ਕੌਮਾਂਤਰੀ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਕੰਧ ਤੇ ਇਸਲਾਮਿਕ ਸਟੇਟ ਖਿਲਾਫ ਲਿਖੇ ਨਫਰਤੀ ਨਾਅਰੇ

December 10, 2015 | By

ਲਾਸ ਐਂਜਲਸ: ਅਮਰੀਕਾ ਦੇ ਸਿੱਖਾਂ ਵਿੱਚ ਇੱਕ ਵਾਰ ਫੇਰ ਚਿੰਤਾ ਪਸਰ ਗਾਈ ਜਦੋਂ ਬੀਤੇ ਦਿਨੀਂ ਅਮਰੀਕਾ ਦੇ ਲਾਸ ਐਂਜਲਸ ਵਿੱਚ ਬੁਏਨਾ ਪਾਰਕ ਗੁਰਦੁਆਰਾ ਸਾਹਿਬ ਦੀ ਕੰਧ ਤੇ ਕਿਸੇ ਵੱਲੋਂ ਇਸਲਾਮਿਕ ਸਟੇਟ ਵਿਰੁੱਧ ਨਫਰਤ ਭਰੇ ਨਾਅਰੇ ਲਿੱਖ ਦਿੱਤੇ ਗਏ।

ਗੁਰਦੁਆਰਾ ਸਾਹਿਬ ਦੀ ਕੰਧ ਤੇ ਇਸਲਾਮ ਵਿਰੋਧੀ ਲਿਖੇ ਗਏ ਨਫਰਤੀ ਨਾਅਰੇ

ਗੁਰਦੁਆਰਾ ਸਾਹਿਬ ਦੀ ਕੰਧ ਤੇ ਇਸਲਾਮ ਵਿਰੋਧੀ ਲਿਖੇ ਗਏ ਨਫਰਤੀ ਨਾਅਰੇ

ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਲੀਫੋਰਨੀਆ ਵਿੱਚ ਮੁਸਲਿਮ ਜੋੜੇ ਵੱਲੋਂ ਅੰਨੇਵਾਹ ਗੋਲੀਆਂ ਚਲਾਉਣ ਕਾਰਨ 14 ਲੋਕ ਮਾਰੇ ਗਏ ਸਨ ਜਦਕਿ ਅਨੇਕਾਂ ਜਖਮੀ ਹੋ ਗਏ ਸਨ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੋਤ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਾਂ।ਸਾਡੇ ਵਿਚਾਰ ਨਾਲ ਇਹ ਨਫਰਤੀ ਹਿੰਸਾ ਦਾ ਮਾਮਲਾ ਹੈ।ਉਨ੍ਹਾਂ ਨੇ ਸਾਨ ਬਰਨਾਰਡੀਨੋ ਕਤਲੇਆਮ ਤੋਂ ਬਾਅਦ ਪੈਦਾ ਹੋਏ ਗੁੱਸੇ ਨੂੰ ਇਸ ਘਟਨਾ ਦਾ ਕਾਰਨ ਦੱਸਿਆ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਮੁਤਾਬਿਕ 6 ਦਸੰਬਰ ਨੂੰ ਅੰਮ੍ਰਿਤ ਵੇਲੇ ਗੁਰਦੁਆਰੇ ਅੰਦਰ ਅਤੇ ਪਾਰਕਿੰਗ ਵਿੱਚ ਖੜੇ ਟਰੱਕ ਉੱਤੇ ਇਤਰਾਜਯੋਗ ਸ਼ਬਦਾਵਲੀ ਲਿੱਖੀ ਗਈ ਸੀ।

ਧਰਮ ਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਆਗੂ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਦੀ ਜਾਣਕਾਰੀ ਵ੍ਹਾਈਟ ਹਾਊਸ ਨੂੰ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਸ ਘਟਨਾ ਦੀ ਜਾਂਚ ਲਈ ਹੋਮਲੈਂਡ ਸਕਿਊਰਟੀ ਵਿਭਾਗ ਨੂੰ ਹੁਕਮ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਰਿਪਬਲੀਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਡੋਨਾਲਡ ਟਰੰਪ ਵੱਲੋਂ ਮੁਸਲਮਾਨਾਂ ਖਿਲ਼ਾਫ ਉਗਲੇ ਗਏ ਜਹਿਰ ਕਾਰਨ ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ।

ਜਿਕਰਯੋਗ ਹੈ ਕਿ ਅਮਰੀਕਾ ਦੀ ਮੁਸਲਿਮ ਅਬਾਦੀ ਵਾਲੇ ਮੁਲਕਾਂ ਨਾਲ ਚਲ ਰਹੀ ਜੰਗ ਅਤੇ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ ਮੁਸਲਮਾਨਾਂ ਦੀ ਸ਼ਮੂਲੀਅਤ ਨਾਲ ਇੱਕ ਨਫਰਤ ਵਾਲਾ ਮਹੌਲ ਬਣਦਾ ਜਾ ਰਿਹਾ ਹੈ ਜਿਸ ਦਾ ਸ਼ਿਕਾਰ ਸਿੱਖਾਂ ਨੂੰ ਵੀ ਕਈਵਾਰ ਬਣਨਾ ਪਿਆ ਹੈ। ਆਪਣੀ ਵੱਖਰੀ ਪਛਾਣ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਸਿੱਖਾਂ ਵੱਲੋਂ ਕਈ ਕਦਮ ਚੁੱਕੇ ਗਏ ਹਨ ਪਰ ਸ਼ਾਇਦ ਇਸ ਸੰਬੰਧ ਵਿੱਚ ਹੋਰ ਯਤਨ ਲੋੜੀਂਦੇ ਹਨ।ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਸ਼ਿਕਾਗੋ ‘ਚ ਅਮਰੀਕੀ ਸਿੱਖ ਨੂੰ ਬਿਨ ਲਾਦੇਨ ਆਖ ਕੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਇਸੇ ਤਰ੍ਹਾਂ 2012 ‘ਚ ਵਿਸਕੋਨਸਿਨ ਦੇ ਓਕ ਕਰੀਕ ਗੁਰਦੁਆਰਾ ਸਾਹਿਬ ਅੰਦਰ ਗੋਲੀ ਚਲਾ ਕੇ ਬੰਦੂਕਧਾਰੀ ਨੇ 6 ਸਿੱਖਾਂ ਨੂੰ ਮਾਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,