਨ ਦੀ ਵਧੇਰੇ ਵਰਤੋਂ ਅਰਥਾਤ ਵਧ ਕੇ ‘ਸਕਰੀਨ ਟਾਈਮ’ ਨਾਲ ਹੋਣ ਵਾਲੇ ਸਰੀਰਕ, ਮਾਨਸਿਕ, ਸਿਹਤ ਦੇ ਨੁਕਸਾਨਾਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਇਸ ਖੇਤਰ ਦੇ ਮਾਹਿਰਾਂ, ਮਨੋਵਿਗਿਆਨੀਆਂ ਅਤੇ ਸਿਹਤ ਵਿਗਿਆਨ ਵਲੋਂ ਤਿਆਰ ਕੀਤੀ ਗਈ ਸੂਚੀ ਵਿਚ ਹਰ ਸਾਲ ਹੋਰ ਵਾਧਾ ਹੁੰਦਾ ਜਾ ਰਿਹਾ ਹੈ। ਅਸੀਂ ਨਿੱਤ ਨਵੀਆਂ ਆ ਰਹੀਆਂ ਤਕਨੀਕੀ ਸਹੂਲਤਾਂ ਤੋਂ ਦੂਰੀ ‘ਤੇ ਨਹੀਂ ਵਿਚਰ ਸਕਦੇ। ਇਹ ਤੇਜ਼ੀ ਨਾਲ ਸਾਡੇ ਜੀਵਨ ਦਾ ਹਿੱਸਾ ਬਣ ਰਹੀਆਂ ਹਨ। ਅਸੀਂ ਏਨਾ ਹੀ ਕਰ ਸਕਦੇ ਹਾਂ ਕਿ ਇਨ੍ਹਾਂ ਦੀ ਵਰਤੋਂ ਇਕ ਹੱਦ ਵਿਚ ਰਹਿ ਕੇ ਸੰਜਮ ਨਾਲ ਕਰੀਏ। ਇਨ੍ਹਾਂ ਨੂੰ ਆਪਣੇ ਜੀਵਨ ‘ਤੇ ਹਾਵੀ ਨਾ ਹੋਣ ਦੇਈਏ। ਇਨ੍ਹਾਂ ਦੇ ਗੁਲਾਮ ਨਾ ਬਣੀਏ। ਅੱਜ-ਕੱਲ੍ਹ ਨਸ਼ੇ ਹੀ ਸਾਡਾ ਮਾਨਸਿਕ, ਸਰੀਰਕ, ਸਮਾਜਿਕ, ਪਰਿਵਾਰਕ ਨੁਕਸਾਨ ਨਹੀਂ ਕਰ ਰਹੇ ਬਲਕਿ ਸਮਾਰਟ ਫ਼ੋਨ ਅਤੇ ਭੈੜੀ ਖ਼ੁਰਾਕ ਦੀ ਲੱਤ ਵੀ ਸਾਡੀ ਸਿਹਤ ਦਾ ਕਬਾੜਾ ਕਰ ਰਹੇ ਹਨ। ਜਦ ਅਸੀਂ ਵਾਰ-ਵਾਰ ਸਮਾਰਟ ਫ਼ੋਨ ਦੀ ਸਕਰੀਨ ਖੋਲ੍ਹਦੇ ਹਾਂ। ਵੱਟਸਐਪ, ਫੇਸਬੁੱਕ ਚੈੱਕ ਕਰਦੇ ਹਾਂ। ਫ਼ੋਨ ਬੰਦ ਕਰਕੇ ਰੱਖ ਦਿੰਦੇ ਹਾਂ। ਪੰਜ ਮਿੰਟ ਬਾਅਦ ਮੁੜ ਇਸੇ ਕਿਰਿਆ ਨੂੰ ਦੁਹਰਾਉਂਦੇ ਹਾਂ ਤਾਂ ਸਾਰਾ ਦਿਨ ਇੰਝ ਹੀ ਚਲਦਾ ਰਹਿੰਦਾ ਹੈ। ਇਹ ਕੀ ਹੈ? ਇਹ ਲੱਤ ਨਹੀਂ ਤਾਂ ਹੋਰ ਕੀ ਹੈ? ਅਸੀਂ ਉਥੋਂ ਕੀ ਲੱਭਦੇ ਹਾਂ? ਕੁਝ ਵੀ ਨਹੀਂ। ਬੱਸ ਲੱਤ ਲੱਗ ਗਈ ਹੈ।

ਸੋਚ ਵਿਚਾਰ ਕਰਕੇ ਇਸ ਵਿਚੋਂ ਜਿੰਨੀ ਜਲਦੀ ਬਾਹਰ ਨਿਕਲ ਆਓਗੇ, ਓਨਾ ਹੀ ਚੰਗਾ ਹੈ। ਸਾਰੀ ਮਨ ਦੀ ਖੇਡ ਹੈ। ਮਨ ਨੂੰ ਰੋਕਣ ਸਮਝਾਉਣ ਦੀ ਲੋੜ ਹੈ। ਦੁਨੀਆ ਵਿਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ, ਜਿਹੜੇ ਸਾਰਾ ਦਿਨ ਅਜਿਹੀ ਖੁਰਾਕ ਖਾਣ ਵਿਚ ਰੁੱਝੇ ਰਹਿੰਦੇ ਹਨ, ਜਿਹੜੀ ਮਨੁੱਖੀ ਸਰੀਰ ਨੂੰ ਬਿਮਾਰ ਕਰਦੀ ਹੈ। ਬੇਕਰੀ ਉਤਪਾਦ ਹਨ, ਡੇਅਰੀ ਉਤਪਾਦ ਹਨ, ਮਠਿਆਈਆਂ ਹਨ, ਇੰਡਸਟਰੀ ਤੋਂ ਆ ਰਹੀਆਂ ਡੱਬਾ ਬੰਦ, ਪੈਕਟ ਬੰਦ, ਬੋਤਲ ਬੰਦ ਵਸਤੂਆਂ ਹਨ। ਫਾਸਟ ਫੂਡ ਹੈ, ਜੰਕ ਫੂਡ ਹੈ। ਅਸੀਂ ਆਪਣੇ ਹੱਥੀਂ ਆਪਣੀ ਸਿਹਤ, ਆਪਣੇ ਸਰੀਰ ਦਾ ਨੁਕਸਾਨ ਕਰ ਰਹੇ ਹਾਂ। ਇਹੀ ਸਥਿਤੀ ਸਮਾਰਟ ਫ਼ੋਨ ਦੀ ਹੱਦੋਂ ਵੱਧ ਵਰਤੋਂ ਦੀ ਹੈ। ਮਨ ਨੂੰ ਵਰਜਣ ਦੀ ਲੋੜ ਹੈ। ਆਪਣੇ ਕੰਟਰੋਲ ਹੇਠ ਲਿਆਉਣ ਦੀ ਲੋੜ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,