ਆਮ ਖਬਰਾਂ » ਖੇਤੀਬਾੜੀ

ਪੰਜਾਬ ਦੇ ਨਿਕਾਸੀ ਢਾਂਚੇ (ਡਰੇਨਾਂ) ਦੇ ਪ੍ਰਦੂਸ਼ਣ ਤੇ ਹੋਈ ਅਹਿਮ ਚਰਚਾ

February 10, 2024 | By

ਲੁਧਿਆਣਾ – ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਲੰਮੇ ਸਮੇਂ ਤੋਂ ਚਰਚਾ ‘ਚ ਹੈ । ਬਹੁਤੇ ਪੰਜਾਬ ਵਾਸੀ ਬੁੱਢੇ ਦਰਿਆ ਦੇ ਪ੍ਰਦੂਸ਼ਣ ਤੋਂ ਜਾਣੂ ਵੀ ਹਨ । ਬੁੱਢੇ ਦਰਿਆ ਤੋਂ ਇਲਾਵਾ ਪੰਜਾਬ ‘ਚ ਕਈ ਅਜਿਹੀਆਂ ਡਰੇਨਾਂ ਹਨ, ਜਿਨ੍ਹਾਂ ਚ ਪ੍ਰਦੂਸ਼ਣ ਦਾ ਪੱਧਰ ਬੁੱਢੇ ਦਰਿਆ ਵਰਗਾ ਹੀ ਹੈ । ਡਰੇਨਾਂ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਸਮਝਣ ਅਤੇ ਇਸਦੇ ਹੱਲ ਲੱਭਣ ਲਈ ਬੀਤੇ ਦਿਨੀਂ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਇੱਕ ਅਹਿਮ ਚਰਚਾ ਕਰਵਾਈ ਗਈ ।

ਇਸ ਚਰਚਾ ‘ਚ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਅਤੇ ਹੈਦਰਾਬਾਦ ਦੀ ਸੰਸਥਾ ਰੂਬਰੂ ਕਾਲਜ ਦੀਆਂ ਮੁੱਖ ਸਹਿਯੋਗੀ ਰਹੀਆਂ । ਮਸਲੇ ਦੀ ਗੰਭੀਰਤਾ ਬਾਰੇ ਦੱਸਦਿਆਂ ਚਰਚਾ ਸੰਚਾਲਕ ਪ੍ਰੋ. ਸੁਖਜੀਤ ਸਿੰਘ ਨੇ ਦੱਸਿਆ ਕਿ ਬੁੱਢੇ ਦਰਿਆ ਤੋਂ ਇਲਾਵਾ ਕਾਲਾ ਸੰਘਿਆਂ ਡਰੇਨ, ਚਿੱਟੀ ਵੇਈਂ, ਕਾਲੀ ਵੇਈਂ, ਭੱਟੀਆਂ ਡਰੇਨ ਅਤੇ ਲਸਾੜਾ ਡਰੇਨ ਚ ਪਾਣੀ ਦਾ ਪ੍ਰਦੂਸ਼ਣ ਵੀ ਖ਼ਤਰਨਾਕ ਪੱਧਰ ਤੇ ਹੈ । ਓਹਨਾਂ ਗੰਦੇ ਪਾਣੀ ਨੂੰ ਸੋਧਣ ਲਈ ਸਰਕਾਰੀ ਮਸੀਨਰੀ, ਨੀਤੀ ਅਤੇ ਪ੍ਰਬੰਧਾਂ ਦੇ ਨੁਕਸਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ।

ਵਿਚਾਰ ਚਰਚਾ ਦੌਰਾਨ ਬੁਲਾਰੇ ਸ. ਪਰਮਜੀਤ ਸਿੰਘ ਗਾਜ਼ੀ,  ਪ੍ਰੋ. ਰਾਜਵੀਰ ਕੌਰ, ਕਪਿਲ ਅਰੋੜਾ, ਵਾਤਾਵਰਣ ਮਾਹਿਰ ਪ੍ਰੋ. ਪੁਨੀਤਪਾਲ ਸਿੰਘ।

ਵਾਤਾਵਰਣ ਮਾਹਿਰ ਪ੍ਰੋ. ਪੁਨੀਤਪਾਲ ਸਿੰਘ ਨੇ ਦੱਸਿਆ ਕਿ ਬੁੱਢੇ ਦਰਿਆ ਦੁਆਰਾ ਧਰਤੀ ਹੇਠਲਾ ਪਾਣੀ ਵੀ 100 ਫੁੱਟ ਤੱਕ ਗੰਧਲਾ ਕੀਤਾ ਜਾ ਚੁੱਕਾ ਹੈ । ਬੁੱਢੇ ਦਰਿਆ ਦੁਆਲੇ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਅਤੇ ਹੋਰ ਉਪਜਾਂ ਚ ਭਾਰੀਆਂ ਧਾਤਾਂ ਦੇ ਤੱਤ ਮਿਲਣ ਲੱਗੇ ਹਨ ।

ਪੀ. ਏ. ਸੀ. ਮੈਂਬਰ ਜਸਕੀਰਤ ਸਿੰਘ ਅਤੇ ਕਪਿਲ ਅਰੋੜਾ ਨੇ ਕਨੂੰਨੀ ਨੁਕਤੇ ਸਾਂਝੇ ਕਰਦਿਆਂ ਇਹ ਦੱਸਿਆ ਕਿ ਕਾਨੂੰਨ ਦੀਆਂ ਕਿਹੜੀਆਂ – ਕਿਹੜੀਆਂ ਮੱਦਾਂ ਤਹਿਤ ਸਰਕਾਰ ਅਤੇ ਪ੍ਰਸ਼ਾਸ਼ਨ ਅਤੇ ਪਾਣੀ ਗੰਦਾ ਕਰਨ ਵਾਲੇ ਮੁਜ਼ਰਿਮ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਹੈ ।

ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਬੀਤੇ ਸਮੇਂ ਚ ਡਰੇਨਾਂ ਦੇ ਪ੍ਰਦੂਸ਼ਣ ਨੂੰ ਲੈਕੇ ਹੋਏ ਲੋਕ ਉੱਦਮਾਂ, ਨਤੀਜੇ ਅਤੇ ਇਸ ਸਬੰਧੀ ਸਿਆਸੀ ਰੁਝਾਨਾਂ ਦੀ ਗੱਲ ਨੂੰ ਵਿਸਥਾਰ ‘ਚ ਰੱਖਿਆ ।

ਪ੍ਰੋ. ਰਾਜਵੀਰ ਕੌਰ ਅਤੇ ਪ੍ਰੋ. ਪੁਨੀਤਪਾਲ ਸਿੰਘ ਚੀਮਾਂ ਨੇ ਪਾਣੀ ਸੋਧਣ ਦੀਆਂ ਵਿਧੀਆਂ ਬਾਰੇ ਵੀ ਗੱਲਬਾਤ ਸਾਂਝੀ ਕੀਤੀ। ਪਾਣੀ ਦੀ ਪਵਿੱਤਰਤਾ ਦੀ ਪੁਨਰ ਸੁਰਜੀਤੀ ਲਈ ਮਾਹਿਰਾਂ ਅਤੇ ਸ੍ਰੋਤਿਆਂ ਇਹ ਰਾਇ ਬਣਾਈ ਕਿ ਇਸ ਮਸਲੇ ਚ ਸਭ ਨੂੰ ਜ਼ਿੰਮੇਵਾਰੀ ਪਛਾਣ ਕੇ ਜਾਗਰੂਕ ਹੋਣ ਦੀ ਲੋੜ ਹੈ । ਜਾਗਰੂਕ ਹੋ ਕੇ ਸਾਂਝੇ ਉੱਦਮ ਨਾਲ ਮਸਲੇ ਦੇ ਹੱਲ ਦੇ ਨੁਕਤੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,