ਸਿਆਸੀ ਖਬਰਾਂ

ਨਕਸਲੀਆਂ, ਗਰਮਖਿਆਲੀਆਂ ਦੀ ਹਮਾਇਤ ਨਾਲ ਸੱਤਾ ’ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੀ ਹੈ ‘ਆਪ’: ਸੁਖਬੀਰ ਬਾਦਲ

August 14, 2016 | By

ਚੰਡੀਗੜ੍ਹ: “ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਨਕਸਲੀਆਂ ਅਤੇ ਗਰਮਖਿਆਲੀਆਂ ਦੀ ਹਮਾਇਤ ਨਾਲ ਸੂਬੇ ਦੀ ਸੱਤਾ ’ਤੇ ਕਾਬਜ਼ ਹੋ ਕੇ ਵਿਕਾਸ ਨੂੰ ਪੁੱਠਾ ਗੇੜਾ ਦੇਣ ਦੀਆਂ ਤਿਆਰੀਆਂ ਵਿੱਚ ਹੈ। ‘ਆਪ’ ਦੀਆਂ ਇਹ ਤਿਆਰੀਆਂ ਧਰੀਆਂ-ਧਰਾਈਆਂ ਰਹਿ ਜਾਣੀਆਂ ਹਨ ਕਿਉਂਕਿ ਲੋਕ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਤੋਂ ਕੋਰੀ ਇਸ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ।”

ਇਹ ਪ੍ਰਗਟਾਵਾ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ਨੀਵਾਰ ਮਲੇਰਕੋਟਲਾ ਵਿਖੇ ਨਵੇਂ ਬਣੇ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕਰਨ ਉਪਰੰਤ ਹਲਕਾ ਵਿਧਾਇਕਾ ਫਰਜ਼ਾਨਾ ਆਲਮ ਦੀ ਅਗਵਾਈ ਹੇਠ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਆਵਾਜਾਈ ਪ੍ਰਬੰਧ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਪਿਛਲੇ 9 ਸਾਲਾਂ ਵਿੱਚ 150 ਰੇਲਵੇ ਓਵਰਬ੍ਰਿਜ ਬਣਾਏ ਹਨ ਤੇ ਸੂਬੇ ’ਚ ਚਹੁੰ-ਮਾਰਗੀ ਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ।

ਉਨ੍ਹਾਂ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਪਿਛਲੇ 9 ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਦੇ ਹਿੱਤ ਅਕਾਲੀ ਦਲ ਦੇ ਹੱਥਾਂ ’ਚ ਹੀ ਸੁਰੱਖਿਅਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਵਿੱਤੀ ਸਥਿਤੀ ਬਾਰੇ ਵਿਰੋਧੀ ਪਾਰਟੀਆਂ ਵੱਲੋਂ ਕੂੜ-ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਲ ਦੇ ਪੰਜਾਬ ਮੋਹ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੇਜਰੀਵਾਲ ਨੇ ‘ਆਪ’ ਦੀ ਪੰਜਾਬ ਇਕਾਈ ਵਿੱਚ ਵੀ ਪੰਜਾਬੀਆਂ ਦੀ ਲੀਡਰਸ਼ਿਪ ਨੂੰ ਉਭਰਨ ਨਹੀਂ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,