ਸਿਆਸੀ ਖਬਰਾਂ » ਸਿੱਖ ਖਬਰਾਂ

ਆਰ.ਐਸ.ਐਸ. ਨੇ 2004 ‘ਚ ਜਾਂਚ ਕਮੇਟੀ ਵਲੋਂ ਪੁੱਛੇ ਗਏ 8 ਸਵਾਲਾਂ ਦਾ ਜਵਾਬ ਨਹੀਂ ਦਿੱਤੇ ਸਨ: ਗਿ. ਗੁਰਬਚਨ ਸਿੰਘ

October 30, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਾਲ 2004 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਏ ਜਾਣ ਸਬੰਧੀ ਰਾਸ਼ਟਰੀ ਸਿੱਖ ਸੰਗਤ ਦੀ ਸ਼ਮੂਲੀਅਤ ਨੂੰ ਰੋਕਣ ਅਤੇ ਇਸ ਸੰਸਥਾ ਨੂੰ ਸਿੱਖਾਂ ਵਲੋਂ ਸਹਿਯੋਗ ਦੇਣ ਤੋਂ ਵਰਜਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੀਤਾ ਗਿਆ ਹੁਕਮਨਾਮਾ ਜਿਉਂ ਦਾ ਤਿਉਂ ਕਾਇਮ ਹੈ। ਕਿਉਂਕਿ ਰਾਸ਼ਟਰੀ ਸਿੱਖ ਸੰਗਤ ਨੇ ਉਨ੍ਹਾਂ 8 ਸਵਾਲਾਂ ਦੇ ਜਵਾਬ ਹੀ ਨਹੀਂ ਸਨ ਦਿੱਤੇ ਜਿਹੜੇ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮਾਮਲੇ ਦੀ ਜਾਂਚ ਕਰਨ ਸਬੰਧੀ ਬਣੀ ਕਮੇਟੀ ਵਲੋਂ ਪੁਛੇ ਗਏ ਸਨ। ਇਹ ਖੁਲਾਸਾ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਸਾਲ 2004 ਵਿੱਚ ਰਾਸ਼ਟਰੀ ਸਿੱਖ ਸੰਗਤ ਉਪਰ ਸਿੱਖ ਸੰਗਤਾਂ ਵਲੋਂ ਲਾਏ ਦੋਸ਼ਾਂ ਅਤੇ “ਰਾਸ਼ਟਰੀ ਸਿੱਖ ਸੰਗਤ” ਖਿਲਾਫ ਪੁੱਜੀਆਂ ਸ਼ਿਕਾਇਤਾਂ ਦੀ ਜਾਂਚ ਪੜਤਾਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸ਼੍ਰੋਮਣੀ ਕਮੇਟੀ ਦੀ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ, ਸਿੱਖ ਚਿੰਤਕ ਡਾ: ਸੁਖਪਰੀਤ ਸਿੰਘ ਓਦੋਕੇ, ਪ੍ਰੋ: ਬਲਵੰਤ ਸਿੰਘ ਢਿਲੋਂ, ਪ੍ਰਿੰਸੀਪਲ ਅਮਰਜੀਤ ਸਿੰਘ ਅਤੇ ਸ੍ਰ: ਸੁਰਿੰਦਰ ਸਿੰਘ ‘ਤੇ ਅਧਾਰਿਤ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ।

ਗਿਆਨੀ ਗੁਰਬਚਨ ਸਿੰਘ (ਫਾਈਲ ਫੋਟੋ)

ਗਿਆਨੀ ਗੁਰਬਚਨ ਸਿੰਘ (ਫਾਈਲ ਫੋਟੋ)

ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਨੇ ਬਕਾਇਦਾ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਦੀਆਂ ਪ੍ਰਕਾਸ਼ਨਾਵਾਂ ਦਾ ਅਧਿਐਨ ਕਰਦਿਆਂ ਸੰਸਥਾ ਵਲੋਂ ਸ਼ਿਫਾਰਸ਼ਾਂ ਲੈਕੇ ਪੁੱਜਣ ਵਾਲੇ ਆਗੂਆਂ ਪਾਸੋਂ 8 ਸਵਾਲਾਂ ਦੇ ਜਵਾਬ ਮੰਗੇ ਸਨ ਜਿਨ੍ਹਾਂ ਦਾ ਜਵਾਬ ਉਨ੍ਹਾਂ ਨਹੀਂ ਦਿੱਤਾ। ਇੱਕ ਸਵਾਲ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਬਹੁਤਾਤ ਸਵਾਲ ਤਾਂ ਉਸ ਸਾਲ ਰਾਸ਼ਟਰੀ ਸਿੱਖ ਸੰਗਤ ਵਲੋਂ ਕੱਢੇ ਜਾਣ ਵਾਲੇ ਸੰਭਾਵੀ ਨਗਰ ਕੀਰਤਨ ਨਾਲ ਸਬੰਧਤ ਸਨ ਜਿਨ੍ਹਾਂ ਬਾਰੇ ਸੰਸਥਾ ਵਲੋਂ ਕੀਤੇ ਗਏ ਝੂਠੇ ਪ੍ਰਚਾਰ ਅਤੇ ਮਕਸਦ ਬਾਰੇ ਸਨ ਤੇ ਬਾਕੀ ਕੁਝ ਅਜਿਹੇ ਸਵਾਲ ਸਨ ਜਿਨ੍ਹਾਂ ਦੀ ਅਹਿਮੀਅਤ ਸਮੁੱਚੀ ਸਿੱਖ ਕੌਮ ਲਈ ਹੈ। ਉਨ੍ਹਾਂ ਦੱਸਿਆ ਕਿ ਅਹਿਮ ਸਵਾਲ ਸੀ ਕਿ “ਕੀ ਰਾਸ਼ਟਰੀ ਸਿੱਖ ਸੰਗਤ ਅਤੇ ਇਸਦੀ ਮਾਂ ਸੰਸਥਾ ਰਾਸ਼ਟਰੀ ਸਵੈਮ ਸੇਵਕ ਸੰਘ ਸਿੱਖ ਕੌਮ ਦੀ ਅੱਡਰੀ ਨਿਆਰੀ ਤੇ ਵਿਲੱਖਣ ਹੋਂਦ ਹਸਤੀ ਨੂੰ ਪ੍ਰਵਾਨ ਕਰਦੀ ਹੈ?” ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਹੀ ਪਿੱਛੇ ਹਟੇ ਸਨ ਜਿਸਦੇ ਚਲਦਿਆਂ ਪੰਜ ਸਿੰਘ ਸਾਹਿਬਾਨ ਨੂੰ ਸੰਸਥਾ ਖਿਲਾਫ ਅਸਹਿਯੋਗ ਦਾ ਹੁਕਮਨਾਮਾ ਜਾਰੀ ਕਰਨ ਦਾ ਫੈਸਲਾ ਲੈਣਾ ਪਿਆ।

ਸਬੰਧਤ ਖ਼ਬਰ:

ਸਿੱਖ ਰੋਹ ਤੋਂ ਬਾਅਦ ਗਿ. ਗੁਰਬਚਨ ਸਿੰਘ ਨੂੰ ਕਹਿਣਾ ਪਿਆ ਕਿ ਸੰਗਤਾਂ 2004 ਦੇ ਹੁਕਮਨਾਮੇ ‘ਤੇ ਪਹਿਰਾ ਦੇਣ …

ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿੱਖ ਸੰਗਤ ਨੇ ਸਾਲ 2003 ਵਿੱਚ ਲਾਗੂ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਵੀ ਡੱਟਵਾਂ ਵਿਰੋਧ ਕੀਤਾ ਸੀ ਜਿਸ ਦਬਾਅ ਅੱਗੇ ਜਥੇਦਾਰ ਵੇਦਾਂਤੀ ਨਾ ਝੁਕੇ ਅਤੇ ਆਰ.ਐਸ.ਐਸ. ਦਾ ਇਹ ਵਿਰੋਧ ਹੀ ਵੇਦਾਂਤੀ ਦੀ ਰੁਖਸਤੀ ਦਾ ਕਾਰਣ ਬਣਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,