ਸਿੱਖ ਖਬਰਾਂ

ਜੱਥੇਦਾਰ ਨੰਦਗੜ ਨੂੰ ਹਟਾਉਣ ਦੀ ਤਿਆਰੀ, 150 ਕਮੇਟੀ ਮੈਂਬਰਾਂ ਦੀ ਸਹਿਮਤੀ ਵਾਲਾ ਪੱਤਰ ਸ਼ੋਮਣੀ ਕਮੇਟੀ ਪ੍ਰਧਾਨ ਨੂੰ ਸੌਪਿਆ

January 16, 2015 | By

ਅੰਮ੍ਰਿਤਸਰ (15 ਜਨਵਰੀ, 2015): ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਸ਼੍ਰੋਮਣੀ ਕਮੇਟੀ, ਸੰਤ ਸਮਾਜ ਅਤੇ ਬਾਦਲ ਦਲ ਦਰਮਿਆਨ ਚੱਲ ਰਿਹਾ ਵਿਵਾਦ ਸਿਖਰ ‘ਤੇ ਪਹੁੰਚ ਚੁਕਿਆ ਹੈ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਅਤੇ ਬਿਕਰਮੀ ਕੈਲੰਡਰ ਦਾ ਸਖਤ ਵਿਰੋਧ ਕਰ ਰਹੇ ਤਖਤ ਸਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ  ਬਲਵੰਤ ਸਿੰਘ ਨੰਦਗੜ੍ਹ ਨੂੰ ਅਹੁਦੇ ਤੋਂ ਹਟਾਉਣ ਲਈ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਸ਼ੁਰੂ ਕਰਕੇ ਕੇ ਜੱਥੇਦਾਰ ਨੰਦਗੜ੍ਹ ਖਿਲਾਫ ਸ਼੍ਰੌਮਣੀ ਕਮੇਟੀ  ਦੇ  ਲਗਭਗ 150 ਮੈਂਬਰਾਂ ਕੋਲੋਂ ਸਹਿਮਤੀ ਲੈ ਲਈ ਹੈ।

ਸ਼੍ਰੋਮਣੀ ਕਮੇਟੀ ਦੀ 17 ਜਨਵਰੀ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਖ਼ਿਲਾਫ਼ ਕਾਰਵਾਈ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ।

ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬਾਦਲ ਦਲ ਦੇ ਆਗੂ ਦੇ ਅਮਰਜੀਤ ਸਿੰਘ ਚਾਵਲਾ ਕਮੇਟੀ ਮੈਂਬਰਾਂ ਦੀ ਸਹਿਮਤੀ ਵਾਲਲਾ ਪੱਤਰ ਪ੍ਰਧਾਨ ਨੂੰ ਦਿੰਦੇ ਹੋਏ

ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬਾਦਲ ਦਲ ਦੇ ਆਗੂ ਦੇ ਅਮਰਜੀਤ ਸਿੰਘ ਚਾਵਲਾ ਕਮੇਟੀ ਮੈਂਬਰਾਂ ਦੀ ਸਹਿਮਤੀ ਵਾਲਾ ਪੱਤਰ ਪ੍ਰਧਾਨ ਨੂੰ ਦਿੰਦੇ ਹੋਏ

ਸ਼੍ਰੋਮਣੀ ਕਮੇਟੀ ਨੇ ਜਥੇਦਾਰ ਨੰਦਗੜ੍ਹ ਖ਼ਿਲਾਫ਼ ਕਾਰਵਾਈ ਕਰਨ ਲਈ ਸਾਰੇ ਮੈਂਬਰਾਂ ਕੋਲੋਂ ਰਾਏ ਮੰਗੀ ਸੀ। ਇਸ ਦੇ ਆਧਾਰ ’ਤੇ ਲਗਭਗ 150 ’ਚੋਂ ਵਧੇਰੇ ਮੈਂਬਰਾਂ ਨੇ ਕਾਰਵਾਈ ਕਰਨ ਦਾ ਸਮਰਥਨ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ  ਜਥੇਥਾਰ ਨੰਦਗੜ੍ਹ ਨੂੰ ਬਦਲਣ ਲਈ ਲਿਖਤੀ ਤੌਰ ’ਤੇ ਰਾਏ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ 17 ਜਨਵਰੀ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਸਾਰੇ ਮੈਂਬਰਾਂ ਦੀ ਸਲਾਹ ਨਾਲ ਅਗਲਾ ਫ਼ੈਸਲਾ ਲਿਆ ਜਾਵੇਗਾ।

ਮਿਲੇ ਵੇਰਵਿਆਂ ਅਨੁਸਾਰ ਕੁਝ ਮੈਂਬਰਾਂ ਨੇ ਜਥੇਦਾਰ ਨੰਦਗੜ੍ਹ ਖ਼ਿਲਾਫ਼ ਸਿੱਧੇ ਤੌਰ ’ਤੇ ਕਾਰਵਾਈ ਕਰਨ ਦਾ ਵਿਰੋਧ ਕੀਤਾ ਹੈ। ਕੁਝ ਮੈਂਬਰਾਂ ਨੇ ਰਾਏ ਦਿੱਤੀ ਹੈ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਸੁਣਨਾ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਨੇ ਜਥੇਦਾਰ ਨੰਦਗੜ੍ਹ ਖ਼ਿਲਾਫ਼ ਕਾਰਵਾਈ ਲਈ ਨਾਨਕਸ਼ਾਹੀ ਕੈਲੰਡਰ ਵਾਲੇ ਮੁੱਦੇ ਨੂੰ ਮੁੱਖ ਮੁੱਦਾ ਨਹੀਂ ਬਣਾਇਆ ਹੈ ਸਗੋਂ 27 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ ਉਨ੍ਹਾਂ ਵਲੋਂ ਵਿਰੋਧ ਨੂੰ ਮੁੱਦਾ ਬਣਾਇਆ ਗਿਆ ਹੈ। ਇਸ ਮਾਮਲੇ ਵਿੱਚ ਸੰਤ ਸਮਾਜ ਤੇ ਹੋਰ ਜਥੇਬੰਦੀਆਂ ਨੇ ਦੋਸ਼ ਲਾਇਆ ਸੀ ਕਿ ਜਥੇਦਾਰ ਨੰਦਗੜ੍ਹ ਨੇ ਨਗਰ ਕੀਰਤਨ ਦਾ ਵਿਰੋਧ ਕਰਦਿਆਂ ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ ਅਤੇ ਪੰਜ ਪਿਆਰਿਆਂ ਦਾ ਅਪਮਾਨ ਕੀਤਾ ਹੈ।

ਮੈਂਬਰਾਂ ਕੋਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਬਾਰੇ ਵੀ ਰਾਏ ਲਈ ਗਈ ਹੈ। ਮੈਂਬਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਮਾਹਿਰਾਂ ਦੀ ਕਮੇਟੀ ਬਣਾ ਕੇ ਵਿਚਾਰਿਆ ਜਾਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,