June 17, 2022 | By ਮਲਕੀਤ ਸਿੰਘ ਭਵਾਨੀਗੜ੍ਹ
ਸਮੇਂ ਨਾਲ ਬਹੁਤ ਕੁਝ ਬਦਲਦਾ ਰਹਿੰਦਾ ਹੈ, ਇਹ ਅਟੱਲ ਸੱਚਾਈ ਹੈ। ਪਰ ਸਮੇਂ ਨਾਲ ਬਦਲਿਆ ਸਭ ਕੁਝ ਹੀ ਸਹੀ ਨਹੀਂ ਹੁੰਦਾ, ਇਹ ਵੀ ਉਤਨੀ ਹੀ ਅਟੱਲ ਸੱਚਾਈ ਹੈ। ਜਦੋਂ ਮਨੁੱਖ ਆਪਣੇ ਅਸਲ ਸੋਮੇ ਤੋਂ ਦੂਰ ਹੁੰਦਾ ਜਾਂਦਾ ਹੈ ਤਾਂ ਸਮਾਂ ਉਸਨੂੰ ਕਈ ਦਫ਼ਾ ਇਤਨਾ ਕਮਜ਼ੋਰ ਕਰ ਦਿੰਦਾ ਹੈ ਕਿ ਉਹ ਆਪਣੇ ਸਿਧਾਂਤ ਨਾਲ ਵੀ ਸਮਝੌਤਾ ਕਰ ਜਾਂਦਾ ਹੈ। ਛੋਟੇ ਛੋਟੇ ਸਮਝੌਤਿਆਂ ਤੋਂ ਸ਼ੁਰੂ ਹੋਇਆ ਇਹ ਵਿਗਾੜ ਇੱਕ ਦਿਨ ਵੱਡੇ ਸਿਧਾਂਤਕ ਸਮਝੌਤੇ ਕਰ ਜਾਂਦਾ ਹੈ, ਜਿੱਥੋਂ ਫਿਰ ਬੇਚੈਨੀ ਅਤੇ ਉਦਾਸੀਨਤਾ ਦਾ ਆਲਮ ਜੀ ਆਇਆਂ ਆਖਦਾ ਹੈ। ਫਿਰ ਜਿੰਨਾ ਸਮਾਂ ਸਹੀ ਰਸਤਾ ਨਹੀਂ ਮਿਲਦਾ ਮਨੁੱਖ ਆਪਣੀ ਊਰਜਾ ਇਧਰ ਉਧਰ ਖਪਤ ਕਰਦਾ ਰਹਿੰਦਾ ਹੈ, ਜਿਥੋਂ ਵੀ ਓਹਨੂੰ ਕੋਈ ਕਿਣਕਾ ਮਾਤਰ ਆਸ ਬੱਝਦੀ ਹੈ, ਓਥੇ ਉਹ ਆਪਣਾ ਪੂਰਾ ਤਾਣ ਲਾ ਦਿੰਦਾ ਹੈ। ਪਰ ਊਰਜਾ ਸਹੀ ਥਾਂ ਨਾ ਲੱਗਣ ਕਰਕੇ ਉਸਦੀ ਅਵਾਜ਼ ਨੂੰ ਹੁੰਗਾਰਾ ਨਹੀਂ ਮਿਲਦਾ, ਫਿਰ ਮਨੁੱਖ ਥੱਕਦਾ ਹੈ, ਨਿਰਾਸ਼ ਹੁੰਦਾ ਹੈ ਅਤੇ ਕਈ ਦਫ਼ਾ ਇਸ ਜੱਦੋ-ਜਹਿਦ ਤੋਂ ਮੂੰਹ ਹੀ ਘੁਮਾ ਜਾਂਦਾ ਹੈ।
ਅੱਜ ਵੀ ਇਸੇ ਤਰ੍ਹਾਂ ਦੀ ਸਥਿਤੀ ਹੈ, ਸਿੱਖਾਂ ਦਾ ਵੱਡਾ ਹਿੱਸਾ ਆਪਣੀ ਰਵਾਇਤ ਤੋਂ ਰਸਤਾ ਭਟਕ ਕੇ ਆਪਣੀ ਊਰਜਾ ਥਾਂ-ਥਾਂ ਲਾ ਰਿਹਾ ਹੈ ਅਤੇ ਹੁੰਗਾਰੇ ਦੀ ਆਸ ਰੱਖ ਰਿਹਾ ਹੈ। ਇਸ ਤੇਜ ਰਫਤਾਰ ਬੇਚੈਨੀ ਵਿੱਚ ਉਹ ਆਪਣਾ ਆਗੂ ਕਦੀ ਵੋਟਾਂ ’ਚੋ ਲੱਭਣ ਦਾ ਯਤਨ ਕਰਦਾ ਹੈ, ਕਦੀ ਬਿਜਲ ਸੱਥ (ਸੋਸ਼ਲ ਮੀਡੀਆ) ਤੋਂ। ਵੋਟਾਂ ਥੋੜ੍ਹੇ ਸਮੇਂ ਬਾਅਦ ਹੀ ਆ ਜਾਣੀਆਂ ਹੁੰਦੀਆਂ ਨੇ, ਕਦੀ ਵਿਧਾਨ ਸਭਾ ਦੀਆਂ, ਕਦੀ ਲੋਕ ਸਭਾ ਦੀਆਂ ਜਾਂ ਕਦੀ ਕੋਈ ਜ਼ਿਮਨੀ ਚੋਣ। ਸੋਸ਼ਲ ਮੀਡੀਆ ਹਰ ਰੋਜ਼ ਹੀ ਸਰਗਰਮ ਹੈ, ਆਪਣੇ ਕੋਝੇ ਲਾਲਚ ਕਰਕੇ ਬੰਦੇ ਇਸ ਦਾ ਲਾਹਾ ਵੀ ਲੈ ਰਹੇ ਹਨ। ਜਿਸਨੂੰ ਗਰਮ ਗਰਮ ਗੱਲਾਂ ਲਿਖਣੀਆਂ, ਬੋਲਣੀਆਂ ਅਤੇ ਲੋਕਾਂ ਨੂੰ ਜਚਾਉਣੀਆਂ ਆ ਜਾਂਦੀਆਂ ਹਨ ਓਹਦੇ ’ਚੋਂ ਲੋਕ ਆਪਣਾ ਆਗੂ ਲੱਭਣ ਲੱਗ ਜਾਂਦੇ ਹਨ। ਅੱਜ ਹੋਰ, ਕੱਲ੍ਹ ਹੋਰ ….ਇਹ ਸਿਲਸਿਲਾ ਨਿਰੰਤਰ ਜਾਰੀ ਹੈ।
ਇਸ ਸਭ ਦੇ ਚੱਲਦਿਆਂ ਜੋ ਸਥਿਤੀ ਦੁਨੀਆਂ ਪੱਧਰ ਦੀ ਹੈ, ਉਹ ਬਿਲਕੁਲ ਵੱਖਰੀ ਹੈ। ਦੁਨੀਆਂ ਦੇ ਲੋਕ ਪੂਰਨ ਆਸ ਨਾਲ ਸਿੱਖਾਂ ਵੱਲ ਵੇਖ ਰਹੇ ਹਨ। ਪ੍ਰੋ. ਪੂਰਨ ਸਿੰਘ ਨੇ ਜੋ ਇੱਕ ਦਫ਼ਾ ਲਿਖਿਆ ਸੀ, ਅੱਜ ਇਸ ਸਥਿਤੀ ’ਤੇ ਉਹ ਬਿਲਕੁਲ ਢੁੱਕਦਾ ਹੈ – “ਇਸ ਵੇਲੇ ਕੋਝੇ ਲਾਲਚ ਨੂੰ ਛੱਡਣਾ ਪਏਗਾ। ਸਿੱਖੀ ਦਾ ਉਹ ਪੈਗਾਮ ਜਿਸਦੇ ਵਾਸਤੇ ਸੰਸਾਰ ਤੜਪ ਰਿਹਾ ਹੈ ਤੇ ਪੁਕਾਰ ਕੇ ਕਹਿ ਰਿਹਾ ਹੈ ਕਿ ਖ਼ਾਲਸਾ ਜੀ! ਗੁਰੂ ਬਾਬੇ ਦੇ ਦਰਸ਼ਨ ਕਦ ਕਰਾਉਗੇ? ਗੁਰੂ ਅਰਜਨ ਦੇਵ ਜੀ ਦੇ ਖ਼ਾਲਸਾ ਜੀ! ਕਲਗੀਆਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਰਚੇ ਆਦਰਸ਼ਕ ਖ਼ਾਲਸਾ ਜੀ! ਦੁਨੀਆ ਵਿਲਕ ਰਹੀ ਹੈ।”
ਮੌਲਾਨਾ ਜਲਾਲ-ਉਦ-ਦੀਨ ਰੂਮੀ ਕਹਿੰਦੇ ਹਨ “ਜਾਏਂਗਾ ਦੂਰ ਜਦੋਂ ਆਪਣੀਆਂ ਜੜ੍ਹਾਂ ਤੋਂ, ਤਾਂ ਮਾਰੇਂਗਾ ਅਵਾਜ਼ ਆਪਣੀਆਂ ਜੜ੍ਹਾਂ ਨੂੰ…. ਤੇਰੀ ਅਵਾਜ਼ ਨੂੰ ਹੁੰਗਾਰਾ ਜੇਕਰ ਮਿਲੇਗਾ ਕਿਤੋਂ ਆਖ਼ਿਰ, ਤਾਂ ਮਿਲੇਗਾ ਤੇਰੀਆਂ ਜੜ੍ਹਾਂ ਤੋਂ।” ਸੋ ਜਿਸ ਤਰ੍ਹਾਂ ਦੀ ਸਥਿਤੀ ਹੁਣ ਸਾਨੂੰ ਦਰਪੇਸ਼ ਹੈ, ਉਸ ਵਿੱਚ ਆਪਣੀਆਂ ਜੜ੍ਹਾਂ ਨੂੰ ਹੀ ਅਵਾਜ਼ ਮਾਰਨੀ ਪਵੇਗੀ ਅਤੇ ਸਾਡੀ ਅਵਾਜ਼ ਨੂੰ ਹੁੰਗਾਰਾ ਵੀ ਸਾਡੀਆਂ ਜੜ੍ਹਾਂ ਤੋਂ ਹੀ ਮਿਲੇਗਾ। ਜੜ੍ਹਾਂ ਰਵਾਇਤ ਹਨ, ਰਵਾਇਤ ਅਨੁਸਾਰ ਫੈਸਲੇ ਕਰਨ ਦੇ ਅਮਲ ’ਚ ਪੈਣਾ ਪਵੇਗਾ, ਰਵਾਇਤ ਅਨੁਸਾਰ ਜਥੇਬੰਦ ਹੋਣਾ ਪਵੇਗਾ ਅਤੇ ਰਵਾਇਤ ਅਨੁਸਾਰ ਹੀ ਆਗੂ ਚੁਣਨੇ ਪੈਣਗੇ।
ਸਾਡੀ ਰਵਾਇਤ ਕਹਿੰਦੀ ਹੈ ਕਿ ਗੁਰੂ ਖਾਲਸਾ ਪੰਥ ਵਿੱਚ ਫੈਸਲੇ ਲੈਣ ਲਈ ‘ਗੁਰਮਤਾ’ ਸੰਸਥਾ ਹੈ। ਗੁਰਸਿੱਖ ਆਪਣੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਗੁਰਮਤਿ ਦੀ ਰੌਸ਼ਨੀ ਵਿੱਚ ਫੈਸਲੇ ਤਲਾਸ਼ਦੇ ਹਨ। ਗੁਰਮਤਾ, ਜਾਣੀ ਗੁਰੂ ਦੀ ਮੱਤ, ਗੁਰੂ ਦਾ ਫੈਸਲਾ, ਖਾਲਸਾ ਜਥੇਬੰਦੀ ਦੇ ਜਜ਼ਬੇ ਦਾ ਸੰਸਥਾਗਤ ਪ੍ਰਗਟਾਵਾ। ਗੁਰੂ ਖਾਲਸਾ ਪੰਥ ਵਿੱਚ ਫੈਸਲੇ ਸੰਗਤੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੰਚ-ਪ੍ਰਧਾਨੀ ਪ੍ਰਣਾਲੀ ਤਹਿਤ ਕੀਤੇ ਜਾਂਦੇ ਹਨ। ਪੰਜ ਸਿੰਘ ਸਾਹਿਬਾਨ ਦਾ ਹੁਕਮ ਅੰਤਿਮ ਹੁੰਦਾ ਹੈ। ਫੈਸਲਾ ਲੈਣ ਵਾਲੇ ਪੰਜ ਸਿੰਘ ਸਾਹਿਬ ਮੌਕੇ ’ਤੇ ਹੀ ਸੰਗਤ ਵਿੱਚੋਂ ਚੁਣੇ ਜਾਂਦੇ ਹਨ ਅਤੇ ਅੰਤਮ ਫੈਸਲਾ ਲੈਣ ਤੋਂ ਬਾਅਦ ਮੁੜ ਸੰਗਤ ਦਾ ਹੀ ਹਿੱਸਾ ਬਣ ਜਾਂਦੇ ਹਨ।
ਸਿੱਖ-ਸੰਗਤ ਪੁਰਾਤਨ ਸਮਿਆਂ ਤੋਂ ਹੀ ਕੁਝ ਪ੍ਰਮੁੱਖ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਗੁਰੂ ਸਾਹਿਬ ਦੀ ਆਗਿਆ ਨਾਲ ਜਥੇ ਸਾਜਦੀ ਰਹੀ ਹੈ, ਜਿਨ੍ਹਾਂ ਦੀ ਕੁਲ ਹੋਂਦ ਗੁਰੂ ਖਾਲਸਾ ਪੰਥ ਦੀ ਜਥੇਬੰਦੀ ਤੋਂ ਵੱਖਰੀ ਨਹੀਂ ਹੁੰਦੀ। ਜਥੇ ਸਮੇਂ ਸਮੇਂ ’ਤੇ ਇੱਕ ਦੂਜੇ ਤੋਂ ਵੱਖ ਅਤੇ ਇਕੱਠੇ ਹੁੰਦੇ ਰਹੇ ਹਨ। ਖਾਲਸਾ ਪੰਥ ਦੇ ਅੰਦਰੂਨੀ ਜਥਿਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਰਜੇਬੰਦੀ/ਅਹੁਦੇਦਾਰੀ ਨਹੀਂ ਹੁੰਦੀ, ਸਮਰੱਥਾ ਮੁਤਾਬਕ ਕਿਸੇ ਨੂੰ ਕੋਈ ਵੀ ਕੰਮ ਦਿੱਤਾ ਜਾ ਸਕਦਾ ਹੈ। ਗੁਰੂ ਖਾਲਸਾ ਪੰਥ ਦਾ ਹੰਨੇ-ਹੰਨੇ ਮੀਰੀ ਦਾ ਅਮਲ ਰਿਹਾ ਹੈ ਅਤੇ ਹੈ।
ਗੁਰੂ ਖਾਲਸਾ ਪੰਥ ਵਿੱਚ ਪਹਿਲੇ ਪਾਤਿਸਾਹ ਦੇ ਸਮੇਂ ਤੋਂ ਹੀ ਆਗੂ ਚੁਣਨ ਦੀ ਰਵਾਇਤ ਗੁਣ ਅਧਾਰਤ ਰਹੀ ਹੈ। ਸੇਵਾ ਅਤੇ ਸਿਰੜ ਰਾਹੀਂ ਆਪਣੇ ਆਪ ਉੱਚੀਆਂ ਸ਼ਖਸੀਅਤਾਂ ਪ੍ਰਤੱਖ ਨਿੱਤਰ ਆਉਦੀਆਂ ਹਨ। ਵੋਟਾਂ ਦੇ ਜਰੀਏ ਬਹੁਗਿਣਤੀ ਨਾਲ ਆਗੂ ਥਾਪਣ ਦੀ ਰੀਤ ਨਹੀਂ ਸੀ। ਸਮੁੱਚੇ ਖਾਲਸਾ ਪੰਥ ਜਾਂ ਕਿਸੇ ਇੱਕ ਜਥੇ ਦਾ ਜਥੇਦਾਰ ਪ੍ਰਬੰਧਕ ਦੀ ਤਰ੍ਹਾਂ ਹੀ ਵਿਚਰਦਾ ਹੈ। ਗੁਰੂ ਖਾਲਸਾ ਪੰਥ ਜਾਂ ਕਿਸੇ ਇੱਕ ਜਥੇ ਦੇ ਸਭ ਫੈਸਲੇ ਸਾਂਝੇ ਰੂਪ ਵਿੱਚ ਪੰਜ ਸਿੰਘ ਸਾਹਿਬਾਨ ਵਲੋਂ ਹੀ ਲਏ ਜਾਂਦੇ ਹਨ। ਜਥੇ ਦੇ ਪੱਧਰ ਉਤੇ ਅਗਵਾਈ ਵਿੱਚ ਸ਼ਬਦ ਦੇ ਅਭਿਆਸੀ-ਬਾਣੀ ਦੇ ਰਸੀਏ, ਪੰਥ ਦਰਦੀ ਤੇ ਦੁਨਿਆਵੀ ਗੁਣਾਂ ਵਿੱਚ ਮਾਹਰ ਸ਼ਖਸੀਅਤ ਦਾ ਤਵਾਜਨ ਹੋਣਾ ਚਾਹੀਦਾ ਹੈ।
ਜੜ੍ਹਾਂ ਵੱਲ੍ਹ ਸਹਿਜ ਨਾਲ ਹੀ ਪਰਤਿਆ ਜਾਵੇਗਾ, ਇਸ ਲਈ ਸਭ ਤੋਂ ਜਰੂਰੀ ਸਾਡੇ ਅੰਦਰ ਦੀ ਕਾਹਲ ਨੂੰ ਖਤਮ ਕਰਨਾ ਹੈ। ਇਹ ਸਾਡੀ ਸੇਵਾ, ਸਿਮਰਨ ਅਤੇ ਅਰਦਾਸ ਨਾਲ ਹੀ ਸੰਭਵ ਹੋਵੇਗਾ। ਅਖੀਰ ਵਿੱਚ ਪ੍ਰੋ. ਪੂਰਨ ਸਿੰਘ ਜੀ ਦੀ ਕਹੀ ਗੱਲ ਨੂੰ ਚੇਤੇ ਕਰੀਏ ਅਤੇ ਆਪਣੇ ਅਮਲਾਂ ਦੀ ਪੜਚੋਲ ਕਰੀਏ – “ਭੈਣੋ ਤੇ ਵੀਰੋ! ਜੀਵਨ ਗੱਲਾਂ ਨਹੀਂ। ਸੁਰਤਿ ਨੂੰ ਇਕਾਗਰ ਕਰਕੇ ਫਤਿਹ ਪਾਣ ਦਾ ਨਾਮ ਜੀਵਨ ਹੈ। ਖਿੰਡੀ ਸੁਰਤਿ ਕੁਝ ਨਹੀਂ ਬਣਾ ਸਕਦੀ। ਸਮੁੰਦਰ ਦੀਆਂ ਲਹਿਰਾਂ ਆਪਣੇ ਕੇਸਾਂ ਦਾ ਜੂੜਾ ਬਣਾ ਲੱਖਾਂ ਜਹਾਜ਼ਾਂ ਨੂੰ ਕਾਗ਼ਜ਼ ਦੀਆਂ ਬੇੜੀਆਂ ਵਾਂਗ ਟੋਟੇ ਟੋਟੇ ਕਰ ਦੇਂਦੀਆਂ ਹਨ। ਤਾਂ ਤੇ ਸੁਰਤ ਨੂੰ ਇਕਾਗਰ ਕਰਕੇ ਇਕੱਠੇ ਹੋ ਜਾਉ ਤੇ ਕਰਤਾ ਪੁਰਖ ਦੇ ਆਦਰਸ਼ ਨੂੰ ਸਮਝ ਕੇ ਗੁਰੂ ਦੇ ਲੰਗਰ ਵਿੱਚੋਂ ਸਭ ਨੂੰ ਤ੍ਰਿਪਤ ਕਰੋ।”
*ਸਹਾਇਕ ਸਰੋਤ – ਸੰਵਾਦ ਵੱਲੋਂ ਜਾਰੀ ਕੀਤਾ ਗਿਆ ਖਰੜਾ – ‘ਅਗਾਂਹ ਵੱਲ ਨੂੰ ਤੁਰਦਿਆਂ’ ਅਤੇ ‘ਪ੍ਰਮੁੱਖ ਸਿੱਖ ਸੰਸਥਾਵਾਂ’ – ਡਾ.ਨਰਿੰਦਰ ਕੌਰ ਭਾਟੀਆ, ਡਾ.ਜਸਵਿੰਦਰ ਕੌਰ ਢਿੱਲੋਂ
Related Topics: Article By Malkeet Singh Bhawanighar