September 28, 2024 | By ਡਾ. ਮਲਕੀਅਤ ਸਿੰਘ ਸੈਣੀ
ਫਸਲਾਂ ਦੇ ਨੁਕਸਾਨ ਨੂੰ ਦੇਖਦਿਆਂ 19ਵੀਂ ਸਦੀ ਦੇ ਅਖੀਰ ਵਿੱਚ ਚੀਨ ਦੀ ਸਰਕਾਰ ਨੇ ਮਤਾ ਪਾਸ ਕੀਤਾ ਕਿ ਚੀਨ ਵਿੱਚੋਂ ਚਿੜੀਆਂ ਦਾ ਪੂਰੇ ਤੌਰ ਤੇ ਖਾਤਮਾ ਕਰ ਦਿੱਤਾ ਜਾਵੇ। ਜਿਸ ਨੂੰ ਜਿੱਥੇ ਵੀ ਕੋਈ ਚਿੜੀ ਦਿਸੀ ਮਾਰ ਦਿੱਤੀ ਗਈ। ਹੋਇਆ ਇਹ ਕਿ ਚਿੜੀਆਂ ਵੱਲੋਂ ਕੀਤੇ ਜਾ ਰਹੇ ਸਿੱਧੇ ਨੁਕਸਾਨ ਤੋਂ ਫਸਲਾਂ ਤਾਂ ਬਚ ਗਈਆਂ ਪਰ ਹੋਰ ਬੇਸ਼ੁਮਾਰ ਕੀੜਿਆਂ ਦੀ ਗਿਣਤੀ ਇੰਨੀ ਵੱਧ ਗਈ ਕਿ ਜਿੰਨਾ ਨੁਕਸਾਨ ਚਿੜੀਆਂ ਨੇ ਕਰਨਾ ਸੀ ਉਸ ਨਾਲੋਂ ਕਈ ਗੁਣਾ ਜਿਆਦਾ ਤਬਾਹੀ ਇਹਨਾਂ ਕੀੜਿਆਂ ਨੇ ਕਰ ਦਿੱਤੀ।
ਚੀਨ ਵਾਸੀਆਂ ਨੇ ਫਿਰ ਜਾ ਕੇ ਮਹਿਸੂਸ ਕੀਤਾ ਕਿ ਸਾਰੇ ਸਾਲ ਦੌਰਾਨ 15-20 ਦਿਨਾਂ ਲਈ ਤਾਂ ਇਹ ਚਿੜੀਆਂ ਕਣਕ ਖਾਂਦੀਆਂ ਸਨ ਜਦੋਂ ਕਿ ਬਾਕੀ ਦੇ ਦਿਨ ਇਹ ਉਹਨਾਂ ਕੀੜੀਆਂ ਉੱਤੇ ਗੁਜ਼ਾਰਾ ਕਰਦੀਆਂ ਸਨ ਜਿਨਾਂ ਨੇ ਇਹਨਾਂ ਚਿੜੀਆਂ ਦੀ ਗੈਰ ਹਾਜ਼ਰੀ ਵਿੱਚ ਫਸਲਾਂ ਦੇ ਆਹੂਲਾਹ ਛੱਡੇ। ਲੇਕਿਨ ਸਭ ਕੁਝ ਲੁਟਾ ਕੇ ਹੋਸ਼ ਮੇ ਆਏ ਤੋਂ ਕਿਆ ਕੀਆ। ਜਲਦਬਾਜ਼ੀ ਅਤੇ ਭਾਵੁਕ ਹੋ ਕੇ ਕੀਤੀ ਇੱਕ ਗਲਤੀ ਨਾਲ ਸਾਰੇ ਦਾ ਸਾਰਾ ਵਾਤਾਵਰਨਿਕ ਸੰਤੁਲਨ ਤਹਿਸ ਨਹਿਸ ਹੋ ਕੇ ਰਹਿ ਗਿਆ ਸੀ। ਅਖੀਰ ਉਹੀ ਕਹਾਵਤ “ਲੌਟ ਕੇ ਬੁੱਧੂ ਘਰ ਕੋ ਆਏ” ਚੀਨ ਵਾਸੀਆਂ ਨੂੰ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈ ਗਈਆਂ ਅਤੇ ਜਿਨਾਂ ਮੂੰਹਾਂ ਤੇ ਚਪੇੜਾਂ ਮਾਰੀਆਂ ਸਨ ਉਹੀ ਦੁਬਾਰਾ ਚੁੰਮਣੇ ਪੈ ਗਏ। ਧੱਕੇ ਮਾਰ ਮਾਰ ਕੇ ਕੱਢੀਆਂ ਤੇ ਦੁਰਕਾਰੀਆਂ ਚਿੜੀਆਂ ਨੂੰ ਸਿਰ ਤੇ ਬਿਠਾ ਕੇ ਵਾਪਸ ਲਿਆਉਣਾ ਪਿਆ। ਉਸ ਦਿਨ ਤੋਂ ਅੱਜ ਤੱਕ ਚੀਨ ਵਾਸੀਆਂ ਨੇ ਦੁਬਾਰਾ ਚਿੜੀਆਂ ਵੱਲ ਬੁਰੀ ਅੱਖ ਨਾਲ ਨਹੀਂ ਜੇ ਝਾਕਿਆ। ਕਹਿਣ ਤੋਂ ਭਾਵ ਇਹ ਹੈ ਕਿ ਹਰ ਜਾਨਵਰ ਦੀ ਸਾਡੇ ਵਾਤਾਵਰਨਕ ਸੰਤੁਲਨ ਵਿੱਚ ਇੱਕ ਅਹਿਮ ਥਾਂ ਹੈ, ਇੱਕ ਅਹਿਮ ਭੂਮਿਕਾ ਹੈ।
Related Topics: Article by Malkiat Singh Saini, Punjab's Disappearing Birds