ਆਮ ਖਬਰਾਂ

ਸੌਦਾ ਸਾਧ ਦੀ ਫਿਲਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਿਲੀਜ਼ ਹੋਈ – ਕੇਵਲ ਡੇਰੇ ਦੇ ਪ੍ਰੇਮੀ ਹੀ ਦੇਖਣ ਆਏ ਫਿਲਮ

February 14, 2015 | By

ਚੰਡੀਗੜ੍ਹ (13 ਫਰਵਰੀ 2015) : ਚੰਡੀਗੜ੍ਹ ਪੁਲੀਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਅੱਜ ਸ਼ਹਿਰ ਦੇ ਚਾਰ ਮੁੱਖ ਮਾਲਜ਼ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਵਿਵਾਦਿਤ ਫਿਲਮ ਦਿ ਮੈਸੇਂਜਰ (ਐਮਐਸਜੀ) ਰਿਲੀਜ਼ ਹੋਈ। ਫਿਲਮ ਨੂੰ ਕੇਵਲ ਡੇਰੇ ਦੇ ਪ੍ਰੇਮੀ ਹੀ ਦੇਖਣ ਆਏ।

ਸੌਦਾ ਸਾਧ ਦੀ ਫਿਲਮ 'ਚੋਂ ਲਿਆ ਗਿਆ ਇੱਕ ਦ੍ਰਿਸ਼

ਸੌਦਾ ਸਾਧ ਦੀ ਫਿਲਮ ‘ਚੋਂ ਲਿਆ ਗਿਆ ਇੱਕ ਦ੍ਰਿਸ਼

ਇਕ ਅੰਦਾਜ਼ੇ ਅਨੁਸਾਰ ਚਾਰ ਮਾਲਜ਼ ਵਿੱਚ ਇਸ ਫਿਲਮ ਦੇ ਅੱਜ ਚੱਲੇ 65 ਸ਼ੋਅ ਦੌਰਾਨ 14,000 ਤੋਂ ਵੱਧ ਵਿਅਕਤੀਆਂ ਨੇ ਫਿਲਮ ਦੇਖੀ। ਭਾਵੇਂ ਕੁੱਲ ਮਿਲਾ ਕੇ ਸ਼ਾਂਤੀ ਰਹੀ ਪਰ ਇਸੇ ਦੌਰਾਨ ਅਚਨਚੇਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਆਪਣੇ ਸਾਥੀਆਂ ਸਮੇਤ ਸੈਕਟਰ 22 ਵਿੱਚ ਫਿਲਮ ਦੇ ਪੋਸਟਰ ਫੂਕੇ।

ਪੀਰ ਮੁਹੰਮਦ ਅਤੇ ਉਨ੍ਹਾਂ ਦੇ ਸਮਰਥਕ ਪੁਲੀਸ ਨੂੰ ਝਕਾਨੀ ਦੇ ਕੇ ਸੈਕਟਰ 34 ਸਥਿਤ ਪਿਕਾਡਲੀ ਸਕੁਏਅਰ ਨੇੜੇ ਪੁੱਜਣ ਵਿੱਚ ਕਾਮਯਾਬ ਹੋ ਗਏ, ਪਰ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਫੈਡਰੇਸ਼ਨ ਦੇ ਕਾਰਕੁਨ ਜ਼ਿੱਦ ਕਰ ਰਹੇ ਸਨ ਕਿ ਉਹ ਫਿਲਮ ਦੇਖਣੀ ਚਾਹੁੰਦੇ ਹਨ ਪਰ ਪੁਲੀਸ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ। ਪੁਲੀਸ ਨੇ ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ।

ਪੁਲੀਸ ਨੇ ਸਵੇਰੇ ਹੀ ਚਾਰੇ ਮਾਲਜ਼ ਦੇ ਦੁਆਲੇ ਨਾਕਾਬੰਦੀ ਕਰਕੇ ਪਾਰਕਿੰਗਾਂ ਵੀ ਖਾਲੀ ਕਰਵਾ ਲਈਆਂ ਸਨ। ਬਠਿੰਡਾ, ਸੰਗਰੂਰ, ਡੱਬਵਾਲੀ, ਸ੍ਰੀ ਮੁਕਤਸਰ ਸਾਹਿਬ ਆਦਿ ਤੋਂ ਫਿਲਮ ਦੇਖਣ ਆਏ ਡੇਰੇ ਦੇ ਪ੍ਰੇਮੀ ਪੁਲੀਸ ਰੋਕਾਂ ਕਾਰਨ ਆਪਣੀਆਂ ਗੱਡੀਆਂ ਮਾਲਜ਼ ਤੋਂ ਦੂਰ ਖੜ੍ਹੀਆਂ ਕਰਕੇ ਪੈਦਲ ਹੀ ਫਿਲਮ ਦੇਖਣ ਪੁੱਜੇ।

ਵੱਡੀ ਗਿਣਤੀ ਵਿੱਚ ਪ੍ਰੇਮੀ ਫਿਲਮ ਦੇ ਦ੍ਰਿਸ਼ਾਂ ਵਾਲੀਆਂ ਟੀ-ਸ਼ਰਟਾਂ ਪਾ ਕੇ ਪੁੱਜੇ। ਪੁਲੀਸ ਵੱਲੋਂ ਮਾਲ ਦੀ ਨਾਕਾਬੰਦੀ ਕਰਕੇ ਪਾਰਕਿੰਗਾਂ ਵੀ ਖਾਲੀ ਕਰਵਾਉਣ ਕਾਰਨ ਮਾਲਜ਼ ਵਿੱਚ ਲੱਗੀਆਂ ਹੋਰ ਫਿਲਮਾਂ ਅੱਜ ਮੰਦੀ ਦਾ ਸ਼ਿਕਾਰ ਰਹੀਆਂ ਕਿਉਂਕਿ ਪੁਲੀਸ ਦੇ ਸਖ਼ਤ ਪ੍ਰਬੰਧਾਂ ਕਾਰਨ ਆਮ ਲੋਕਾਂ ਨੇ ਹੋਰ ਫਿਲਮਾਂ ਦੇਖਣ ਲਈ ਮਾਲਜ਼ ਵਿੱਚ ਆਉਣ ਤੋਂ ਸੰਕੋਚ ਹੀ ਕੀਤਾ। ਪੁਲੀਸ ਨੇ ਮਾਲਜ਼ ਨੂੰ ਜਾਣ ਵਾਲੀਆਂ ਸੜਕਾਂ ’ਤੇੇ ਵੀ ਰੋਕਾਂ ਲਾਈਆਂ ਸਨ।
ਡੇਰਾ ਪ੍ਰਬੰਧਕਾਂ ਵੱਲੋਂ ਜਿੱਥੇ ਪ੍ਰੇਮੀਆਂ ਲਈ ਟਿਕਟਾਂ ਬੁੱਕ ਕਰਵਾਈਆਂ ਹਨ ਉਥੇ ਉਨ੍ਹਾਂ ਲਈ ਗੱਡੀਆਂ ਦੇ ਪ੍ਰਬੰਧ ਵੀ ਖੁਦ ਕੀਤੇ ਜਾਪਦੇ ਹਨ। ਡੇਰਾ ਪ੍ਰੇਮੀ ਗੱਡੀਆਂ ਭਰ ਕੇ ਚੰਡੀਗੜ੍ਹ ਫਿਲਮ ਦੇਖਣ ਪੁੱਜੇ।ਚੰਡੀਗੜ੍ਹ ਦੇ ਸਮੁੱਚੇ ਐਂਟਰੀ ਪੁਆਇੰਟ ਸਮੇਤ ਹੋਰ ਨਾਜ਼ੁਕ ਥਾਵਾਂ ’ਤੇ ਵੀ ਪੁਲੀਸ ਤਾਇਨਾਤ ਕੀਤੀ ਸੀ।

ਪੁਲੀਸ ਕੰਟਰੋਲ ਰੂਮ ਦੀਆਂ ਜਿਪਸੀਆਂ ਅਤੇ ਖੁਫੀਆ ਵਿੰਗ ਦੇ ਮੁਲਾਜ਼ਮ ਵੱਖਰੇ ਤੌਰ ’ਤੇ ਸਰਗਰਮ ਸਨ। ਐਲਾਂਟੇ ਮਾਲ ’ਚ 306500, ਸੈਂਟਰਾ ਮਾਲ ’ਚ 205700, ਪਿਕਾਡਲੀ ’ਚ 06250 ਅਤੇ ਫਨ ਰਿਪਬਲਿਕ ’ਚ 092200 ਸ਼ੋਅ ਦੀ ਬੁਕਿੰਗ ਰਹੀ।

ਅੰਬਾਲਾ ਸ਼ਹਿਰ ਦੇ ਗਲੈਕਸੀ ਮਾਲ ਦੇ ਫਨ ਸਿਨੇਮਾ ਵਿੱਚ ਡੇਰਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਫਿਲਮ ‘ਦਿ ਮੈਸੰਜਰ’ ਦਾ ਪਹਿਲਾ ਸ਼ੋਅ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿਖਾਇਆ ਗਿਆ।

ਸ਼ੋਅ ਨੂੰ ਮੁੱਖ ਰਖਦਿਆਂ ਡੀਸੀਪੀ ਅੰਬਾਲਾ (ਸ਼ਹਿਰੀ) ਸੁਰਿੰਦਰਪਾਲ ਸਿੰਘ ਸਵੇਰੇ ਹੀ ਪੁਲੀਸ ਬਲ ਦੇ ਨਾਲ ਕਿਸੇ ਵੀ ਟਕਰਾਅ ਨੂੰ ਰੋਕਣ ਲਈ ਗਲੈਕਸੀ ਦੇ ਬਾਹਰ ਡੱਟ ਗਏ ਸਨ।

ਦੂਜੇ ਪਾਸੇ ਫਿਲਮ ਦਾ ਵਿਰੋਧ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਪ੍ਰਦੇਸ਼ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਕੁੰਨ ਸ਼ਹਿਰ ਦੇ ਗੁਰਦੁਆਰਾ ਬਾਦਸ਼ਾਹੀ ਬਾਗ ਵਿੱਚ ਇਕੱਠੇ ਹੋਏ।

ਇਨ੍ਹਾਂ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਮਛੌਂਡਾ, ਰਣਬੀਰ ਸਿੰਘ ਫੌਜੀ, ਗੁਰਚਰਨ ਸਿੰਘ ਬਲਿਸ, ਅਕਾਲੀ ਦਲ ਬਾਦਲ ਦੇ ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ, ਸੂਬਾੲੀ ਬੁਲਾਰੇ ਸੰਤ ਸਿੰਘ ਕੰਧਾਰੀ, ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਸੌਂਡਾ ਆਦਿ ਸ਼ਾਮਲ ਸਨ।

ਇਹ ਲੋਕ ਜਿਉਂ ਹੀ ਗਲੈਕਸੀ ਮਾਲ ਵੱਲ ਤੁਰੇ ਤਾਂ ਪੁਲੀਸ ਨੇ ਇਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਤਹਿਸੀਲਦਾਰ ਵਿਕਰਮ, ਥਾਣਾ ਇੰਚਾਰਜ ਰਜਨੀਸ਼ ਕੁਮਾਰ ਆਦਿ ਮੌਕੇ ’ਤੇ ਪਹੁੰਚ ਗਏ। ਇਸੇ ਦੌਰਾਨ ਐਸਡੀਐਮ ਅੰਬਾਲਾ ਵੀ ਮੌਕੇ ਪਹੁੰਚੀ ਜਿਸ ਨੂੰ ਸਿੱਖ ਨੁਮਾਇੰਦਿਆਂ ਨੇ ਮੰਗ ਪੱਤਰ ਸੌਂਪਿਆ। ਸ਼੍ਰੀ ਮਛੌਂਡਾ ਨੇ ਕਿਹਾ ਕਿ ਉਨ੍ਹਾਂ ਨੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਡੇਰਾ ਮੁਖੀ ਦੀ ਫਿਲਮ ਤੇ ਰੋਕ ਲਾਈ ਹੈ, ਉਸੇ ਤਰ੍ਹਾਂ ਹਰਿਅਣਾ ਸਰਕਾਰ ਵੀ   ਰੋਕ  ਲਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,