ਚੋਣਵੀਆਂ ਲਿਖਤਾਂ » ਲੇਖ

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ (ਲੇਖਕ:ਡਾ.ਹਰਪਾਲ ਸਿੰਘ ਪੰਨੂ)

December 23, 2018 | By

ਲੇਖਕ:ਡਾ.ਹਰਪਾਲ ਸਿੰਘ ਪੰਨੂ

ਰੂਸੀ ਕਹਾਵਤ ਹੈ, “ਜਿਉਂ ਜਿਉਂ ਜੰਗਲ ਵਧਿਆ, ਕੁਹਾੜੇ ਦਾ ਦਸਤਾ ਵੀ ਵਧਦਾ ਗਿਆ।” ਧਰਮ ਦੇ ਸਹੀ ਅਸੂਲਾਂ ਉਤੇ ਸੂਖਮ ਬੱੁਧ ਵਿਅਕਤੀਆਂ ਨੇ ਜਦੋਂ ਆਪਣਾ ਦ੍ਰਿੜ੍ਹ ਵਿਸ਼ਵਾਸ ਪ੍ਰਗਟ ਕੀਤਾ ਤਦ ਮੌਤ ਨੇ ਆਪਣੇ ਆਰੇ ਦੇ ਦੰਦੇ ਤਿੱਖੇ ਕੀਤੇ। ਰੱਬ ਨੇ ਸ਼ਹੀਦਾਂ ਦੇ ਕਦਮਾਂ ਨਾਲ ਬਣੀਆਂ ਪਗਡੰਡੀਆਂ ਨੂੰ ਸ਼ਾਹਰਾਹ ਬਣਾਇਆ, ਜਦੋਂ ਕਿ ਜਾਬਰਾਂ ਜਰਵਾਣਿਆਂ ਦੇ ਬਣਾਏ ਰਸਤੇ ਨਕਸ਼ਿਆਂ ਵਿਚ ਕਿਧਰੇ ਦਿਸਦੇ ਨਹੀਂ। ਥੱਕੀਆਂ ਹਾਰੀਆਂ ਲਾਚਾਰ ਕੌਮਾਂ ਸ਼ਹੀਦਾਂ ਦੀ ਉਂਗਲ ਫੜ ਕੇ ਰਸਤੇ ਲੱਭਦੀਆਂ ਹਨ। ਰਸਤਾ ਲੱਭਣਾ ਹੀ ਮੁਸ਼ਕਲ ਕੰਮ ਹੁੰਦਾ ਹੈ- ਸਹੀ ਰਸਤਾ ਮਿਲ ਗਿਆ ਤਾਂ ਸਮਝੋ ਮੰਜ਼ਿਲ ਮਿਲ ਗਈ। ਡਾ. ਇਕਬਾਲ ਨੇ ਲਿਿਖਆ ਹੈ “ਹਰੇਕ ਤਿੱਖੀ ਰੌਂਅ ਨੂੰ ਦੇਖ ਕੇ ਮੈਂ ਇਸ ਵਿਚ ਸ਼ਾਮਿਲ ਹੋ ਜਾਂਦਾ ਹਾਂ। ਦਰਅਸਲ ਹਾਲੇ ਮੈਨੂੰ ਰਹਿਬਰ ਦੀ ਪਛਾਣ ਨਹੀਂ ਹੋਈ।” ਜਿਨ੍ਹਾਂ ਇਕ ਦੇ ਨਾਉਂ ਤੇ ਸਿਦਕ ਬੱਧਾ, ਤਿਨ੍ਹਾ ਫਿਕਰ ਅੰਦੇਸੜਾ ਕਾਸਦਾ ਈ।

ਅਜਿਹੀ ਕੋਈ ਗੱਲ ਨਹੀਂ ਕਿ ਸ਼ਹੀਦ ਜੀਵਨ ਨਾਲੋਂ ਮੌਤ ਨੂੰ ਵਧੀਕ ਪਿਆਰ ਕਰਦਾ ਹੋਵੇ। ਇਹ ਗੱਲ ਹੁੰਦੀ ਤਾਂ ਆਤਮ ਹੱਤਿਆ ਅਤੇ ਸ਼ਹਾਦਤ ਵਿਚ ਕੋਈ ਫਰਕ ਹੀ ਨਾ ਹੁੰਦਾ। ਸੱਚ ਇਹ ਹੈ ਕਿ ਸ਼ਹੀਦ, ਜੀਵਨ ਨੂੰ ਬਾਕੀ ਆਮ ਲੋਕਾਂ ਨਾਲੋਂ ਵਧੀਕ ਪਿਆਰ ਕਰਦਾ ਹੈ। ਹਾਂ ਇਹ ਜੀਵਨ, ਜੇ ਮਿੱਤਰਾਂ, ਪਿਆਰਿਆਂ ਦੇ ਕਾਫਲੇ ਨੂੰ ਹੋਰ ਮੰਗਲਮਈ ਬਣਾਉਣ ਹਿੱਤ ਲੇਖੇ ਲੱਗ ਜਾਵੇ ਤਾਂ ਉਹ ਖਿੜੇ ਮੱਥੇ ਹੋਣੀ ਨੂੰ ਪ੍ਰਵਾਨ ਕਰਦਾ ਹੈ। ਭਾਈ ਨੰਦ ਲਾਲ ਜੀ ਕੋਮਲ ਭਾਵਨਾਵਾਂ ਨਾਲ ਡੂੰਘੇ ਰਹੱਸ ਇਉਂ ਪ੍ਰਗਟ ਕਰਦੇ ਹਨ “ਅਸੀਂ ਆਪਣੇ ਪਿਆਰੇ ਅੱਗੇ ਪੇਸ਼ਕਸ਼ ਕੀਤੀ ਕਿ ਦੀਦਾਰ ਦੀ ਇਕ ਝਲਕ ਵਾਸਤੇ ਇਹ ਜਾਨ ਹਾਜ਼ਰ ਹੈ। ਉਸਨੇ ਉਤਰ ਦਿੱਤਾ- ਇਥੇ ਕੋਈ ਸੌਦੇਬਾਜ਼ੀ ਨਹੀਂ ਹੋਇਆ ਕਰਦੀ।

ਸ਼ਹੀਦ ਨੇ ਕੇਵਲ ਇਕ ਰਾਹ ਚੁਣਨਾ ਹੁੰਦਾ ਹੈ- ਆਪਣੇ ਮਹਿਬੂਬ ਦੇ ਦਰ ਤਕ ਲੈਣ ਜਾਣ ਵਾਲਾ; ਤੇ ਫੈਜ਼ ਅਹਿਮਦ ਫੈਜ਼ ਆਖਦਾ ਹੈ ਅੱਗੋਂ ਦੂਜਾ ਰਸਤਾ ਫਾਂਸੀ ਦੇ ਫੰਦੇ ਤਕ ਲਿਜਾਂਦਾ ਹੈ। ਹੋਰ ਕੋਈ ਮੰਜ਼ਿਲ ਨਹੀਂ। ਫਾਂਸੀ ਦਾ ਫੰਦਾ- ਜਾਂ ਕ੍ਰਿਪਾਨ, ਮੌਤ ਜਿਵੇਂ ਮਰਜ਼ੀ ਆਵੇ-ਜੀਅ ਸਦਕੇ ਆਵੇ ਦੁਖਦਾਈ ਨਹੀਂ। ਦੁਖਦਾਈ ਉਸਦੇ ਦੀਦਾਰ ਦਾ ਵਿਛੋੜਾ ਹੈ। ਮਿਲਾਪ ਨਹੀਂ ਤਾਂ ਸਾਰੀ ਧਰਤੀ ਕਤਲਗਾਹ ਨਹੀਂ ਤਾਂ ਹੋਰ ਕੀ ਹੋਈ? ਇਹ ਕੋਈ ਪਰੀ ਕਹਾਣੀਆਂ ਨਹੀਂ ਹਨ। ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ ਗਿਆ ਜਾਂ ਉਨ੍ਹਾਂ ਦੇ ਸੇਵਕਾਂ ਨੂੰ, ਬਜ਼ੁਰਗਾਂ ਨੂੰ ਜਾਂ ਮਾਸੂਮ ਸਾਹਿਬਜ਼ਾਦਿਆਂ ਨੂੰ, ਉਨ੍ਹਾਂ ਦੇ ਬਿਰਤਾਂਤ ਦੱਸਣ ਵਾਲਾ ਹਮਦਰਦ ਤਾਂ ਨੇੜੇ ਤੇੜੇ ਕੋਈ ਮੌਜੂਦ ਨਹੀਂ ਸੀ। ਇਹ ਤਾਂ ਕਾਤਲਾਂ ਨੇ ਹੀ ਸਾਨੂੰ ਦੱਸਿਆ ਹੈ ਕਿ ਬੰਦ ਬੰਦ ਕਟਵਾਉਣ ਵਕਤ ਜਾਂ ਜਿਉਂਦਿਆਂ ਨੀਹਾਂ ਵਿਚ ਚਿਣੇ ਜਾਣ ਵਕਤ ਪੰਥ ਦੇ ਬਜ਼ੁਰਗ ਅਤੇ ਬੱਚੇ ਅਡੋਲ ਰਹੇ। ਉਨ੍ਹਾਂ ਦੀ ਕਿਸਮਤ ਵਿਚ ਅਲੌਕਿਕ ਮੁਸਕਾਣ ਲਿਖੀ ਸੀ ਜਿਹੜੀ ਦੁਸ਼ਮਣ ਨੂੰ ਵੀ ਸਰਾਪ ਨਹੀਂ ਦਿੰਦੀ। ਗਰਮ ਤਵੀ ਉਪਰ ਬੈਠੇ ਉਹ “ਬਿਸਰ ਗਈ ਸਭ ਤਾਤ ਪਰਾਈ॥ ਨਾ ਕੋ ਬੈਰੀ ਨਾਹਿ ਬਿਗਾਨਾ ਸਗਲ ਸੰਗ ਹਮ ਕਉ ਬਨਿ ਆਈ” ਦਾ ਸਹਿਜ ਗਾਇਨ ਕਰ ਸਕਦੇ ਹਨ।

ਫਿਰ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੁਝ ਅਜਬ ਪ੍ਰਕਾਰ ਦੀ ਕਰਾਮਾਤ ਹੈ। ਬੰਦੀ ਦੌਰਾਨ ਹਰ ਰੋਜ਼ ਸਵੇਰ ਤੋਂ ਸ਼ਾਮ ਤਕ ਉਨ੍ਹਾਂ ਨੂੰ ਕਸ਼ਟ ਦੇ ਦੇ ਕੇ ਪੁੱਛਿਆ ਜਾਂਦਾ “ਇਸਲਾਮ ਕਬੂਲ ਕਰੋਗੇ ਕਿ ਮੌਤ?” ਇਸ ਸਵਾਲ ਦੇ ਉਤਰ ਵਿਚ ਉਨ੍ਹਾਂ ਦੀ ਕੋਮਲ ਬੁੱਲ੍ਹੀਆਂ ਵਿਚੋਂ ਬੋਲ ਸੁਣਾਈ ਦਿੰਦਾ- “ਮੌਤ।” ਇਹ ਅਨਮੋਲ ਰਤਨ ਉਨ੍ਹਾਂ ਬਾਬਿਆਂ ਦੀ ਅੰਸ਼ ਸਨ ਜਿਨ੍ਹਾਂ ਨੇ ਬਾਬਾ ਫਰੀਦ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਕਲਮਬੰਦ ਕੀਤੀ ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨੀਂਹ ਹਜ਼ਰਤ ਮੀਆਂ ਮੀਰ ਤੋਂ ਰਖਵਾਈ। ਇਸ ਕਰਕੇ ਇਸਲਾਮ ਪ੍ਰਤੀ ਬੇਅਦਬੀ ਇਸ ਖਾਨਦਾਨ ਦੇ ਖਾਬਾਂ ਵਿਚ ਵੀ ਨਹੀਂ ਆ ਸਕਦੀ ਸੀ। ਸਾਹਿਬਜ਼ਾਦਿਆਂ ਨੂੰ ਜੋ ਪ੍ਰਵਾਨ ਨਹੀਂ ਸੀ, ਉਹ ਸੀ ਵਜ਼ੀਰ ਖਾਨ, ਕਾਜ਼ੀ ਅਤੇ ਦੀਵਾਨ ਸੁੱਚਾ ਨੰਦ ਦੀਆਂ ਖੂੰਖਾਰ ਕ੍ਰਿਪਾਨਾਂ… ਲਹੂ ਚੋਂਦੀਆਂ ਕ੍ਰਿਪਾਨਾਂ ਰਾਹੀਂ ਇਸਲਾਮ ਸੰਘ ਵਿਚੋਂ ਹੇਠਾਂ ਉਤਾਰਨਾ। ਇਸਲਾਮ ਇਹ ਹੈ ਹੀ ਨਹੀਂ। ਸਾਹਿਬਜ਼ਾਦਿਆਂ ਨੇ ਆਪਣੇ ਖੂਨ ਨਾਲ ਧਰਤੀ ਦੇ ਵਰਕੇ ਉਪਰ ਆਪਣੀ ਮੁਹਰ ਲਾਕੇ ਸਾਬਤ ਕੀਤਾ ਕਿ ਸਿਦਕ ਅਤੇ ਈਮਾਨ ਉਨ੍ਹਾਂ ਪਾਸ ਸੀ, ਨਾ ਕਾਜ਼ੀ ਪਾਸ ਸੀ ਨਾ ਹਕੂਮਤ ਪਾਸ। ਇਨ੍ਹਾਂ ਨਿੱਕੀਆਂ ਜਿੰਦਾ ਨੇ ਸਾਬਤ ਕੀਤਾ ਕਿ ਵਡੇਰੀ ਉਮਰ ਕੋਈ ਖਾਸ ਫਖਰ ਕਰਨ ਯੋਗ ਪ੍ਰਾਪਤੀ ਨਹੀਂ। ਜੇ ਏਨੇ ਮਹਾਨ ਕਾਰਜ ਏਨੀ ਛੋਟੀ ਉਮਰ ਵਿਚ ਹੋ ਸਕਦੇ ਹਨ ਤਾਂ ਫਿਰ ਸੌ ਸੌ ਸਾਲ ਵਿਅਰਥ ਜੀਣ ਦਾ ਕੀ ਲਾਭ? ਸੰਸਾਰ ਇਹ ਜਾਣਦਾ ਸੀ ਕਿ ਰਤਾ ਕੁ ਸੱਟ ਲੱਗਣ ਨਾਲ, ਖੂਨ ਦੀ ਇਕ ਬੂੰਦ ਦੇਖਣ ਸਾਰ ਨਿੱਕੇ ਬੱਚੇ ਰੋਣ ਲੱਗ ਜਾਂਦੇ ਹਨ।ਪਰ ਤਸੀਹੇ ਦੇ-ਦੇ ਕੇ ਜਦੋਂ ਉਨ੍ਹਾਂ ਨੂੰ ਜੀਵਨ ਅਤੇ ਮੌਤ ਵਿਚੋਂ ਇਕ ਚੁਣਨ ਲਈ ਹਰ ਰੋਜ਼ ਕਿਹਾ ਜਾਂਦਾ ਸੀ, ਤਦ ਉਹ ਨਿਮਰਤਾ ਨਾਲ ਮੌਤ ਚੁਣਦੇ।

ਬਾਦਸ਼ਾਹ ਦਰਵੇਸ਼ ਪਿਤਾ ਦੇ ਇਨ੍ਹਾਂ ਸਾਹਿਬਜ਼ਾਦਿਆਂ ਨੇ ਜਨਮ ਤੋਂ ਲੈ ਕੇ ਮੋਰਿੰਡੇ ਗ੍ਰਿਫਤਾਰੀ ਤਕ ਕਦੀ ਕੋਈ ਔਖ, ਕੋਈ ਸੰਕਟ ਨਹੀਂ ਦੇਖਿਆ ਸੀ। ਇਨ੍ਹਾਂ ਇਲਾਹੀ ਰਾਜਕੁਮਾਰਾਂ ਨੇ ਸੁੱਖ, ਮੌਜ ਅਤੇ ਮਖਮਲਾਂ ਰੇਸ਼ਮ ਦੇਖੇ ਪਹਿਨੇ ਸਨ। ਪਰ ਇਹ ਏਨੇ ਸਖਤ ਜਾਨ ਨਿਕਲੇ ਜਿਵੇਂ ਇਕ ਯੁੱਗ ਤੋਂ ਤਪ ਸਾਧਨਾ ਰਾਹੀਂ ਇਹ ਸ਼ਹਾਦਤ ਲਈ ਰਿਆਜ਼ ਕਰਦੇ ਰਹੇ ਹੋਣ। ਅਸੀਂ ਆਪਣੇ ਪਿਆਰੇ ਗੁਰੂ ਸਾਹਿਬਾਨ ਬਾਰੇ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਹ ਆਖ ਕੇ, ਸੋਚ ਕੇ ਦਿਲ ਟਿਕਾ ਲੈਂਦੇ ਹਾਂ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਸ਼ਹਾਦਤ ਨਾਮ ਦੀ ਹੋਣੀ ਨੂੰ ਮਿਲਣ ਲਈ ਤਿਆਰ ਕਰ ਲਿਆ ਸੀ। ਉਹ ਸਮਰੱਥਵਾਨ ਸਨ। ਪਰ ਸਾਹਿਬਜ਼ਾਦਿਆਂ ਨੇ ਸਾਬਤ ਕੀਤਾ ਕਿ ਮੌਤ ਨੂੰ ਮਿਲਣ ਲਈ ਕਿਸੇ ਲੰਮੀ ਤਿਆਰੀ ਦੀ ਲੋੜ ਹੀ ਨਹੀਂ- ਨਾ ਕੋਈ ਹਠ ਦਾ ਅਭਿਆਸ ਨਾ ਕਿਸੇ ਜੋਗ ਦੀ ਸਾਧਨਾ। ਕੁਝ ਵੀ ਨਹੀਂ। ਦਾਦੀ ਮਾਂ ਦੀ ਗੋਦ ਵਿਚੋਂ ਉਠ ਬਰਫ ਉਤੇ ਜਾ ਬੈਠਣਾ- ਬਰਫ ਉਤੋਂ ਉਠ ਕੇ ਬਲਦੇ ਅੰਗਿਆਰਾਂ ਉਪਰ ਇਸਥਿਤ ਹੋ ਜਾਣਾ, ਉਨ੍ਹਾਂ ਲਈ ਏਨੀ ਆਸਾਨ ਗੱਲ ਸੀ ਜਿਵੇਂ ਗਾਉਂਦੀ ਗਾਉਂਦੀ ਕੋਇਲ ਇਕ ਰੁੱਖ ਤੋਂ ਉੱਡੇ ਤੇ ਦੂਜੇ ਉਤੇ ਬੈਠ ਕੇ ਮੁੜ ਗਾਉਣ ਲੱਗੇ। ਜ਼ਿੰਦਗੀ ਦੇ ਰੁੱਖ ਤੋਂ ਸਹਿਜ ਸੁਭਾਅ ਉਹ ਮੌਤ ਦੇ ਦਰੱਖਤ ਉਤੇ ਬੈਠ ਕੇ ਗਾਉਂਦੇ ਰਹੇ। ਇਹ ਕੁਝ- ਇਹੋ ਜਿਹੀ ਵਿਿਦਆ ਉਹ ਕਦੋਂ ਸਿੱਖੇ ਸਨ, ਸਾਨੂੰ ਕੋਈ ਪਤਾ ਨਹੀਂ ਲੱਗਦਾ।

ਮੇਰੇ ਵਰਗੇ ਦੁਨੀਆਦਾਰਾਂ ਵਾਸਤੇ ਬਹੁਤ ਔਖਾ ਹੈ ਇਹ ਸਮਝ ਸਕਣਾ ਕਿ ਬਰਫ ਦੀ ਡਲੀ ਅੱਗ ਵਿਚ ਨਾ ਪੰਘਰੇ, ਕਿ ਕੋਇਲਾ ਬਰਫ ਵਿਚ ਦਬ ਕੇ ਵੀ ਨਾ ਬੁਝੇ। ਪੋਹ ਦੀਆਂ ਸਰਦ-ਯੱਖ ਰਾਤਾਂ, ਠੰਢੇ ਬੁਰਜ ਦੀ ਕੈਦ, ਦਿਨ ਭਰ ਦਿਲ ਕੰਬਾਊ ਤਸੀਹੇ, ਭੁੱਖ ਪਿਆਸ, ਉਨੀਂਦਰਾ, ਕਦੀ ਦੋਹਾਂ ਨੂੰ ਇਕੱਠਿਆਂ ਰੱਖ ਕੇ, ਕਦੀ ਵੱਖ-ਵੱਖ ਤੰਗ ਕਰਕੇ ਜ਼ਿੰਦਗੀ ਦੀ ਲਗਾਤਾਰ ਪੇਸ਼ਕਸ਼ ਕੀਤੀ ਜਾਂਦੀ “ਇਸਲਾਮ ਕਬੂਲ ਕਰੋਗੇ ਤਾਂ ਜੀਵਨ ਦਾ ਹਰ ਸੁੱਖ, ਹਰ ਸੁਵਿਧਾ ਮੌਜੂਦ ਹੈ।” ਇਕ ਦਿਨ ਇਕ ਵਿਦਵਾਨ ਮਿੱਤਰ ਨੇ ਕਿਹਾ “ਇਹ ਗੱਲ ਮੰਨਣਯੋਗ ਨਹੀਂ ਲੱਗਦੀ ਕਿ ਗੁਜਰੀ ਆਪਣੇ ਮਿੱਠੇ ਲਾਲਾਂ ਨੂੰ ਮੌਤ ਕਬੂਲ ਕਰਨ ਲਈ ਪ੍ਰੇਰਨਾ ਦਿੰਦੀ ਹੋਵੇ। ਕੋਈ ਮਾਂ ਅਜਿਹਾ ਕਰ ਹੀ ਨਹੀਂ ਸਕਦੀ। ਪਰ ਮਾਂ ਗੁਜਰੀ ਨੇ ਇਹੋ ਕੀਤਾ ਜੋ ਕਦੀ ਸੰਭਵ ਨਹੀਂ ਹੋਇਆ ਕਰਦਾ। ਤਦੇ ਤਾਂ ਜ਼ਮਾਨਾ ਉਨ੍ਹਾਂ ਦੀ ਯਾਦ ਵਿਚ ਉਸ ਧਰਤੀ ਉਪਰ ਆਪਣਾ ਮੱਥਾ ਛੁਹਾਂਦਾ ਹੈ ਜਿਥੇ ਉਹ ਇਸ ਸੰਸਾਰ ਵਿਚੋਂ ਵਿਦਾ ਹੋਏ। ਕੁੱਲ ਸੰਸਾਰ ਦਾ ਸੁੱਖ ਮੰਗਦੇ ਮੰਗਦੇ ਦਾਦੀਆਂ ਅਤੇ ਬੱਚੇ ਪੂਰੇ ਜਲੌਅ ਨਾਲ, ਪੂਰਨ ਸ਼ਾਨ ਨਾਲ ਇਥੋਂ ਵਿਦਾ ਹੋਏ ਸਨ। ਧੰਨ ਹੈ ਵਾਹਿਗੁਰੂ ਸੱਚਾ ਪਾਤਸ਼ਾਹ।

ਮਾਵਾਂ ਜੀਵਨਦਾਨ ਦੇਣ ਵਾਲੇ ਅਨੰਤ ਮਿੱਠੇ ਚਸ਼ਮੇ ਹੁੰਦੀਆਂ ਹਨ ਇਹ ਸਹੀ ਹੈ। ਪਰ ਇਨ੍ਹਾਂ ਮਾਵਾਂ ਨੂੰ ਚਸ਼ਮਿਆਂ ਦੇ ਸਰੋਤ ਦਾ ਪਤਾ ਹੈ ਉਹ ਸਿਦਕਵਾਨ ਮਾਵਾਂ ਉਨ੍ਹਾਂ ਧਰਤੀ ਵੱਲ ਆਈਆਂ ਬੂੰਦਾਂ ਨੂੰ ਚੁੱਕ ਕੇ ਦੁਬਾਰਾ ਉਸੇ ਉਚੇ ਮੂਲ ਸਰੋਤ ਤਕ ਵਾਪਸ ਲੈ ਜਾਂਦੀਆਂ ਹਨ ਜਿਥੇ ਮਾਤਾ ਗੁਜਰੀ ਸਾਹਿਬਜ਼ਾਦਿਆਂ ਨੂੰ ਲੈ ਗਏ। ਫਰਸ਼ ਤੋਂ ਉਠਾ ਕੇ ਉਸੇ ਅਰਸ਼ ਤਕ ਜਿਥੋਂ ਉਹ ਆਏ ਸਨ। ਸਮਾਂ ਤੇਜ਼ ਗਤੀ ਕਰਦਾ ਹੋਇਆ ਬਹੁਤ ਵੱਡਾ ਚੱਕਰ ਹੈ- ਏਨਾ ਵੱਡਾ ਚੱਕਰ ਜਿਸਦਾ ਵਿਆਸ ਅਨੰਤ ਦੂਰੀ ਤਕ ਲੰਮਾ ਹੈ। ਸਭ ਜਾਣਦੇ ਹਨ ਕਿ ਚੱਕਰ ਦੇ ਕੇਂਦਰ ਵਿਚ ਗਤੀ ਧੀਮੀ ਹੁੰਦੀ ਹੈ ਤੇ ਜਿਉਂ ਜਿਉਂ ਚੱਕਰ ਦੇ ਕਿਨਾਰੇ ਵੱਲ ਬਾਹਰ ਵੱਲ ਵਧਦੇ ਜਾਈਏ ਤਦ ਇਹ ਰਫਤਾਰ ਤੇਜ਼ ਹੁੰਦੀ ਜਾਂਦੀ ਹੈ। ਸ਼ਹੀਦ ਉਹ ਮਹਾਂਨਾਇਕ ਹੈ ਜਿਹੜਾ ਕਾਲ ਚੱਕਰ ਦੇ ਐਨ ਬਾਹਰਲੇ ਸਿਰੇ ਦੀ ਤਿੱਖੀ ਧਾਰ ਉਪਰ ਖੇਡਦਾ ਹੈ। ਕੁਝ ਸਿਆਣੇ ਬੰਦੇ ਆਪਣੀ ਮੀਟਿੰਗ ਕਰਕੇ ਸਾਧਾਰਨ ਮੌਤ ਨੂੰ ਸ਼ਹਾਦਤ ਦਾ ਰੁਤਬਾ ਦੇ ਦੇਣ ਦਾ ਮਤਾ ਪਾਸਕਰ ਦੇਣ ਤਦ ਇਹ ਸਿੱਕਾ ਚੱਲੇਗਾ ਨਹੀਂ। ਇਵੇਂ ਹੀ ਸ਼ਹੀਦ ਦੇ ਖਿਲਾਫ ਮਤੇ ਪਾਸ ਕਰਨ ਨਾਲ ਵੀ ਉਸ ਨੂੰ ਕੋਈ ਫਰਕ ਨਹੀਂ ਪਵੇਗਾ। ਅੱਜ ਕਿਧਰੇ ਵਜ਼ੀਰ ਖਾਨ ਟੱਕਰੇ, ਉਹ ਅੱਜ ਵੀ ਇਹੋ ਆਖੇਗਾ ਕਿ ਸਾਹਿਬਜ਼ਾਦੇ ਕਾਫਰ ਸਨ- ਕਿ ਉਹ ਤਾਂ ਉਨ੍ਹਾਂ ਨੂੰ ਈਮਾਨ ਵਾਲੇ, ਦੀਨ ਵਾਲੇ, ਅੱਲ੍ਹਾ ਵਾਲੇ ਬਣਾਉਣਾ ਚਾਹੰੁਦਾ ਸੀ। ਸ਼ਹਾਦਤ ਦਾ ਦਰਜਾ ਸੰਸਾਰ ਦੀ ਹਰੇਕ ਗਿਣਤੀ, ਹਰੇਕ ਹਿਸਾਬ ਤੋਂ ਵੱਖਰਾ ਤੇ ਵੱਡਾ ਹੁੰਦਾ ਹੈ। ਸਿਆਣੇ ਲੋਕ ਤਾਂ ਅੱਜ ਵੀ ਇਹ ਕਹਿਣ ਲਈ ਤਿਆਰ ਹਨ ਕਿ ਸਾਹਿਬਜ਼ਾਦਿਆਂ ਨੇ ਜਾਨ ਗੁਆ ਕੇ ਕੀ ਖੱਟਿਆ? ਫਰੈਡਰਿਕ ਨੀਤਸ਼ੇ ਦਾ ਕਥਨ ਹੈ “ਜਿਥੇ ਕਿਤੇ ਅਕਲ ਦਾ ਰੁੱਖ ਉਗਿਆ ਹੈ, ਉਥੇ ਸੁਰਗ ਹੁੰਦਾ ਹੈ, ਆਧੁਨਿਕ ਅਤੇ ਪੁਰਾਤਨ ਸਾਰੇ ਨਾਗਰਾਜ ਇਹੋ ਆਖਦੇ ਆਏ ਹਨ।” ਸ਼ਹੀਦ ਅਕਲ ਅਤੇ ਇਲਮ ਦੀ ਜਹਾਲਤ ਤੋਂ ਮੁਕਤ ਸੁਤੰਤਰ ਧਰੂ ਤਾਰਾ ਹੈ।

ਅਮਰਜੀਤ ਸਿੰਘ ਪਰਾਗ ਨਾਲ ਸਾਹਿਬਜ਼ਾਦਿਆਂ ਦੀਆਂ ਗੱਲਾਂ ਕਰ ਰਹੇ ਸਾਂ ਤਾਂ ਉਹ ਕਹਿਣ ਲੱਗੇ “ਗੁਰੂ ਨਾਨਕ ਸਾਹਿਬ ਜੀ ਨੂੰ ਇਸ ਗੱਲ ਦਾ ਅਫਸੋਸ ਹੋਇਆ ਹੋਵੇਗਾ ਕਿ ਪਿਤਾ ਉਨ੍ਹਾਂ ਨੂੰ ਸਹੀ ਕਿਉਂ ਨਹੀਂ ਸਮਝਦੇ। ਫਿਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀਦਾਸ ਬਾਰੇ ਵੀ ਉਨ੍ਹਾਂ ਦੇ ਇਹੋ ਜਿਹੇ ਖਿਆਲ ਹੋਣਗੇ ਕਿ ਗੁਰਮਤਿ ਨੂੰ, ਉਹ ਉਸ ਪ੍ਰਕਾਰ ਨਹੀਂ ਸਮਝ ਪਾਏ ਜਿਵੇਂ ਭਾਈ ਲਹਿਣਾ ਜੀ ਸਮਝ ਗਏ। ਪਿਤਾ ਮਹਿਤਾ ਕਲਿਆਣ ਰਾਇ ਫਿਰ ਗੁਰੂ ਨਾਨਕ ਸਾਹਿਬ ਜੀ ਫਿਰ ਗੁਰੂ ਜੀ ਦੇ ਪੱੁਤਰ ਅੱਜ ਦੀ ਬੋਲੀ ਵਿਚ ਲੋਕ ਇਸ ਨੂੰ ਪੀੜ੍ਹੀ ਦਾ ਫਾਸਲਾ ਕਹਿਣਗੇ- ਜਨਰੇਸ਼ਨ ਗੈਪ। ਦਸਵੇਂ ਜਾਮੇਂ ਵਿਚ ਆ ਕੇ ਗੁਰੂ ਨਾਨਕ ਸਾਹਿਬ ਨੇ ਪੀੜ੍ਹੀਆਂ ਦਾ ਫਾਸਲਾ ਵੀ ਮਿਟਾ ਦਿੱਤਾ। ਜਿਹੋ ਜਿਹੇ ਗੁਰੂ ਕਲਗੀਧਰ ਪਾਤਸ਼ਾਹ-ਉਹੋ ਜਿਹੇ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ- ਉਹੋ ਜਿਹੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ- ਉਹੋ ਜਿਹੀ ਮਾਂ ਗੁਜਰੀ। ਕੋਈ ਫਰਕ ਹੀ ਨਹੀਂ ਦਿਸਦਾ। ਅਜਬ ਫਕੀਰਾਂ ਦੀ ਮਸਤ ਟੋਲੀ ਗਜ਼ਬ ਦੇ ਕਰਿਸ਼ਮੇ ਦਿਖਾ ਕੇ ਹੈਰਾਨ ਕਰ ਗਈ।”

ਮਲੇਰਕੋਟਲੇ ਦਾ ਨਵਾਬ ਸਾਹਿਬਜ਼ਾਦਿਆਂ ਨੂੰ ਬਚਾ ਨਹੀਂ ਸਕਿਆ। ਪਰ ਗੁਰੂ ਪੰਥ ਦੇ ਮਨ ਵਿਚ ਉਸਦਾ ਸਤਿਕਾਰ ਬਣਿਆ। ਉਹ ਉਹੋ ਜਿਹਾ ਸਾਧਾਰਣ ਜਿਹਾ ਅਫਸਰ ਹੀ ਸੀ ਜਿਹੋ ਜਿਹੇ ਉਸ ਵਕਤ ਉਸ ਵਰਗੇ ਹਕੂਮਤ ਵਿਚ ਹੋਰ ਵੀ ਵਥੇਰੇ ਸਨ। ਉਸ ਵਿਚ ਜੇ ਕੁਝ ਫਰਕ ਸੀ, ਉਹ ਇਹ ਸੀ ਕਿ ਉਹ ਇਸਲਾਮ ਨੂੰ ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਪਿਆਰ ਕਰਦਾ ਸੀ। ਉਹ ਕੋਈ ਖੂਬ ਬੰਦਗੀ ਕਰਨ ਵਾਲਾ ਬੜਾ ਭਲਾ ਮਾਣਸ ਬੰਦਾ ਨਹੀਂ ਸੀ। ਸਿੱਖਾਂ ਉਪਰ ਉਸਨੇ ਹਮਲੇ ਕੀਤੇ, ਹਮਲਿਆਂ ਦਾ ਟਾਕਰਾ ਕੀਤਾ। ਪਰ ਉਹ ਏਨਾ ਜਾਣਦਾ ਸੀ ਕਿ ਇਸਲਾਮ ਮਾਸੂਮ ਬੱਚਿਆਂ ਦੇ ਕਤਲ ਦੀ ਇਜਾਜ਼ਤ ਨਹੀਂ ਦਿੰਦਾ। ਉਹ ਜਦੋਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਬੋਲਿਆ ਤਾਂ ਵਜ਼ੀਰ ਖਾਨ ਨੇ ਕਿਹਾ “ਕਾਫਿਰਾਂ ਨਾਲ ਹੇਜ ਕਿਉਂ ਜਤਾ ਰਹੇ ਹੋ?” ਸ਼ੇਰ ਮੁਹੰਮਦ ਨੇ ਕਿਹਾ “ਕਾਫਿਰਾਂ ਨਾਲ ਕੋਈ ਪਿਆਰ ਨਹੀਂ, ਇਸਲਾਮ ਨਾਲ ਤੇ ਸ਼ਰਾਅ ਨਾਲ ਪਿਆਰ ਹੈ। ਇਹ ਫੈਸਲਾ ਦੁੱਧ ਚੁੰਘਦੇ ਬੱਚਿਆਂ ਨੂੰ ਕਤਲ ਕਰਨ ਦਾ ਫੈਸਲਾ, ਇਸਲਾਮ ਵਿਰੋਧੀ ਹੈ। ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ।” ਪਰ ਵਜ਼ੀਰ ਖਾਨ ਦੀ ਕਿਸਮਤ ਵਿਚ ਨੇਕੀ ਨਹੀਂ ਲਿਖੀ ਸੀ। ਜੇ ਉਹ ਸ਼ੇਰ ਮੁਹੰਮਦ ਖਾਨ ਦੀ ਗੱਲ ਮੰਨ ਲੈਂਦਾ ਤਦ ਬਾਬਾ ਬੰਦਾ ਸਿੰਘ ਦੇ ਹੱਥੋਂ ਲੱਖਾਂ ਮੁਸਲਮਾਨਾਂ ਦਾ ਕਤਲ ਹੋਣੋਂ ਬਚ ਸਕਦਾ ਸੀ। ਸ਼ੇਰ ਮੁਹੰਮਦ ਮੁਸਲਮਾਨਾਂ ਨੂੰ ਬਚਾਉਣਾ ਚਾਹੁੰਦਾ ਸੀ, ਪਰ ਨਹੀਂ ਬਚਾ ਪਾਇਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਸ਼ਾਮਿਲ ਹੋਣ ਲਈ ਮਝੈਲ, ਕੀਰਤਪੁਰ ਸਾਹਿਬ ਵਾਲੇ ਪਾਸਿਓਂ ਜਦੋਂ ਬਨੂੜ ਵੱਲ ਵਧਦੇ ਜਾ ਰਹੇ ਸਨ, ਤਦ ਸ਼ੇਰ ਮੁਹੰਮਦ ਨੇ ਉਨ੍ਹਾਂ ਦਾ ਰਸਤਾ ਘੇਰਿਆ। ਰੋਪੜ ਵਿਖੇ ਦੋ ਦਿਨ ਗਹਿਗੱਚ ਲੜਾਈ ਹੋਈ। ਅਖੀਰਲੇ ਤੀਜੇ ਦਿਨ ਦੁਪਹਿਰ ਤਕ ਤਾਂ ਸ਼ੇਰ ਮੁਹੰਮਦ ਬਾਰ ਬਾਰ ਕੇਵਲ ਇਸ ਲਈ ਸੈਨਿਕ ਝਪਟਾਂ ਮਾਰਦਾ ਰਿਹਾ ਕਿ ਉਹ ਆਪਣੇ ਭਰਾ ਖਿਜ਼ਰ ਖਾਨ ਤੇ ਭਤੀਜੇ ਨੁਸਰਤ ਖਾਨ ਦੀਆਂ ਲਾਸ਼ਾਂ ਤਾਂ ਘੱਟੋ ਘੱਟ ਦਫਨ ਕਰਨ ਵਾਸਤੇ ਲਿਜਾ ਸਕੇ। ਉਸ ਦੀ ਪ੍ਰਾਪਤੀ ਬੱਸ ਏਨੀ ਰਹੀ ਕਿ ਉਹ ਇਹ ਲਾਸ਼ਾਂ ਕਬਜ਼ੇ ਵਿਚ ਕਰਕੇ ਮਲੇਰਕੋਟਲੇ ਵੱਲ ਪਰਤ ਗਿਆ ਤੇ ਸਿੱਖ ਸੈਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਨਾ ਵਿਚ ਆ ਮਿਲੀ। ਸਿੱਖਾਂ ਨੇ ਹਾਰੇ ਨਵਾਬ ਦਾ ਪਿੱਛਾ ਨਹੀਂ ਕੀਤਾ।

ਜਦੋਂ ਪੂਰੀ ਤਿਆਰੀ ਕਰਕੇ ਬਾਬਾ ਬੰਦਾ ਸਿੰਘ ਸਰਹੱਦ ਵੱਲ ਵਧਣ ਲੱਗੇ ਤਾਂ ਰਸਤੇ ਵਿਚ ਹੀ ਚੱਪੜ ਚਿੜੀ ਦੇ ਮੈਦਾਨ ਵਿਚ, ਸਰਹਿੰਦੋਂ ਦੂਰ ਇਸ ਦੇ ਟਾਕਰੇ ਲਈ ਵਜ਼ੀਰ ਖਾਨ ਪੂਰੇ ਹਥਿਆਰਬੰਦ ਲਸ਼ਕਰ ਸਮੇਤ ਜਦੋਂ ਅੱਗੇ ਆ ਟੱਕਰਿਆ ਤਦ ਉਸਦੇ ਸੱਜੇ ਪਾਸੇ ਦੀਵਾਨ ਸੁੱਚਾ ਨੰਦ ਸੀ ਅਤੇ ਖੱਬੇ ਪਾਸੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਸੀ। ਘਸਮਾਣ ਦੇ ਇਸ ਯੁੱਧ ਵਿਚ ਸ਼ੇਰ ਅਤੇ ਉਸਦਾ ਜੁਆਨ ਪੱੁਤਰ ਕਿਧਰ ਗਏ, ਕਿਵੇਂ ਰਹੇ, ਕਿਵੇਂ ਮਰੇ ਇਸ ਗੱਲ ਦਾ ਅੱਜ ਤਕ ਪਤਾ ਨਹੀਂ ਲੱਗਾ। ਇਸ ਜੰਗ ਪਿਛੋਂ ਕਿਸੇ ਨੇ ਕਦੀ ਉਨ੍ਹਾਂ ਨੂੰ ਕਿਧਰੇ ਨਹੀਂ ਦੇਖਿਆ। ਖੁਰਾ ਖੋਜ ਨਹੀਂ ਮਿਿਲਆ।

ਸ਼ੇਰ ਮੁਹੰਮਦ ਦੀਆਂ ਇਨ੍ਹਾਂ ਜੰਗਾਂ ਦਾ ਪੰਥ ਨੇ ਕਦੀ ਬੁਰਾ ਨਹੀਂ ਮਨਾਇਆ ਕਿਉਂਕਿ ਯੁੱਧ ਦੇ ਮੈਦਾਨ ਵਿਚ ਟੱਕਰਨਾ ਜੰਗਬਾਜ਼ਾਂ ਦਾ ਕੰਮ ਹੁੰਦਾ ਹੀ ਹੈ। ਉਹ ਵਜ਼ੀਰ ਖਾਨ ਨੂੰ ਇਹੀ ਕਹਿੰਦਾ ਸੀ ਕਿ ਸਾਹਿਬਜ਼ਾਦੇ ਸਾਡੇ ਨਾਲ ਮੁਕਾਬਲਾ ਕਰਨ ਜੋਗੇ ਨਹੀਂ ਹਨ। ਇਨ੍ਹਾਂ ਦੇ ਪਿਤਾ ਨੂੰ ਮੈਦਾਨ ਵਿਚ ਟੱਕਰਾਂਗੇ ਤੇ ਪਛੜਾਂਗੇ। ਉਸ ਦੀ ਮਨਸ਼ਾ ਸਹੀ ਸੀ। ਨੀਤ ਹੀ ਦੇਖਣੀ ਹੁੰਦੀ ਹੈ- ਨਤੀਜੇ ਕਈ ਵਾਰ ਭਾਵੇਂ ਅਜੀਬ ਹੀ ਨਿਕਲਣ। ਸਰਹੰਦ ਸ਼ਹਿਰ, ਰੌਣਕਾਂ ਭਰਿਆ ਸ਼ਹਿਰ ਥੇਹ ਹੋ ਗਿਆ। ਜਮਨਾ ਤੋਂ ਲੈ ਕੇ ਸਿੰਧ ਤਕ ਦੋ ਹੀ ਤਾਂ ਮਹਾਂਨਗਰ ਸਨ- ਲਾਹੌਰ ਤੇ ਸਰਹੰਦ। ਸਰਹੰਦ ਸ਼ਹਿਰ ਦੇ ਮੱਥੇ ਉਪਰ ਦੋ ਦਾਗ ਲੱਗੇ ਹੋਏ ਹਨ। ਪਹਿਲਾ ਦਾਗ ਉਦੋਂ ਲੱਗਾ ਸੀ ਜਦੋਂ ਸ਼ੇਖ ਅਹਿਮਦ ਸਰਹੰਦੀ ਮੁਜੱਦਦਿ ਅਲਫ ਬਾਨੀ ਨੇ ਗੁਰੂ ਅਰਜਨ ਦੇਵ ਜੀ ਵਿਰੁੱਧ ਸਾਜਿਸ਼ਾਂ ਕਰ ਕਰ ਕੇ ਉਨ੍ਹਾਂ ਨੂੰ ਜਹਾਂਗੀਰ ਹੱਥੋਂ ਸ਼ਹੀਦ ਕਰਵਾਇਆ। ਦੂਜਾ ਦਾਗ ਮਾਸੂਮ ਸਾਹਿਬਜ਼ਾਦਿਆਂ ਦਾ ਵਜ਼ੀਰ ਖਾਨ ਹੱਥੋਂ ਕਤਲ ਹੋਣਾ ਹੈ। ਅਠਾਰਵੀਂ ਸਦੀ ਦੇ ਸਿੱਖ ਕਿਹਾ ਕਰਦੇ ਸਨ “ਏਡਾ ਵੱਡਾ ਪਾਪ ਹੋਇਆ ਹੈ ਕਿ ਸਰਹੰਦ ਸ਼ਹਿਰ ਉਪਰ ਲੋਹੇ ਦਾ ਸੁਹਾਗਾ ਫਿਰੇਗਾ।” ਡਾ. ਗੰਡਾ ਸਿੰਘ ਜੀ ਲਿਖਦੇ ਹਨ ਕਿ ਇਹ ਬਾਣੀ ਉਦੋਂ ਸੱਚ ਸਾਬਤ ਹੋਈ ਜਦੋਂ ਰੇਲਵੇ ਦੇ ਠੇਕੇਦਾਰ ਨੇ ਲਾਈਨ ਵਿਛਾਉਣ ਦਾ ਅੰਗਰੇਜ਼ਾਂ ਪਾਸੋਂ ਠੇਕਾ ਲੈ ਕੇ ਸਰਹੰਦ ਦਾ ਸਾਰਾ ਮਲਬਾ ਚੁਕਵਾ ਕੇ ਰੇਲ ਲਾਈਨ ਹੇਠਾਂ ਵਿਛਾ ਦਿੱਤਾ। ਹੁਣ ਤਕ ਸਿੱਖ ਯਾਤਰੂ ਸਰਹੰਦ ਦੀ ਇਕ ਅੱਧ ਇੱਟ ਚੁੱਕ ਕੇ ਸਤਲੁਜ ਯਮਨਾ ਜਾਂ ਕਿਸੇ ਹੋਰ ਦਰਿਆ ਵਿਚ ਸੁੱਟਣ ਨੂੰ ਪੁੰਨ ਕਰਮ ਸਮਝਦੇ ਹਨ। ਮੈਨੂੰ ਅਜੇ ਤਕ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਸ਼ੇਖ ਅਹਿਮਦ ਸਰਹੰਦੀ ਦਾ ਮੁਸਲਮਾਨਾਂ ਵਿਚ ਏਨਾ ਸਤਿਕਾਰ ਕਿਉਂ ਹੈ। ਮੁਸਲਮਾਨ ਵਿਦਵਾਨ ਉੁਸਦਾ ਨਾਮ ਲੈਣ ਲੱਗੇ ਕਈ ਕਈ ਵਿਸ਼ਲੇਸ਼ਣ ਜੋੜਦੇ ਹਨ- ਰੋਜ਼ਾ ਸ਼ਰੀਫ ਦੀ ਜ਼ਿਆਰਤ ਕਰਦੇ ਹਨ। ਇਹ ਸ਼ੇਖ ਵਿਦਵਾਨ ਹੋਵੇਗਾ ਤਾਂ ਹੋਵੇ- ਫਕੀਰ ਅਤੇ ਅੱਲ੍ਹਾ ਦਾ ਬੰਦਾ ਤਾਂ ਇਹ ਕਦਾਚਿਤ ਨਹੀਂ ਹੋ ਸਕਦਾ ਕਿਉਂਕਿ ਗੁਰੂ ਅਰਜਨ ਸਾਹਿਬ ਜਿਹੇ ਕਾਮਲ ਫਕੀਰ ਦਾ ਕਾਤਲ ਫਕੀਰ ਕਿਵੇਂ ਹੋ ਸਕਦਾ ਹੈ?

ਮਲੇਰਕੋਟਲੇ ਦਾ ਪਹਿਲਾ ਨਾਮ ਕੇਵਲ ਮਲੇਰ ਸੀ ਤੇ ਪੰਦਰਵੀਂ ਸਦੀ ਵਿਚ ਇਹ ਸ਼ਹਿਰ ਚੰਗਾ ਵਸਦਾ ਰਸਦਾ ਸੀ। ਸ਼ੇਰ ਮੁਹੰਮਦ ਤੇ ਵਡੇਰਿਆਂ ਨੇ ਜਦੋਂ ਉਥੇ ਕਿਲ੍ਹਾ (ਕੋਟ) ਉਸਾਰ ਲਿਆ ਤਾਂ ਇਸਨੂੰ ਮਲੇਰਕੋਟਲਾ ਕਿਹਾ ਜਾਣ ਲੱਗਾ। ਭਾਈ ਰਤਨ ਸਿੰਘ ਭੰਗੂ ਸਮੇਤ ਪੁਰਾਣੇ ਇਤਿਹਾਸਕਾਰ ਇਸ ਸ਼ਹਿਰ ਦੇ ਵਸਨੀਕਾਂ ਨੂੰ ‘ਮਲੇਰੀਏ’ ਕਿਹਾ ਕਰਦੇ ਸਨ। ਇਸ ਸ਼ਹਿਰ ਦੇ ਵਸਨੀਕ ਦੱਸਦੇ ਹਨ ਕਿ ਨਾ ਕੇਵਲ ਨਵਾਬ ਮਲੇਰਕੋਟਲਾ ਨੇ ਹਾਅ ਦਾ ਨਾਅਰਾ ਮਾਰਿਆ ਸਗੋਂ ਸਾਹਿਬਜ਼ਾਦਿਆਂ ਦੀ ਜਾਨ ਬਖਸ਼ੀ ਲਈ ਔਰੰਗਜ਼ੇਬ ਨੂੰ ਇਕ ਖਤ ਵੀ ਲਿਿਖਆ। ਇਹ ਖਤ ਪ੍ਰੋ. ਮੁਹੰਮਦ ਰਫੀ, ਸਰਕਾਰੀ ਕਾਲਜ ਮਲੇਰਕੋਟਲਾ ਵਾਲਿਆਂ ਪਾਸ ਪਿਆ ਸੁਣੀਂਦਾ ਹੈ। ਨਕਲਾਂ ਡਾ. ਅਮਰਵੰਤ ਸਿੰਘ ਜੀ ਪਾਸ ਵੀ ਹਨ ਤੇ ਉਨ੍ਹਾਂ ਨੇ ਇਸ ਦਾ ਪੰਜਾਬੀ ਤਰਜਮਾ ਕੀਤਾ ਹੈ। ਅਸੀਂ ਇਥੇ ਖਤ ਦੀ ਫਾਰਸੀ ਨਕਲ ਵੀ ਛਾਪ ਰਹੇ ਹਾਂ ਤੇ ਪੰਜਾਬੀ ਭਾਵ ਅਰਥ ਵੀ। ਉਂਝ ਬਹੁਤ ਸਾਰੇ ਵਿਦਵਾਨਾਂ ਨੇ (ਸਮੇਤ ਮੁਸਲਮਾਨ ਵਿਦਵਾਨਾਂ ਦੇ)। ਇਸ ਖਤ ਦੀ ਪ੍ਰਮਾਣਕਤਾ ਉਪਰ ਕਿੰਤੂ ਉਠਾਏ ਹਨ। ਇਨ੍ਹਾਂ ਕਿੰਤੂਆਂ ਬਾਰੇ ਕਦੀ ਫਿਰ ਲਿਖਾਂਗੇ ਹਾਲ ਦੀ ਘੜੀ ਇਸ ਦਾ ਪਾਠ ਸੁਣੋ:

ਨਵਾਬ ਸ਼ੇਰ ਮੁਹੰਮਦ ਖਾਨ ਬਨਾਮ ਔਰੰਗਜ਼ੇਬ ਅਰਜ਼ਦਾਸਤ

ਹਜ਼ੂਰ ਇਸ ਸੰਸਾਰ ਵਿਚ ਰਹਿਮ ਕਰਮ ਕਰਨ ਲਈ ਆਏ ਸਨ ਤੇ ਜ਼ੁਲਮ ਦੇ ਖਿਲਾਫ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਖਾਨਦਾਨ ਵੱਲ ਤਵੱਜੋ ਦੇਣੀ ਬਣਦੀ ਸੀ ਪਰ ਹਾਕਿਮੇ ਸਰਹੰਦ ਨੇ ਸਾਹਿਬਜ਼ਾਦਿਆਂ ਲਈ ਮੌਤ ਦਾ ਹੁਕਮ ਸੁਣਾਇਆ ਹੈ। ਨਾ ਕੀਤੇ ਗੁਨਾਹਾਂ ਦਾ ਸਦਕਾ ਦੀਵਾਰ ਵਿਚ ਚਿਣਨ ਦਾ ਹੁਕਮ ਦਿੱਤਾ ਹੈ। ਬੇਸ਼ੱਕ ਹਾਕਮ ਦਾ ਹੁਕਮ ਅਟੱਲ ਹੁੰਦਾ ਹੈ, ਕਿਸੇ ਦੀ ਤਾਕਤ ਨਹੀਂ ਕਿ ਉਸਦੇ ਉਲਟ ਬੋਲੇ ਪਰ ਅਰਜ਼ ਹੈ ਕਿ ਜ਼ਿੱਲੇ ਸੁਬਹਾਨੀ ਆਪਣੀ ਸ਼ਾਨ ਬਰਕਰਾਰ ਰੱਖਦੇ ਹੋਏ ਥੋੜ੍ਹੀ ਸਜ਼ਾ ਦੇ ਕੇ ਤਾੜਨਾ ਕਰ ਦੇਣ ਤਕ ਠੀਕ ਹੈ ਪਰ ਜਾਨ ਲੈਣੀ ਹੱਦ ਤੋਂ ਗੁਜ਼ਰਨਾ ਹੈ ਜੋ ਕਿਸੇ ਹੁਕਮਰਾਨ ਨੂੰ ਨਹੀਂ ਸੋਭਦਾ ਕਿ ਅਪਰਾਧੀ ਦਾ ਬਦਲਾ ਉਸਦੇ ਬੱਚਿਆਂ ਤੋਂ ਲਿਆ ਜਾਵੇ ਜੋ ਮੁਕਾਬਲੇ ਵਿਚ ਨਹੀਂ ਖਲੋ ਸਕਦੇ। ਇਸ ਨਾਲ ਲੋਕਾਂ ਦੇ ਦਿਲਾਂ ਵਿਚੋਂ ਹਕੂਮਤ ਲਈ ਅਦਬ ਖਤਮ ਹੋ ਜਾਵੇਗਾ। ਅੱਛਾ ਹੈ ਬੱਚਿਆਂ ਦੀ ਜਾਨ ਬਖਸ਼ ਦਿੱਤੀ ਜਾਏ। ਇਹ ਕੈਦ ਵਿਚ ਰੱਖੇ ਜਾ ਸਕਦੇ ਹਨ ਕਿ ਸੁਧਰ ਸਕਣ। ਐਡੀ ਵੱਡੀ ਹੋਣ ਜਾ ਰਹੀ ਦੁਰਘਟਨਾ ਉਪਰ ਇਤਰਾਜ਼ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਜਿਸ ਸਦਕਾ ਮੈਨੂੰ ਮੁਆਫ ਕੀਤਾ ਜਾਵੇ।

ਦਸਤਖਤ ਅਤੇ ਮੁਹਰ

ਇਹ ਖਤ ਨਾ ਵੀ ਲਿਿਖਆ ਗਿਆ ਹੋਵੇ, ਤਦ ਵੀ ਸ਼ੇਰ ਮੁਹੰਮਦ ਖਾਨ ਦੇ ਨਾਮ ਦਾ ਸਤਿਕਾਰ ਸਿੱਖਾਂ ਦੇ ਮਨ ਵਿਚ ਹੈ। ਸਿੱਖਾਂ ਨੇ ਉਸਦੀ ਯਾਦ ਵਿਚ ਗੁਰਦੁਆਰਾ ‘ਹਾਅ ਦਾ ਨਾਅਰਾ’ ਉਸਾਰਿਆ ਹੋਇਆ ਹੈ। ਬੇਅੰਤ ਸੰਕਟ ਵਿਚ ਵੀ ਸਿੱਖਾਂ ਨੇ ਖਤਰੇ ਸਹੇੜ ਕੇ ਮਲੇਰਕੋਟਲੇ ਦੇ ਮੁਸਲਮਾਨਾਂ ਨੂੰ ਬਚਾਇਆ। ਕਿਸੇ ਸਿੱਖ ਦੀਆਂ ਪ੍ਰਾਪਤੀਆਂ ਦੀ ਯਾਦਗਾਰ ਵਜੋਂ ਸੰਸਾਰ ਵਿਚ ਮੁਸਲਮਾਨਾਂ ਨੇ ਕਿਧਰੇ ਮਸਜਿਦ ਉਸਾਰੀ ਹੋਵੇ- ਮੈਨੂੰ ਇਸ ਦੀ ਜਾਣਕਾਰੀ ਨਹੀ- ਪਰ ਸਿੱਖ ਇਸ ਪੱਖੋਂ ਪ੍ਰਸੰਸਾ ਦੇ ਹੱਕਦਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: