ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਕੈਪਟਨ ਨੇ ਖੇਤੀਬਾੜੀ ਬੈਂਕ ਦੇ ਤਾਨਾਸ਼ਾਹੀ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ ਘਿਰਾਓ ਕਰੇਗੀ ‘ਆਪ’: ਡਾ. ਬਲਬੀਰ ਸਿੰਘ

July 18, 2018 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ ਦੇ ਆਪਣੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਪੀ) ਵੱਲੋਂ ਸੂਬੇ ਦੇ ਕਰਜ਼ਾਈ ਕਿਸਾਨਾਂ ਦੀ ਜ਼ਮੀਨ ਵੇਚ ਕੇ ਕਰਜ਼ ਵਸੂਲੇ ਜਾਣ ਵਾਲੇ ਤੁਗ਼ਲਕੀ ਫ਼ੈਸਲੇ ਦਾ ਸਖ਼ਤ ਵਿਰੋਧ ਕਰਦੇ ਹੋਏ, ਇਸ ਫ਼ੈਸਲੇ ਨੂੰ ਹਫ਼ਤੇ ਦੇ ਅੰਦਰ-ਅੰਦਰ ਵਾਪਸ ਲੈਣ ਲਈ ਕਿਹਾ ਹੈ।

‘ਆਪ’ ਨੇ ਕਿਹਾ ਹੈ ਕਿ ਜੇ ਕੈਪਟਨ ਸਰਕਾਰ ਨੇ ਪਹਿਲਾਂ ਹੀ ਕਰਜ਼ੇ ਦੇ ਭੰਨੇ ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰਨ ਵਾਲੇ ਇਸ ‘ਰਾਜਾਸ਼ਾਹੀ’ ਫ਼ਰਮਾਨ ਨੂੰ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਦੀ ਕਿਸਾਨ ਇਕਾਈ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੇ ਪਟਿਆਲਾ ਡਿਵੀਜ਼ਨ ਦੇ ਦਫ਼ਤਰ ਦਾ ਘਿਰਾਓ ਕਰੇਗਾ।

ਬੁੱਧਵਾਰ ਨੂੰ ‘ਆਪ’ ਦੇ ਮੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੇ ਇਸ ਫ਼ੈਸਲੇ ਨੂੰ ਮੂਲੋਂ ਰੱਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਜਿਹੀ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇੱਕ ਵੀ ਕਰਜ਼ਾਈ ਕਿਸਾਨ ਦੀ ਜ਼ਮੀਨ ‘ਚ ਸਰਕਾਰ ਨੂੰ ਪੈਰ ਨਹੀਂ ਧਰਨ ਦੇਵੇਗੀ। ਇਸ ਲਈ ਚੰਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਆਪਣਾ ਲਿਖਤ ਰੂਪ ‘ਚ ਕਰਜ਼ਾ ਮੁਆਫ਼ੀ ਅਤੇ ਕੁਰਕੀ ਬੰਦ ਕਰਨ ਵਾਲਾ ਵਾਅਦਾ ਯਾਦ ਕਰ ਕੇ ਆਪਣੇ ਇਸ ਤੁਗ਼ਲਕੀ ਫ਼ੈਸਲੇ ਨੂੰ ਵਾਪਸ ਲੈਣ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਆੜ੍ਹਤੀਆਂ ਸਮੇਤ ਸਾਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਨਾਲ ਸੱਤਾ ‘ਚ ਆਈ ਕਾਂਗਰਸ ਨੇ ਪਹਿਲਾਂ ਹੀ ਦੁੱਖਾਂ ਦੇ ਮਾਰੇ ਕਿਸਾਨਾਂ ਨਾਲ ਐਨਾ ਵੱਡਾ ਧ੍ਰੋਹ ਕਰ ਕੇ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਫ਼ਰੇਬੀ ਚਿਹਰਾ ਨੰਗਾ ਕਰ ਦਿੱਤਾ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਗੰਭੀਰ ਮੁੱਦੇ ਉੱਤੇ ਉਨ੍ਹਾਂ ਵੀਰਵਾਰ ਨੂੰ ‘ਆਪ’ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਅਤੇ ਆਬਜ਼ਰਵਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੀ ਅਗਵਾਈ ‘ਚ ਕਿਸਾਨ ਇਕਾਈ ਦੀ ਬੈਠਕ ਬੁਲਾ ਲਈ ਹੈ, ਜਿਸ ਦੌਰਾਨ ਵਿਚਾਰ-ਵਟਾਂਦਰੇ ਮਗਰੋਂ ਆਮ ਆਦਮੀ ਪਾਰਟੀ ਪਟਿਆਲਾ ਡਿਵੀਜ਼ਨ ਦੇ ਪਟਿਆਲਾ ਰੋਪੜ, ਸੰਗਰੂਰ, ਲੁਧਿਆਣਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕਰਜ਼ਾਈ ਕਿਸਾਨਾਂ ਦੀ ਜ਼ਮੀਨ ਉੱਤੇ ਲਟਕਾਈ ਗਈ ਇਸ ਸਰਕਾਰੀ ਤਲਵਾਰ ਦਾ ਮੁਕਾਬਲਾ ਕਰਨ ਲਈ ਅਗਲਾ ਪ੍ਰੋਗਰਾਮ ਤੈਅ ਕਰੇਗੀ।

ਇਸ ਦੇ ਨਾਲ ਹੀ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਕੋਈ ਨਿੱਜੀ ਜਾ ਕੇਂਦਰੀ ਬੈਂਕ ਅਜਿਹਾ ਫ਼ੈਸਲਾ ਕਰਦਾ ਤਾਂ ਗ਼ਲਤੀ ਨਾਲ ਲਿਆ ਮਾਰੂ ਫ਼ੈਸਲਾ ਕਰਾਰ ਦਿੱਤਾ ਜਾ ਸਕਦਾ ਸੀ, ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਆਪਣਾ ਸਰਕਾਰੀ ਬੈਂਕ ਅਜਿਹਾ ਤਾਨਾਸ਼ਾਹੀ ਫ਼ੈਸਲਾ ਲੈਂਦਾ ਹੈ ਤਾਂ ਇਹ ਕਿਸਾਨਾਂ ਨਾਲ ਸ਼ਰੇਆਮ ਧੋਖਾ ਅਤੇ ਉਨ੍ਹਾਂ ਦੀ ਪਿੱਠ ‘ਚ ਛੁਰਾ ਮਾਰ ਕੇ ਵਾਅਦਾ ਖ਼ਿਲਾਫ਼ੀ ਕਰਨ ਵਾਲਾ ਫ਼ੈਸਲਾ ਹੈ। ਪਰ ਆਮ ਆਦਮੀ ਪਾਰਟੀ ਇਸ ਫ਼ੈਸਲੇ ਨੂੰ ਅਮਲ ‘ਚ ਨਹੀਂ ਆਉਣ ਦੇਵੇਗੀ। ਇਸ ਲਈ ਖੇਤ ਤੋਂ ਲੈ ਕੇ ਉੱਚ ਅਦਾਲਤ ਤੱਕ ਸੰਘਰਸ਼ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,