February 17, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮੀਤ ਸਿੰਘ ਪੀ.ਐਚ.ਡੀ ਨੂੰ ਸ਼ਰਧਾਂਜਲੀ ਦੇਣ ਲਈ ਐਤਵਾਰ (16 ਫਰਵਰੀ) ਨੂੰ ਗੁਰਦੁਆਰਾ ਸਿੰਘ ਸਭਾ, ਗਲੈਨ ਰਾਕ, ਨਿਊ ਜਰਸੀ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਦੱਸ ਦੇਈਏ ਕਿ ਲੰਘੀ 27 ਜਨਵਰੀ ਨੂੰ ਭਾਈ ਹਰਮੀਤ ਸਿੰਘ ਨੂੰ ਹਥਿਆਰਬੰਦ ਹਮਲਾਵਰਾਂ ਨੇ ਲਾਹੌਰ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਖਾਲਿਸਤਾਨੀ ਸਿੱਖ ਧਿਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਦਿੱਲੀ ਸਲਤਨਤ ਦੀਆਂ ਏਜੰਸੀਆਂ ਵੱਲੋਂ ਕਰਵਾਇਆ ਗਿਆ ਸੀ।
ਨਿਊ ਜਰਸੀ ਵਿਖੇ ਹੋਏ ਸਮਾਗਮ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਸ਼ਹੀਦੀ ਸਮਾਗਮ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਬਾਅਦ ਦੁਪਹਿਰ ਤਕ ਗੁਰਮਿਤ ਦੀਵਾਨ ਸਜਾਏ ਗਏ। ਇਹਨਾਂ ਦੀਵਾਨਾਂ ਵਿਚ ਸਿੱਖ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜਰੀਆਂ ਲਵਾ ਕੇ ਜਿਥੇ ਭਾਈ ਹਰਮੀਤ ਸਿੰਘ ਦੇ ਖਾਲਿਸਤਾਨ ਦੀ ਮੰਜਲ ਵੱਲ ਨੂੰ ਕੀਤੇ ਸਫਰ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਨਾਲ ਹੀ ਖਾਲਿਸਤਾਨ ਲਈ ਚਲ ਰਹੇ ਸੰਘਰਸ਼ ਪ੍ਰਤੀ ਪ੍ਰਣ ਕੀਤਾ ਗਿਆ।
ਇਹ ਸਮਾਗਮ ਸਿੱਖ ਯੂਥ ਅਮਰੀਕਾ ਅਤੇ ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਸਾਂਝੇ ਤੋਰ ਤੇ ਕਰਵਾਇਆ ਗਿਆ ਜਿਸ ਵਿਚ ਨਿਊ ਜਰਸੀ, ਪੈਨਸਲਵੇਨੀਆ ਅਤੇ ਨਿਊ ਯਾਰਕ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਸਮਾਗਮ ਵਿਚ ਭਾਈ ਯਾਦਵਿੰਦਰ ਸਿੰਘ ਅਤੇ ਭਾਈ ਜਸਬੀਰ ਸਿੰਘ ਨੇ ਖਾਸ ਤੌਰ ਉੱਤੇ ਭਾਈ ਹਰਮੀਤ ਸਿੰਘ ਪੀ.ਐਚ.ਡੀ. ਦੇ ਜੀਵਨ ਅਤੇ ਖਾਲਿਸਤਾਨ ਦੇ ਸੰਘਰਸ਼ ਦੇ ਸਫਰ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਭਾਈ ਹਰਮੀਤ ਸਿੰਘ ਦੀ ਯਾਦ ਵਿਚ ਸ੍ਰੀ ਅੰਮ੍ਰਿਤਸਰ ਵਿਖੇ ਵੀ ਸ਼ਹੀਦੀ ਸਮਾਗਮ ਕਿਤਾ ਗਿਆ ਸੀ ਜਿਸ ਵਿਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸਿੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਸੀ।
Related Topics: Harmeet Singh PHD, Sikhs in USA