December 28, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਪੰਜਾਬ ਸਰਕਾਰ ਵੱਲੋਂ ਸਾਲ 2018 ਵਿਚ ਵੱਖ-ਵੱਖ ਸਮਾਗਮਾਂ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥਿਆਂ ਨਾਲ ਸੰਪਰਕ ਅਫਸਰਾਂ ਦੀ ਨਿਯੁਕਤੀ ਲਈ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਤੋਂ ਬਿਨੈ ਪੱਤਰ ਮੰਗੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਰਾਜ ਪ੍ਰਬੰਧ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਲ 2018 ਵਿੱਚ ਅਪ੍ਰੈਲ ਮਹੀਨੇ ਵਿਸਾਖੀ, ਮਈ ਮਹੀਨੇ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, ਜੂਨ ਮਹੀਨੇ ਬਰਸੀ ਮਹਾਰਾਜਾ ਰਣਜੀਤ ਸਿੰਘ ਅਤੇ ਨਵੰਬਰ ਮਹੀਨੇ ਗੁਰੂਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਗਮਾਂ ਮੌਕੇ ਭਾਰਤ ਸਰਕਾਰ ਵੱਲੋਂ ਸਿੱਖ ਯਾਤਰੂਆਂ ਦੇ ਜੱਥੇ ਪਾਕਿਸਤਾਨ ਭੇਜੇ ਜਾਣ ਦੀ ਸੰਭਾਵਨਾ ਹੈ। ਉਪਰੋਕਤ ਜੱਥਿਆਂ ਨਾਲ ਸਰਕਾਰ ਵਲੋਂ ਸੰਪਰਕ ਅਫਸਰ (Liaison Officer) ਨਿਯੁਕਤ ਕੀਤੇ ਜਾਣੇ ਹਨ।
ਉਨਾਂ ਕਿਹਾ ਕਿ ਪੰਜਾਬ ਰਾਜ ਦੇ ਜਿਹੜੇ ਸਰਕਾਰੀ ਕਰਮਚਾਰੀ ਸੀਨੀਅਰ ਸਹਾਇਕ ਜਾਂ ਇਸ ਤੋਂ ਉਪਰ ਕਿਸੇ ਪਦਵੀ ‘ਤੇ ਨਿਯੁਕਤ ਹਨ, ਉਹ ਸੰਪਰਕ ਅਫਸਰ ਲਈ ਯੋਗ ਹਨ। ਜਿਹੜੇ ਅਧਿਕਾਰੀ/ਕਰਮਚਾਰੀ ਇਨਾਂ ਜੱਥਿਆਂ ਨਾਲ ਬਤੌਰ ਸੰਪਰਕ ਅਫਸਰ ਜਾਂ ਪ੍ਰੇਖਕ ਦੇ ਤੌਰ ‘ਤੇ ਜਾਣ ਲਈ ਇਛੁੱਕ ਹੋਣ, ਉਹ ਆਪਣੇ ਬਿਨੈ-ਪੱਤਰ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਆਪਣੇ ਵਿਭਾਗ ਦੇ ਮੁਖੀ ਰਾਹੀਂ ਆਮ ਰਾਜ ਪ੍ਰਬੰਧ ਵਿਭਾਗ (ਆਮ ਤਾਲਮੇਲ ਸ਼ਾਖਾ) 6ਵੀਂ ਮੰਜ਼ਿਲ (ਹਾਲ), ਪੰਜਾਬ ਸਿਵਲ ਸਕੱਤਰੇਤ ਚੰਡੀਗੜ• ਦੇ ਪਤੇ ‘ਤੇ 31 ਦਸੰਬਰ 2017 ਤੱਕ ਭੇਜ ਸਕਦੇ ਹਨ।
ਉਨਾਂ ਕਿਹਾ ਕਿ ਸਕੱਤਰੇਤ ਵਿਖੇ ਕੰਮ ਕਰਦੇ ਚਾਹਵਾਨ ਯੋਗ ਅਧਿਕਾਰੀ/ਕਰਮਚਾਰੀ ਆਪਣੇ ਬਿਨੈ ਪੱਤਰ ਸਕੱਤਰੇਤ ਪ੍ਰਸ਼ਾਸਨ ਰਾਹੀਂ ਭੇਜਣ।ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਵੀ ਬਿਨੈਕਾਰ ਨੂੰ ਬਤੌਰ ਸੰਪਰਕ ਅਫਸਰ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਸ ਨੂੰ ਆਮ ਹਾਲਾਤਾਂ ਵਿੱਚ ਆਪਣਾ ਬਿਨੈ ਪੱਤਰ ਵਾਪਿਸ ਲੈਣ ਦੀ ਆਗਿਆ ਨਹੀਂ ਹੋਵੇਗੀ।
Related Topics: Gurduwara in Pakistan, Indian Government, Punjab Government, Sikh Jatha