ਲੇਖ

ਲਾਸਾਨੀ ਸ਼ਹਾਦਤਾਂ ਦੇ ਇਤਿਹਾਸ ਨਾਲ ਸਾਜਿਸ਼ੀ ਛੇੜਖਾਨੀਆਂ ਤੋਂ ਖਬਰਦਾਰ ਹੋਵੇ ਖਾਲਸਾ ਪੰਥ…

December 26, 2018 | By

ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੋਈ ਸਤਿਗੁਰੂ ਨਾਨਕ ਸਾਹਿਬ ਦੀ ਨਾਦੀ ਸੰਤਾਨ ‘ਖਾਲਸਾ ਪੰਥ’ ਭਾਵ ਸਿੱਖ ਕੌਮ ਦਸੰਬਰ ਦੇ ਮਹੀਨੇ ਨੂੰ ਸਫਰ-ਏ-ਸ਼ਹਾਦਤ ਦੇ ਮਹੀਨੇ ਵਜੋਂ ਮਨਾਉਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੀ ਕੁਰਾਨ ਦੀ ਸੌਂਹੁ ਅਤੇ ਹਿੰਦੂ ਰਾਜਿਆਂ ਦੀ ਗਊ ਦੀ ਸੌਂਹ ਤੇ ਇਤਬਾਰ ਕਰਕੇ ਅਨੰਦਪੁਰ ਸਥਿਤ ਅਨੰਦਗੜ੍ਹ ਕਿਲਾ੍ ਖਾਲੀ ਕਰਕੇ ਅਨੰਦਪੁਰੋਂ ਬਾਹਰ ਨਿਕਲ ਤੁਰੇ ਓਧਰ ਕੀਤੇ ਹੋਏ ਅਹਿਦ ਤੇ ਖਾਧੀਆਂ ਕਸਮਾਂ ਨੂੰ ਤੋੜ ਕੇ ਹਿੰਦੂ ਪਹਾੜੀ ਰਾਜੇ ਤੇ ਮੁਗਲ ਫੌਜ ਨੇ ਗੁਰੂ ਗੋਬਿੰਦ ਸਿੰਘ ਦੇ ਕਾਫਲਿਆਂ ਤੇ ਹਮਲਾ ਕਰ ਦਿੱਤਾ। ਸਿੰਘਾਂ ਦਾ ਕਾਫਲਾ ਦੁਸ਼ਮਣ ਨਾਲ ਲੜਦਾ ਭਿੜਦਾ ਤੁਰਿਆ ਗਿਆ, ਸਰਸਾ ਨਦੀ ਦੇ ਕਿਨਾਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ, ਕੀਰਤਨ ਦੀ ਸਮਾਮਤੀ ਤੋਂ ਬਾਅਦ ਸਰਸਾ ਪਾਰ ਕਰਨ ਸਮੇਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੁੜ ਗਿਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ (ਅੰਮ੍ਰਿਤ ਛੱਕਣ ਤੋਂ ਬਾਅਦ ਮਾਤਾ ਗੁਜਰ ਕੌਰ) ਗੁਰੂ ਸਾਹਿਬ ਨਾਲੋਂ ਵਿਛੜ ਗਏ। ਉਨ੍ਹਾਂ ਨੂੰ ਰਸਤੇ ਵਿੱਚ ਕੁੰਮਾ ਮਾਸ਼ਕੀ ਮਿਿਲਆ, ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਗੁਜਾਰੀ ਤੇ ਉਥੋਂ ਉਨਾਂ੍ਹ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਲੈ ਗਿਆ। ਅਕ੍ਰਿਤਘਣ ਗੰਗੂ ਬ੍ਰਾਹਮਣ ਨੇ ਰਾਤ ਵੇਲੇ ਮਾਤਾ ਜੀ ਦੀ ਧੰਨ ਦੀ ਖੁਰਜੀ ਚੁਰਾ ਲਈ ਅਤੇ ਮੁਗਲ ਸਰਕਾਰ ਕੋਲੋਂ ਇਨਾਮ ਲੈਣ ਲਈ ਧੰਨ ਦੇ ਲਾਲਚ ਕਾਰਨ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ, ਪੰਜਾ ਪਿਆਰਿਆਂ, ਦੋ ਵਡੇ ਸਾਹਿਬਜ਼ਾਦਿਆਂ ਅਤੇ 37 ਕੁ ਦੇ ਕਰੀਬ ਸਿੰਘਾਂ ਸਮੇਤ ਚਮਕੌਰ ਪਹੁੰਚੇ, ਚਮਕੌਰ ਦੀ ਗੜ੍ਹੀ ਨੂੰ ਹਿੰਦੂ ਰਾਜਿਆਂ ਤੇ ਮੁਗਲਾਂ ਦੀ ਸਾਂਝੀ ਦਸ ਲੱਖ ਫੌਜ ਨੇ ਘੇਰਾ ਪਾ ਲਿਆ। ਦੁਨੀਆਂ ਦੀ ਆਸਾਵੀਂ ਜੰਗ ਖਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਲੜੀ। ਦੋ ਵਡੇ ਸਾਹਿਬਜ਼ਾਦੇ, ਤਿੰਨ ਪਿਆਰੇ ਅਤੇ 35 ਕੁ ਦੇ ਕਰੀਬ ਸਿੰਘ ਮੈਦਾਨੇ ਜੰਗ ਵਿੱਚ ਹਿੰਦੂ ਰਾਜਿਆਂ ਅਤੇ ਮੁਗਲਾਂ ਦੀਆਂ ਸਾਝੀਆਂ ਲੱਖਾਂ ਫੌਜਾਂ ਨਾਲ ਲੜਦੇ ਸ਼ਹੀਦ ਹੋ ਗਏ। ਇਥੇ ਹੈਰਾਨੀ ਜਨਕ ਤੱਥ ਇਹ ਹੈ ਕਿ ਬੁੱਤ ਤੋੜਨ ਵਾਲਿਆਂ ਤੇ ਬੁੱਤ ਪੂਜਣ ਵਾਲਿਆਂ ਦੀ ਸਾਂਝੀ ਫੌਜ ਨੇ ਉਸ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰਾ ਪਾਇਆ ਜਿਹੜਾ ਨਾ ਬੁੱਤ ਤੋੜਦਾ ਹੈ ਤੇ ਨਾ ਹੀ ਬੁੱਤ ਪੂਜਦਾ ਹੈ ਸਗੋਂ ਅਕਾਲ ਪੁਰਖ ਵਲੋਂ ਸਥਾਪਿਤ ਸਿੱਖ ਧਰਮ ਅਨੁਸਾਰ ਇੱਕ ਅਕਾਲ ਦਾ ਪੁਜਾਰੀ ਹੈ। ਗੁਰੂ ਪੰਥ ਦੀ ਆਗਿਆ ਮੰਨ ਕੇ ਗੁਰੂ ਸਾਹਿਬ ਤਿੰਨਾਂ ਸਿੰਘਾਂ ਸਮੇਤ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ) ਚੌਹਾਂ ਦਿਸ਼ਾਵਾਂ ਰਾਹੀਂ ਤਾੜੀ ਮਾਰ ਕੇ, ਬੁੱਤ ਤੋੜ ਤੇ ਬੁੱਤ ਪੂਜਕਾਂ ਦੀ ਸਾਂਝੀ ਦਸ ਲੱਖ ਫੌਜ ਦਾ ਘੇਰਾ ਤੋੜ ਕੇ ਜੇਤੂ ਹੋ ਕੇ ਬਾਹਰ ਨਿਕਲ ਗਏ।

ਚਮਕੌਰ ਦੀ ਗੜ੍ਹੀ ਛੱਡਣ ਤੋਂ ਬਾਅਦ ਪੌਹ ਮਹੀਨੇ ਦੀ ਕੜਕਦੀ ਠੰਢ ਅਤੇ ਹਨੇਰੀ ਰਾਤ ਵਿੱਚ ਨੰਗੇ ਪੈਰੀਂ ਮਾਛੀਵਾੜੇ ਪਹੁੰਚੇ, ਜਿਥੇ ਗੁਰੂ ਸਾਹਿਬ ਨੂੰ ਉਹ ਤਿੰਨੇ ਸਿੰਘ ਵੀ ਆ ਮਿਲੇ ਜਿਹੜੇ ਉਨ੍ਹਾਂ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਸਨ। ਦਸੰਬਰ ਦੇ ਮਹੀਨੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਨੇ ‘ਪੰਥ ਵਸੇ ਮੈਂ ਉਜੜਾਂ’ ਦੀ ਭਾਵਨਾ ਤਹਿਤ ਅਕਿਹ ਤੇ ਅਸਿਹ ਕਸ਼ਟ ਝੱਲੇ ਸਨ।

ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਦਸੰਬਰ ਦੇ ਮਹੀਨੇ ਸਾਕਾ ਚਮਕੌਰ ਤੇ ਸਾਕਾ ਸਰਹੰਦ ਵਿੱਚ ਗੁਰੂ ਪਰਿਵਾਰ ਦੀਆਂ ਸ਼ਹੀਦੀਆਂ ਅਤੇ ਚਮਕੌਰ ਗੜ੍ਹੀ ਦੀਆਂ ਸ਼ਹੀਦੀਆਂ ਬਾਰੇ ਵਿਸਥਾਰ ਸਹਿਤ ਲਿਿਖਆ ਜਾਵੇ। ਕੇਵਲ ਟੂਕ ਮਾਤਰ ਹਵਾਲੇ ਹੀ ਦਿੱਤੇ ਹਨ। ਹਥਲਾ ਲੇਖ ਦਾ ਕਾਰਨ ਇਹ ਹੈ ਕਿ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਅਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਿੱਖ ਧਰਮ ਦੇ ਨਿਆਰੇਪਣ ਅਤੇ ਗੁਰੂ ਨਾਨਕ ਵਲੋਂ ਚਲਾਏ ‘ਤੀਸਰੇ ਪੰਥ’ ਭਾਵ ਸਿੱਖ ਕੌਮ ਦੀ ਅੱਡਰੀ ਨਿਆਰੀ, ਵਿਲੱਖਣ ਤੇ ਸੁਤੰਤਰ ਹੋਂਦ ਹਸਤੀ ਨੂੰ ਕਾਇਮ ਰੱਖਣ ਲਈ ਅਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਹੋਈਆਂ, ਇਨ੍ਹਾਂ ਸਹਾਦਤਾਂ ਸਦਕਾ ਹੀ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕੀਤਾ ਜੋ ਕਿ ਸਿੱਖ ਇਨਕਲਾਬ ਸੀ। ਪਰ ਅੱਜ ਗਿਣੀ ਮਿਥੀ ਸਾਜਿਸ਼ ਤਹਿਤ ‘ਰਾਸ਼ਟਰੀ ਸ੍ਵੈ-ਸੇਵਕ ਸੰਘ’ ਤੇ ਇਸ ਦੀ ਭੈਣ ‘ਰਾਸ਼ਟਰੀ ਸਿੱਖ ਸੰਗਤ’ ਤੇ ਬਾਦਲ-ਭਾਜਪਾ ਗੱਠਜੋੜ ਤੇ ਕਾਂਗਰਾਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭਾਰਤ ਦੇ ਅਖੌਤੀ ‘ਰਾਸ਼ਟਰੀ ਗੌਰਵ’ ਦੇ ਖਾਤੇ ਵਿੱਚ ਪਾਉਣਾ ਚਾਹੁੰਦੀ ਹੈ।

ਹੁਣ ਇਹ ਗੱਲ ਜਗ ਜਾਹਿਰ ਹੋ ਚੁਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਜਪਾ ਨਾਲ ‘ਪਤੀ ਪਤਨੀ’ ਦਾ ਰਿਸਤਾ ਨਿਭਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਿੱਖ ਵਿਰੋਧੀ ਸੰਸਥਾ ਆਰ. ਐਸ. ਐਸ. ਦੇ ਅਧੀਨ ਕੀਤਾ ਹੋਇਆ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ। ਸ਼੍ਰੋ.ਗੁ.ਪ੍ਰ.ਕ. ਅੰਮ੍ਰਿਤਸਰ ਅਤੇ ਦਿ.ਸਿ.ਗੁ.ਪ੍ਰ.ਕ. ਦੀਆਂ ਕਾਰਵਾਈਆਂ ਤੋਂ ਸਾਫ ਨਜਰ ਆ ਰਿਹਾ ਹੈ ਕਿ ਸਿੱਖਾਂ ਦੀਆਂ ਇਨ੍ਹਾਂ ਧਾਰਮਿਕ ਜਥੇਬੰਦੀਆਂ ਨੂੰ ਵੀ ਰਾਸ਼ਟਰਵਾਦ ਦਾ ਭੂਤ ਚਿੰਬੜਦਾ ਜਾ ਰਿਹਾ ਹੈ।

ਇਸ ਦਾ ਪ੍ਰਤੱਖ ਸਬੂਤ ਸ਼੍ਰੋ.ਗੁ.ਪ੍ਰ.ਕ. ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬੰਡੂਗਰ ਦੇ 25 ਦਸੰਬਰ, 2016 ਨੂੰ ‘ਅਜੀਤ ਅਖਬਾਰ’ ਵਿੱਚ ਛਪੇ ਲੇਖ ‘ਸਾਕਾ ਸਰਹਿੰਦ’ ਨਿੱਕੀਆਂ ਜਿੰਦਾਂ ਦਾ ਵਡਾ ਸਾਕਾ ਵਿੱਚ ਮਿਲਦਾ ਹੈ ਇਸ ਲੇਖ ਵਿੱਚ ਪ੍ਰੋ. ਕਿਰਪਾਲ ਸਿੰਘ ਬੰਡੂਗਰ ਲਿਖਦੇ ਹਨ ਕਿ ‘ਬੱਚਿਆਂ ਨੂੰ ਕੰਧਾਂ ਵਿੱਚ ਚਿਿਣਆਂ ਗਿਆ, ਦੁਨੀਆਂ ਦੀ ਇਹ ਅਜੀਮ, ਨਿਵੇਕਲੀ, ਲਾਮਿਸਾਲ, ਦਿਲ ਕੰਬਾਊ ਅਤੇ ਇਤਿਹਾਸਕ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆਂ ਨੂੰ ਅਸ਼ਚਰਜਤਾ ਵਿੱਚ ਪਾ ਦਿੱਤਾ, ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਂਟ ਕਰਕੇ, ਸਿੱਖ ਕੌਮ ਅਤੇ ਭਾਰਤ ਦਾ ਸੀਸ ਉੱਚਾ ਕਰ ਦਿੱਤਾ’…। ਅੱਗੇ ਪ੍ਰੋ. ਬਡੂੰਗਰ ਲਿਖਦੇ ਹਨ ਕਿ ‘ਬ੍ਰਿਧ ਉਮਰੇ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿੱਚ ਅੰਤਾਂ ਦੇ ਤਸੀਹੇ ਝੱਲਦੇ ਹੋਏ ਸ਼ਹੀਦੀ ਪਾ ਗਏ। ਭਾਰਤ ਅਤੇ ਸਿੱਖ ਕੌਮ ਦੇ ਇਤਿਹਾਸ ਵਿੱਚ ਸੱਚ, ਹੱਕ, ਧਰਮ, ਮਨੁਖੀ ਅਧਿਕਾਰ ਅਤੇ ‘ਰਾਸ਼ਟਰੀ ਗੌਰਵ’ ਲਈ ਕਿਸੇ ਇਸਤਰੀ ਦੀ ਇਹ ਪਹਿਲੀ ਸ਼ਹੀਦੀ ਸੀ’।

ਜਾਪਦਾ ਹੈ ਕਿ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਆਪਣੇ ਨਿਜੀ ਸੁਆਰਥਾਂ ਦੀ ਪੂਰਤੀ ਲਈ ਹਿੰਦੂ ਰਾਸ਼ਟਰਵਾਦ ਨੂੰ ਸਮਰਪਿਤ ਬਾਦਲ-ਭਾਜਪਾ ਗੱਠਜੋੜ ਨੂੰ ਖੁਸ਼ ਕਰਨ ਲਈ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ‘ਭਾਰਤ ਦੇ ਰਾਸ਼ਟਰੀ ਗੌਰਵ’ ਦੇ ਖਾਤੇ ਵਿੱਚ ਪਾਉਣ ਦਾ ਵਡਾ ਗੁਨਾਹ ਕੀਤਾ ਹੈ ਕਿਉਂਕਿ ਜਦੋਂ ਦਸੰਬਰ 1704 ਈਸਵੀ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਅਤੇ ਮਾਤਾ ਗੁਜਰ ਕੌਰ ‘ਠੰਢੇ ਬੁਰਜ ਵਿੱਚ ਅੰਤਾਂ ਦੇ ਤਸੀਹੇ ਝੱਲਦੇ ਹੋਏ ਸ਼ਹੀਦੀ ਪਾ ਗਏ’ ਉਦੋਂ ਭਾਰਤ ਦਾ ਇੱਕ ਦੇਸ ਵਜੋਂ ਕੋਈ ਵਜ਼ੂਦ ਹੀ ਨਹੀਂ ਸੀ। ਇਸ ਦਾ ਹਵਾਲਾ ‘ਪੰਜਾਬ: ਔਰੰਗਜੇਬ ਤੋਂ ਮਾਊਂਟਬਂੈਟਨ ਤੱਕ ਦਾ ਇਤਿਹਾਸ’ ਦੀ ਪੁਸਤਕ ਦੇ ਪੰਨਾ 9 ਪਹਿਲੇ ਅਧਿਆਇ ਦੇ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦੇ ਪੰਜਾਬ ਦਾ ਇਤਿਹਾਸ ਇੰਜ ਵਰਨਣ ਕੀਤਾ ਗਿਆ ਹੈ “ਕਿ ਔਰੰਗਜ਼ੇਬ ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਹੋਇਆ ਕਰਦਾ ਸੀ, ਇਹ ਪਛੋਕੜ ਜਾਨਣਾ ਲਾਹੇਬੰਦ ਹੋਵੇਗਾ। ਕਿ ਪੰਜਾਬ ਦੇ ਵਾਵਰੋਲੇ ਤਿੰਨ ਹਿਿਸਆਂ ਵਿੱਚ ਵੰਡਾਂਗੇ ਪਹਿਲਾ ਪੂਰਬ ਮੁਗਲ ਕਾਲ ਦਾ ਪੰਜਾਬ, ਦੂਜਾ ਮੁਗਲ ਰਾਜ ਦਾ ਪੰਜਾਬ ਤੇ ਤੀਜਾ ‘ਸਿੱਖ ਗੁਰੂ ਸਾਹਿਬਾਨ ਦਾ ਪੰਜਾਬ’ ਭਾਵ ‘ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਏਕ ਮਰਦਿ ਕਾਮਲ ਨੇ ਜਗਾਇਆ ਖੁਆਬ ਸੇ” (ਸਿੱਖ ਧਰਮ ਦੇ ਬਾਨੀ ਤੇ ਨਿਰਮਲ ਪੰਥ ਦੇ ਸੰਸਥਾਪਕ ਸਤਿਗੁਰੂ ਨਾਨਕ ਸਾਹਿਬ ਜੀ ਨੇ)।

‘ਇਹ ਤਾਂ ਆਮ ਹਿੰਦੋਸਤਾਨੀਆਂ ਨੂੰ ਅੰਗ੍ਰੇਜ਼ਾਂ ਦਾ ਕਈ ਗੱਲਾਂ ਕਰਕੇ ਸ਼ੁਕਰ ਗੁਜਾਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਪੰਜਾਬ ਤੋਂ ਬਿਨਾ ਸਾਰੇ ਖਿੱਤੇ ਨੂੰ ਡੰਡੇ ਨਾਲ ਇਕੱਠਾ ਕੀਤਾ ਸੀ। ਤਾਂ ਹੀ ਅੱਜ ਹਿੰਦੂ ਲੀਡਰ ਕਸ਼ਮੀਰ ਤੇ ਨਾਗਾਲੈਂਡ ਨੂੰ ਦੇਸ ਦਾ “ਅਤੁੱਟ ਅੰਗ” ਕਹਿਣ ਜੋਗੇ ਹੋਏ ਹਨ, ਨਹੀਂ ਤਾਂ ਅੰਗ੍ਰੇਜ਼ਾਂ ਦੇ ਆਉਣ ਤੋਂ ਪਹਿਲਾਂ ਅੱਜ ਵਾਲਾ ਭਾਰਤ 600 ਤੋਂ ਵੀ ਵੱਧ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ, ਕੋਈ ਇੱਕ ਦੂਜੇ ਨੂੰ ਜਾਣਦਾ ਤੱਕ ਨਹੀਂ ਸੀ। ਮੁਗਲ ਰਾਜ ਤੋਂ ਪਹਿਲਾਂ ਵੀ ਹਿੰਦੂ ਧਰਮ ਨੇ ਦੇਸ਼ ਨੂੰ ਇੱਕ ਨਹੀਂ ਰਹਿਣ ਦਿੱਤਾ ਸਗੋਂ ਉਸਦੇ ਹਰ ਛੋਟੇ ਜਿਹੇ ਰਾਜ ਨੂੰ ਵੱਖਰਾ ਦੇਸ ਸਮਝਣ ਦਾ ਉਪਦੇਸ਼ ਦਿੱਤਾ। ਜਿਸ ਕਾਰਣ ਅਖੰਡ ਭਾਰਤ ਦੀ ਭਾਵਨਾ ਕਦੇ ਪੂਰੀ ਹੀ ਨਹੀਂ ਹੋ ਸਕੀ। ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ‘ਪ੍ਰਦੇਸ ਦੀਆਂ ਪ੍ਰੀਭਾਸ਼ਾਵਾਂ ਅਨੇਕਾਂ ਥਾਵਾਂ ਤੇ ਮਿਲਦੀਆਂ ਹਨ। ਜਿਨ੍ਹਾਂ ਨੂੰ ਪੜ੍ਹਨ ਨਾਲ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ। ‘ਧਰਮ ਸਿੰਧੂ’ ਧਰਮ ਗ੍ਰੰਥ ਦੇ ਅਨੁਸਾਰ ਬ੍ਰਾਹਮਣ ਲਈ ਆਪਣੇ ਨਿਵਾਸ ਸਥਾਨ ਤੋਂ 20 ਕੋਹ, ਖੱਤਰੀ ਲਈ 24 ਕੋਹ, ਵੈਸ਼ ਲਈ 30 ਕੋਹ ਅਤੇ ਸ਼ੂਦਰ ਲਈ 60 ਕੋਹ ਦੂਰ ਦਾ ਇਲਾਕਾ ਵਿਦੇਸ਼ ਮੰਨਿਆ ਜਾਂਦਾ ਸੀ।

‘ਭਾਰਤ ਦੀ ਏਕਤਾ ਤੇ ਅਖੰਡਤਾ’ ਦਾ ਰਾਗ ਅਕਸਰ ਹੀ ਸੁਨਣ ਨੂੰ ਮਿਲਦਾ ਰਹਿੰਦਾ ਹੈ, ਕਿਹਾ ਜਾਂਦਾ ਹੈ ਕਿ ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤੱਕ ਭਾਰਤ ਇੱਕ ਹੈ ਤੇ ਇੱਕ ਹੀ ਰਹੇਗਾ, ਪਰ ਜੇਕਰ ਇਤਿਹਾਸ ਤੇ ਸਰਸਰੀ ਨਜਰ ਵੀ ਮਾਰੀ ਜਾਵੇ ਤਾਂ ਇਹ ਕਥਨ ਕੋਰਾ ਝੂਠ ਸਾਬਤ ਹੋ ਜਾਂਦਾ ਹੈ, ਨਿਰਾ-ਦੰਭ ਬ੍ਰਾਹਮਣਵਾਦੀ ਗ੍ਰੰਥਾਂ ਦੀ ਹਰੇਕ ਗੱਪ ਵਾਂਗ ਕੋਰਾ ਝੂਠ ਹੈ’। ਉਕਤ ਤੱਥਾਂ ਦੇ ਅਧਾਰ ਤੇ ਦਸੰਬਰ 1704 ਈ. ਨੂੰ ਜਦੋਂ ਸਾਕਾ ਚਮਕੌਰ ਤੇ ਸਾਕਾ ਸਰਹੰਦ ਦਿਲ ਕੰਬਾਊ ਸਾਕੇ ਵਰਤੇ ਉਦੋਂ ਦੁਨੀਆਂ ਦੇ ਨਕਸ਼ੇ ਤੇ ਭਾਰਤ ਨਾਂ ਦਾ ਕੋਈ ਦੇਸ਼ ਹੀ ਨਹੀਂ ਸੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੀ ਮਾਤਾ ਤੇ ਚਾਰ ਸਾਹਿਬਜ਼ਾਦੇ ਕਿਹੜੇ ਭਾਰਤ ਦੇਸ ਦੇ ਨਾਗਰਿਕ ਹੋ ਗਏ! ਇਸ ਦਾ ਅਸੀਂ ਜਿਕਰ ਇਸ ਕਰਕੇ ਕਰ ਰਹੇ ਹਾਂ ਕਿ ਸਿੱਖੀ ਦੀ ਦੁਸ਼ਮਣ ਤੇ ਕੱਟੜਵਾਦੀ ਹਿੰਦੂ ਜਥੇਬੰਦੀ ਆਰ. ਐਸ. ਐਸ. ਵਾਲੇ ਗੁਰਇਤਿਹਾਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਆਪਣੀਆਂ ਸ਼ਾਖਾਵਾਂ ਵਿੱਚ ਜਿਥੇ ਮਹਾਰਾਣਾ ਪ੍ਰਤਾਪ ਅਤੇ ਸ਼ਿਵਾਜੀ ਮਰਹੱਟਾ ਦੀ ਫੋਟੋ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਫੋਟੋ ਵੀ ਰੱਖਦੇ ਹਨ ਤੇ ਆਪਣੀਆਂ ਸ਼ਾਖਾਵਾਂ ਵਿੱਚ ਅਜਿਹੇ ਗੀਤ ਵੀ ਗਾਉਂਦੇ ਹਨ ਕਿ ‘ਅਸੀਂ ਸਾਹਿਬਜ਼ਾਦਿਆਂ ਤੇ ਬੰਦਾ ਸਿੰਘ ਦੇ ਵਾਰਿਸ ਹਾਂ, ਦਸ਼ਮੇਸ਼ ਪਿਤਾ ਅਸੀਂ ਤੇਰੇ ਪੁੱਤ ਹਾਂ, ਤੇ ਤੇਰੇ ਦਰਸਾਏ ਰਾਹ ਤੇ ਚਲ ਕੇ ਦੁਸ਼ਟਾਂ ਦਾ ਨਾਸ ਕਰਾਂਗੇ ਤੇ ਭਾਰਤ ਲਈ ਮਰ ਮਿਟਾਂਗੇ’।

ਹੁਣ ਵਿਚਾਰਨਯੋਗ ਤੱਥ ਇਹ ਹੈ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲਿਆਂ ਦੇ ਗੰਗੂ ਬ੍ਰਾਹਮਣ ਤੇ ਸੱੁਚਾ ਨੰਦ ਦੇ ਵਾਰਸ, ਸਾਹਿਬਜ਼ਾਦਿਆਂ ਦੇ ਵਾਰਸ ਕਿਵੇਂ ਹੋ ਸਕਦੇ ਹਨ ? ਸਾਹਿਬਜ਼ਾਦਿਆਂ ਅਤੇ ਬੰਦਾ ਸਿੰਘ ਦਾ ਵਾਰਸ ਖਾਲਸਾ ਪੰਥ ਹੈ। ਜੋ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਨਾਦੀ ਸੰਤਾਨ ਹੈ, ਇਸ ਤੱਥ ਦੀ ਪ੍ਰੋੜਤਾ ਸਿਰਦਾਰ ਕਪੂਰ ਸਿੰਘ ਨੇ ‘ਸਾਚੀ ਸਾਖੀ’ ਦੇ ਪੰਨਾ 70 ਉੱਤੇ ਇਸ ਪ੍ਰਕਾਰ ਕੀਤੀ ਹੈ ਕਿ ‘ਸੰਨ 1705ਈ. ਵਿੱਚ ਜਦੋਂ ਮਾਤਾ ਸੁੰਦਰੀ (ਸੁੰਦਰ ਕੌਰ) ਸਾਹਿਬ ਦਸਵੇਂ ਪਾਤਿਸ਼ਾਹ ਨੂੰ ਸਾਬੋ ਕੀ ਤਲਵੰਡੀ ਭਰੇ ਦੀਵਾਨ ਵਿੱਚ ਮਿਲੇ, ਤਦ ਚੋਹਾਂ ਸਾਹਿਬਜ਼ਾਦਿਆਂ ਬਾਰੇ ਪੁਛੇ ਜਾਣ ਉੱਤੇ ਮਾਤਾ ਸੁੰਦਰੀ ਨੂੰ ਗੁਰੂ ਸਾਹਿਬ ਨੇ ਇਹ ਜਗਤ – ਬਿਿਖਆਤ ਉਤਰ ਦਿੱਤਾ, ਤੇ ਦੀਵਾਨ ਵਿੱਚ ਇਕੱਤਰ ਹੋਏ ਸਿੰਘਾਂ ਵਲ ਹੱਥ ਦਾ ਇਸ਼ਾਰਾ ਕਰ ਕੇ ਕਿਹਾ “ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ।” ਭਾਵ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਬਿੰਦੀ ਪੁੱਤਰ ਆਪਣੇ ਨਾਦੀ ਪੁੱਤਰ ਖਾਲਸੇ ਪੰਥ ਉੱਤੋਂ ਵਾਰ ਦਿੱਤੇ, ਇਥੇ ਜਿਕਰਯੋਗ ਹੈ ਕਿ ਸਿੱਖ ਕੌਮ ਦਾ ਕੌਮੀ ਸਰੂਪ ਖਾਲਸਾ ਪੰਥ ਹੈ ਅਤੇ ਖਾਲਸਾ ਪੰਥ ਦਾ ਮਾਲਕ ਆਪ ਅਕਾਲ ਪੁਰਖ ਹੈ। ਚਮਕੌਰ ਸਾਹਿਬ ਵਿਖੇ ਗੁਰਦੁਆਰਾ ਕਤਲਗੜ੍ਹ ਦੇ ਮੁਖ ਦੁਆਰ ਉੱਤੇ ਅੱਲਾ ਯਾਰ ਖਾਨ ਜੋਗੀ ਦਾ ਇਹ ਸ਼ਿਅਰ ਲਿਿਖਆ ਹੋਇਆ ਹੈ ਕਿ ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਏ।

ਭਾਵ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਵਲੋਂ ਸਥਾਪਿਤ ਮਨੁੱਖੀ ਏਕਤਾ ਤੇ ਰੱਬੀ ਏਕਤਾ ਨੂੰ ਸਮਰਪਿਤ ਸਿੱਖ ਧਰਮ ਉੱਤੋਂ ਆਪਣੇ ਸਾਹਿਬਜ਼ਾਦੇ ਵਾਰ ਦਿੱਤੇ।
ਖਾਲਸਾ ਪੰਥ ਦਾ ਭਾਰਤੀ ਕਰਨ, ਕਰਨ ਲਈ ਜਲੰਧਰ ਦੇ ਦੈਨਿਕ ਪੱਤਰ ‘ਹਿੰਦ ਸਮਾਚਾਰ’ ਮਿਤੀ 15 ਜਨਵਰੀ, ਸੰਨ 1978 ਦੇ ਐਡੀਟੋਰੀਅਲ ਵਿੱਚ ਲਾਲਾ ਜਗਤ ਨਾਰਾਇਣ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਜਲੀ ਭੇਟ ਕਰਨ ਦੀ ਆੜ ਹੇਠ, ਗੁਰੂ ਸਾਹਿਬ ਦੇ ਮੁਖਾਰਬਿੰਦ ਚੋਂ ਇਹ ਸ਼ਬਦ ਇਸ ਤਰ੍ਹਾਂ ਲਿਖਵਾਏ ਸਨ ਕਿ ‘ਇਸ ਭਾਰਤ ਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜਾਰ। ਸਿੱਖ ਵਿਰੋਧੀ ਲਾਲਾ ਜਗਤ ਨਾਰਾਇਣ ਨੇ ਸਾਜਿਸ਼ੀ ਬੁੱਧੀ ਦੁਆਰਾ ਖਾਲਸਾ ਪੰਥ ਦੀ ਥਾਂ ਭਾਰਤ ਵਰਸ਼ ਸ਼ਬਦ ਦੀ ਵਰਤੋਂ ਕੀਤੀ, ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਦੀ ਥਾਂ, ਇਸ ਭਾਰਤ ਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁੱਤ ਚਾਰ। ਲਿਖ ਕੇ ਖਾਲਸਾ ਪੰਥ ਦੀ ਵੱਖਰੀ ਹੋਂਦ ਨੂੰ ਮਿਟਾਉਣ ਲਈ, ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਕੀਤਾ ਸੀ।

ਇਸੇ ਤਰ੍ਹਾਂ ਖਾਲਸਾ ਪੰਥ ਬਾਰੇ ਇੱਕ ਤੱਥ ਵਿਹੂਨੀ ਅਤੇ ਗੁੰਮਰਾਹਕੁੰਨ ਟਿੱਪਣੀ ਐਲ. ਕੇ. ਅਡਵਾਨੀ ਨੇ ਆਪਣੀ ਪੁਸਤਕ ‘ਮਾਈ ਕੰਨਟਰੀ ਮਾਈ ਲਾਈਫ’ ਦੇ ਪੰਨਾ 424 ਉੱਤੇ ਇਸ ਪ੍ਰਕਾਰ ਕੀਤੀ ਹੈ। “The Khalsa Panth was created three hundred years ago by Guru Gobind Singh the last of the ten Guru to defend the Hindus and protect Hinduism from the bigoted Muslim rulers of the time. ਅਰਥਾਤ: ਸਿੱਖ ਗੁਰੂਆਂ ਵਿੱਚੋਂ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ ਤਿੰਨ ਸੌ ਸਾਲ ਪਹਿਲਾਂ ਖਾਲਸਾ ਪੰਥ ਪੈਦਾ ਕੀਤਾ ਸੀ” ਐਲ. ਕੇ. ਅਡਵਾਨੀ ਜੋ ਕਿ ਆਰ. ਐਸ.ਐਸ. ਦਾ ਕੱਟੜ ਸਮਰਥਕ ਮੈਂਬਰ ਹੈ ਦੀ ਟਿੱਪਣੀ ਅਨੁਸਾਰ, ਖਾਲਸਾ ਪੰਥ (ਸਿੱਖ ਕੌਮ) ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਮੰਨਣ ਤੋਂ ਇਨਕਾਰੀ ਹੈ। ਪਰ ਇਥੇ ਦੱਸਣਯੋਗ ਹੈਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਪੈਦਾ ਨਹੀਂ ਸੀ ਕੀਤਾ ਸਗੋਂ ਪ੍ਰਮਾਤਮਾ ਦੀ ਰਜਾ ਅਨੁਸਾਰ ਪ੍ਰਗਟ ਕੀਤਾ ਸੀ, ਅਰਥਾਤ:

ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।
ਜਬ ਲਗ ਖਾਲਸਾ ਰਹੇ ਨਿਆਰਾ।
ਤਬ ਲਗ ਤੇਜ ਦੀਓ ਮੈ ਸਾਰਾ।
ਜਬ ਇਹ ਗਹੇ ਬਿਪਰਨ ਕੀ ਰੀਤ।
ਮੈ ਨਾ ਕਰੌ ਇਨ ਕੀ ਪ੍ਰਤੀਤ।

ਇਥੇ ਇਹ ਵੀ ਵਰਨਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਚਲਾਏ ਤੀਸਰੇ ਪੰਥ (ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ) ਨਾਲੋਂ ਕੋਈ ਵੱਖਰਾ ਪੰਥ ਨਹੀਂ ਸੀ ਚਲਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਭਾਈ ਪ੍ਰਹਲਾਦ ਸਿੰਘ ਨੇ ਆਪਣੇ ਰਹਿਤਨਾਮੇ ਵਿੱਚ ਗਵਾਹੀ ਭਰੀ ਹੈ ਕਿ ਪੰਥ ਗੁਰੂ ਨਾਨਕ ਨੇ ਹੀ ਚਲਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਸਾਜਨਾ ਭਾਵ ਪੰਥ ਦਾ ਅੰਤਮ ਸਰੂਪ ਬੰਨ੍ਹ ਕੇ ਉਸ ਨੂੰ ਗੁਰਿਆਈ ਸੌਂਪੀ। ‘ਪੰਥ ਚਲਿਓ ਹੈ ਜਗਤ ਮੈ ਗੁਰੂ ਨਾਨਕ ਪ੍ਰਸਾਦਿ।

ਗੁਰੂ ਕਾਲ ਸਮੇਂ ਮਨੂ ਸਿਮਰਤੀ ਦੇ ਵਿਧਾਨ ਅਨੁਸਾਰ ਕੋਈ, ਧਰਮ- ਅਧਿਕਾਰ ਤੋਂ ਵੰਚਿਤ ਸੀ ਤੇ ਕੋਈ ਰਾਜ ਅਧਿਕਾਰ ਤੋਂ ਵੰਚਿਤ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਸਾਰਿਆ ਨੂੰ ਧਰਮ ਅਧਿਕਾਰੀ ਤੇ ਰਾਜ ਅਧਿਕਾਰੀ ਬਣਾਇਆ। ਭਾਈ ਰਤਨ ਸਿੰਘ ਭੰਗੂ ਨੇ ਸਾਰੀਆਂ ਉਹ ਜਾਤਾਂ ਗਿਣੀਆਂ ਹਨ ਜਿਹੜੀਆਂ ਅੰਮ੍ਰਿਤ ਛਕ ਕੇ ਧਰਮ ਅਧਿਕਾਰੀ ਤੇ ਰਾਜ ਅਧਿਕਾਰੀ ਹੋਈਆਂ।

ਗੁਜਰ, ਲੋਹਾਰ, ਆਹੀਰ, ਕਮਜਾਤ।
ਕੰਬੋ ਸ਼ੂਦਰਨ ਕੋ ਪੁਛੇ ਨਾ ਬਾਤ।
ਝੀਵਰ, ਨਾਈ, ਔ ਰੋੜੇ ਘੁਮਿਆਰ।
ਸੈਣੀ, ਸੁਨਿਆਰੇ, ਚੂੜ, ਚੁਮਾਰ।
ਭਟ, ਔ ਹੁਤੇ, ਮੰਗਵਾਰ।
ਬਹੁਰੂਪੀਏ, ਲੁਬਾਣੇ ਔ ਘੁਮਿਆਰ।

ਖਾਲਸੇ ਦੀ ਸਿਰਜਨਾ ਉਪਰੰਤ ਦਸਵੇ ਗੁਰੂ, ਗੋਬਿੰਦ ਸਿੰਘ ਨੇ ਖਾਲਸੇ ਬਣਨ ਲਈ ਇੱਕ ਸਿਧਾਂਤ ਦਿੱਤਾ, ਜਿਸ ਨੂੰ ਇਤਿਹਾਸ ਵਿੱਚ ‘ਨਾਸ਼ ਸਿਧਾਂਤ’ (ਂੳਸਹ ਧੋਚਟਰਨਿੲ) ਨਾਲ ਜਾਣਿਆਂ ਜਾਂਦਾ ਹੈ। ਹਰ ਵਿਅੱਕਤੀ ਨੂੰ ਖਾਲਸਾ ਬਣਨ ਤੋਂ ਪਹਿਲਾਂ ਚਾਰ ਗੱਲਾਂ ਦਾ ਤਿਆਗ ਜਰੂਰੀ ਹੈ ਜਿਵੇਂ ਕਿ 1. ਧਰਮ ਨਾਸ਼ 2. ਕੁਲ ਨਾਸ 3. ਕਿਰਤ ਨਾਸ਼ ਅਤੇ 4. ਕਰਮ ਨਾਸ਼। ਗੁਰੂ ਗੋਬਿੰਦ ਜੀ ਨੇ ਨਾਸ਼ ਸਿਧਾਂਤ ਅਨੁਸਾਰ ਸਾਰੀਆਂ ਜਾਤਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਬਚਨ ਕੀਤਾ ‘ਇਨ ਗਰੀਬ ਸਿੰਘਨ ਕੋ ਦੇਊ ਪਾਤਿਸ਼ਾਹੀ। ਏਹ ਯਾਦ ਰਖੇ ਹਮਰੀ ਗੁਰਿਆਈ’। (ਭਾਈ ਰਤਨ ਸਿੰਘ ਭੰਗੂ, ਸ੍ਰੀ ਗੁਰੂ ਪੰਥ ਪ੍ਰਕਾਸ਼ ਪੰਨਾ 32) ਭਾਵ ਗੁਰੂ ਗੋਬਿੰਦ ਸਿਾੰਘ ਜੀ ਨੇ ਗਰੀਬ ਸਿੱਖਾਂ ਨੂੰ ਰਾਜ ਭਾਗ ਦੇਣ ਲਈ ਖਾਲਸਾ ਪ੍ਰਗਟ ਕੀਤਾ ਸੀ ਨਾ ਕਿ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ। ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਜੀ ਹਨ ਭਾਈ ਨੰਦ ਲਾਲ ਦੇ ਰਹਿਤਨਾਮੇ ਵਿੱਚ ਗੁਰੂ ਸਾਹਿਬ ਦੇ ਇਹ ਮੁਖ ਵਾਕ ਦਰਜ ਹਨ। ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ। ਭਾਵ ਓਹੀ ਗੁਰੂ ਗੋਬਿੰਦ ਸਿੰਘ ਹੈ, ਤੇ ਓਹੀ ਨਾਨਕ ਗੁਰੂ ਹੈ ਅਤੇ ‘ਰਾਜ ਕਰੇਗਾ ਖਾਲਸਾ’। ਭਾਵ ਰਾਜ ਕਰੇਗਾ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਮੁਖਵਾਕ ਹੈ। ਦੂਸਰਾ ਨੁਕਤਾ ਜੋ ਐਲ. ਕੇ. ਅਡਵਾਨੀ ਕਹਿੰਦਾ ਹੈ ਕਿ ਹਿੰਦੂਆਂ ਨੂੰ ਕੱਟੜ ਮੁਸਲਮਾਨ ਹਾਕਮਾਂ ਕੋਲੋਂ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਪੈਦਾ ਕੀਤਾ ਸੀ ਇਹ ਵੀ ਇਤਿਹਾਸਕ ਸਚਾਈ ਦੇ ਬਿਲਕੁਲ ਉਲਟ ਹੈ ਕਿਉਂਕਿ ਬਾਈ ਧਾਰ ਦੇ ਹਿੰਦੂ ਰਾਜਿਆਂ ਨੇ ਤਾਂ ਗੁਰੂ ਗੋਬਿੰਦ ਨੂੰ ਆਪਣੀ ਰਿਆਸਤ ਵਿੱਚੋਂ ਬਾਹਰ ਕੱਢਣ ਲਈ ਕਈ ਕਹਿਰੀ ਹਮਲੇ ਕੀਤੇ।

ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਬਾਈਧਾਰ ਦੇ ਰਾਜਿਆਂ ਦੇ ਹਮਲੇ ਰੋਕਣ ਲਈ ਅਨੰਦਪੁਰ ਸਾਹਿਬ ਵਿਖੇ ਪੰਜ ਕਿਲ੍ੇ ਉਸਾਰਨੇ ਪਏ ਸਨ। 1.ਕਿਲ੍ਾ ਲੋਹ ਗੜ੍ਹ ਸਾਹਿਬ 2.ਕਿਲ੍ਾ ਹੋਲ ਗੜ੍ਹ ਸਾਹਿਬ 3.ਕਿਲ੍ਾ ਕੇਸ ਗੜ੍ਹ ਸਾਹਿਬ 4.ਕਿਲਾ੍ ਤਾਰਾ ਗੜ੍ਹ ਸਾਹਿਬ 5.ਮੁਖ ਕਿਲ੍ਾ ਅਨੰਦ ਗੜ੍ਹ ਸਾਹਿਬ। ਪਹਾੜੀ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਤੇ ਲਗਪਗ 14 ਹਮਲੇ ਕੀਤੇ ਜਿਸ ਵਿੱਚ ਹਿੰਦੂ ਰਾਜਿਆਂ ਨੂੰ ਹਰ ਵਾਰੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਛੇਕੜ ਅਨੰਦ ਗੜ੍ਹ ਦੇ ਕਿਲੇ ਤੇ ਕਬਜਾ ਕਰਨ ਲਈ ਹੀ ਬਾਈ ਧਾਰ ਦੇ ਹਿੰਦੂ ਰਾਜਿਆਂ ਨੇ ਔਰੰਗਜ਼ੇਬ ਕੋਲੋਂ ਫੌਜੀ ਮੱਦਦ ਮੰਗੀ ਸੀ, ਦੋਹਾਂ ਧਿਰਾਂ ਦੀਆਂ ਮਿਲਵੀਆਂ ਫੌਜਾਂ ਵੀ ਜਦ ਅੱਠ ਮਹੀਨੇ ਗੁਰੂ ਗੋਬਿੰਦ ਸਿੰਘ ਕੋਲੋਂ ਅਨੰਦ ਗੜ੍ਹ ਦਾ ਕਿਲ੍ਾ ਖਾਲੀ ਨਾ ਕਰਵਾ ਸਕੀਆਂ ਤਾਂ ਉਨ੍ਹਾਂ ਨੇ ਕੁਟਲ ਨੀਤੀ ਅਨੁਸਾਰ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੀ ਕਸਮ ਅਤੇ ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਸੌਂਹੁ ਖਾਧੀ ਗੁਰੂ ਸਾਹਿਬ ਨੇ ਉਨ੍ਹਾਂ ਦੀਆਂ ਧਰਮ ਦੀਆਂ ਖਾਧੀਆਂ ਸੌਂਹੁਆਂ ਤੇ ਇਤਬਾਰ ਕਰਕੇ ਕਿਲ੍ਾ ਖਾਲੀ ਕਰ ਦਿੱਤਾ। ਪਰ ਦੋਹਾਂ ਧਿਰਾਂ ਨੇ ਆਪਣੀਆਂ ਧਰਮ ਦੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਦਸੰਬਰ ਮਹੀਨੇ ਦੇ ਸ਼ਹਾਦਤਾਂ ਦੇ ਸਫਰ ਵਿੱਚ, ਸਰਸਾ ਦਾ ਯੁਧ ਪਰਿਵਾਰ ਵਿਛੋੜਾ, ਚਮਕੌਰ ਦਾ ਸਾਕਾ ਅਤੇ ਸਾਕਾ ਸਰਹੰਦ ਵਾਰੇ ਵਰਨਣ ਕੀਤਾ ਜਾ ਚੁੱਕਾ ਹੈ। ਅੰਤ ਵਿੱਚ ਅੱਲਾ ਯਾਰ ਖਾਨ ਯੋਗੀ ਦੇ ਸ਼ਬਦਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ ਨਾਲ ਸਮਾਪਤੀ ਕਰਦੇ ਹਾਂ।

ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ।
ਸਿੱਖੀ ਕੀ ਨੀਂਵ ਹੈ, ਸਰਪਰ ਉਠਾ ਚਲੇ।
ਗੁਰਿਆਈ ਕਾ ਕਿੱਸਾ, ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ, ਪੋਦਾ ਲਗਾ ਚਲੇ।
ਗਦੀ ਵੀ-ਤਾਜੋ-ਤਖਤ ਅਬ ਕੌਮ ਪਾਏਗੀ।
ਦੁਨੀਆਂ ਮੇਂ ਜਾਲਮੋਂ ਕਾ ਨਿਸ਼ਾਂ ਤੱਕ ਮਿਟਾਏਗੀ।
(ਭਾਵ ਇੱਕ ਦਿਨ ਇਥੇ ਸਿੱਖ ਕੌਮ ਦਾ ਰਾਜ ਹੋਵੇਗਾ)

ਹਥਲਾ ਲੇਖ ਲਿਖਣ ਤੋਂ ਭਾਵ ਹੈ ਕਿ 1704 ਈ. ਦੇ ਦਸੰਬਰ ਦੇ ਮਹੀਨੇ ਸ਼ਹੀਦੀ ਸਾਕਾ ਚਮਕੌਰ ਤੇ ਸਹੀਦੀ ਸਾਕਾ ਸਰਹੰਦ ਵਿੱਚ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਉਹ ਮਨੁਖਤਾ ਦੀ ਰਾਖੀ ਅਤੇ ਖਾਲਸਾ ਪੰਥ ਦੀ ਸੁਤੰਤਰ ਹੋਂਦ ਹਸਤੀ ਅਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਹੋਈਆਂ ਸਨ ਨਾ ਕਿ ਭਾਰਤ ਬਰਸ਼ ਲਈ, ਕਿਉਂਕਿ 1704 ਈ. ਵਿੱਚ ਭਾਰਤ ਦਾ ਇੱਕ ਦੇਸ਼ ਵਜੋਂ ਕੋਈ ਵਜੂਦ ਹੀ ਨਹੀਂ ਸੀ। ਇਸ ਕਰਕੇ ਚੌਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਰਾਸ਼ਟਰਵਾਦ ਦੇ ਖਾਤੇ ਵਿੱਚ ਪਾਉਣਾ, ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਨੂੰ ਮਲੀਆ ਮੇਟ ਕਰਨ ਲਈ ਆਰ. ਐਸ. ਐਸ. ਦੀ ਗੰਭੀਰ ਸਾਜਿਸ਼ ਹੈ, ਇਸ ਕਰਕੇ ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ।
ਭੁਲਾਂ ਚੁੱਕਾਂ ਦੀ ਖਿਮਾਂ।

ਗੁਰੂ ਪੰਥ ਦਾ ਦਾਸ
ਜ. ਮਹਿੰਦਰ ਸਿੰਘ ਖਹਿਰਾ
(ਇੰਗਲੈਂਡ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: