May 22, 2023 | By ਮਲਕੀਤ ਸਿੰਘ ਭਵਾਨੀਗੜ੍ਹ
ਅਸੀਂ ਰੋਜ਼ਾਨਾਂ ਦੋਵਾਂ ਵੇਲਿਆਂ ਦੀ ਅਰਦਾਸ ਵਿੱਚ ਪੜ੍ਹਦੇ ਹਾਂ ਕਿ “ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ।” ਸਿੱਖ ਹਮੇਸ਼ਾਂ ਗੁਰਦੁਆਰਿਆਂ ਲਈ ਕੁਰਬਾਨੀਆਂ ਕਰਨ ਨੂੰ ਤਿਆਰ ਰਹਿੰਦੇ ਹਨ, ਜਿੰਨ੍ਹਾਂ ਹਿੱਸੇ ਇਹ ਸੇਵਾ ਆ ਜਾਂਦੀ ਹੈ ਉਹ ਬਿਨਾ ਕਿਸੇ ਯੱਕ-ਤੱਕ ਦੇ ਆਪਣਾ ਆਪ ਕੁਰਬਾਨ ਕਰ ਦਿੰਦੇ ਹਨ ਅਤੇ ਬਾਕੀ ਰਹਿੰਦੇ ਇਸ ਸੇਵਾ ਲਈ ਅਰਦਾਸਾਂ ਕਰਦੇ ਹਨ ਅਤੇ ਕੁਰਬਾਨ ਹੋਇਆਂ ਨੂੰ ਸਿਜਦੇ ਕਰਨ ਹਨ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖ ਨੂੰ ਕਿਧਰਿਓਂ ਇਹ ਖਬਰ ਮਿਲਦੀ ਕਿ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਤਾਂ ਸਿੱਖ ਬਿਨ੍ਹਾਂ ਦੇਰੀ ਕੀਤਿਆਂ ਕਮਰਕੱਸੇ ਕਰ ਰਣ ਵਿੱਚ ਪਹੁੰਚ ਜਾਂਦਾ ਹੈ ਅਤੇ ਗੁਰੂ ਸਾਹਿਬ ਦੇ ਅਦਬ ਦੀ ਬਹਾਲੀ ਲਈ ਹਰ ਸੰਭਵ ਯਤਨ ਕਰਦਾ ਹੈ। ਸਿੱਖਾਂ ਨੇ ਇਹ ਅਦਬ ਸ਼ਾਂਤਮਈ ਸ਼ਹਾਦਤਾਂ ਨਾਲ ਵੀ ਬਹਾਲ ਕਰਵਾਇਆ ਹੈ ਅਤੇ ਆਪਣੀ ਤੇਗ ਦੇ ਜੌਹਰ ਵਿਖਾ ਕੇ ਵੀ।
ਇਸੇ ਤਰ੍ਹਾਂ ਸੰਨ 1964 ਵਿੱਚ ਗੁਰਦੁਆਰਾ ਪਾਉਂਟਾ ਸਾਹਿਬ ‘ਤੇ ਮਹੰਤ ਗੁਰਦਿਆਲ ਸਿੰਘ ਦਾ ਕਬਜਾ ਸੀ ਜੋ ਮਹੰਤ ਲਹਿਣਾ ਸਿੰਘ ਦਾ ਪੁੱਤਰ ਸੀ। ਮਹੰਤ ਲਹਿਣਾ ਸਿੰਘ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਣ ਤੋਂ ਬਚ ਗਏ ਸਨ, ਇਸ ਕਰਕੇ ਪੰਥ ਵਿੱਚ ਉਹਨਾਂ ਦਾ ਸਤਿਕਾਰ ਸੀ ਪਰ ਮਹੰਤ ਲਹਿਣਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ’ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ। ਸਰਕਾਰੇ-ਦਰਬਾਰੇ ਅਫ਼ਸਰਾਂ ਨਾਲ ਉਸ ਦਾ ਚੰਗਾ ਰਸੂਖ ਹੋਣ ਕਰਕੇ ਉਹ ਸਰਕਾਰ ਦੀ ਸ਼ਹਿ ’ਤੇ ਮਨਮੱਤੀਆਂ ਅਤੇ ਕੁਰੀਤੀਆਂ ਕਰਦਾ ਸੀ। ਗੁਰਦੁਆਰੇ ਦੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਨਾ ਚਲਾਉਣ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਸੀ ਜਿਸ ਦੇ ਚਲਦਿਆਂ ਪਾਉਂਟਾ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਇੱਕ ਵਿਸ਼ੇਸ਼ ਜਥਾ ਲੈ ਕੇ ਦੁਆਬੇ ਦੇ ਇਤਿਹਾਸਕ ਸਥਾਨ ਗੁਰਦੁਆਰਾ ਹਰੀਆਂ ਵੇਲਾਂ (ਹੁਸ਼ਿਆਰਪੁਰ) ਪਹੁੰਚੀ। ਸੰਗਤ ਨੇ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਨਿਹੰਗ ਸਿੰਘ ਜਥੇਦਾਰ ਹਰਭਜਨ ਸਿੰਘ ਨੂੰ ਸਾਰੀ ਜਾਣਕਾਰੀ ਦੇ ਦਿੱਤੀ। ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ ਸ਼ਸਤਰਧਾਰੀ ਨਿਹੰਗ ਸਿੰਘਾਂ ਦਾ ਦਲ ਪਾਉਂਟਾ ਸਾਹਿਬ ਲਈ ਰਵਾਨਾ ਹੋ ਗਿਆ। ਮਹੰਤ ਦੀ ਸਰਕਾਰੇ ਦਰਬਾਰੇ ਅਤੇ ਪੁਲਸ ਨਾਲ ਗੰਢਤੁੱਪ ਸੀ। ਮਹੰਤ ਨੇ ਆਪਣੀ ਪਹੁੰਚ ਨਾਲ ਪੁਲਿਸ ਦਾ ਪ੍ਰਬੰਧ ਕਰ ਲਿਆ ਅਤੇ ਭਾੜੇ ਦੇ ਬਦਮਾਸ਼ ਵੀ ਬੁਲਾ ਲਏ।
ਮਹੰਤ ਦੇ ਬੰਦਿਆਂ ਨੇ ਸਿੰਘਾਂ ਨਾਲ ਹੱਥੋਪਾਈ ਵੀ ਕੀਤੀ ਪਰ ਸਿੰਘਾਂ ਨੇ ਸਿਆਣਪ ਤੋਂ ਕੰਮ ਲਿਆ ਅਤੇ ਇਕ ਵਾਰ ਲਈ ਗੱਲ ਵੱਧ ਜਾਣ ਤੋਂ ਰੋਕ ਲਈ। ਪਾਉਂਟਾ ਸਾਹਿਬ ਦੀ ਪਵਿੱਤਰਤਾ ਲਈ ਗੁਰੂ ਸਾਹਿਬ ਨੂੰ ਅਰਦਾਸ ਕਰ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਹਿਮਾਚਲ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਜੀ ਨੂੰ ਸਮਝੌਤੇ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰ ਲਿਆ। 22 ਮਈ ਨੂੰ ਪੁਲਿਸ ਕਮਿਸ਼ਨਰ ਆਰ.ਕੇ.ਚੰਡੋਲ ਦੀ ਅਗਵਾਈ ਹੇਠ ਸਪੀਕਰ ਰਾਹੀਂ ਸ੍ਰੀ ਅਖੰਡ ਪਾਠ ਸਾਹਿਬ ਬੰਦ ਕਰਕੇ ਬਾਹਰ ਆਉਣ ਦੀ ਚਿਤਾਵਨੀ ਦਿੱਤੀ ਜਾਣ ਲੱਗੀ ਪਰ ਕੋਈ ਬਾਹਰ ਨਾ ਆਇਆ। ਤਿੰਨ ਵਾਰ ਦੀ ਚਿਤਾਵਨੀ ਤੋਂ ਬਾਅਦ ਪੁਲਿਸ ਪੌੜੀਆਂ ਲਾ ਕੇ ਅੰਦਰ ਦਾਖਲ ਹੋ ਗਈ ਅਤੇ ਇਕਦਮ ਗੋਲੀਆਂ ਦੀ ਬੁਛਾੜ ਕਰ ਦਿੱਤੀ।
ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਜ਼ੇ ਤੋੜ ਕੇ, ਖਿੜਕੀਆਂ ਭੰਨ੍ਹ ਕੇ, ਬੂਟਾਂ ਸਮੇਤ ਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਸਿੰਘਾਂ ਨੂੰ ਗੋਲੀਆਂ ਮਾਰੀਆਂ ਗਈਆਂ। ਜਦੋਂ ਪਾਠ ਕਰਦੇ ਸਿੰਘ ਨੇ ਇਸ਼ਾਰੇ ਨਾਲ ਹੱਥ ਉੱਪਰ ਕਰਕੇ ਪਾਠ ਵਿੱਚ ਵਿਘਨ ਨਾ ਪਾਉਣ ਲਈ ਕਿਹਾ ਤਾਂ ਉਸ ਦੀ ਹਥੇਲੀ ਦਾ ਨਿਸ਼ਾਨਾ ਲਗਾ ਕੇ ਉਸ ਵਿੱਚ ਗੋਲੀ ਮਾਰੀ ਗਈ। ਜ਼ਖਮੀ ਹਾਲਤ ਵਿੱਚ ਉਸ ਨੇ ਪਾਠ ਜਾਰੀ ਰੱਖਿਆ ਤਾਂ ਉਸ ਉੱਤੇ ਹੋਰ ਗੋਲੀ ਚਲਾਈ ਗਈ ਜੋ ਉਸ ਦੇ ਸੀਨੇ ਨੂੰ ਚੀਰ ਕੇ ਪਾਰ ਹੋ ਗਈ ਤੇ ਉਹ ਲਹੂ-ਲੁਹਾਨ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਡਿੱਗ ਪਿਆ।
ਬਾਬਾ ਨਿਹਾਲ ਸਿੰਘ ਜੀ, ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਓਹਨਾਂ ਨੇ ਡਿੱਗਦੇ ਪਾਠੀ ਦੀ ਥਾਂ ਲੈਣੀ ਚਾਹੀ ਤਾਂ ਕਿ ਅਖੰਡ ਪਾਠ ਖੰਡਿਤ ਨਾ ਹੋ ਸਕੇ ਤਾਂ ਉਹਨਾਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਇੱਕ ਸਿੰਘ ਨੇ ਨਗਾਰਾ ਵਜਾ ਕੇ ਇਸ ਹਮਲੇ ਦੀ ਜਾਣਕਾਰੀ ਬਾਹਰ ਦੇਣੀ ਚਾਹੀ ਤਾਂ ਉਸ ਨੂੰ ਵੀ ਗੋਲੀਆਂ ਮਾਰ ਕੇ ਉਥੇ ਹੀ ਸ਼ਹੀਦ ਕਰ ਦਿੱਤਾ ਗਿਆ। ਪੁਲਸ ਦੀਆਂ ਗੋਲੀਆਂ ਨਾਲ 11 ਸਿੰਘ ਸ਼ਹੀਦ ਹੋ ਗਏ ਅਤੇ ਤਿੰਨ ਜਖਮੀ ਹਾਲਤ ਵਿੱਚ ਪਏ ਸਨ। ਜਦੋਂ ਪੁਲਸ ਨੇ ਜਖਮੀ ਸਿੰਘਾਂ ਨੂੰ ਵੇਖਿਆ ਤਾਂ ਉਹਨਾਂ ਨੂੰ ਮਾਰਨ ਦੇ ਲਈ ਉਹਨਾਂ ਨੂੰ ਲੋਹੇ ਦੀਆਂ ਰਾਡਾਂ ਦੇ ਨਾਲ ਕੁੱਟਿਆ ਗਿਆ।
ਗੁਰਦੁਆਰਾ ਸਾਹਿਬ ਦੇ ਅੰਦਰ ਖੂਨ ਹੀ ਖੂਨ ਹੋ ਗਿਆ ਸੀ। ਦਰੀਆਂ, ਚਾਦਰਾਂ ਅਤੇ ਹੋਰ ਜਿਸ ‘ਤੇ ਵੀ ਖੂਨ ਡੁੱਲ੍ਹਾ ਹੋਇਆ ਸੀ, ਉਹ ਸਭ ਪੁਲਿਸ ਆਪਣੇ ਨਾਲ ਲੈ ਗਈ। ਪੁਲਸ ਨੇ ਸਿਰਫ ਤਿੰਨ ਲਾਸ਼ਾਂ ਹੀ ਸੰਗਤ ਨੂੰ ਦਿੱਤੀਆਂ, ਬਾਕੀ ਸਾਰੇ ਸਿੰਘਾਂ ਦੀ ਲਾਸ਼ਾਂ ਅਤੇ ਤਿੰਨੇ ਜਖਮੀ ਸਿੰਘਾਂ ਨੂੰ ਗੱਡੀਆਂ ਵਿੱਚ ਸੁੱਟ ਲਿਆ ਗਿਆ। ਜਦੋਂ ਉਹਨਾਂ ਨੂੰ ਲਿਜਾਇਆ ਜਾਣ ਲੱਗਾ ਤਾਂ ਸੰਗਤ ਨੇ ਵੇਖ ਲਿਆ ਕਿ ਕੁਝ ਸਿੰਘ ਅਜੇ ਜਿਉਂਦੇ ਹਨ। ਸੰਗਤ ਦੇ ਕਾਫੀ ਵਿਰੋਧ ਕਰਨ ਉਪਰੰਤ ਜਖਮੀ ਸਿੰਘ ਸੰਗਤ ਨੂੰ ਦੇ ਦਿੱਤੇ ਗਏ। ਜਖਮੀ ਸਿੰਘਾਂ ਦਾ ਇਲਾਜ ਕਰਵਾਇਆ ਗਿਆ। ਇਹਨਾਂ ਜਖਮੀ ਸਿੰਘਾਂ ਵਿੱਚ ਬਾਬਾ ਨਿਹਾਲ ਸਿੰਘ ਵੀ ਸਨ ਜੋ ਹੁਣ ਤਰਨਾ ਦਲ ਹਰੀਆਂ ਵੇਲਾਂ ਦੇ ਮੁੱਖ ਜਥੇਦਾਰ ਹਨ।
ਇਤਿਹਾਸ ਦੀ ਲਗਾਤਾਰਤਾ ਨੂੰ ਕਾਇਮ ਰੱਖਦਿਆਂ ਗੁਰੂ ਪਾਤਿਸਾਹ ਦੀ ਮਿਹਰ ਸਦਕਾ ਇਕ ਵਾਰ ਫਿਰ ਗੁਰੂ ਦਿਆਂ ਸਿੰਘਾਂ ਨੇ ਸ਼ਹੀਦੀਆਂ ਦੇ ਕੇ ਗੁਰਦੁਆਰਾ ਪਾਉਂਟਾ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਵਾਇਆ। ਸਿੱਖ ਅਤੇ ਗੁਰੂ ਦੇ ਇਸ ਰਿਸ਼ਤੇ ਨੂੰ ਇਹ ਹੁਕਮਰਾਨ ਅਕਸਰ ਦੁਨਿਆਵੀ ਗਿਣਤੀਆਂ ਮਿਣਤੀਆਂ ਵਿੱਚੋਂ ਸਮਝਣ ਦਾ ਯਤਨ ਕਰਦੇ ਹਨ ਜਿਸ ਕਰਕੇ ਹਰ ਵਾਰ ਸਮਝਣ ਵਿੱਚ ਨਾਕਾਮਯਾਬ ਰਹਿੰਦੇ ਹਨ। ਜਦੋਂ ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰੇਗਾ ਉਦੋਂ ਉਦੋਂ ਉਹ ਸਾਰੇ ਦੁਨਿਆਵੀ ਨਫ਼ੇ-ਨੁਕਸਾਨਾਂ ਨੂੰ ਠੋਕਰ ਮਾਰਦਾ ਹੋਇਆ ਗੁਰੂ ਦੇ ਦੱਸੇ ਰਾਹ ਉੱਤੇ ਚੱਲੇਗਾ ਅਤੇ ਗੁਰੂ ਦੀ ਗੋਦ ਦਾ ਨਿੱਘ ਮਾਣੇਗਾ।
ਉਪਰੋਕਤ ਲਿਖਤ ਪਹਿਲਾਂ 22 ਮਈ 2021 ਨੂੰ ਛਾਪੀ ਗਈ ਸੀ
Related Topics: Article By Malkeet Singh Bhawanighar, Gurdwara Paonta Sahib