ਵਿਦੇਸ਼ » ਸਿੱਖ ਖਬਰਾਂ

ਦਸਤਾਰ ਦਾ ਮਾਣ: ਕੈਨੇਡਾ ਵਿੱਚ ਅਮਰੀਕ ਸਿੰਘ ਆਹਲੂਵਾਲੀਆ ਪੁਲਿਸ ਬੋਰਡ ਦਾ ਚੇਅਰਮੈਨ ਬਣਿਆ

January 31, 2016 | By

 ਅਮਰੀਕ ਸਿੰਘ ਆਹਲੂਵਾਲੀਆ

ਅਮਰੀਕ ਸਿੰਘ ਆਹਲੂਵਾਲੀਆ

ਟੋਰਾਂਟੋ ( 30 ਜਨਵਰੀ, 2016): ਭਾਰਤ ਜਿਸ ਨੂੰ  ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਸਿੱਖਾਂ ਨੇ  ਬੇਤਹਾਸ਼ਾ ਕੁਰਬਾਨੀਆਂ ਕੀਤੀਆਂ, ਫਾਂਸੀਆਂ ਦੇ ਰੱਸੇ ਗਲਾਂ ਵਿੱਚ ਪਾਏ, ਛਾਤੀਆਂ ਅੱਗੇ ਡਾਹ ਕੇ ਗੋਲੀਆਂ ਖਾਧੀਆਂ ਅਤੇ ਕਾਲੇ ਪਾਣੀਆਂ ਸਮੇਤ ਕਰੜੀਆਂ ਜੇਲਾਂ ਵਿੱਚ ਉਮਰਾਂ ਘਾਲਣ ਵਾਲੇ ਸਿੱਖਾਂ ਦੀ ਹਸਤੀ ਤੋਂ ਹੀ ਭਾਰਤ ਸਰਕਾਰ ਮੁਨਕਰ ਹੋ ਰਹੀ ਅਤੇ ਦਸਤਾਰਧਾਰੀ ਸਿੱਖਾਂ ਨੂੰ ਭਾਰਤੀ ਗਣਤੰਤਰ ਦਿਹਾੜੇ ਦੀ ਪਰੇਡ ਵਿੱਚ ਸ਼ਾਮਲ ਕਰਨ ਤੋਂ ਹੀ ਇਨਕਾਰੀ ਹੋ ਜਾਂਦੀ ਹੈ, ਉੱਥੇ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਕਾਬਲੀਅਤ ਨੂੰ ਸਵੀਕਾਰ ਕਰਦਿਆਂ ਉੱਚੇ ਅਹੁਦਿਆਂ ‘ਤੇ ਬਠਾਇਆ ਜਾ ਰਿਹਾ ਹੈ।

ਬੀਤੇ ਸਾਲ 4 ਨਵੰਬਰ ਨੂੰ ਦੋ ਦਸਤਾਰਧਾਰੀ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਕੈਨੇਡਾ ‘ਚ ਇਕ ਵਾਰ ਫਿਰ ਦਸਤਾਰ ਦਾ ਮਾਣ ਵਧਿਆ ਹੈ। ਭਾਰਤੀਆਂ ਦੀ ਭਰਵੀਂ ਵਸੋਂ ਵਾਲੇ ਪੀਲ ਇਲਾਕੇ ‘ਚ ਪੁਲਿਸ ਸਰਵਿਸਜ਼ ਬੋਰਡ ਦੇ ਅਮਰੀਕ ਸਿੰਘ ਆਹਲੂਵਾਲੀਆ ਨੂੰ ਚੇਅਰਮੈਨ ਬਣਾਇਆ ਗਿਆ ਹੈ। ਬੀਤੇ ਹਫਤੇ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਅਤੇ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਸਮੇਤ ਬੋਰਡ ਦੇ ਮੈਂਬਰਾਂ ਨੇ ਸ: ਆਹਲੂਵਾਲੀਆ ਦੀ ਚੋਣ ਸਰਬਸੰਮਤੀ ਨਾਲ ਕੀਤੀ।

ਬਰੈਂਪਟਨ ਸ਼ਹਿਰ ਦੇ ਵਾਸੀ ਸ. ਆਹਲੂਵਾਲੀਆ ਨੇ ਕਿਹਾ ਕਿ ਉਹ ਤਨਦੇਹੀ ਨਾਲ ਪੁਲਿਸ ਸਰਵਿਸਜ਼ ਬੋਰਡ ਰਾਹੀਂ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ 7 ਡਾਲਰ ਲੈ ਕੇ ਕੈਨੇਡਾ ਆਏ ਸਨ ਪਰ ਇਥੋਂ ਦੇ ਸੁਥਰੇ ਸ਼ਾਸਨ ਪ੍ਰਬੰਧ ਸਦਕਾ ਉਨਾਂ ਨੂੰ ਤਰੱਕੀ ਦੇ ਵੱਡੇ ਮੌਕੇ ਮਿਲੇ ਅਤੇ ਇਸ ਮੁਕਾਮ ‘ਤੇ ਪੁੱਜੇ ਹਨ।

ਓਂਟਾਰੀਓ ਸਰਕਾਰ ਨੇ ਸ. ਆਹਲੂਵਾਲੀਆ ਨੂੰ 2011 ਵਿੱਚ ਪੀਲ ਪੁਲਿਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ਪੈਟਰੋ ਕੈਨੇਡਾ ਨਾਲ ਜਨਰਲ ਮੈਨੇਜਰ ਰਹੇ ਅਤੇ 29 ਸਾਲਾਂ ਸੇਵਾਵਾਂ ਨਿਭਾਉਣ ਪਿੱਛੋਂ ਸੇਵਾਮੁਕਤ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,