ਖਾਸ ਲੇਖੇ/ਰਿਪੋਰਟਾਂ

ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਦੇ ਸਮੀਕਰਣਾਂ ਦੀ ਪੜਚੋਲ

July 11, 2024 | By

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿਚਲੀ ਸਿੱਖ ਰਾਜਨੀਤੀ ਵਿਚ ਹਿਲ-ਜੁਲ ਜੋਰਾਂ ਉੱਤੇ ਹੈ। ਚੋਣਾਂ ਦੇ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ ਦਲ) ਦੇ ਖੁਰ ਰਹੇ ਆਧਾਰ ਨੂੰ ਮੁੜ ਤਸਦੀਕ ਕੀਤਾ ਹੈ। ਦੂਸਰੇ ਪਾਸੇ ਦੋ ਅਜਾਦ ਉਮੀਦਵਾਰਾਂ- ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਦੀ ਜਿੱਤ ਨਾਲ ਸਥਾਪਤ ਸਿਆਸੀ ਅਗਵਾਈ ਵਿੱਚ ਲੋਕਾਂ ਦਾ ਵਿਸ਼ਵਾਸ ਨਾ ਰਹਿਣ ਦੀ ਮੁੜ ਤਸਦੀਕ ਅਤੇ ਸਿੱਖ ਸਰੋਕਾਰਾਂ ਵੱਲ ਜਜ਼ਬਾਤੀ ਰੁਖ ਦਾ ਪ੍ਰਗਟਾਵਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਲੋਕ ਸਭਾ ਹਲਕੇ ਤੋਂ ਹੋਈ ਹਾਰ ਨੇ ਹਾਲਾਤ ਵਿਚਲੀ ਅਸਥਿਰਤਾ ਦੀ ਮੁੜ ਹਾਮੀ ਭਰੀ ਹੈ। ਪੰਜਾਬ ਵਿਚਲੀ ਸਿੱਖ ਵੋਟ ਰਾਜਨੀਤੀ ਇਸ ਵੇਲੇ ਅਜਿਹੇ ਮੁਕਾਮ ਉੱਤੇ ਖੜੀ ਹੈ ਜਿੱਥੇ ਪੁਰਾਣੇ ਹਿੱਸੇ ਆਪਣੀ ਸਿਆਸੀ ਜ਼ਮੀਨ ਬਚਾਉਣ ਅਤੇ ਨਵੇਂ ਹਿੱਸੇ ਸਿਆਸੀ ਜ਼ਮੀਨ ਹਾਸਲ ਕਰਨ ਲਈ ਆਪੋ ਵਿੱਚ ਕਸ਼ਮਕਸ਼ ਕਰਦੇ ਨਜ਼ਰ ਆਉਣਗੇ। ਇਸ ਕਸ਼ਮਕਸ਼ ਤੇ ਅਸਥਿਰਤਾ ਦਰਮਿਆਨ ਦਿੱਲੀ ਦਰਬਾਰ ਦੀ ਸੱਤਾ ਉੱਤੇ ਕਾਬਜ਼ ਭਾਜਪਾ ਦੀ ਇਹ ਕੋਸ਼ਿਸ਼ ਹੋਵੇਗੀ ਕਿ ਉਹ ਪੰਜਾਬ ਵਿਚਲੀ ਸਿੱਖ ਰਾਜਨੀਤੀ ਨੂੰ ਦਿੱਲੀ ਤੇ ਹਰਿਆਣੇ ਦੀ ਤਰਜ਼ ਉੱਤੇ ਆਪਣੇ ਮਨਸੂਬੇ ਅਨੁਸਾਰ ਢਾਲ ਸਕੇ।

ਚੋਣ ਨਤੀਜਿਆਂ ਦਾ ਨਤੀਜਾ: ਬਾਦਲ ਦਲ ਅੰਦਰ ਬਗਾਵਤੀ ਸੁਰ ਉੱਭਰੇ 

ਤਸਵੀਰ – ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ

ਲੋਕ ਸਭਾ ਚੋਣਾਂ ਦੌਰਾਨ ਹੀ ਇਹ ਗੱਲ ਸਪਸ਼ਟ ਹੋਣੀ ਸ਼ੁਰੂ ਹੋ ਗਈ ਸੀ ਕਿ ਬਾਦਲ ਦਲ ਦੇ ਪਤਨ ਦਾ ਦੌਰ ਇਹਨਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਅਗਲੇ ਪੜਾਅ ਉੱਤੇ ਪਹੁੰਚ ਜਾਵੇਗਾ। 4 ਜੂਨ ਨੂੰ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਬਾਦਲ ਦਲ ਨੂੰ ਪੂਰੇ ਪੰਜਾਬ ਵਿੱਚੋਂ ਸਿਰਫ ਇੱਕ ਬਠਿੰਡਾ ਸੀਟ ਉੱਤੇ ਹੀ ਕਾਮਯਾਬੀ ਮਿਲੀ ਅਤੇ ਇਸ ਦੀ ਵੋਟ ਪ੍ਰਤੀਸ਼ਤ ਘੱਟ ਕੇ 13 ਫੀਸਦੀ ਰਹਿ ਗਈ। ਇਹਨਾਂ ਨਤੀਜਿਆਂ ਤੋਂ ਬਾਅਦ ਬਾਦਲ ਦਲ ਦੇ ਕਈ ਸੀਨੀਅਰ ਆਗੂਆਂ ਅਤੇ ਪਾਰਟੀ ਦੇ ਪੁਰਾਣੇ ਆਗੂਆਂ ਦੇ ਪਰਿਵਾਰਾਂ ਵੱਲੋਂ ਸੁਖਬੀਰ ਬਾਦਲ ਦੀ ਅਗਵਾਈ ਖਿਲਾਫ ਬਗਾਵਤ ਕੀਤੀ ਗਈ ਹੈ।

ਸ. ਸੁਖਬੀਰ ਸਿੰਘ ਬਾਦਲ ਪਾਰਟੀ ਦੇ ਆਗੂਆਂ ਨਾਲ।

ਉਹਨਾ ਦੀ ਇਸ ਸਰਗਰਮੀ ਨੂੰ ਪਰਦੇ ਪਿੱਛੋਂ ਪੰਜਾਬੀ ਅਖਬਾਰ ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਵੱਲੋਂ ਸੂਤਰਬਧ ਕਰਨ ਦੀ ਕਈ ਅਖਬਾਰਾਂ ਨੇ ਚਰਚਾ ਕੀਤੀ ਹੈ। ਦੂਜੇ ਬੰਨੇ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਵੱਖ-ਵੱਖ ਹਿੱਸਿਆਂ ਜਿਵੇਂ ਜਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਵਰਕਿੰਗ ਕਮੇਟੀ, ਪਾਰਟੀ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਬੀ.ਸੀ. ਵਿੰਗ ਆਦਿ ਦੀਆਂ ਬੈਠਕਾਂ ਕਰਕੇ ਇਹ ਦਰਸਾਇਆ ਜਾ ਰਿਹਾ ਹੈ ਕਿ ਪਾਰਟੀ ਢਾਂਚੇ ਦੇ ਅਹੁਦੇਦਾਰਾਂ ਦਾ ਹਾਲੀ ਵੀ ਉਸ ਦੀ ਅਗਵਾਈ ਵਿਚ ਵਿਸ਼ਵਾਸ ਹੈ। 

ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਾਰ ਸਫਿਆਂ ਦੀ ਚਿੱਠੀ ਸੌਂਪਦਾ ਹੋਇਆ ਬਾਗੀ ਧੜਾ

ਦੂਜੇ ਪਾਸੇ ਬਾਗੀ ਅਖਵਾਉਂਦੇ ਧੜੇ ਨੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਚਾਰ ਸਫਿਆਂ ਦੀ ਚਿੱਠੀ ਸੌਂਪ ਕੇ ਸਾਲ 2007 ਤੋਂ 2017 ਤੱਕ ਬਾਦਲ ਦਲ ਦੀ ਸਰਕਾਰ ਮੌਕੇ ਹੋਈਆਂ ਗਲਤੀਆਂ ਲਈ ਖਿਮਾ ਜਾਚਨਾ ਕੀਤੀ ਹੈ। ਉਹਨਾ ਨੇ ਇਹਨਾ ਗਲਤੀਆਂ ਲਈ ਸੁਖਬੀਰ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਹੈ। ਸੋ ਫਿਲਹਾਲ ਜੋ ਹਾਲਾਤ ਹਨ ਉਸ ਮੁਤਾਬਿਕ ਦੋ ਧੜੇ ਬਣਦੇ ਨਜ਼ਰ ਆ ਰਹੇ ਹਨ।

ਸਿੱਖ ਵੋਟ ਰਾਜਨੀਤੀ ਵਿੱਚ ਅਸਥਿਰਤਾ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਜਿੱਤ 

ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਦੀ ਮੁਹਿੰਮ ਰਾਹੀਂ ਪੰਜਾਬ ਵਿੱਚ ਸਰਗਰਮ ਦਿਖੇ ਅੰਮ੍ਰਿਤਪਾਲ ਸਿੰਘ ਵੱਲੋਂ ਨੈਸ਼ਨਲ ਸਿਕਿਉਰਟੀ ਐਕਟ (ਐਨ.ਐਸ.ਏ) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦੀ ਦੌਰਾਨ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜੀ ਗਈ। ਇਸ ਦੌਰਾਨ ਮਿਲੇ ਜਜ਼ਬਾਤੀ ਹੁੰਗਾਰੇ ਦੇ ਚਲਦਿਆਂ ਅੰਮ੍ਰਿਤਪਾਲ ਸਿੰਘ ਨੇ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਅਸਿੱਧੇ ਤੌਰ ਉੱਤੇ ਖੁਦ ਨੂੰ ਅੰਮ੍ਰਿਤਪਾਲ ਸਿੰਘ ਦੇ ਸਿਆਸੀ ਸਰਪ੍ਰਸਤ ਵਜੋਂ ਪੇਸ਼ ਕਰ ਰਹੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹਾਸਿਲ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਉੱਪਰ ਕਾਬਜ਼ ਹੋਣ ਨੂੰ ਅੰਮ੍ਰਿਤਪਾਲ ਸਿੰਘ ਦਾ ਅਗਲਾ ਸਿਆਸੀ ਨਿਸ਼ਾਨਾ ਐਲਾਨਿਆ ਹੈ। 

ਭਾਈ ਅੰਮਿ੍ਰਤਪਾਲ ਸਿੰਘ ਅਤੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ

ਲੰਘੀ 5 ਜੁਲਾਈ ਨੂੰ ਦਿੱਲੀ ਵਿਚ ਮੈਂਬਰ ਪਾਰਲੀਮੈਂਟ ਵਜੋਂ ਸੰਵਿਧਾਨ ਦੀ ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨਾਲ ਹੋਈ ਮੁਲਾਕਾਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਚਾਚੇ ਵੱਲੋਂ ਦਿੱਤੇ ਬਿਆਨਾਂ ਵਿਚ ਵੀ ਸ਼੍ਰੋਮਣੀ ਕਮੇਟੀ ਚੋਣਾਂ ਦਾ ਉਚੇਚਾ ਜ਼ਿਕਰ ਕੀਤਾ ਗਿਆ ਹੈ।

ਸੋ.ਅ.ਦ.ਅ. ਮਾਨ: ਮੁੜ ਉਭਾਰ ਦੇ ਚਰਚੇ ਦੌਰਾਨ ਲੱਗਾ ਝਟਕਾ 

ਸਾਬਕਾ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਬੀਤੇ ਲੰਬੇ ਸਮੇਂ ਤੋਂ ਪੰਜਾਬ ਵਿਚਲੀ ਸਿੱਖ ਵੋਟ ਸਿਆਸਤ ਵਿਚ ਖੁਦ ਨੂੰ ਬਾਦਲਾਂ ਦੀ ਥਾਵੇਂ ਪ੍ਰਮੁੱਖ ਧਿਰ ਬਣਨ ਦੇ ਦਾਅਵੇਦਾਰ ਵੱਜੋਂ ਪੇਸ਼ ਕਰਦਾ ਆ ਰਿਹਾ ਹੈ। ਬੀਤੇ ਸਮੇਂ ਦੌਰਾਨ ਇਸ ਪਾਰਟੀ ਦਾ ਵੋਟ ਰਾਜਨੀਤੀ ਵਿਚ ਪ੍ਰਭਾਵ ਲਗਾਤਾਰ ਘਟਦਾ ਜਾ ਰਿਹਾ ਸੀ ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦੀ ਅੰਸ਼ਕ ਵਾਪਸੀ ਹੁੰਦੀ ਨਜ਼ਰ ਆਈ। ਇਹਨਾ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਨੂੰ ਪਹਿਲਾਂ ਨਾਲੋਂ ਕੁਝ ਬਿਹਤਰ ਵੋਟਾਂ ਮਿਲੀਆਂ। ਇਸੇ ਸਾਲ ਹੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੌਰਾਨ ਜਿੱਤ ਦਰਜ ਕੀਤੀ। 

ਸ. ਸਿਮਰਨਜੀਤ ਸਿੰਘ ਮਾਨ

ਹਾਲੀਆ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਸ. ਸਿਮਰਨਜੀਤ ਸਿੰਘ ਮਾਨ ਦਾ ਚੋਣ ਹਾਰ ਜਾਣਾ ਇਸ ਪਾਰਟੀ ਲਈ ਝਟਕਾ ਹੈ। ਭਾਵੇਂ ਕਿ ਮਾਨ ਦਲ ਵੱਲੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਦੀ ਹਿਮਾਇਤ ਕੀਤੀ ਗਈ ਸੀ ਪਰ ਦੋਵਾਂ ਦਰਮਿਆਨ ਕਿਸੇ ਲਮੇਰੇ ਸਿਆਸੀ ਗੱਠ ਜੋੜ ਦੀ ਸੰਭਾਵਨਾ ਸਵਾਲਾਂ ਦੇ ਘੇਰੇ ਵਿੱਚ ਹੀ ਹੈ। 

ਸਰਬਜੀਤ ਸਿੰਘ ਖਾਲਸਾ ਦੀ ਅਚਨਚੇਤ ਜਿੱਤ 

ਲੋਕ ਸਭਾ ਚੋਣਾਂ ਦੌਰਾਨ ਫਰੀਦਕੋਟ ਹਲਕੇ ਤੋਂ ਚੋਣ ਪ੍ਰਚਾਰ ਦੇ ਆਖਰੀ ਦੌਰ ਵਿਚ ਉੱਠੀ ਹਮਦਰਦੀ ਦੀ ਲਹਿਰ ਕਰਕੇ ਹੋਈ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨਾਲ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਦੇ ਸੰਭਾਵੀ ਹਿੱਸੇਦਾਰਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਫਰੀਦਕੋਟ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਸਰਬਜੀਤ ਸਿੰਘ ਨੇ ‘ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ’ ਅਤੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹਾਸਲ ਕਰਨ’ ਨੂੰ ਆਪਣਾ ਅਗਲਾ ਸਿਆਸੀ ਨਿਸ਼ਾਨਾ ਐਲਾਨਿਆ ਹੈ। 

ਸ. ਸਰਬਜੀਤ ਸਿੰਘ ਖਾਲਸਾ

ਚੋਣ ਪ੍ਰਚਾਰ ਦੌਰਾਨ ਸ. ਸਿਮਰਜੀਤ ਸਿੰਘ ਮਾਨ ਅਤੇ ਸਰਬਜੀਤ ਸਿੰਘ ਖਾਲਸਾ ਦਰਮਿਆਨ ਬੀਤੇ ਸਮੇਂ ਵਿੱਚ ਰਹੇ ਤਾਲਮੇਲ ਦੀ ਕੁੜੱਤਣ ਉਸ ਵੇਲੇ ਜਗ ਜਾਹਰ ਹੋ ਗਈ ਜਦੋਂ ਮਾਨ ਦਲ ਵੱਲੋਂ ਫਰੀਦਕੋਟ ਸੀਟ ਤੋਂ ਆਪਣਾ ਉਮੀਦਵਾਰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਇਸ ਫੈਸਲੇ ਦੀ ਪ੍ਰੋੜਤਾ ਕਰਦਿਆਂ ਸਿਮਰਨਜੀਤ ਸਿੰਘ ਮਾਨ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ। ਦੂਜੇ ਪਾਸੇ ਸਰਬਜੀਤ ਸਿੰਘ ਨੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਕਿਹਾ ਹੈ ਕਿ ਉਹਨਾ ਦੀ ਸਿਮਰਨਜੀਤ ਸਿੰਘ ਮਾਨ ਤੇ ਮਾਨ ਦਲ ਦੇ ਸਿਆਸੀ ਅਕੀਦਿਆਂ ਨਾਲ ਕੋਈ ਸਾਂਝ ਨਹੀਂ ਹੈ। 

ਭਾਵੇਂ ਕਿ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਧੜੇ ਅਤੇ ਸਰਬਜੀਤ ਸਿੰਘ ਤੇ ਉਨਾਂ ਦੇ ਹਮਾਇਤੀਆਂ ਦਰਮਿਆਨ ਇੱਕ ਗੈਰ-ਰਸਮੀ ਤਾਲਮੇਲ ਨਜ਼ਰ ਆਇਆ ਸੀ ਅਤੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਸਰਬਜੀਤ ਸਿੰਘ ਦੇ ਹੱਕ ਵਿੱਚ ਫਰੀਦਕੋਟ ਤੋਂ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ ਤੇ ਦੂਜੇ ਪਾਸੇ ਚੋਣ ਜਿੱਤਣ ਤੋਂ ਬਾਅਦ ਸਰਬਜੀਤ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਵਾਉਣ ਬਾਰੇ ਵੀ ਗੱਲ ਕੀਤੀ ਹੈ। ਪਰ ਆਪਣੇ ਭਵਿੱਖ ਦੇ ਸਿਆਸੀ ਨਿਸ਼ਾਨਿਆਂ ਬਾਰੇ ਦੋਹਾਂ ਹਿੱਸਿਆਂ ਵੱਲੋਂ ਹਾਲ ਦੀ ਘੜੀ ਕਿਸੇ ਵੀ ਤਰ੍ਹਾਂ ਦੀ ਨੇੜਤਾ ਜਾਂ ਏਕਤਾ ਦੇ ਸੰਕੇਤ ਜ਼ਾਹਰ ਨਹੀਂ ਕੀਤੇ ਗਏ ਹਨ। 

ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਪੰਜਾਬ ਮੰਡੀ ਬੋਰਡ ਦੇ ਮੁੱਖ ਇੰਜੀਨੀਅਰ ਜਤਿੰਦਰ ਸਿੰਘ ਭੰਗੂ

ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੋਹਾਂ ਦੀ ਹਿਮਾਇਤ ਕਰਨ ਵਾਲੇ ਕਈ ਹਿੱਸੇ ਸਾਂਝੇ ਹੀ ਹਨ ਜਿਨਾਂ ਵਿੱਚੋਂ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਪੰਜਾਬ ਮੰਡੀ ਬੋਰਡ ਦੇ ਮੁੱਖ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਪ੍ਰਮੁੱਖ ਹਨ। ਜਿੱਥੇ ਭਾਈ ਜਸਬੀਰ ਸਿੰਘ ਰੋਡੇ ਵੱਲੋਂ ਚੋਣਵੇਂ, ਪਰ ਅਹਿਮ ਮੌਕਿਆਂ ਉੱਤੇ ਅੰਮ੍ਰਿਤਪਾਲ ਸਿੰਘ ਦੀ ਹਿਮਾਇਤ ਅਤੇ ਮਦਦ ਕੀਤੀ ਗਈ ਹੈ ਉੱਥੇ ਇਹ ਮੰਨਿਆ ਜਾ ਰਿਹਾ ਹੈ ਕਿ ਇੰਜੀ. ਜਤਿੰਦਰ ਸਿੰਘ ਭੰਗੂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ, ਤੇ ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੇ ਹਮਾਇਤੀਆਂ ਵੱਲੋਂ ਹੋਣ ਵਾਲੇ ਹਰ ਅਹਿਮ ਫੈਸਲੇ ਵਿੱਚ ਸ਼ਾਮਿਲ ਹੈ। ਕੀ ਇਹ ਸਾਂਝੇ ਹਿੱਸੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਦਰਮਿਆਨ ਕੋਈ ਲਮੇਰਾ ਸਿਆਸੀ ਗੱਠਜੋੜ ਕਰਵਾਉਣਗੇ ਜਾਂ ਕਰਵਾ ਸਕਦੇ ਹਨ ਇਸ ਬਾਰੇ ਹਾਲੀ ਸਪਸ਼ਟਤਾ ਨਾਲ ਕੁਝ ਨਹੀਂ ਕਿਹਾ ਜਾ ਸਕਦਾ।

ਸਿੱਖ ਵੋਟ ਰਾਜਨੀਤੀ ਵਿੱਚ ਉਭਰ ਰਹੇ ਹਨ ਬਹੁਧੁਰਾਵੀ ਸਮੀਕਰਨ:

ਬੀਤੇ ਸਮੇਂ ਦੌਰਾਨ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਦਬਦਬਾ ਰੱਖਣ ਵਾਲਾ ਬਾਦਲ ਦਲ ਆਪਣੇ ਵੋਟ ਅਧਾਰ ਨੂੰ ਵਿਆਪਕ ਖੋਰਾ ਲੱਗਣ ਤੋਂ ਬਾਅਦ ਦੁਫੇੜ ਵੱਲ ਵਧ ਰਿਹਾ ਹੈ। ਇਸ ਮੌਕੇ ਸੂਬੇ ਦੀ ਸਿੱਖ ਵੋਟ ਸਿਆਸਤ ਵਿਚ ਇਸ ਵੇਲੇ ਬਹੁ-ਧੁਰਾਵੀ ਸਮੀਕਰਨ ਉੱਭਰਦੇ ਨਜ਼ਰ ਆ ਰਹੇ ਹਨ ਜਿੱਥੇ ਵੋਟ ਸਿਆਸਤ ਵਿਚ ਸਰਗਰਮ ਕਈ ਸਿੱਖ ਧੜੇ ਆਪਣਾ ਅਧਾਰ ਮਜਬੂਤ ਕਰਨ ਲਈ ਆਪੋ ਵਿਚ ਕਸ਼ਮਕਸ਼ ਕਰਦੇ ਨਜ਼ਰ ਆਉਣਗੇ।

ਇਸ ਵੇਲੇ ਪੰਜ ਕੁ ਹਿੱਸੇ ਬਣਦੇ ਨਜ਼ਰ ਆ ਰਹੇ ਹਨ- ਕਮਜੋਰ ਹੋ ਚੁੱਕਾ ਬਾਦਲ ਦਲ, ਬਾਦਲਾਂ ਤੋਂ ਵੱਖ ਹੋਇਆ ਧੜਾ, ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋ.ਅ.ਦ.ਅ. (ਮਾਨ), ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਹਿਮਾਇਤੀ ਤੇ ਸਰਬਜੀਤ ਸਿੰਘ ਖਾਲਸਾ ਦੇ ਹਿਮਾਇਤੀ ਹਿੱਸੇ।

ਸ਼੍ਰੋਮਣੀ ਕਮੇਟੀ ਚੋਣਾਂ ਦੇ ਸੰਭਾਵੀ ਐਲਾਨ ਦਾ ਕੀ ਅਸਰ ਹੋਵੇਗਾ?:

ਅਜਿਹੇ ਵਿਚ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਸਿੱਖ ਰਾਜਨੀਤੀ ਦੀ ਇਸ ਖਿੰਡੀ ਹੋਈ ਤਸਵੀਰ ਦੇ ਹੋਰ ਵੀ ਵਧੇਰੇ ਹਿੱਸੇ ਹੋਏ ਨਜ਼ਰ ਆਉਣਗੇ।

‘ਧਾਰਮਿਕ ਚੋਣਾਂ’ ਦੇ ਟੀਚੇ ਵੱਲ ਸੇਧਤ ਕਈ ਹਿੱਸੇ ਇਹਨਾ ਚੋਣਾਂ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ, ਜਿੰਨ੍ਹਾਂ ਵਿਚ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੰਥਕ ਅਕਾਲੀ ਲਹਿਰ ਅਤੇ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਾਲਾ ਪੰਥਕ ਤਾਲਮੇਲ ਸੰਗਠਨ ਪ੍ਰਮੁੱਖ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਵੀ ਪਾਰਟੀ ਵਿਚਲੇ ਸਿੱਖ ਚਿਹਰਿਆਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਹਿੱਸਾ ਲੈਣ ਲਈ ਤਿਆਰੀ ਰੱਖਣ ਬਾਰੇ ਕਹਿਣ ਦੀ ਗੱਲ ਵੀ ਚਰਚਾ ਵਿਚ ਹੈ।

ਦਿੱਲੀ ਕਮੇਟੀ ਚੋਣਾਂ ਦਾ ਸਬਕ:

ਸਿੱਖ ਵੋਟ ਰਾਜਨੀਤੀ ਵਿਚ ਵੱਖ-ਵੱਖ ਧੜਿਆਂ ਦੀ ਆਪਸੀ ਮੁਕਾਬਲੇਬਾਜ਼ੀ ਦੇ ਨਤੀਜਿਆਂ ਦੀ ਮਿਸਾਲ ਦਿੱਲੀ ਕਮੇਟੀ ਦੀਆਂ ਹਾਲੀਆ ਚੋਣਾਂ ਪੇਸ਼ ਕਰਦੀਆਂ ਹਨ। ਭਾਵੇਂ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਬਾਦਲ ਦਲ ਨੇ ਬਾਕੀਆਂ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਪਰ ਉਹ ਪਹਿਲਾਂ ਨਾਲੋਂ ਅਜਿਹੀ ਕਮਜੋਰ ਸਥਿਤੀ ਵਿਚ ਚਲਾ ਗਿਆ ਕਿ ਭਾਜਪਾ ਨੇ ਇਸ ਹਾਲਾਤ ਦਾ ਲਾਹਾ ਲੈਂਦਿਆਂ ਬਾਦਲ ਦਲ ਦੀ ਦਿੱਲੀ ਇਕਾਈ ਵਿਚ ਬਗਾਵਤ ਕਰਵਾ ਕੇ ਆਪਣੇ ਅਨੁਸਾਰੀ ਚੱਲਣ ਵਾਲਿਆਂ ਨੂੰ ਦਿੱਲੀ ਕਮੇਟੀ ਦੇ ਪ੍ਰਬੰਧਕ ਲਗਾਉਣ ਵਿਚ ਕਾਮਯਾਬ ਰਹੀ ਹੈ।

ਮੌਜੂਦਾ ਸਮੇਂ ਦਿੱਲੀ ਦੀ ਸਿੱਖ ਵੋਟ ਰਾਜਨੀਤੀ ਵਿਚ ਚਾਰ ਧੜੇ ਹਨ। ਇਕ ਦੂਜੇ ਦੇ ਖਿਲਾਫ ਚੱਲਣ ਵਾਲੇ ਇਹ ਧੜੇ ਸਿੱਧੇ-ਅਸਿੱਧੇ ਰੂਪ ਵਿਚ ਭਾਜਪਾ ਦੇ ਨਾਲ  ਹਨ।

ਹਰਿਆਣਾ ਕਮੇਟੀ ਦਾ ਤਜ਼ਰਬਾ: 

ਹਰਿਆਣਾ ਕਮੇਟੀ ਦੀ ਅਜੇ ਤੱਕ ਪਲੇਠੀ ਚੋਣ ਨਹੀਂ ਹੋਈ ਹੈ ਪਰ ਇਸ ਦੀ ਹਾਲਤ ਵੀ ਦਿੱਲੀ ਕਮੇਟੀ ਵਰਗੀ ਹੀ ਹੈ। ਭਾਜਪਾ ਨੇ ਹਰਿਆਣੇ ਦੇ ਸਿੱਖ ਰਾਜਨੀਤਕ ਹਿੱਸਿਆਂ ਵਿਚਲੀ ਫੁੱਟ ਦਾ ਲਾਹਾ ਲੈਂਦਿਆਂ ਹਰਿਆਣਾ ਕਮੇਟੀ ਉੱਤੇ ਆਪਣਾ ਸਿੱਧਾ ਪ੍ਰਭਾਵ ਸਥਾਪਤ ਕਰ ਲਿਆ ਹੈ। ਨਤੀਜਾ ਇਹ ਹੈ ਕਿ ਬਾਦਲ ਦੀ ਭਾਜਪਾ ਨਾਲ ਨੇੜਤਾ ਕਾਰਨ ਬਾਦਲ ਦਲ ਦੇ ਕਬਜ਼ੇ ਤੋਂ ਵੱਖਰੀ ਕਮੇਟੀ ਬਣਾਉਣ ਦੇ ਵਿਚਾਰ ਨਾਲ ਹਰਿਆਣੇ ਲਈ ਬਣੀ ਵੱਖਰੀ ਕਮੇਟੀ ਅੱਜ ਅੰਦਰੂਨੀ ਫੁੱਟ ਕਾਰਨ ਭਾਜਪਾ ਦੇ ਗਲਬੇ ਹੇਠ ਹੈ।

ਸਿੱਖ ਵੋਟ ਰਾਜਨੀਤੀ ਦੇ ਖਿੰਡਾਓ ਦਾ ਭਾਜਪਾ ਨੂੰ ਕੀ ਲਾਹਾ ਹੈ?

ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਲਿਆਉਣ ਦੀ ਭਾਜਪਾ ਦੀ ਨੀਤੀ ਸਾਲ 2014 ਤੋਂ ਹੀ ਸਪੱਸ਼ਟ ਹੋਣੀ ਸ਼ੁਰੂ ਹੋ ਗਈ ਸੀ। ਕਿਸੇ ਇਕ ਸਿੱਖ ਪਾਰਟੀ ਰਾਹੀਂ ਸਿੱਖਾਂ ਨੂੰ ਕਾਬੂ ਹੇਠ ਰੱਖਣ ਦੀ ਪੁਰਾਣੀ (2014 ਤੋਂ ਪਹਿਲਾਂ ਦੀ) ਪਹੁੰਚ ਦੇ ਮੁਕਾਬਲੇ ਭਾਜਪਾ ਨੇ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਪੈਦਾ ਕਰਨ ਦੀ ਪਹੁੰਚ ਹੀ ਅਪਨਾਈ ਹੈ ਜਿੱਥੇ ਕੋਈ ਇੱਕ ਤਾਕਤਵਰ ਸਿੱਖ ਵੋਟ ਰਾਜਨੀਤਕ ਪਾਰਟੀ ਨਾ ਹੋਵੇ ਬਲਕਿ ਇਕ ਅਜਿਹਾ ਬਹੁਧੁਰਾਵੀ ਦ੍ਰਿਸ਼ ਉੱਭਰੇ ਜਿਸ ਵਿਚ ਸਿੱਖਾਂ ਦੀ ਤਾਕਤ ਵੰਡੀ ਰਹੇ। ਇਸ ਨਾਲ ਦਿੱਲੀ ਦਰਬਾਰ (ਇੰਡੀਅਨ ਸਟੇਟ) ਨੂੰ ਅਜਿਹਾ ਮੈਦਾਨ ਮਿਲ ਜਾਂਦਾ ਹੈ ਕਿ ਉਹ ਸਿੱਖ ਵੋਟ ਰਾਜਨੀਤੀ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣੇ ਅਨੁਸਾਰੀ ਚਲਾਉਣ ਦੀ ਕੋਸ਼ਿਸ਼ ਕਰੇਗੀ। 

ਸੂਤਰਬਧਤਾ ਦੀ ਲੋੜ ਪਰ ਖਿੰਡਾਓ ਭਾਰੀ ਹੈ:

ਅਕਸਰ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਨਵੇਂ ਢਾਂਚੇ ਦੀ ਉਸਾਰੀ ਲਈ ਪਹਿਲੇ ਦਾ ਢਹਿਣਾ ਜਰੂਰੀ ਹੁੰਦਾ ਹੈ। ਸਾਲ 2015 ਤੋਂ ਸ਼੍ਰੋ.ਅ.ਦ. (ਬਾਦਲ) ਦਾ ਸਿਆਸੀ ਅਧਾਰ ਲਗਾਤਾਰ ਖੁਰ ਰਿਹਾ ਹੈ ਪਰ ਇਸ ਹਾਲਾਤ ਵਿਚੋਂ ਸਿੱਖ ਵੋਟ ਰਾਨਜੀਤਕ ਦ੍ਰਿਸ਼ ਉੱਤੇ ਕੁਝ ਵੀ ਠੋਸ ਉੱਸਰਦਾ ਜਾਂ ਸੂਤਰਬਧ ਹੁੰਦਾ ਨਜ਼ਰ ਨਹੀਂ ਆ ਰਿਹਾ।

ਕੁਝ ਹੋਰ ਨੁਕਤੇ:-

ਬਾਦਲਾਂ ਤੋਂ ਵੱਖ ਹੋਏ ਧੜੇ ਦੇ ਪ੍ਰਮੁੱਖ ਹਿੱਸੇ:

ਬਾਦਲਾਂ ਤੋਂ ਵੱਖ ਹੋਏ ਧੜੇ ਵਿਚ ਉਹ ਚਿਹਰੇ ਪ੍ਰਮੁੱਖ ਹਨ ਜਿਹਨਾਂ ਦੀ ਬੀਤੇ ਵਿਚ ਭਾਜਪਾ ਨਾਲ ਪ੍ਰਤੱਖ ਗਠਜੋੜ ਜਾਂ ਗੈਰ-ਰਸਮੀ ਨੇੜਤਾ ਰਹੀ ਹੈ। ਇਹਨਾ ਵਿਚ ਬਰਨਾਲਾ ਪਰਿਵਾਰ, ਢੀਂਡਸਾ ਪਰਿਵਾਰ, ਟੌਹੜਾ ਪਰਿਵਾਰ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਦੇ ਨਾਮ ਖਾਸ ਤੌਰ ਉੱਤੇ ਗਿਣੇ ਜਾ ਸਕਦੇ ਹਨ। 

ਬਾਦਲਾਂ ਤੋਂ ਵੱਖ ਹੋਏ ਧੜੇ ਦੀ ਸਾਂਝੀ ਤਸਵੀਰ

ਕੀ ਬਾਦਲਾਂ ਤੋਂ ਵੱਖ ਹੋਏ ਧੜੇ ਤੇ ਅੰਮ੍ਰਿਤਪਾਲ ਸਿੰਘ ਧੜੇ ਨਾਲ ਨੇੜਤਾ ਹੋਵੇਗੀ?:

ਬਾਦਲ ਦਲ ਤੋਂ ਵੱਖ ਹੋਏ ਧੜੇ ਵੱਲੋਂ ਇਕ ਇਹ ਗੱਲ ਬੜੀ ਪ੍ਰਮੁੱਖਤਾ ਨਾਲ ਚੁੱਕੀ ਜਾ ਰਹੀ ਹੈ ਕਿ ਬਾਦਲ ਦਲ ਨੂੰ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਵਿਰੁਧ ਉਮੀਦਵਾਰ ਨਹੀਂ ਸੀ ਦੇਣਾ ਚਾਹੀਦਾ। ਉਹਨਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਜਿਦ ਕਰਕੇ ਦੋਵਾਂ ਸੀਟਾਂ ਉੱਤੇ ਉਮੀਦਵਾਰ ਖੜ੍ਹੇ ਕੀਤੇ ਜਿਸ ਦਾ ਪਾਰਟੀ ਨੂੰ ਨੁਕਸਾਨ ਹੋਇਆ ਹੈ। ਇਸ ਧੜੇ ਦੇ ਆਗੂਆਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ। ਇਹ ਮੁਲਾਕਾਤ ਕਿਸੇ ਰਸਮੀ ਸਿਆਸੀ ਨੇੜਤਾ ਵਿਚ ਬਦਲੇਗੀ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ। 

ਅੰਮ੍ਰਿਤਪਾਲ ਸਿੰਘ ਧੜੇ ਦੇ ਕੁਝ ਅੰਦਰੂਨੀ ਸਮੀਕਰਣ:

ਹਾਲ ਵਿਚ ਹੀ ਕੁਝ ਅਜਿਹੀਆਂ ਗੱਲਾਂ ਜਨਤਕ ਹੋਈਆਂ ਹਨ ਜਿਹਨਾਂ ਵਿਚੋਂ ਅੰਮ੍ਰਿਤਪਾਲ ਸਿੰਘ ਦੇ ਹਿਮਾਇਤੀ ਹਿੱਸਿਆਂ ਦੇ ਅੰਦਰੂਨੀ ਸਮੀਕਰਣਾਂ ਬਾਰੇ ਪਤਾ ਲੱਗਦਾ ਹੈ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਇਕ ਪੱਤਰਕਾਰ ਵਾਰਤਾ ਦੌਰਾਨ ਇਹ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਦੌਰਾਨ ਉਸਦੇ ਮਾਤਾ-ਪਿਤਾ ਸਮੇਤ ਖਾਸ ਪਰਿਵਾਰਕ ਮੈਂਬਰਾਂ ਜਾਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਬਿਆਨ ਨੂੰ ਅੰਮ੍ਰਿਤਪਾਲ ਸਿੰਘ ਦਾ ਬਿਆਨ ਮੰਨਿਆ ਜਾਵੇ। ਵਕੀਲ ਰਾਜਦੇਵ ਸਿੰਘ ਖਾਲਸਾ ਸਮੇਤ ਕਿਸੇ ਦਾ ਵੀ ਨਾਮ ਲਏ ਬਗੈਰ ਉਹਨਾ ਕਿਹਾ ਕਿ ਕਿਸੇ ਵੀ ਹੋਰ ਵਿਅਕਤੀ ਵੱਲੋਂ ਕਹੀ ਕਿਸੇ ਵੀ ਗੱਲ ਨੂੰ ਅੰਮ੍ਰਿਤਪਾਲ ਸਿੰਘ ਦਾ ਬਿਆਨ ਨਾ ਮੰਨਿਆ ਜਾਵੇ। 

ਤਸਵੀਰ ਚ ਅੰਮਿ੍ਰਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਉਹਨਾਂ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ

ਇਸੇ ਤਰ੍ਹਾਂ ਇਕ ਗੱਲਬਾਤ (ਵੀਡੀਓ) ਵਿਚ ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦੇ ਪਿਤਾ ਹਰਪਾਲ ਸਿੰਘ ਖਾਰਾ, ਜੋ ਕਿ ਖੁਦ ਵੀ ਵਕੀਲ ਹਨ, ਵੱਲੋਂ ਬਿਨਾ ਨਾਮ ਲਏ ਇਕ ਸਰਕਾਰੀ ਅਫਸਰ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਹਿਮਾਇਤੀਆਂ ਵਿਚ ਸ਼ਾਮਿਲ ਉਹ ਅਫਸਰ ਉਹਨਾ ਦੇ ਪੁੱਤਰ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਦੇ ਬਿਆਨ ਦੇਵੇ। ਉਹਨਾ ਇਸ ਕਾਰਵਾਈ ਉੱਤੇ ਸਖਤ ਇਤਰਾਜ਼ ਜਤਾਏ ਹਨ।  ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਹਰਪਾਲ ਸਿੰਘ ਖਾਰਾ ਵੱਲੋਂ ਇਸ ਵੀਡੀਓ ਵਿਚ ਬਿਨਾ ਨਾਮ ਲਏ ਇੰਜੀ. ਜਤਿੰਦਰ ਸਿੰਘ ਭੰਗੂ ਦਾ ਹੀ ਜ਼ਿਕਰ ਕੀਤਾ ਗਿਆ ਹੈ।

ਸ. ਹਰਪਾਲ ਸਿੰਘ ਖਾਰਾ (ਵਕੀਲ)

ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਕੀਤੀ ਗਈ ਪੱਤਰਕਾਰ ਵਾਰਤਾ ਦਾ ਪ੍ਰੈਸ ਬਿਆਨ ਪੰਜਾਬ ਭਾਜਪਾ ਦੇ ਇਕ ਸਿੱਖ ਅਹੁਦੇਦਾਰ ਵੱਲੋਂ ਪੱਤਰਕਾਰਾਂ ਨੂੰ ਭੇਜਿਆ ਗਿਆ। ਇਹ ਅਹੁਦੇਦਾਰ ਭਾਜਪਾ ਵੱਲੋਂ ਭਾਰਤੀ ਕੌਮੀ ਘੱਟਗਿਣਤੀ ਕਮਿਸ਼ਨ ਦਾ ਸਲਾਹਕਾਰ ਵੀ ਨਿਯੁਕਤ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਭਾਜਪਾ ਦੇ ਅਹਿਮ ਅਹੁਦੇਦਾਰ ਵੱਲੋਂ ਅੰਮ੍ਰਿਤਪਾਲ ਸਿੰਘ ਲਈ ਖਬਰਾਂ ਅਤੇ ਪ੍ਰੈਸ ਬਿਆਨਾਂ ਦੀ ਜਿੰਮੇਵਾਰੀ ਨਿਭਾਉਣ ਦੀ ਪੱਤਰਕਾਰਾਂ ਦੇ ਅੰਦਰੂਨੀ ਹਲਕਿਆਂ ਵਿਚ ਖਾਸੀ ਚਰਚਾ ਹੋਈ ਹੈ। 

ਤਸਵੀਰ ‘ਚ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ, ਦਲਜੀਤ ਸਿੰਘ ਕਲਸੀ ਅਤੇ ਕੁਲਵੰਤ ਸਿੰਘ ਰਾਓਕੇ

ਡਿਬਰੂਗੜ੍ਹ ਜੇਲ੍ਹ ਵਿਚੋਂ ਤਿੰਨ ਹੋਰ ਨਜ਼ਰਬੰਦਾਂ- ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ, ਦਲਜੀਤ ਸਿੰਘ ਕਲਸੀ ਅਤੇ ਕੁਲਵੰਤ ਸਿੰਘ ਰਾਓਕੇ ਨੇ ਕ੍ਰਮਵਾਰ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਬਰਨਾਲਾ ਸੀਟਾਂ ਤੋਂ ਪੰਜਾਬ ਵਿਧਾਨ ਸਭਾ ਦੀ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਇਹ ਐਲਾਨ ਤਿੰਨਾਂ ਨਜ਼ਰਬੰਦਾਂ ਦੇ ਪਰਿਵਾਰਾਂ ਵੱਲੋਂ ਕੀਤਾ ਗਿਆ ਹੈ ਜਿਸ ਬਾਰੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਮੁਕੰਮਲ ਚੁੱਪ ਅਖਤਿਆਰ ਕੀਤੀ ਹੋਈ ਹੈ। ਦੂਜੇ ਪਾਸੇ ਰਾਜਦੇਵ ਸਿੰਘ ਖਾਲਸਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਜਿਮਨੀ ਚੋਣਾਂ ਲੜਨ ਬਾਰੇ ਅਜੇ ਤੱਕ ਫੈਸਲਾ ਹੀ ਨਹੀਂ ਕੀਤਾ ਹੈ ਤਾਂ ਉਮੀਦਵਾਰ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ 5 ਜੁਲਾਈ ਨੂੰ ਦਿੱਲੀ ਵਿਖੇ ਅੰਮ੍ਰਿਤਪਾਲ ਸਿੰਘ ਦੀ ਆਪਣੇ ਪਿਤਾ ਤੇ ਚਾਚੇ ਨਾਲ ਹੋਈ ਮੁਲਾਕਾਤ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਉਹਨਾ ਨੂੰ ਜਿਮਨੀ ਚੋਣਾਂ ਵਿਚ ਖੜ੍ਹਨ ਦਾ ਐਲਾਨ ਕਰਨ ਵਾਲੇ ਨਜ਼ਰਬੰਦਾਂ ਦੀ ਅੰਮ੍ਰਿਤਪਾਲ ਸਿੰਘ ਵੱਲੋਂ ਹਿਮਾਇਤ ਬਾਰੇ ਸਵਾਲ ਪੁੱਛੇ ਤਾਂ ਉਹਨਾ ਕਿਹਾ ਕਿ ਮੁਲਾਕਾਤ ਦਾ ਸਮਾਂ ਬਹੁਤ ਘੱਟ ਸੀ ਜਿਸ ਕਰਕੇ ਇਸ ਬਾਰੇ ਗੱਲ ਹੀ ਨਹੀਂ ਹੋ ਸਕੀ। ਪਰ ਪਰਿਵਾਰ ਅਨੁਸਾਰ ਇਸੇ ਮੁਲਾਕਾਤ ਵਿਚ ਅੰਮ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਚੋਣਾਂ ਦੀ ਸਰਗਰਮੀ (ਜਿਵੇਂ ਕਿ ਵੋਟਾਂ ਬਣਵਾਉਣ) ਦਾ ਸੱਦਾ ਦਿੱਤਾ ਹੈ। ਇਸ ਸਭ ਨੇ ਇਸ ਚਰਚਾ ਨੂੰ ਹਵਾ ਦਿੱਤੀ ਹੈ ਡਿਬਰੂਗੜ੍ਹ ਨਜ਼ਰਬੰਦਾਂ ਵਿਚੋਂ ਕਈਆਂ ਦਾ ਅੰਮ੍ਰਿਤਪਾਲ ਸਿੰਘ ਨਾਲ ਵਖਰੇਵਾਂ ਹੋ ਗਿਆ ਹੈ। 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: