November 26, 2021 | By ਸ. ਪਰਮਜੀਤ ਸਿੰਘ ਗਾਜ਼ੀ
ਬੀਤੇ ਦਿਨੀਂ ਬਰਤਾਨੀਆਂ ਦੇ ਕੌਮਾਂਤਰੀ ਖਬਰ ਅਦਾਰੇ ਬੀ.ਬੀ.ਸੀ. ਵੱਲੋਂ ਇਕ ਖਬਰ ਨਸ਼ਰ ਕੀਤੀ ਗਈ ਕਿ ਬਿਜਲ ਸੱਥ ਦੇ ਜਾਅਲੀ ਖਾਤਿਆਂ ਦਾ ਇਕ ਅਜਿਹਾ ਤਾਣਾ-ਪੇਟਾ (ਨੈਟਵਰਕ) ਸਾਹਮਣੇ ਆਇਆ ਹੈ ਜਿਸ ਵੱਲੋਂ ਕਿਰਸਾਨੀ ਸੰਘਰਸ਼ ਦੌਰਾਨ ਸਿੱਖਾਂ ਵਿਰੁੱਧ ਮਿੱਥ ਕੇ ਨਫਰਤ ਫੈਲਾਈ ਜਾ ਰਹੀ ਸੀ। ਬੀ.ਬੀ.ਸੀ. ਨੇ ਇਹ ਖਬਰ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਨਾਮੀ ਸੰਸਥਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਕ ਲੇਖੇ ਦੇ ਅਧਾਰ ਉੱਤੇ ਨਸ਼ਰ ਕੀਤੀ ਸੀ, ਜਿਸ ਲੇਖੇ ਦੀ ਨਕਲ ਬੀ.ਬੀ.ਸੀ. ਦੇ ਕਹੇ ਮੁਤਾਬਿਕ ਵਾਹਿਦ ਤੌਰ ਉੱਤੇ ਇਸ ਖਬਰ ਅਦਾਰੇ ਨਾਲ ਜਨਤਕ ਕਰਨ ਤੋਂ ਪਹਿਲਾਂ ਸਾਂਝੀ ਕੀਤੀ ਗਈ ਸੀ। ਹੁਣ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਦਾ ਪੂਰਾ ਲੇਖਾ ਵੀ ਜਨਤਕ ਕਰ ਦਿੱਤਾ ਗਿਆ ਹੈ।
ਇਸ ਲੇਖੇ ਤੋਂ ਜੋ ਮੁੱਖ ਗੱਲਾਂ ਸਾਹਮਣੇ ਆਈਆਂ ਹਨ ਉਹ ਇਹ ਹਨ ਕਿ:
ਇਹ ਚੋਣਵੇਂ ਨੁਕਤੇ ਇਸ ਵਰਤਾਰੇ ਦੇ ਯੋਜਨਾਬੱਧ ਤੇ ਸੰਗਠਤ ਹੋਣ ਦੀ ਦੱਸ ਤਾਂ ਪਾਉਂਦੇ ਹੀ ਹਨ, ਨਾਲ ਹੀ ਇਸ ਤੋਂ ਇਹ ਹੱਲੇ ਦੀ ਵਿਆਪਕਤਾ ਅਤੇ ਅਸਰ-ਅੰਦਾਜ਼ੀ ਦਾ ਵੀ ਪਤਾ ਲੱਗ ਜਾਂਦਾ ਹੈ।
ਬੀ.ਬੀ.ਸੀ. ਦੀ ਖਬਰ ਮੁਤਾਬਿਕ ਇੰਡੀਆ ਦੀ ਸਰਕਾਰ ਨੇ ਇਹਨਾ ਖੁਲਾਸਿਆਂ ਬਾਰੇ ਪੁੱਛੇ ਗਏ ਸਵਾਲ ਦਾ ਖਬਰ ਨਸ਼ਰ ਕਰਨ ਤੱਕ ਕੋਈ ਜਵਾਬ ਨਹੀਂ ਸੀ ਦਿੱਤਾ।
ਬੈਨਜਾਮਿਨ ਸਟਰਿਕ ਨੇ ਕਿਹਾ ਹੈ: “ਸਾਡੀ ਖੋਜ ਦਰਸਾਉਂਦੀ ਹੈ ਕਿ ਇਹ ਕਾਰਵਾਈਆਂ ਸਿੱਖਾਂ ਦੀ ਅਜ਼ਾਦੀ ਦੇ ਯਤਨਾਂ ਬਾਰੇ ਗਲਤ ਧਾਰਨਾਵਾਂ ਸਿਰਜਣ, ਸਿੱਖਾਂ ਨੂੰ ਬਦਨਾਮ ਕਰਨ, ਸਿੱਖਾਂ ਦੇ ਸਿਆਸੀ ਹਿੱਤਾਂ ਨੂੰ ‘ਅਤਿਵਾਦੀ’ ਬਿਰਤੀ ਗਰਦਾਨਣ, ਇੰਡੀਆ ਅਤੇ ਕੌਮਾਂਤਰੀ ਭਾਈਚਾਰੇ ਵਿਚ ਸੱਭਿਆਚਾਰਕ ਤਣਾਅ ਪੈਦਾ ਕਰਨ ਅਤੇ ਇੰਡੀਆ ਦੀ ਸਰਕਾਰ ਦੀ ਸਮੱਗਰੀ/ਨਜ਼ਰੀਏ ਨੂੰ ਫੈਲਾਉਣ ਦੀ ਇਕ ਸੰਗਠਤ ਕੋਸ਼ਿਸ਼ ਹਨ”।
ਖੋਜਕਰਤਾ ਅਦਾਰੇ ਦੇ ਸਹਿ-ਸੰਸਥਾਪਕ ਅਤੇ ਕਾਰਜੀ ਨਿਰਦੇਸ਼ਨ ਐਡਮ ਰੁਟਲੈਂਡ ਨੇ ਕਿਹਾ: “ਦਿੱਲੀ ਦੇ ਕਿਸਾਨ ਅੰਦੋਲਨ ਸਮੇਂ ਹੋਇਆ ਬਿਰਤਾਂਤਾਂ ਦਾ ਭੇੜ ਇਹ ਦਰਸਾਉਂਦਾ ਹੈ ਕਿ (ਅਜੋਕੇ ਸਮੇਂ ਵਿਚ) ਇਹ ਭੇੜ ਆਹਮੋ-ਸਾਹਮਣੇ ਨਹੀਂ ਬਲਕਿ ਬਿਜਲ-ਸੱਥ ਉੱਤੇ ਹੁੰਦਾ ਹੈ। ਇਹ ਲੇਖਾ ਸਾਫ ਤੌਰ ਉੱਤੇ ਇਹ ਚਿੰਤਾਜਨਕ ਤੱਥ ਨੂੰ ਦਰਸਾਉਂਦਾ ਹੈ ਕਿ ਇੰਡੀਆ ਵਿਚ ਘੱਟਗਿਣਤੀਆਂ ਵਿਰੁਧ ‘ਜਾਣਕਾਰੀ/ਬਿਰਤਾਂਤ ਦੀ ਜੰਗਬਾਜ਼ੀ’ (ਇਨਫਰਮੇਸ਼ਨ ਵਾਰਫੇਅਰ) ਚੱਲ ਰਹੀ ਹੈ”।
ਬੀ.ਬੀ.ਸੀ. ਦੀ ਖਬਰ ਅਨੁਸਾਰ ਬਿਜਲ-ਸੱਥ ਮੰਚਾਂ ਵੱਲੋਂ ਸ਼ਨਾਖਤ ਹੇਠ ਆਏ 80 ਜਾਅਲੇ ਖਾਤੇ ਬੰਦ ਕਰ ਦਿੱਤੇ ਗਏ ਹਨ।
ਕਿਸੇ ਨਿਰਪੱਖ ਅਦਾਰੇ ਵੱਲੋਂ ਇੰਝ ਖੋਜ ਕਰਕੇ ਇਹ ਗੱਲ ਨਸ਼ਰ ਕਰਨੀ ਕਿ ‘ਬਿਜਲ ਸੱਥ ਉਤੇ ਸਿੱਖਾਂ ਨੂੰ ਸੰਗਠਤ ਯਤਨਾਂ ਰਾਹੀਂ ਮਿੱਥ ਕੇ ਨਫਰਤ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ’ ਆਪਣੇ ਆਪ ਵਿਚ ਹੀ ਇਸ ਮਸਲੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਬਿਆਨ ਕਰਨ ਵਾਲੀ ਗੱਲ ਹੈ।
ਇਥੇ ਇਹ ਗੱਲ ਵਿਚਾਰਨੀ ਅਹਿਮ ਹੋ ਜਾਂਦੀ ਹੈ ਕਿ ਕਿਤੇ ਜਾਅਲੀ ਖਾਤਿਆਂ ਦਾ ਇਹ ਤਾਣਾ-ਪੇਟਾ ਇੰਡੀਆ ਦੀ ਸਰਕਾਰ ਵੱਲੋਂ 2018 ਵਿਚ ਤਜਵੀਜ ਕੀਤੇ ਗਏ ‘ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ’ (ਸੋਮੀਕਹ) ਨਾਮੀ ਖਤਰਨਾਕ ਢਾਂਚੇ ਦੀ ਪਰਦੇ ਪਿੱਛੇ ਕਰ ਲਈ ਉਸਾਰੀ ਦਾ ਸੂਚਕ ਤਾਂ ਨਹੀਂ ਹੈ?
ਸੋਮੀਕਹ ਤੰਤਰ ਰਾਹੀਂ ਸਰਕਾਰ ਨੇ ਅਜਿਹਾ ਢਾਂਚਾ ਸਿਰਜਣਾ ਸੀ ਜਿਸ ਨਾਲ ਬਿਜਲ ਸੱਥ ਦੇ ਮੰਚਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਣੀ ਸੀ ਅਤੇ ਵਰਤੋਂਕਾਰਾਂ ਵੱਲੋਂ ਪਾਈ ਜਾ ਰਹੀ ਜਾਣਕਾਰੀ ਦੇ ਅਧਾਰ ਉੱਤੇ ਉਹਨਾ ਬਾਰੇ ਸਰਬਪੱਖੀ ਖਰੜਾ (360 ਡਿਗਰੀ ਪ੍ਰੋਫਾਈਲ) ਤਿਆਰ ਕੀਤੀ ਜਾਣੀ ਸੀ। ਇਸ ਤੰਤਰ ਨੇ ਬਿਜਲ ਸੱਥ ਰਾਹੀਂ ਲੋਕਾਂ ਦੇ ਮਿਜਾਜ (ਸੋਸ਼ਲ ਮੀਡੀਆ ਸੈਂਟੀਮੈਂਟ) ਦੀ ਸੂਹ ਰੱਖਣੀ ਸੀ ਅਤੇ ਰੋਜਾਨਾ 6 ਲੇਖੇ ਤਿਆਰ ਕਰਕੇ ਸਰਕਾਰ ਦੀਆਂ ਤਰਜੀਹਾਂ ਮੁਤਾਬਕ ਜਾਣਕਾਰੀ ਅਤੇ ਇਸ ਦੇ ਸਰੋਤਾਂ ਨੂੰ ‘ਨਾਂਹ-ਪੱਖੀ’, ‘ਹਾਂ-ਪੱਖੀ’ ਅਤੇ ‘ਬੇਲਾਗ’ ਦੀਆਂ ਸ਼੍ਰੇਣੀਆਂ ਵਿੱਚ ਵੰਡਾਣਾ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਸਮੀਕੋਹ ਤੰਤਰ ਰਾਹੀਂ ਮੋੜਵੀਆਂ ਪਰਚਾਰ ਮੁਹਿੰਮਾਂ ਚਲਾਉਣੀਆਂ ਸਨ ਤਾਂ ਕਿ ਲੋਕਾਂ ਦੇ ਵਿਚਾਰਾਂ ਤੇ ਧਾਰਨਾਵਾਂ (ਪਰੀਸੈਪਸ਼ਨ) ਨੂੰ ਬਦਲਿਆ ਜਾ ਸਕੇ।
‘ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ’ (ਸਮੀਕੋਹ) ਬਾਰੇ ਸਰਕਾਰੀ ਦਸਤਾਵੇਜ਼ੀ ਵਿੱਚ ਜਿਹਨਾ ਕਾਰਜਾਂ ਦਾ ਉਚੇਚਾ ਜ਼ਿਕਰ ਸੀ, ਉਹ ਇਸ ਪ੍ਰਕਾਰ ਹਨ:
ਸਮੀਕੋਹ ਤੰਤਰ ਸਿਰਜਣ ਦੇ ਵਿਚਾਰ ਦਾ ਸਾਲ 2018 ਵਿਚ ਬਹੁਤ ਤਿੱਖਾ ਵਿਰੋਧ ਹੋਇਆ ਸੀ। ਇਹ ਮਾਮਲਾ ਇੰਡੀਆ ਦੇ ਸੁਪਰੀਮ ਕੋਰਟ ਵਿਚ ਵੀ ਗਿਆ ਅਤੇ ਸਮਾਜਿਕ ਧਿਰਾਂ (ਸਿਵਲ ਸੁਸਾਇਟੀ), ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਨਿੱਜਤਾ ਦੇ ਹੱਕ ਦੇ ਅਲਮਬਰਦਾਰਾਂ ਨੇ ਇਸ ਤੰਤਰ ਦੇ ਵਿਚਾਰ ਨੂੰ ਸਮਾਜ ਲਈ ਬਹੁਤ ਖਤਰਨਾਕ ਦੱਸਿਆ। ਉਹਨਾ ਦਾ ਕਹਿਣਾ ਸੀ ਕਿ ਸਮੀਕੋਹ ਤੰਤਰ ਰਾਹੀਂ ਸਰਕਾਰ ਨੇ ਲੋਕਾਂ ਦੀ ਨਿੱਜਤਾ ਦਾ ਘਾਣ ਕਰਦਿਆਂ ਉਹਨਾਂ ਦੀ ਜਸੂਸੀ ਕਰਨੀ ਸੀ ਅਤੇ ਲੋਕਾਂ ਦੇ ਮਨਾਂ ਤੇ ਵਿਚਾਰਾਂ ਨੂੰ ਕਾਬੂ ਕਰਨਾ ਸੀ। ਸਰਕਾਰ ਨੇ ਗੱਲ ਜ਼ਿਆਦਾ ਖਿੱਲਰਦੀ ਵੇਖ ਕੇ ਸਮੀਕੋਹ ਤੰਤਰ ਦੀ ਉਸਾਰੀ ਦੇ ਵਿਚਾਰ ਉੱਤੇ ਅਮਲ ਨਾ ਕਰਨ ਦਾ ਐਲਾਨ ਕੀਤਾ ਸੀ।
ਆਓ ਹੁਣ ਸਮੀਕੋਹ ਬਾਰੇ ਇਸ ਸੰਖੇਪ ਜਾਣਕਾਰੀ ਦੀ ਰੌਸ਼ਨੀ ਵਿਚ ਬਿਜਲ ਸੱਥ ਦੇ ਜਾਅਲੀ ਖਾਤਿਆਂ ਰਾਹੀਂ ਸਿੱਖਾਂ ਨੂੰ ਨਫਰਤ ਦਾ ਨਿਸ਼ਾਨਾ ਬਣਾਉਣ ਬਾਰੇ ਜਾਰੀ ਹੋਏ ਲੇਖੇ ਬਾਰੇ ਮੁੜ ਵਿਚਾਰ ਕਰਦੇ ਹਾਂ।
ਲੇਖੇ ਵਿਚ ਸਾਹਮਣੇ ਨੁਕਤਿਆਂ ਦੇ ਕਾਰਜ-ਦਾਇਰੇ ਵੱਲ ਧਿਆਨ ਦਿਓ। ਇਹ ਬਿਲਕੁਲ ਉਹੀ ਦਾਇਰਾ ਹੈ ਜੋ ਕਿ ‘ਮੋੜਵੀਆਂ ਪ੍ਰਚਾਰ ਮੁਹਿੰਮਾਂ’ ਰਾਹੀਂ ‘ਧਾਰਨਾਵਾਂ ਨੂੰ ਘੜਨ, ਸੁਧਾਰਨ, ਤੋੜਨ-ਮਰੋੜਨ ਤੇ ਮੁੜ-ਸਿਰਜਣ’ ਲਈ ਸਮੀਕੋਹ ਤੰਤਰ ਦਾ ਤਜਵੀਜਤ ਕਾਰਜ-ਦਾਇਰਾ ਸੀ।
ਦੂਜੀ ਅਹਿਮ ਗੱਲ ਉਸ ਵਰਤਾਰੇ ਦੀ ਹੈ ਜਿਸ ਦਾ ਸੰਬੰਧ ਬਿਜਲ-ਸੱਥ ਦੇ ਖਾਤਿਆਂ ਅਤੇ ਬਿਜਲ ਸੱਥ ਉੱਤੇ ਪੈ ਰਹੀ ਸਮਗਰੀ ਦੀ ‘ਸ਼੍ਰੇਣੀ ਵੰਡ’ ਕਰਨ ਦੇ ਕਾਰਜ ਨਾਲ ਹੈ ਜਿਸ ਦਾ ਜ਼ਿਕਰ ਜਿਸ ਦਾ ਜਿਕਰ ਸਮੀਕੋਹ ਤੰਤਰ ਦੇ ਉੱਪਰ ਬਿਆਨੇ ਕਾਰਜ-ਦਾਇਰੇ ਵਿਚ ਦਰਜ਼ ਸੀ।
ਭਾਵੇਂ ਹਾਲੀਆ ਖੁਲਾਸੇ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਪਰ ਇਹ ਇਕ ਸਥਾਪਿਤ ਤੱਥ ਹੈ ਕਿ ਇੰਡੀਆ ਦੀ ਸਰਕਾਰ ਵੱਲੋਂ ਇਕਪਾਸੜ ਕਾਰਵਾਈ ਰਾਹੀਂ ਸੈਕੜਿਆਂ ਦੀ ਤਾਦਾਦ ਵਿਚ ਸਿੱਖ ਵੈਬਸਾਈਟਾਂ; ਸਿੱਖਾਂ ਦੇ ਫੇਸਬੁੱਕ ਸਫਿਆਂ, ਫੇਸਬੁੱਕ ਖਾਤਿਆਂ, ਯੂਟਿਊਬ ਚੈਨਲਾਂ ਅਤੇ ਟਵਿੱਟਰ ਖਾਤਿਆਂ ਨੂੰ ਬੰਦ ਕਰਵਾਇਆ ਗਿਆ ਹੈ, ਜਾਂ ਉਹਨਾਂ ਦੀ ਪਹੁੰਚ ਇੰਡੀਆ ਵਿਚ ਰੋਕੀ ਹੈ। ਇਸੇ ਤਰ੍ਹਾਂ ਸਿੱਖਾਂ ਵੱਲੋਂ ਬਿਜਾਲ (ਇੰਟਰਨੈਟ) ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਪਾਈ ਗਈ ਜੋ ਸਮਗਰੀ ਸਰਕਾਰ ਵੱਲੋਂ ਲਹਾਈ ਗਈ ਹੈ ਜਾਂ ਜਿਸ ਤੱਕ ਪਹੁੰਚ ਇੰਡੀਆ ਵਿਚ ਰੋਕ ਦਿੱਤੀ ਗਈ ਹੈ, ਉਸ ਦੀ ਗਿਣਤੀ ਲੱਖਾਂ ਨੂੰ ਪਾਰ ਕਰ ਜਾਂਦੀ ਹੈ। ਮਿਸਾਲ ਵਜੋਂ ਸਿੱਖ ਸਿਆਸਤ ਦੇ ਦੋ ਬਿਜਾਲੀ ਖਬਰ ਮੰਚਾਂ (ਨਿਊਜ਼ ਵੈਬਸਾਈਟਾਂ) ਉਤੇ ਹੀ ਕਰੀਬ 27,000 ਅਜਹੀਆਂ ਖਬਰਾਂ ਅਤੇ ਲਿਖਤਾਂ ਹਨ ਜਿਹੜੀਆਂ ਇੰਡੀਆ ਵਿਚ ਖੁੱਲ੍ਹਣ ਤੋਂ ਰੋਕੀਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਜੈਜੀ ਬੈਂਸ ਦਾ ਟਿਵੱਟਰ ਖਾਤਾ ਇੰਡੀਆ ਵਿਚ ਰੋਕਿਆ (ਬਲੌਕ ਕੀਤਾ) ਹੋਇਆ ਹੈ। ਕਿਸਾਨੀ ਸੰਘਰਸ਼ ਬਾਰੇ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮੇ ਦਾ ਮਕਬੂਲ ਗੀਤ ‘ਪੇਚਾ ਪੈ ਗਿਆ ਸੈਂਟਰ’ ਨਾਲ ਵੀ ਇੰਡੀਆ ਵਿਚ ਰੋਕਿਆ (ਬਲੌਕ ਕੀਤਾ) ਹੋਇਆ ਹੈ। ਇਹ ਮਿਸਾਲਾਂ ਬਿਜਲ ਸੱਥ ਉੱਤੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਵਰਤਾਏ ਜਾ ਰਹੇ ਵਰਤਾਰੇ ਦੀ ਝਲਕ ਮਾਤਰ ਹੀ ਹਨ। ਸਿੱਖਾਂ ਦਾ ਪੱਖ ਪੇਸ਼ ਕਰਨ ਵਾਲੇ ਖਬਰ ਅਦਾਰਿਆਂ, ਪੱਤਰਕਾਰਾਂ, ਸੰਸਥਾਵਾਂ ਦੇ ਹਜ਼ਾਰਾਂ ਬਿਜਲ-ਸੱਥ ਸਫੇ, ਖਾਤੇ ਅਤੇ ਮੰਚ ਸਰਕਾਰ ਵੱਲੋਂ ਬੰਦ ਕਰਵਾਏ ਗਏ ਹਨ। ਪੰਜਾਬ ਵਿਚ ਸਰਗਰਮ ਸਿੱਖ ਕਾਰਕੁੰਨਾਂ ਦੇ ਸੈਂਕੜੇ ਬਿਜਲ ਸੱਥ ਖਾਤੇ ਹਾਲੀਆ ਦਿਨਾਂ ਦੌਰਾਨ ਹੀ ਬੰਦ ਕਰਵਾਏ ਗਏ ਹਨ।
ਇਹ ਸਭ ਇਸੇ ਗੱਲ ਵੱਲ ਇਸ਼ਾਰਾ ਹੈ ਕਿ ਸਰਕਾਰ ਨੇ ‘ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ’ (ਸੋਮੀਕਹ) ਜਾਂ ਇਸੇ ਵਰਗੇ ਕਿਸੇ ਹੋਰ ਤੰਤਰ ਦੀ ਉਸਾਰੀ ਕਰ ਲਈ ਹੈ ਇਸੇ ਲਈ ਇਸ ਵਿਆਪਕ ਕਾਰਜ ਖੇਤਰ ਵਿਚ ਇੰਨੇ ਸੰਗਠਤ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਅੰਸ’ ਦੇ ਲੇਖੇ ਨੇ ਖਤਰੇ ਦਾ ਘੁੱਗੂ ਵਜਾਉਣ ਦਾ ਕੰਮ ਕੀਤਾ ਹੈ। ਬੇਸ਼ੱਕ ਇਸ ਵਾਰ ਸਿੱਖ ਨਿਸ਼ਾਨੇ ਉੱਤੇ ਹਨ ਪਰ ਇਸ ਦੀ ਵੱਖਰੇ ਵਿਚਾਰ ਰੱਖਣ ਵਾਲੇ ਸਭਨਾ ਨੂੰ ਪਵੇਗੀ ਕਿਉਂਕਿ ਤਾਕਤ ਦੀ ਦੁਰਵਰਤੋਂ ਬੇਸ਼ੱਕ ਕਿਸੇ ਵੱਖਰਿਆਏ ਜਾਣਯੋਗ ਛੋਟੇ ਹਿਸੇ ਤੋਂ ਸ਼ੁਰੂ ਹੁੰਦੀ ਹੈ ਪਰ ਜਦੋਂ ਇਹ ਦੁਰਵਰਤੋਂ ਦਸਤੂਰ ਬਣ ਜਾਵੇ ਤਾਂ ਇਸ ਦੀ ਮਾਰ ਸਭਨਾ ਨੂੰ ਝੱਲਣੀ ਪੈਂਦੀ ਹੈ। ਇਹ ਗੱਲ ਵੇਖਣ ਵਾਲੀ ਹੋਵੇਗੀ ਕਿ ਇੰਡੀਆ ਵਿਚ ਖੁਦ ਨੂੰ ਨਿਰਪੱਖ ਦੱਸਣ ਵਾਲਾ ਖਬਰਖਾਨਾ ਅਤੇ ਸਮਾਜਿਕ ਹਿੱਸੇ ਇਸ ਉੱਤੇ ਕੀ ਪ੍ਰਤੀਕਿਰਿਆ ਕਰਦੇ ਹਨ। ਕੀ ਉਹ ਖੁੱਲ੍ਹ ਕੇ ਇਸ ਮਾਮਲੇ ਵਿਚ ਸਾਹਮਣੇ ਆਉਣਗੇ ਜਾਂ ਆਪਣੀ ਵਾਰੀ ਆਉਣ ਦੀ ਉਡੀਕ ਕਰਨਗੇ?
Related Topics: Parmjeet Singh Gazi