ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਵਿਦੇਸ਼

ਆਪ ਦੇ ਵਿਧਾਇਕ ਸੰਦੋਆ ਅਤੇ ਸੰਧਵਾਂ ਨੂੰ ਕਨੇਡਾ ਹਵਾਈ ਅੱਡੇ ਤੋਂ ਵਾਪਿਸ ਦਿੱਲੀ ਭੇਜਿਆ ਗਿਆ

July 23, 2018 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਕਨੇਡਾ ਵਿਚ ਦਾਖਲੇ ਤੋਂ ਰੋਕ ਦਿੱਤਾ ਗਿਆ ਤੇ ਕਨੇਡਾ ਦੇ ਓਟਾਵਾ ਹਵਾਈ ਅੱਡੇ ਤੋਂ ਹੀ ਵਾਪਿਸ ਦਿੱਲੀ ਭੇਜ ਦਿੱਤਾ ਗਿਆ।

ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਨੇਡਾ ਦੇ ਇਮੀਗਰੇਸ਼ਨ ਅਫਸਰਾਂ ਨੇ ਹਵਾਈ ਅੱਡੇ ‘ਤੇ ਰੋਕ ਕੇ ਉਨ੍ਹਾਂ ਦੇ ਦੌਰੇ ਦੇ ਮੰਤਵ ਬਾਰੇ ਪੁੱਛਿਆ, ਜਿਸ ਦਾ ਤਸੱਲੀਬਖਸ਼ ਜਵਾਬ ਨਾ ਦੇ ਸਕਣ ਦੀ ਸੂਰਤ ਵਿਚ ਦੋਵੇਂ ਆਪ ਵਿਧਾਇਕਾਂ ਨੂੰ ਵਾਪਿਸ ਦਿੱਲੀ ਦੇ ਜਹਾਜ਼ ‘ਤੇ ਚੜ੍ਹਾ ਦਿੱਤਾ ਗਿਆ।

ਇਸ ਸਬੰਧੀ ਇਕ ਅਖਬਾਰ ਨਾਲ ਗੱਲ ਕਰਦਿਆਂ ਟੋਰਾਂਟੋ ਵਿਚ ਆਪ ਦੇ ਬੁਲਾਰੇ ਸੁਦੀਪ ਸਿੰਗਲਾ ਨੇ ਕਿਹਾ ਕਿ ਕੁਝ ਸਵਾਲ ਪੁੱਛਣ ਤੋਂ ਬਾਅਦ ਦੋਵੇਂ ਵਿਧਾਇਕਾਂ ਨੂੰ ਵਾਪਿਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੋਵੇਂ ਵਿਧਾਇਕਾਂ ਦਾ ਓਟਾਵਾ ਵਿਚ ਕੁਲਤਾਰ ਸਿੰਘ ਸੰਧਵਾਂ ਦੀ ਭੈਣ ਦੇ ਘਰ ਰੁਕਣ ਦਾ ਪ੍ਰੋਗਰਾਮ ਸੀ, ਪਰ ਕਈ ਘੰਟਿਆਂ ਦੀ ਪੁੱਛਗਿੱਛ ਬਾਅਦ ਉਨ੍ਹਾਂ ਦੀ ਭੈਣ ਨੂੰ ਦੱਸਿਆ ਗਿਆ ਕਿ ਦੋਵੇਂ ਵਿਧਾਇਕਾਂ ਨੂੰ ਵਾਪਿਸ ਦਿੱਲੀ ਭੇਜ ਦਿੱਤਾ ਗਿਆ ਹੈ।

ਆਪ ਦੇ ਸੋਸ਼ਲ ਮੀਡੀਆ ਮੈਨੇਜਰ ਕਮਲ ਗਰਗ ਨੇ ਕਿਹਾ ਕਿ ਦੋਵੇਂ ਵਿਧਾਇਕਾਂ ਦੀ ਵਾਪਸੀ ਨੂੰ ਡਿਪੋਰਟ ਕਰਨਾ ਕਹਿਣਾ ਗਲਤ ਹੈ, ਬਲਕਿ ਦੋਵਾਂ ਨੂੰ ਕਨੇਡਾ ਵਿਚ ਦਾਖਲੇ ਤੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ, “ਮੇਰੀ ਜਾਣਕਾਰੀ ਮੁਤਾਬਿਕ ਸੰਧਵਾਂ ਨੇ ਇਮੀਗਰੇਸ਼ਨ ਅਫਸਰਾਂ ਦੀ ਤਸੱਲੀ ਕਰਵਾ ਦਿੱਤੀ ਸੀ, ਪਰ ਸੰਦੋਆ ਉਨ੍ਹਾਂ ਦੀ ਤਸੱਲੀ ਨਹੀਂ ਕਰਵਾ ਸਕੇ ਕਿਉਂਕਿ ਉਨ੍ਹਾਂ ਨੂੰ ਅੰਗਰੇਜੀ ਵਿਚ ਜ਼ਿਆਦਾ ਮੁਹਾਰਤ ਨਹੀਂ ਹੈ।”

ਆਪ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦੋਵੇਂ ਵਿਧਾਇਕਾਂ ਦੇ ਵਾਪਿਸ ਆਉਣ ‘ਤੇ ਹੀ ਸਹੀ ਗੱਲ ਦਾ ਪਤਾ ਲੱਗ ਸਕੇਗਾ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਮਸਲੇ ਦੇ ਨਾਲ ਨਾਲ ਹੋਰ ਮਸਲੇ ਵਿਚਾਰਨ ਲਈ ਵੀ ਪਾਰਟੀ ਵਿਧਾਇਕਾਂ ਦੀ ਮੰਗਲਵਾਰ ਨੂੰ ਬੈਠਕ ਬੁਲਾਈ ਗਈ ਹੈ।

ਜ਼ਿਕਰਯੋਗ ਹੈ ਕਿ ਆਪ ਵਿਧਾਇਕ ਸੰਦੋਆ ਔਰਤ ਨਾਲ ਕਥਿਤ ਤੌਰ ‘ਤੇ ਬਦਸਲੂਕੀ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਇਸ ਮਾਮਲੇ ਵਿਚ ਅਦਾਲਤ ਨੇ ਬੀਤੇ ਸ਼ੁਕਰਵਾਰ ਹੀ ਉਨ੍ਹਾਂ ਖਿਲਾਫ ਦੋਸ਼ ਤੈਅ ਕੀਤੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,