ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਕਨੇਡਾ ਤੋਂ ਵਾਪਸ ਮੋੜੇ ਗਏ ਆਪ ਵਿਧਾਇਕਾਂ ਨੇ ਦੌਰੇ ਦਾ ਕਾਰਨ ਸਪਸ਼ਟ ਨਾ ਹੋਣ ਨੂੰ ਦੱਸਿਆ ਵਾਪਸੀ ਦਾ ਕਾਰਨ

July 24, 2018 | By

ਚੰਡੀਗੜ੍ਹ: ਕਨੇਡਾ ਸਰਕਾਰ ਵੱਲੋਂ ਓਟਾਵਾ ਹਵਾਈ ਅੱਡੇ ਤੋਂ ਵਾਪਸ ਭਾਰਤ ਮੋੜੇ ਗਏ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਦੋਆ ਨੇ ਵਾਪਸ ਪਰਤ ਕੇ ਦੱਸਿਆ ਕਿ ਕੈਨੇਡਾ ਵਿਚਲੇ ਆਪਣੇ ਪ੍ਰੋਗਰਾਮ ਦੀ ਉਥੋਂ ਦੀ ਸਰਕਾਰ ਨੂੰ ਅਗਾਊਂ ਸੂਚਨਾ ਨਾ ਦੇਣ ਕਾਰਨ ਹਵਾਈ ਅੱਡੇ ਤੋਂ ਹੀ ਇਹਨਾਂ ਨੂੰ ਵਾਪਸ ਮੋੜਿਆ ਗਿਆ ਹੈ।

ਦੋਵਾਂ ਵਿਧਾਇਕਾਂ ਨੇ ਅੱਜ ਪਰਤਣ ਮਗਰੋਂ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਕੇਸ ਜਾਂ ਸ਼ਿਕਾਇਤ ਕਾਰਨ ਹਵਾਈ ਅੱਡੇ ਤੋਂ ਵਾਪਸ ਨਹੀਂ ਭੇਜਿਆ ਸਗੋਂ ਬਤੌਰ ਵਿਧਾਇਕ ਆਪਣੀ ਯਾਤਰਾ ਦਾ ਅਗਾਊਂ ਪ੍ਰੋਗਰਾਮ ਨਾ ਦੱਸਣ ਕਾਰਨ ਕਨੇਡਾ ਵਿੱਚ ਦਾਖ਼ਲਾ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਦੌਰਾ ਨਿੱਜੀ ਹੈ ਜਾਂ ਸਿਆਸੀ, ਇਸ ਦੁਚਿੱਤੀ ਕਾਰਨ ਹੀ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ ਹੈ।

ਅਮਰਜੀਤ ਸਿੰਘ ਸੰਦੋਆ ਤੇ ਕੁਲਤਾਰ ਸਿੰਘ ਸੰਧਵਾਂ

ਉਨ੍ਹਾਂ ਦੱਸਿਆ ਕਿ ਓਟਵਾ ਹਵਾਈ ਅੱਡੇ ’ਤੇ ਉਨ੍ਹਾਂ ਦੀ ਆਮ ਵਾਂਗ ਇਮੀਗ੍ਰੇਸ਼ਨ ਕਲੀਅਰੈਂਸ ਹੋ ਗਈ ਸੀ, ਪਰ ਅੱਗੇ ਸਕਿਓਰਿਟੀ ਕਾਊਂਟਰ ’ਤੇ ਜਾ ਕੇ ਉਨ੍ਹਾਂ ਨੂੰ ਰੋਕ ਲਿਆ ਗਿਆ ਤੇ ਕੈਨੇਡਾ ਆਉਣ ਦਾ ਮਕਸਦ ਪੁੱਛਿਆ। ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਜਾਣਕਾਰੀ ਦਿੱਤੀ ਕਿ ਉਹ ਕੁਝ ਦਿਨ ਇਥੇ ਆਪਣੀ ਭੈਣ ਕੋਲ ਰੁਕਣਗੇ ਅਤੇ ਇਸ ਤੋਂ ਇਲਾਵਾ ਆਪਣੇ ਤਿੰਨ ਦੋਸਤਾਂ ਨੂੰ ਮਿਲਣਗੇ, ਜੋ ਅੱਗੇ ਪ੍ਰੋਗਰਾਮ ਬਣਾਉਣਗੇ। ਸੰਧਵਾਂ ਮੁਤਾਬਿਕ ਅੱਗੋਂ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੱਸਿਆ ਪ੍ਰੋਗਰਾਮ ਪੁਲੀਸ ਨੂੰ ਮਿਲੀ ਸੂਚਨਾ ਨਾਲ ਮੇਲ ਨਹੀਂ ਖਾਂਦਾ ਸੀ। ਇਸ ਤੋਂ ਇਲਾਵਾ ਪੁਲੀਸ ਅਫਸਰਾਂ ਨੇ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਨੇ ਫੈਮਿਲੀ ਵੀਜ਼ਾ ਲਿਆ ਹੈ ਤਾਂ ਉਹ ਇਕੱਲੇ ਕਿਉਂ ਆਏ ਹਨ।

ਸੰਧਵਾਂ ਮੁਤਾਬਿਕ ਪੁਲੀਸ ਅਫਸਰਾਂ ਨੇ ਕਿਹਾ ਕਿ ਉਹ (ਵਿਧਾਇਕ) ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਕਨੇਡਾ ਦੇ ਪ੍ਰੋਗਰਾਮ ਦੀ ਪਹਿਲਾਂ ਸੂਚਨਾ ਦੇਣੀ ਬਣਦੀ ਸੀ।

ਸਬੰਧਿਤ ਖ਼ਬਰ: ਆਪ ਦੇ ਵਿਧਾਇਕ ਸੰਦੋਆ ਅਤੇ ਸੰਧਵਾਂ ਨੂੰ ਕਨੇਡਾ ਹਵਾਈ ਅੱਡੇ ਤੋਂ ਵਾਪਿਸ ਦਿੱਲੀ ਭੇਜਿਆ ਗਿਆ

ਸੰਦੋਆ ਨੇ ਦੱਸਿਆ ਕਿ ਉਹ ਅਦਾਲਤ ਤੋਂ ਬਾਕਾਇਦਾ ਇਜਾਜ਼ਤ ਲੈ ਕੇ ਕਨੇਡਾ ਗਏ ਸੀ ਅਤੇ ਉਨ੍ਹਾਂ ਨੂੰ ਕਨੇਡਾ ਪੁਲੀਸ ਨੇ ਉਨ੍ਹਾਂ ਦੇ ਕੇਸਾਂ ਬਾਰੇ ਕੁਝ ਨਹੀਂ ਪੁੱਛਿਆ। ਦੋਵਾਂ ਵਿਧਾਇਕਾਂ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨਾਲ ਚੰਗਾ ਵਤੀਰਾ ਅਖਤਿਆਰ ਕੀਤਾ ਅਤੇ ਉਨ੍ਹਾਂ ਨੂੰ ਚਾਹ-ਕੌਫੀ ਵੀ ਪੁੱਛੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੀ ਵਾਪਸੀ ਟਿਕਟ ਵਾਲੀ ਏਅਰਲਾਈਨਜ਼ ਵਿਚ ਹੀ ਸੀਟਾਂ ਦਿਵਾਉਣ ਦਾ ਪ੍ਰਬੰਧ ਵੀ ਪੁਲੀਸ ਨੇ ਹੀ ਕਰਵਾਇਆ ਹੈ। ਉਨ੍ਹਾਂ ਨੂੰ ਵਾਪਸੀ ਟਿਕਟਾਂ ਦਾ ਕੋਈ ਵੱਖਰਾ ਖਰਚਾ ਨਹੀਂ ਪਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,