ਬੋਲਦੀਆਂ ਲਿਖਤਾਂ » ਲੇਖ

ਪੰਥ ਦੀ ਮੌਜੂਦਾ ਸਥਿਤੀ ਅਤੇ ਹੱਲ ਦੀ ਤਲਾਸ਼

October 5, 2024 | By

 

ਬੇਸ਼ੱਕ ਖਾਲਸਾ ਪੰਥ ਨੇ ਮਨੁੱਖ ਦੇ ਅਜਿਹੇ ਕਿਰਦਾਰ ਦੀ ਸਿਰਜਣਾ ਕੀਤੀ ਹੈ ਜੋ ਵਿਲੱਖਣ ਮੁੱਲਾਂ ਦਾ ਧਾਰਨੀ ਹੈ। ਸਿੱਖੀ ਕੇਵਲ ਹਦਾਇਤ ਨੂੰ ਮੰਨ ਲੈਣ ਦਾ ਧਰਮ ਨਹੀਂ ਹੈ ਬਲਕਿ ਸਿੱਖ ਦੀ ਸੁਰਤਿ, ਮਤਿ, ਮਨ ਅਤੇ ਬੁੱਧ ਗੁਰਬਾਣੀ ਅਤੇ ਸਿੱਖ ਇਤਿਹਾਸ ਰਾਹੀਂ ਘੜੇ ਜਾਂਦੇ ਹਨ। ਇਸ ਤਰ੍ਹਾਂ ਸਿੱਖੀ ਦੀ ਟਕਸਾਲ ਵਿੱਚ ਘੜਿਆ ਹੋਇਆ ਮਨੁੱਖ, ਜੀਵਨ ਵਿੱਚ ਵੱਖਰੀ ਤਰ੍ਹਾਂ ਦਾ ਵਿਹਾਰ ਅਮਲ ਵਿੱਚ ਲਿਆਉਂਦਾ ਹੈ। ਵਿਸ਼ਵ ਧਰਮਾਂ ਦੇ ਇਤਿਹਾਸ ਵਿੱਚ ਸਿੱਖੀ ਸਭ ਤੋਂ ਬਾਅਦ ਵਿੱਚ ਪ੍ਰਗਟ ਹੋਇਆ ਧਰਮ ਅਥਵਾ ਪੰਥ ਹੈ। ਵਿਸ਼ਵ ਧਰਮਾਂ ਦੇ ਇਤਿਹਾਸ ਵਿੱਚ ਆਪਣੀ ਅਲਪ ਆਯੂ ਦੇ ਬਾਵਜੂਦ ਖਾਲਸੇ ਨੇ ਮਹਾਨ ਨੈਤਿਕ ਸੁਹਜ ਨਾਲ ਆਪਣੀ ਹਸਤੀ ਦਾ ਜ਼ੋਰਦਾਰ ਪ੍ਰਭਾਵ ਸਿਰਜਿਆ ਹੈ। ਇਹ ਮਨੁੱਖ ਰਾਤੋ-ਰਾਤ ਨਹੀਂ ਘੜਿਆ ਗਿਆ ਬਲਕਿ ਸਾਧਾਰਨ ਮਨੁੱਖੀ ਸੁਰਤ ਤੋਂ ਖਾਲਸਾ ਜੀ ਦੀ ਉੱਚੀ ਸੁਰਤ ਬਣਨ ਤੱਕ ਦਾ ਸਫਰ ਸਦੀਆਂ ਉੱਪਰ ਫੈਲਿਆ ਹੋਇਆ ਹੈ। ਇਸ ਸਫਰ ਵਿੱਚ ਖਾਲਸੇ ਨੇ ਵੀ ਹੋਰਨਾ ਧਰਮਾਂ ਵਾਂਗ ਚੜ੍ਹਤਲ ਅਤੇ ਗਿਰਾਵਟ ਦੇ ਅਨੇਕਾਂ ਰੂਪ ਦੇਖੇ ਹਨ ਅਤੇ ਉਹਨਾਂ ਵਿੱਚੋਂ ਪਾਰ ਲੰਘਦਾ ਹੋਇਆ ਸਰਬੱਤ ਦੇ ਭਲੇ ਵਾਲਾ ਨਿਜ਼ਾਮ ਸਿਰਜਣ ਦੇ ਅਜ਼ੀਮੋ ਸ਼ਾਨ ਮੁਕਾਮ ਉੱਪਰ ਪਹੁੰਚਿਆ ਹੈ।

ਸਦੀਆਂ ਉੱਪਰ ਫ਼ੈਲੇ ਖ਼ਾਲਸੇ ਦੇ ਇਸ ਸਫ਼ਰ ਵਿੱਚ ਜਿੱਥੇ ਮੌਤ ਨੂੰ ਪਛਾੜਦੀ ਮਹਾਂਬਲੀ ਸ਼ਮਸ਼ੀਰ ਲਿਸ਼ਕਦੀ ਹੈ ਉੱਥੇ ਸੰਪੂਰਨਤਾ ਤੇ ਪ੍ਰਭੂ ਮਿਲਾਪ ਵੱਲ ਵਧਦੀ ਸੁਰਤਿ ਨੂੰ ਕਦਮ-ਕਦਮ ਉੱਤੇ ਹਿਰਸ ਅਤੇ ਕਾਲ ਦੇ ਅਣਦਿਸ ਛਲ ਨੇ ਵੀ ਛਲਣ ਦੇ ਯਤਨ ਕੀਤੇ ਹਨ। ਜਦੋਂ-ਜਦੋਂ ਖ਼ਾਲਸਾ ਮਾਰਗ ਦੇ ਪਾਂਧੀਆਂ ਦੀ ਰੂਹ ਰੋਗ, ਭੋਗ ਅਤੇ ਸੋਗ ਨਾਲ ਗ੍ਰਸੀ ਜਾਂਦੀ ਹੈ ਤਾਂ ਉਨਾਂ ਦੀ ਰੌਸ਼ਨ ਜ਼ਮੀਰ, ਤਮ੍ਹਾਂ ਦੇ ਹਵਾਲੇ ਹੋ ਗੁਰੂ ਦੀ ਸਦਾ ਥਿਰ ਸ਼ਹਿਨਸ਼ਾਹੀ ਦਾ ਮਹਾਂਬਲੀ ਧਰਵਾਸ ਗਵਾ ਬੈਠਦੀ ਹੈ।

ਖਾਲਸਾ ਪੰਥ ਦੇ ਮੌਜੂਦਾ ਰਾਜਨੀਤਿਕ ਹਾਲਾਤ ਬਹੁਤ ਹੀ ਗੰਭੀਰ ਅਤੇ ਚੁਣੌਤੀਪੂਰਨ ਹਨ। ਸਿੱਖਾਂ ਵਿੱਚ ਕੇਂਦਰੀ ਅਗਵਾਈ ਵਾਲੀ ਜਮਾਤ ਦਾ ਪਤਨ ਅਤੇ ਵਿਘਟਨ ਹੋ ਜਾਣ ਕਾਰਨ ਅਗਵਾਈ ਦੇਣ ਵਾਲਾ ਕੋਈ ਵੀ ਕੇਂਦਰੀ ਢਾਂਚਾ ਜਾਂ ਵਿਅਕਤੀ ਨਹੀਂ ਬਚਿਆ ਹੈ। ਦਿੱਲੀ ਤਖ਼ਤ ਅਤੇ ਇਸਦੀਆਂ ਸਿੱਖ ਵਿਰੋਧੀ ਹੋਰ ਸ਼ਕਤੀਆਂ ਲਈ ਇਹ ਮਨ ਭਾਉਂਦੀ ਸਥਿਤੀ ਹੈ ਜਿਸ ਕਰਕੇ ਸਿੱਖਾਂ ਵਿੱਚ ਪਾਟੋਧਾੜ ਵਧਾਈ ਜਾ ਰਹੀ ਹੈ ਅਤੇ ਦੂਰ-ਦ੍ਰਿਸ਼ਟੀ ਤੋਂ ਵਿਹੂਣੇ ਤੇ ਖੁਦ ਪ੍ਰਸਤ ਆਗੂ ਇਸ ਕਿਓਟਿਕ ਸਥਿਤੀ ਨੂੰ ਲਗਾਤਾਰ ਬਣਾਈ ਰੱਖਣ ਅਤੇ ਇਸ ਵਿੱਚ ਵਾਧਾ ਕਰਦੇ ਜਾਣ ਦੀ ਭੂਮਿਕਾ ਅਦਾ ਕਰ ਰਹੇ ਹਨ।

ਦੁਨੀਆ ਦੇ ਹੋਰਨਾ ਸਮਾਜਾਂ ਵਾਂਗ ਸਿੱਖਾਂ ਦੇ ਵੀ ਮਜਬੂਤ ਅੰਦਰੂਨੀ ਢਾਂਚੇ ਉੱਸਰੇ ਹੋਏ ਸਨ। ਬਿਪਰ ਤਖ਼ਤ ਵੱਲੋਂ ਸਿੱਖਾਂ ਵਿਚਲੇ ਸੱਤਾ ਦੇ ਲਾਲਸੀ ਲੋਕਾਂ ਰਾਹੀਂ ਅਤੇ ਸਿੱਧੇ ਦਖ਼ਲ ਨਾਲ ਵੀ ਇਹਨਾਂ ਢਾਂਚਿਆਂ ਦਾ ਨਾਸ ਕਰ ਦਿੱਤਾ ਗਿਆ। ਅੰਦਰੂਨੀ ਢਾਂਚਿਆਂ ਦੇ ਤਬਾਹ ਹੋ ਜਾਣ ਨਾਲ ਅਗਵਾਈ ਵਾਸਤੇ ਗੁਰੂ ਆਸ਼ੇ ਅਨੁਸਾਰ ਆਗੂ ਪੈਦਾ ਕਰਨ ਦੀ ਕਵਾਇਦ ਲਗਭਗ ਮਨਫੀ ਹੋ ਚੁੱਕੀ ਹੈ। ਇਸ ਕਰਕੇ ਮੌਜੂਦਾ ਦੌਰ ਵਿੱਚ ਹਫੇ ਹੋਏ ਪੁਰਾਣੇ ਆਗੂ ਹੀ ਬਦਲਵੇਂ ਰੂਪ ਵਿੱਚ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਜਦੋਂ ਤੱਕ ਗੁਰੂ ਆਸ਼ੇ ਅਨੁਸਾਰ, ਆਗੂ ਚੁਣਨ, ਫੈਸਲੇ ਕਰਨ ਅਤੇ ਜਥੇਬੰਦ ਹੋਣ ਦੀ ਰਵਾਇਤ ਬਹਾਲ ਨਹੀਂ ਹੁੰਦੀ ਉਨਾਂ ਚਿਰ ਤੱਕ ਕੋਈ ਸੱਜਰ ਸਾਹ ਅਗਵਾਨੂ ਜੱਥਾ ਨਹੀਂ ਸਿਰਜਿਆ ਜਾਵੇਗਾ।

ਮੌਜੂਦਾ ਇੰਡੀਅਨ ਰਜੀਮ ਦੀਆਂ ਇੱਕਸਾਰਵਾਦੀ ਨੀਤੀਆਂ ਲਗਭਗ ਪੂਰੇ ਇੰਡੀਆ ਵਿੱਚ ਲਾਗੂ ਹੋ ਚੁੱਕੀਆਂ ਹਨ ਪਰੰਤੂ ਖਾਲਸਾ ਜੀ ਦੀ ਅਜ਼ੀਮ ਇਤਿਹਾਸਿਕ ਵਿਰਾਸਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸਿੱਖਾਂ ਨੂੰ ਲਗਾਤਾਰ ਹਲੇਮੀ ਰਾਜ ਦੀ ਪ੍ਰੇਰਨਾ ਮਿਲਦੀ ਰਹਿਣ ਕਾਰਨ ਪੰਜਾਬ ਵਿੱਚ ਉਹ ਨੀਤੀਆਂ ਲਾਗੂ ਕਰਨੀਆਂ ਸੌਖੀਆਂ ਨਹੀਂ ਸਨ। ਇਸ ਲਈ ਸਾਜ਼ਗਾਰ ਮੌਕਾ ਆਉਣ ਤੱਕ ਸਥਿਤੀਆਂ ਦੀ ਤਰਲਤਾ ਬਣਾਈ ਰੱਖਣ ਦੀ ਨੀਤੀ ਅਪਣਾਈ ਜਾ ਰਹੀ ਹੈ, ਸਿੱਖ ਰਾਜਨੀਤੀ ਮੁਕੰਮਲ ਤੌਰ ’ਤੇ ਧੁੰਦਲਕੇ ਅਤੇ ਅਸਪਸ਼ਟਤਾ ਵਿੱਚ ਘਿਰ ਚੁੱਕੀ ਹੈ। ਦਿੱਲੀ ਤਖ਼ਤ ਅਤੇ ਉਸ ਦੀਆਂ ਭਾਈਵਾਲ ਏਜੰਸੀਆਂ ਨੂੰ ਇਹ ਸਥਿਤੀ ਬਹੁਤ ਸੂਤ ਬੈਠਦੀ ਹੈ ਕਿਉਂਕਿ ਤਰਲ ਸਥਿਤੀਆਂ ਨੂੰ ਕਿਸੇ ਵੀ ਸਥੂਲ ਪ੍ਰਬੰਧ ਵਿੱਚ ਢਾਲਣਾ ਆਸਾਨ ਹੁੰਦਾ ਹੈ। ਸਿੱਖਾਂ ਦੇ ਅੰਦਰੂਨੀ ਸ਼ਕਤੀ ਕੇਂਦਰਾਂ ਨੂੰ ਸ਼ਕਤੀ ਹੀਣ ਕਰ ਦਿੱਤਾ ਗਿਆ ਹੈ ਅਤੇ ਦੋਬਾਰਾ ਤੋਂ ਨਵੇਂ ਸ਼ਕਤੀ ਕੇਂਦਰ ਉਸਾਰੇ ਜਾਣਗੇ ਜਿਨ੍ਹਾਂ ਦਾ ਨਿਯੰਤਰਣ ਉਹਨਾਂ ਸ਼ਕਤੀ ਕੇਂਦਰਾਂ ਦੀ ਉਸਾਰੀ ਕਰਨ ਵਾਲੀਆਂ ਧਿਰਾਂ ਰਾਹੀਂ ਪਿੱਛੇ ਬੈਠੇ ਆਕਾਵਾਂ ਦੇ ਹੱਥਾਂ ਵਿੱਚ ਰਹੇਗਾ। ਖ਼ਾਲਸਾ ਜੀ ਨੇ ਬਿਖੜੇ ਸਮਿਆਂ ਵਿੱਚ ਵੀ ਅਡੋਲ ਰਹਿੰਦਿਆਂ ਆਪਣੇ ਆਪ ਨੂੰ ਤੂਫਾਨਾਂ ਦੇ ਸਾਹਮਣੇ ਕਈ ਵਾਰ ਮੁੜ ਖੜ੍ਹਾ ਕੀਤਾ ਹੈ ਇਹ ਸਭ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਸਿੱਖਾਂ ਵਿੱਚ ਸ਼ਕਤੀਆਂ ਕਈ ਕੇਂਦਰਾਂ ਵਿੱਚ ਵੰਡੀਆਂ ਹੋਈਆਂ ਸਨ ਜਿਵੇਂ ਅਕਾਲ ਤਖਤ ਸਾਹਿਬ, ਅਕਾਲੀ ਜਥੇ (ਦਲ ਪੰਥ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਰਾਜਨੀਤਿਕ ਦਲ। ਇਹ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀ ਅਗਵਾਈ ਨਾਲ ਇੱਕ ਹੋ ਜਾਂਦੇ ਹਨ ਅਤੇ ਸਮੂਹਿਕ ਸਿਰਜਣਾ ਦੇ ਮੁਹਾਜ ਸਰ ਕੀਤੇ ਜਾਂਦੇ ਹਨ ਪਰ ਲੰਮੇ ਅਰਸੇ ਤੋਂ ਲੋਕਤੰਤਰੀ ਵਰਤਾਰੇ ਅਧੀਨ ਸਿੱਖ ਸ਼ਕਤੀ ਕੇਂਦਰਾਂ ਨੂੰ ਸ਼ਕਤੀ ਹੀਣ ਕਰਕੇ ਸ਼ਕਤੀਆਂ ਦਾ ਕੇਂਦਰੀਕਰਨ ਕਰਨ ਦੀ ਕਵਾਇਦ ਆਰੰਭ ਹੋਈ ਅਤੇ ਕੇਵਲ ਇੱਕ ਕੇਂਦਰ (ਰਾਜਨੀਤਿਕ ਦਲ) ਹੀ ਸਰਬ ਸ਼ਕਤੀਮਾਨ ਬਣ ਗਿਆ ਅਤੇ ਇਸ ਸਰਬ ਸ਼ਕਤੀਮਾਨ ਦਲ ਨੇ ਖ਼ਾਲਸਾ ਜੀ ਦੇ ਸ਼ਕਤੀ ਕੇਂਦਰਾਂ ਦੀ ਭਰੋਸੇ ਯੋਗਤਾ ਖਤਮ ਕੀਤੀ ਅਤੇ ਇਹਨਾਂ ਨੂੰ ਸ਼ੱਕੀ ਕੀਤਾ। ਇਸ ਨਾਲ ਸਿੱਖ ਰਾਜਨੀਤੀ ਅਸਲੋਂ ਹੀ ਨਿਰੰਕੁਸ਼ ਲੀਹਾਂ ਉੱਪਰ ਪਾ ਦਿੱਤੀ ਗਈ। ਸਿੱਖ ਰਾਜਨੀਤੀ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਵਿੱਚੋਂ ਬਹੁਤਾਤ ਵਿਅਕਤੀ ਉਹ ਹਨ ਜੋ ਇਸਨੂੰ ਪਦਾਰਥਕ ਹਿਰਸ ਦੀ ਪੂਰਤੀ ਦਾ ਸਾਧਨ ਮੰਨਦੇ ਹਨ। ਪੰਥਕ ਰਾਜਨੀਤੀ ਦੇ ਲਿਬਾਦੇ ਵਿੱਚ, ਹਿਰਸੀ ਅਤੇ ਹੰਕਾਰੇ ਹੋਏ ਵਿਅਕਤੀ, ਪੰਥ ਦੀਆਂ ਸਿਰਮੌਰ ਸੰਸਥਾਵਾਂ ਉੱਪਰ ਕਾਬਜ਼ ਹੋ ਗਏ।

ਸਾਧਾਰਨ ਅੱਖ ਨਾਲ ਵੇਖਿਆਂ ਇਹ ਸਭ ਸਿੱਖਾਂ ਵੱਲੋਂ ਹੀ ਕੀਤਾ ਗਿਆ ਪਰੰਤੂ ਅਕਾਲ ਪੁਰਖ ਦੀ ਬਖਸ਼ੀ ਸੋਝੀ ਨਾਲ ਇਸ ਦੇ ਪਿੱਛੇ ਕਾਰਜਸ਼ੀਲ ਇੱਕ ਨਿਸ਼ਚਿਤ ਡਿਜ਼ਾਇਨ ਵੀ ਪਛਾਣਿਆ ਜਾ ਸਕਦਾ ਹੈ। ਭਰੋਸੇਯੋਗਤਾ ਖਤਮ ਹੋਣ ਕਾਰਨ ਸ਼ਕਤੀ ਕੇਂਦਰ ਪ੍ਰਭਾਵਹੀਣ ਹੋ ਗਏ, ਇਸ ਪ੍ਰਭਾਵਹੀਣਤਾ ਕਾਰਨ ਪੰਜਾਬ ਦੀ ਸਮੂਹਿਕ ਚੇਤਨਾ ਵਿੱਚ ਇੱਕ ਖ਼ਲਾਅ, ਵੀਰਾਨੀ ਤੇ ਸੁੰਨ ਪਸਰ ਗਈ ਹੈ। ਸਮੂਹਿਕ ਚੇਤਨਾ ਦੇ ਸੁੰਨ ਹੋ ਜਾਣ ਕਾਰਨ ਰੋਗੀ ਵਰਤਾਰਿਆਂ ਨੂੰ ਪ੍ਰਵਾਨਗੀ ਮਿਲਣ ਲੱਗ ਪਈ ਹੈ। ਰੋਗੀ ਵਰਤਾਰਿਆਂ ਵਿਚ ਪ੍ਰਮੁੱਖ ਹੈ ਕਿਰਦਾਰਹੀਣ ਵਿਅਕਤੀਆਂ ਦਾ ਸਿੱਖਾਂ ਦੇ ਆਗੂਆਂ ਵਜੋਂ ਪ੍ਰਵਾਨ ਹੋਣਾ, ਸਿੱਖ ਸੰਘਰਸ਼ ਦੇ ਨਾਇਕਤਵ ਅਤੇ ਇਸ ਦੇ ਬਿੰਬ ਨਾਲ ਖਿਲਵਾੜ ਕਰਕੇ ਸਰੂਪਹੀਣ ਵਿਅਕਤੀਆਂ ਨੂੰ ਨਾਇਕ ਵਜੋਂ ਸਥਾਪਿਤ ਕਰਨ ਦੀ ਕਵਾਇਦ ਵਿੱਚ ਸਿੱਖਾਂ ਦੇ ਵੱਡੇ ਹਿੱਸੇ ਵਲੋਂ ਸ਼ਾਮਿਲ ਹੋ ਜਾਣਾ, ਸ਼ਹਾਦਤ ਦੇ ਅਜ਼ੀਮ ਮਰਤਬੇ ਨੂੰ ਆਧੁਨਿਕਤਾ ਦੇ ਅਪਾਹਜ ਤਰਕ ਨਾਲ ਛੁਟਿਆਉਣ ਦੀ ਕੋਸ਼ਿਸ਼ ਕਰਨਾ ਆਦਿ। ਪਿਛਲੇ ਲੰਮੇ ਅਰਸੇ ਤੋਂ ਸਿੱਖਾਂ ਵਿੱਚ ਸਿਧਾਂਤਕ ਮਸਲਿਆਂ ਸਬੰਧੀ ਗੁੰਝਲਾਂ ਅਤੇ ਬਖੇੜੇ ਖੜ੍ਹੇ ਕੀਤੇ ਜਾ ਰਹੇ ਹਨ ਜਿਵੇਂ ਮਰਿਆਦਾ, ਰਾਗ ਮਾਲਾ, ਦਸਮ ਗ੍ਰੰਥ ਆਦਿ ਸਾਧਾਰਨ ਨਜ਼ਰੇ ਵੇਖਿਆਂ ਇਹ ਸਾਰੀ ਗਤੀਵਿਧੀ ਸਹਿਜ ਰੂਪ ਵਿੱਚ ਸਿੱਖਾਂ ਦੇ ਅੰਦਰੂਨੀ ਕਲੇਸ਼ ਹੀ ਜਪਦੀ ਹੈ ਜੋ ਕੇ ਦਰਅਸਲ ਸਿੱਖਾਂ ਨੂੰ ਖੁਆਰ ਕਰਨ ਦੀ ਇੱਕ ਪੁਰਾਣੀ ਕਵਾਇਦ ਦਾ ਦੁਹਰਾਓ ਮਾਤਰ ਹੈ।

ਸ਼ੇਰੇ ਪੰਜਾਬ ਦੇ ਅੱਖਾਂ ਮੀਟ ਜਾਣ ਤੋਂ ਬਾਅਦ ਸਿੱਖ ਲਗਾਤਾਰ ਖਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਨ। ਭਾਈ ਮਹਾਰਾਜ ਸਿੰਘ ਵੱਲੋਂ ਆਰੰਭ ਹੋਇਆ ਇਹ ਸੰਘਰਸ਼ ਬੱਬਰ ਅਕਾਲੀਆਂ ਦੇ ਰੂਪ ਵਿੱਚ ਅੱਗੇ ਚੱਲਿਆ। ਭਾਈ ਮਹਾਰਾਜ ਸਿੰਘ ਵੱਲੋਂ ਪ੍ਰਚੰਡ ਕੀਤੀ ਅਗਨੀ ਗਦਰੀ ਬਾਬਿਆਂ ਦੇ ਰੂਪ ਵਿੱਚ ਵੀ ਪ੍ਰਗਟ ਹੋਈ ਭਾਵੇਂ ਕਿ ਬਾਅਦ ਵਿੱਚ ਇਸ ਨੂੰ ਲਾਲ ਖੱਫਣ ਵਿੱਚ ਲਪੇਟਣ ਦੀ ਵਿਧੀਵਤ ਕੋਸ਼ਿਸ਼ ਵੀ ਕੀਤੀ ਗਈ। ਫਿਰ 1947 ਤੋਂ ਬਾਅਦ ਇਹ ਅਗਨੀ ਕੁਝ ਠੰਡੇ ਰੂਪ ਵਿੱਚ ਪੰਜਾਬੀ ਸੂਬਾ ਮੋਰਚਾ ਦੌਰਾਨ ਪ੍ਰਗਟ ਹੋਈ ਪ੍ਰੰਤੂ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਇਸ ਨੂੰ ਮੁੜ ਪ੍ਰਚੰਡ ਕੀਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਸ ਨਾਲ ਸਮੁੱਚੇ ਖਾਲਸਾ ਪੰਥ ਦਾ ਲਹੂ ਗਰਮਾ ਦਿੱਤਾ। 1984 ਵਿੱਚ ਸੰਤ ਜਰਨੈਲ ਸਿੰਘ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਇਹ ਸੰਘਰਸ਼ ਗੁਰੀਲਾ ਜੰਗ ਦੀ ਤਰਜ ਉੱਪਰ ਲੜਿਆ ਗਿਆ ਜਿਸ ਵਿੱਚ ਖਾਲਸਾ ਜਜ਼ਬੇ ਨੇ ਆਪਣੇ ਪੁਰਾਤਨ ਇਤਿਹਾਸ ਨੂੰ ਦੁਬਾਰਾ ਜਿਉਂਦਾ ਕਰਕੇ ਦਿਖਾ ਦਿੱਤਾ। ਸਿੱਖ ਜੁਝਾਰੂਆਂ ਦੇ ਜਜ਼ਬੇ ਸਾਹਮਣੇ ਛਿੱਥਾ ਪਿਆ ਦਿੱਲੀ ਤਖਤ ਸੰਘਰਸ਼ ਦੀ ਆਬਰੂ ਰੋਲਣ ਲਈ ਪੱਬਾ ਭਾਰ ਹੋਇਆ ਪਿਆ ਹੈ। ਖਾੜਕੂ ਯੋਧਿਆਂ ਅਤੇ ਸੰਘਰਸ਼ ਪ੍ਰਤੀ ਨਿਖੇਧਮਈ ਬਿਰਤਾਂਤ ਧੜੱਲੇ ਨਾਲ ਚਲਾਏ ਗਏ। ਮੀਡੀਆ ਅਦਾਰੇ, ਸਾਹਿਤਕ ਸਭਾਵਾਂ ਅਤੇ ਸਾਹਿਤਕਾਰ, ਯੂਨੀਵਰਸਿਟੀਆਂ ਦੇ ਵਿਦਵਾਨ ਅਤੇ ਸਮਾਜਿਕ ਵਰਤਾਰਿਆਂ ਦੀ ਵਿਆਖਿਆ/ਆਲੋਚਨਾ ਕਰਨ ਵਾਲੇ ਧੜੇ, ਕੇਵਲ ਹਕੂਮਤੀ ਬਿਰਤਾਂਤ ਦੇ ਈਕੋ ਚੈਂਬਰ ਦੀ ਭੂਮਿਕਾ ਨਿਭਾਉਂਦੇ ਰਹੇ ਅਤੇ ਸੰਘਰਸ਼ ਦਾ ਬਿੰਬ ਦਾਗਦਾਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਗਈ। ਸੰਘਰਸ਼ ਪ੍ਰਤੀ ਨਿਖੇਧਮਈ ਬਿਰਤਾਂਤ ਅਤੇ ਕੁਵਿਆਖਿਆ ਦੇ ਝੱਖੜ ਝੁਲਦੇ ਰਹੇ। ਇੱਕ ਪਾਸੇ ਹਕੂਮਤ ਵੱਲੋਂ ਆਮ ਲੋਕਾਂ ਉੱਪਰ ਤਸ਼ੱਦਦ ਢਾਹਿਆ ਗਿਆ ਅਤੇ ਨਾਲ ਹੀ ਦੂਜੇ ਪਾਸੇ ਸੰਘਰਸ਼ ਪ੍ਰਤੀ ਲੋਕ ਰਾਏ ਨੂੰ ਬਦਲਣ ਲਈ ਯਤਨ ਵੱਡੇ ਪੱਧਰ ਉੱਪਰ ਕੀਤੇ ਗਏ।

ਸੰਘਰਸ਼ ਪ੍ਰਤੀ ਕੁਵਿਆਖਿਆ ਨਾਇਕ, ਬਿੰਬ ਦੀ ਭੰਨਤੋੜ, ਸਿੱਖਾਂ ਦੇ ਅੰਦਰੂਨੀ ਢਾਂਚਿਆਂ ਦਾ ਨਾਸ਼ ਕਰਨਾ, ਕੋਈ ਕੇਂਦਰੀ ਅਗਵਾਈ ਵਾਲਾ ਵਿਅਕਤੀ ਅਤੇ ਢਾਂਚਾ ਨਾ ਰਹਿਣ ਦੇਣਾ, ਪ੍ਰਸਥਿਤੀਆਂ ਦੀ ਤਰਲਤਾ ਬਣਾਈ ਰੱਖਣਾ,ਸਿਧਾਂਤਕ ਮਸਲੇ ਉਲਝਾਉਣੇ, ਆਦਿ ਅਜਿਹੇ ਕੰਮ ਹਨ ਜੋ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਗਿਣੇ ਮਿਥੇ ਤਰੀਕੇ ਨਾਲ ਕੀਤੇ ਗਏ ਪਰੰਤੂ ਇਸ ਦੇ ਨਾਲ ਸਿੱਖ ਅਭਿਆਸ ਅਤੇ ਅਮਲ ਵਿੱਚ ਕੁਝ ਮੂਲ ਤਬਦੀਲੀਆਂ ਆਈਆਂ ਹਨ ਜਿਨਾਂ ਵੱਲ ਧਿਆਨ ਕੀਤੇ ਬਗੈਰ ਉਪਰੋਕਤ ਵਿਗਾੜਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ।

  1. ਧੁਰਾ ਹਿਲ ਜਾਣਾ ਤੇ ਦੁਬਾਰਾ ਨਾ ਬਣਨਾ: ਸ੍ਰੀ ਅਕਾਲ ਤਖਤ ਸਾਹਿਬ ਅਤੇ ਅਕਾਲੀ ਕਿਰਦਾਰ, ਸਿੱਖਾਂ ਦੀ ਹਲੇਮੀ ਰਾਜ ਸਿਰਜਣ ਦੀ ਕਵਾਇਦ ਦਾ ਧੁਰਾ ਹੈ। ਹਲੇਮੀ ਰਾਜ ਸਿੱਖਾਂ ਦੀ ਆਪਣੀ ਸੰਸਾਰਕ ਲੋੜ ਨਹੀਂ ਹੈ ਬਲਕਿ ਸੰਸਾਰ ਪ੍ਰਤੀ ਵੰਡ ਅਤੇ ਨਿਆਂ ਦੇ ਸੁਚੇ ਨਿਯਮ ਸਿਰਜਣ ਦੀ ਜਿੰਮੇਵਾਰੀ ਵਜੋਂ ਸਿੱਖ ਸਮਾਜਿਕ ਪਿੜ ਵਿੱਚ ਸਰਗਰਮ ਹੁੰਦੇ ਹਨ ਅਤੇ ਇਸ ਨੂੰ ਰਾਜਨੀਤਿਕ ਢਾਂਚਿਆਂ ਰਾਹੀਂ ਅੰਜਾਮ ਦਿੰਦੇ ਹਨ ਜਿਸ ਦਾ ਹਕੀਕੀ ਰੂਪ ਖਾਲਸਾ ਰਾਜ ਬਣਦਾ ਹੈ। ਬਰਤਾਨਵੀ ਹਕੂਮਤ ਵੱਲੋਂ ਲੰਮੇ ਅਧਿਐਨ ਨਾਲ ਇਹ ਮਹਿਸੂਸ ਕੀਤਾ ਗਿਆ ਕਿ ਅਸਲ ਸ਼ਕਤੀ ਲਾਹੌਰ ਦੇ ਤਖਤ ਵਿੱਚ ਨਹੀਂ ਹੈ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਹੈ ਇਸ ਲਈ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਘਟਾਉਣ ਲਈ ਸੋਚਿਆ, ਯਤਨ ਕੀਤੇ ਅਤੇ ਸਫਲ ਵੀ ਹੋਏ। ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਲੈ ਆਂਦਾ ਗਿਆ ਤੇ ਇਸ ਦੀ ਸਰਵਉੱਚਤਾ ਨੂੰ ਸਿੱਖਾਂ ਵੱਲੋਂ ਹੀ ਢਾਹ ਲਾ ਦਿੱਤੀ ਗਈ ਅਤੇ ਇਸ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ ਗਿਆ। ਇਹ ਕੇਂਦਰੀ ਧੁਰਾ ਸੀ ਜਿਸ ਦੇ ਹਿੱਲ ਜਾਣ ਨਾਲ ਬਾਕੀ ਸਾਰਾ ਕੁਝ ਹੌਲੀ-ਹੌਲੀ ਹਿੱਲਦਾ ਗਿਆ ਅਤੇ ਜਦੋਂ ਵੱਡੇ ਭੁਚਾਲ ਆਏ ਤਾਂ ਫਿਰ ਕੋਈ ਵੀ ਢਾਂਚਾ ਖੜ੍ਹਾ ਨਾ ਰਹਿ ਸਕਿਆ ਤੇ ਤਿੜਕ ਕੇ ਜ਼ਮੀਨਦੋਜ਼ ਹੁੰਦਾ ਗਿਆ।
  2. ਸਮਾਜਿਕ ਚੇਤਨਾ ਦਾ ਪੱਧਰ ਡਿੱਗਣਾ: ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਨੂੰ ਉੱਚੀ ਸੁਰਤ ਅਤੇ ਮਹਾਨ ਤਰਕ ਨਾਲ ਨਿਵਾਜਿਆ ਸੀ ਇਹ ਅਜਿਹੀਆਂ ਬਖਸ਼ਿਸ਼ਾਂ ਹਨ ਜੋ ਗੁਰਮੁਖ ਨੂੰ ਧਰਤੀ ਉੱਤੇ ਕੀਤੇ ਗਏ ਤਮਾਮ ਅਧਿਆਤਮਕ ਤਜ਼ਰਬਿਆਂ ਤੋਂ ਉੱਪਰ ਸਥਾਪਿਤ ਕਰਦੀਆਂ ਹਨ। ਪ੍ਰੰਤੂ ਪੂੰਜੀਵਾਦ ਅਤੇ ਪਦਾਰਥਕ ਸਮਾਜਾਂ ਦੀ ਸਿਰਜਣਾ ਨਾਲ ਗੁਰਮੁਖਤਾਈ ਬਹੁ ਗਿਣਤੀ ਸਿੱਖਾਂ ਦੇ ਕਿਰਦਾਰ ਵਿੱਚੋਂ ਸੁੰਗੜ ਦੀ ਗਈ ਜਿਵੇਂ ਤਾਓਵਾਦੀ ਦਰਸ਼ਨ ਦੇ ਯਿਨਯੈਂਗ ਦੀਆਂ ਮੱਛੀਆਂ ਵਿੱਚ ਬੁਰਿਆਈ ਨੂੰ ਪ੍ਰਤੀਬਿੰਬਤ ਕਰਦੀ ਕਾਲੀ ਮੱਛੀ ਦੇ ਜਿਸਮ ਵਿੱਚ ਚੰਗਿਆਈ ਸੰਗੜਦੀ ਹੋਈ ਕੇਵਲ ਇੱਕ ਅੱਖ ਦਾ ਟਿਮਕਣਾ ਬਣ ਜਾਂਦੀ ਹੈ। ਇਸੇ ਤਰ੍ਹਾਂ ਆਧੁਨਿਕਤਾ ਦੇ ਆਉਣ ਤੋਂ ਬਾਅਦ ਬਹੁ ਗਿਣਤੀ ਸਿੱਖਾਂ ਦੇ ਵਿਹਾਰ ਵਿੱਚੋਂ ਗੁਰਮੁਖਿ ਤਾਈ ਸੁੰਗੜ ਗਈ। ਇਸ ਨਾਲ ਸਿੱਖ ਚੇਤਨਾ ਹੁਕਮ, ਸਬਰ, ਸਿਦਕ ਆਦਿ ਬਰਕਤਾਂ ਤੋਂ ਵਿਹੂਣ ਹੋ ਗਈ ਅਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਬਖਸ਼ੇ ਜੇਤੂ ਤਰਕ ਨੂੰ ਗਵਾ ਲੈਣ ਤੋਂ ਬਾਅਦ ਸਿੱਖ ਸੁਰਤ ਵੀ ਧਾਤ ਦੇ ਪ੍ਰਯੋਗ ਵਿੱਚ ਖਚਤ ਹੋ ਗਈ। ਇਸ ਨਾਲ ਚੇਤਨਾ ਦਾ ਪੱਧਰ ਡਿੱਗ ਪਿਆ ਅਤੇ ਸਿੱਖ ਸ਼ਖਸੀਅਤ ਆਪਣਾ ਠੋਸ ਅਤੇ ਨਿੱਗਰ ਪ੍ਰਭਾਵ ਗਵਾ ਕੇ ਕੇਵਲ ਸ਼ਰਧਾਲੂ ਅਤੇ ਭੇਡ-ਚਾਲ ਵਾਲੀ ਬਿਰਤੀ ਦੀ ਧਾਰਨੀ ਬਣ ਗਈ। ਹੁਣ ਹਾਲਾਤ ਇਹ ਹਨ ਕਿ ਸੋਸ਼ਲ ਮੀਡੀਆ ਉੱਪਰ ਫੈਲੀ ਕੋਈ ਵੀ ਅਫਵਾਹ, ਗਲਤ ਜਾਣਕਾਰੀ, ਝੂਠੇ ਤੱਥ, ਅਤੇ ਝੂਠੇ ਬਿਰਤਾਂਤ ਬਹੁ ਗਿਣਤੀ ਸਿੱਖਾਂ ਨੂੰ ਸੰਮੋਹਿਤ ਕਰ ਲੈਂਦੇ ਹਨ ਅਤੇ ਉਹ ਆਪਣੇ ਅਸਲ ਨੂੰ ਭੁੱਲਕੇ ਭੀੜਤੰਤਰ ਵਾਂਗ ਵਿਹਾਰ ਕਰਨ ਲੱਗ ਜਾਂਦੇ ਹਨ। ਉਹਨਾਂ ਨੂੰ ਆਪਣੀ ਨਿਆਰੀ ਹਸਤੀ ਦੀ ਚੇਤਨਾ ਬਿਲਕੁਲ ਭੁੱਲ ਚੁੱਕੀ ਹੈ। ਇਸ ਭਿਆਨਕ ਰੋਗ ਤੋਂ ਛੁਟਕਾਰਾ ਪਾਉਣ ਲਈ ਫੇਰ ਤੋਂ ਗੁਰੂ ਮਹਾਰਾਜ ਵੱਲੋਂ ਸਾਜੀਆਂ ਨਿਵਾਜੀਆਂ ਲੀਹਾਂ ਤਰਜੀਹਾਂ ਨੂੰ ਸੁਰਜੀਤ ਕਰਨਾ ਪਵੇਗਾ।
  3. ਗੁਰੂ ਖ਼ਾਲਸਾ ਪੰਥ ਦੀ ਸਿਰਮੌਰਤਾ ਦਾ ਅਹਿਸਾਸ ਨਾ ਰਹਿਣਾ: ਦਸਮ ਪਾਤਸ਼ਾਹ ਜੀ ਨੇ ਗੁਰਿਆਈ ਦੀ ਜੋਤ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿੱਚ ਹਲੂਲ ਕੀਤੀ ਸੀ। ਸਮਾਂ ਪਾ ਕੇ ਸਿੱਖ ਚੇਤਨਾ ਗੁਰੂ ਗ੍ਰੰਥ ਨਾਲ ਤਾਂ ਜੁੜੀ ਰਹੀ ਪ੍ਰੰਤੂ ਗੁਰੂ ਖਾਲਸਾ ਪੰਥ ਦੇ ਅਕੀਦੇ ਤੋਂ ਵੱਖ ਹੋ ਗਈ ਅਤੇ ਨਵੀਂ ਰੌਸ਼ਨੀ ਦੇ ਆਉਣ ਨਾਲ ਸਮਾਜਿਕ ਪ੍ਰਬੰਧ ਅਤੇ ਨਿਆਂ ਲਈ ਪੱਛਮੀ ਦਰਸ਼ਨ ਤੇ ਵਿਧੀਆਂ ਅਤੇ ਪੱਛਮੀ ਤਰੀਕੇ ਦਾ ਲੋਕਤੰਤਰ ਅਪਣਾਉਣ ਕਰਕੇ ਸਿੱਖ ਸਮਾਜਿਕ ਸੰਗਠਨ ਵਿੱਚ ਗੁਰੂ ਖਾਲਸਾ ਪੰਥ ਦਾ ਰੁਤਬਾ ਬੁਲੰਦ ਨਾ ਰਹਿ ਸਕਿਆ। ਇਹ ਵਿਸ਼ਾ ਬਹੁਤ ਬਰੀਕ ਵਿਸ਼ਲੇਸ਼ਣ ਅਤੇ ਵਿਸਤਾਰ ਦੀ ਮੰਗ ਕਰਦਾ ਹੈ ਇਸ ਲਈ ਇੱਥੇ ਟੂਕ ਮਾਤਰ ਹਵਾਲਾ ਦਿੱਤਾ ਗਿਆ ਹੈ ਤਾਂ ਕਿ ਸੂਝਵਾਨ ਸੱਜਣ ਇਸ ਪਾਸੇ ਅਗਰਸਰ ਹੋਣ ਅਤੇ ਗੁਰੂ ਖਾਲਸਾ ਪੰਥ ਦਾ ਰੁਤਬਾ ਬੁਲੰਦ ਹੋਵੇ ਤਾਂ ਕਿ ਖ਼ਾਲਸਾ ਜੀ ਕੇ ਬੋਲ ਬਾਲੇ ਹੋਵਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,