January 28, 2012 | By ਸਿੱਖ ਸਿਆਸਤ ਬਿਊਰੋ
ਧੰਨਵਾਦ ਸਹਿਤ, ਪੰਜਾਬੀ ਦੇ ਰੋਜ਼ਾਨਾ ਅਖਬਾਰ ਪਹਿਰੇਦਾਰ ਵਿਚੋਂ…
ਹੁਣ ਜਦੋਂ 24 ਕੁ ਘੰਟਿਆਂ ਬਾਅਦ, ਪੰਜਾਬ ਦੇ ਵੋਟਰਾਂ ਨੇ ਆਪਣੇ ਅਗਲੇ ਹਾਕਮਾਂ ਦਾ ਫੈਸਲਾ ਕਰ ਦੇਣਾ ਹੈ, ਨਵੇਂ ਹਾਕਮ, ਚਿੱਟੇ ਹੋਣਗੇ, ਭਗਵੇਂ ਤੇ ਨੀਲੇ, ਇਸ ਨਾਲ ਪੰਜਾਬ ਦੀ ਉਸ ਤਸਵੀਰ ਨੂੰ, ਜਿਹੜੇ ਆਪਣੇ ਗੁਰੂਆਂ ਤੋਂ ਬੇਮੁੱਖ ਹੋ ਕੇ ਕਰੂਪ ਹੋ ਚੁੱਕੀ ਹੈ, ਕੋਈ ਬਹੁਤਾ ਫ਼ਰਕ ਨਹੀਂ ਪੈਣਾ, ਕਿਉਂਕਿ ਸਿੱਖੀ ਸਰੂਪ, ਸਿੱਖੀ ਸਿਧਾਤਾਂ ਤੇ ਸਿੱਖੀ ਸਵੈਮਾਣ ਨੂੰ ਮਲੀਆਮੇਟ ਕਰਨਾ, ਦੋਵਾਂ ਧਿਰਾਂ ਦੇ ਏਜੰਡੇ ਤੇ ਪ੍ਰਮੁੱਖਤਾ ਨਾਲ ਹੈ, ਜਦੋਂ ਘਰ ਦਾ ਮਾਲਕ ਆਪਣੇ ਘਰ ਨੂੰ ਬਾਰੂਦ ਨਾਲ ਭਰ ਕੇ ਖ਼ੁਦ ਹੱਥੀਂ ਪਲੀਤਾ ਲਾ ਕੇ, ਆਪ ਘੂਕ ਸੌ ਜਾਵੇ ਤਾਂ ਦੋਵਾਂ ਦਾ ਦਰਦਨਾਕ ਅੰਤ ਯਕੀਨੀ ਹੁੰਦਾ ਹੈ, ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਣ ਤੋਂ ਪਹਿਲਾ ਕੌਮ ਨੂੰ ਵਾਰ-ਵਾਰ ਦੁਹਾਈ ਦਿੱਤੀ ਕਿ ਸਿੱਖੀ ਦੀ ਸਰਜ਼ਮੀਨ ਉਪਰ ਸਿੱਖੀ ਤੇ ਸਿੱਖ ਮੁੱਦੇ ਆਲੋਪ ਕੀਤੇ ਜਾ ਰਹੇ ਹਨ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ‘ਸੌਦਾ ਸਾਧ’ ਤੇ ਹੋਰ ਪਾਖੰਡੀ ਸਾਧਾਂ ਤੇ ਉਨ੍ਹਾਂ ਦੇ ਡੇਰਿਆਂ ਦੇ ਇਰਦ-ਗਿਰਦ ਤਾਂ ਸਿਆਸੀ ਧਿਰਾਂ ਘੁੰਮੀਆਂ ਹਨ, ਇਨ੍ਹਾਂ ਡੇਰਿਆਂ ਦੀ ਚਰਚਾ, ਚੋਣ ਮੁਹਿੰਮ ’ਚ ਵੀ ਰਹੀ ਹੈ, ਪ੍ਰੰਤੂ ਸਿੱਖੀ ਦੀ ਅਤੇ ਸਿੱਖ ਮੁੱਦਿਆਂ ਦੀ ਗੱਲ ਕਿਸੇ ਧਿਰ ਦੇ ਮੂੰਹੋਂ, ਗ਼ਲਤੀ ਨਾਲ ਵੀ ਨਹੀਂ ਨਿਕਲੀ। ਅਸੀਂ ਚਾਹੁੰਦੇ ਹਾਂ ਕਿ ਸਿੱਖ ਪੰਥ, ਆਪਣੇ ਮਹਾਨ ਪੁਰਾਤਨ ਵਿਰਸੇ ਦੀ ਜਾਗਰੂਕ ਪਹਿਰੇਦਾਰੀ ਕਰੇ, ਨਵੇਂ ਸਮਾਂ ਦਾ ਹਾਣੀ ਬਣ ਕੇ, ਮਾਨਵਾਤਵਾਦੀ ਕੌਮ ਵਜੋਂ ਆਪਣੀ ਛਾਪ ਨੂੰ ਪੂਰੇ ਵਿਸ਼ਵ ’ਚ ਬਣਾਈ ਰੱਖੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਮੀਰੀ-ਪੀਰੀ ਦੇ ਮਾਲਕ ਵੱਲੋਂ ਸਿਰਜੇ ਮੀਰੀ-ਪੀਰੀ ਦੇ ਸਿਧਾਂਤ ਦੀ ਪਾਲਣਾ ਕਰੀਏ, ਪ੍ਰੰਤੂ ਅੱਜ ਕੌਮ ਪੀਰੀ ਨੂੰ ਤਾਂ ਭੁੱਲੀ ਹੀ ਸੀ, ਮੀਰੀ ਨੂੰ ਵੀ ਭੁੱਲ ਗਈ ਹੈ, ਜਿਸ ਕਾਰਣ ਗੁਲਾਮ ਸੋਚ ਸਾਡੇ ਤੇ ਭਾਰੂ ਹੋ ਗਈ ਹੈ ਅਤੇ ਉਸ ਗੁਲਾਮ ਤੇ ਬੀਮਾਰ ਸੋਚ ਕਾਰਣ ਅੱਜ ਅਸੀਂ ਸਿਰਫ਼ ਗੰਦੀ ਸਿਆਸਤ ਦੇ ਖਿਡਾਰੀ ਬਣ ਗਏ ਹਾਂ। ‘ਰਾਜ ਬਿਨਾਂ ਨਾ ਧਰਮ ਚਲੈ ਹੈ, ਧਰਮ ਬਿਨਾਂ ਸਭਿ ਦਲੈ ਮਲੈ ਹੈ’ ਦਾ ਸਿਧਾਂਤ ਹਰ ਕੌਮ ਤੇ ਧਰਮ ਦੀ ਪੱਕੀ ਬੁਨਿਆਦ ਤੇ ਪ੍ਰਫੁੱਲਤਾ ਦਾ ਬੀਜ ਹੈ, ਇਸ ਲਈ ਸੱਚੀ-ਸੁੱਚੀ ਸਿਆਸਤ ਹੀ ਧਰਮ ਦੀ ਪ੍ਰਫੁੱਲਤਾ ਦਾ ਕਾਰਣ ਬਣਦੀ ਹੈ, ਪ੍ਰੰਤੂ ਸਿੱਖਾਂ ਨੇ ਮੀਰੀ-ਪੀਰੀ ਦੇ ਸਿਧਾਂਤ ਦੀ ਅਣਦੇਖੀ ਕਰਦਿਆਂ, ਸਿਆਸਤ ’ਚੋਂ ਧਰਮ ਨੂੰ ਤਿਲਾਂਜਲੀ ਦੇ ਦਿੱਤੀ ਹੈ, ਜਿਸ ਦਾ ਖਮਿਆਜ਼ਾ ਸਾਨੂੰ ਭਵਿੱਖ ’ਚ ਭੁਗਤਣਾ ਹੀ ਪੈਣਾ ਹੈ। ਜਦੋਂ ਸਿਆਸਤ ਤੇ ਧਰਮ ਦਾ ਕੁੰਡਾ ਨਾ ਰਹੇ ਤਾਂ ਸਿਆਸਤ, ਲੋਕ ਪੱਖੀ ਨਹੀਂ ਰਹਿੰਦੀ ਅਤੇ ਜਿਸ ਤਰ੍ਹਾਂ ਅੱਜ ਗੰਦੀ ਤੇ ਭ੍ਰਿਸ਼ਟ ਸਿਆਸਤ ਭਾਰੂ ਹੋ ਚੁੱਕੀ ਹੈ, ਉਸਦਾ ਇਹ ਕਰੂਪ ਚਿਹਰਾ, ਹੋਰ ਭਿਆਨਕ ਹੋਵੇਗਾ। ਪੰਜਾਬ ਸਿੱਖੀ ਦੀ ਜਨਮ-ਭੂਮੀ ਹੈ, ਇਸ ਲਈ ਇਸ ਦੇ ਜ਼ਰੇ-ਜ਼ਰੇ, ਕਣ-ਕਣ ’ਚ ਸਿੱਖੀ ਦੀ ਮਹਿਕ ਹੈ, ਜਿਸਨੂੰ ਅੱਜ ਅਣਗੌਲਿਆ ਕੀਤਾ ਜਾ ਰਿਹਾ ਹੈ, ਇਹੋ ਕਾਰਣ ਹੈ ਕਿ ਕਿੱਕਰ ਬੀਜ ਕੇ, ਦਾਖ ਬਜੌਰੀਆ ਦੀ ਆਸ ਨਹੀਂ ਹੋ ਸਕਦੀ। ਲੁਟੇਰੀ ਸਿਆਸਤ, ਇੱਕ ਜਾਂ ਦੂਜੇ ਰੂਪ ’ਚ ਭਾਰੂ ਹੋ ਰਹੀ ਹੈ। ਸੁਆਰਥਵਾਦ ਅੱਜ ਦੇ ਪਦਾਰਥਵਾਦੀ ਯੁੱਗ ਦੀ ਵੱਡੀ ਦੇਣ ਹੈ, ਪ੍ਰੰਤੂ ਜੇ ਇਸ ਸੁਆਰਥਵਾਦ ’ਚ ਅੰਨ੍ਹੇ ਹੋ ਕੇ ਅਸੀਂ ਆਪਣੀਆਂ ਜੜ੍ਹਾਂ ਹੀ ਵੱਢ ਸੁੱਟੀਆਂ, ਫਿਰ ਇਹ ਪਦਾਰਥ ਤੇ ਸੁਆਰਥ, ਕਿਸ ਕੰਮ ਆਉਣਗੇ। ਸਿੱਖ ਸੱਭਿਅਤਾ, ਦੀ ਰਾਖੀ ਪੰਜਾਬ ਦੇ ਜੰਮਿਆਂ ਦਾ ਪਹਿਲਾ ਤੇ ਮੁੱਢਲਾ ਫਰਜ਼ ਹੈ, ਪ੍ਰੰਤੂ ਅਸੀਂ ਆਪਣੇ ਇਸ ਫਰਜ਼ ਤੋਂ ਪੂਰੀ ਤਰ੍ਹਾਂ ਅੱਖਾਂ ਮੀਚ ਲਈਆਂ ਹਨ, ਜਿਸ ਕਾਰਣ ਅੱਜ ਪੰਜਾਬ ਦੀ ਸਿਆਸਤ ’ਚੋਂ ਸਿੱਖ ਮੁੱਦੇ ਆਲੋਪ ਹੋ ਗਏ ਹਨ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਦਾ ਤਿਆਗ ਕਰਕੇ ਅਸੀਂ ਪਦਾਰਥਦੀ ਦਲਦਲ ’ਚ ਡਿੱਗ ਪਏ, ਸਿੱਖੀ ਸਿਧਾਂਤਾਂ ਦਾ ਪੱਲਾ ਛੱਡ ਕੇ, ਅਸੀਂ ਖੁਆਰ ਹੋਣ ਲੱਗ ਪਏ ਅਤੇ ਸਿੱਖੀ ਸਿਵੈਮਾਣ ਗੁਆ ਕੇ ਅਸੀਂ ਜਲਾਲਤ ਝੱਲਣ ਦੇ ਰਾਹ ਤੁਰ ਪਏ ਹਾਂ। ਸਿੱਖਾਂ ਨੂੰ ਵੋਟ ਪਾਉਣ ਤੋਂ ਪਹਿਲਾ ਇੱਕ ਵਾਰ ਆਪਣੀ ਅੰਤਰ ਆਤਮਾ ਦੇ ਇਸ ਸੁਆਲ ਦਾ ਜਵਾਬ ਤਾਂ ਜ਼ਰੂਰ ਦੇਣਾ ਪਵੇਗਾ ਕਿ ਉਸਦੀ ਵੋਟ, ਸਿੱਖੀ ਆਨ-ਸ਼ਾਨ, ਸਿੱਖੀ ਸਵੈਮਾਣ, ਸਿੱਖ ਅਣਖ਼-ਗੈਰਤ ’ਚ ਕੋਈ ਵਾਧਾ ਕਰੇਗੀ? ਜੇ ਜਵਾਬ ਪੂਰੀ ਤਰ੍ਹਾਂ ਨਾ ’ਚ ਹੈ ਤਾਂ ਸਾਨੂੰ ਇਹ ਜ਼ਰੂਰ ਸੋਚਣਾ ਪਵੇਗਾ ਕਿ ਅਸੀਂ ਕਿੱਥੋ, ਕਿਥੇ ਪਹੁੰਚ ਗਏ ਹਾਂ ਅਤੇ ਕਿਥੇ ਪੁੱਜਾਂਗੇ?
Related Topics: Daily Pehredar, S. jaspal Singh Hairan