ਸਿੱਖ ਖਬਰਾਂ

ਗੁਰੂ ਹੁਕਮਾਂ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਨੇ ਛਕਿਆ ਜਲ

January 4, 2015 | By

Bhai Gurbaksh Singh

ਭਾਈ ਗੁਰਬਖਸ਼ ਸਿੰਘ ਖਾਲਸਾ

ਅੰਬਾਲਾ ਸ਼ਹਿਰ (3 ਜਨਵਰੀ, 2015): ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਸਿਹਤ ਕਾਫੀ ਕਮਜ਼ੋਰ ਹੋ ਚੁੱਕੀ ਹੈ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਪਿਛਲੇ ਕਈ ਦਿਨਾਂ ਤੋਂ 3 ਜਨਵਰੀ ਤੋਂ ਬਾਅਦ ਪਾਣੀ ਪੀਣਾ ਵੀ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਸੀ, ਜਿਸ ਕਾਰਨ ਸੰਗਤਾਂ ਨੇ ਦੇਸ਼ਾਂ-ਵਿਦੇਸ਼ਾਂ ਤੋਂ ਫੋਨ ਕਰਕੇ ਅਤੇ ਸ਼ੋਸ਼ਲ ਮੀਡੀਆ ‘ਤੇ ਮੈਸੇਜ ਕਰਕੇ ਭਾਈ ਖਾਲਸਾ ਨੂੰ ਅਜਿਹਾ ਨਾ ਕਰਨ ਲਈ ਬੇਨਤੀਆਂ ਕੀਤੀਆਂ ਸਨ।

ਸੰਗਤਾਂ ਦੀਆਂ ਬੇਨਤੀਆਂ ਪ੍ਰਵਾਨ ਕਰਦਿਆਂ ਭਾਈ ਖਾਲਸਾ ਨੇ ਕਿਹਾ ਕਿ ਉਹ ਸਾਰਾ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਛੱਡਦੇ ਹਨ। ਸੰਗਤ ਨੇ ਸਲਾਹ ਕਰਕੇ 2 ਪਰਚੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਰੱਖ ਕੇ, ਅਰਦਾਸ ਕਰਕੇ ਇਕ ਬੱਚੇ ਤੋਂ ਇਕ ਪਰਚੀ ਸਾਰੇ ਮੀਡੀਆ ਦੇ ਸਾਹਮਣੇ ਚੁਕਵਾਈ।

ਇਸ ਪਰਚੀ ਵਿਚ ਜਲ ਛਕਣਾ ਹੈ, ਲਿਖਿਆ ਹੋਇਆ ਸੀ। ਭਾਈ ਖਾਲਸਾ ਨੇ ਇਸ ਨੂੰ ਗੁਰੂ ਦਾ ਹੁਕਮ ਮੰਨ ਕੇ ਜੈਕਾਰਿਆਂ ਦੀ ਗੂੰਜ ਵਿਚ ਜਲ ਛਕਿਆ, ਜਿਸ ਨਾਲ ਪ੍ਰਸ਼ਾਸਨ ਦੀ ਵੀ ਜਾਨ ਵਿਚ ਜਾਨ ਆਈ।

ਭਾਈ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਨੂੰ ਸੱਦਾ ਦੇਣ ਅਤੇ ਇਸ ਸੰਘਰਸ਼ ਦਾ ਖੁਦ ਹਿੱਸਾ ਬਣ ਕੇ ਅੱਗੇ ਲੱਗਣ ਅਤੇ ਜੇ ਪੰਜਾਬ ਸਰਕਾਰ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਉਮਰ ਕੈਦ ਭੁਗਤ ਚੁੱਕੇ ਕੈਦੀਆਂ ਨੂੰ ਰਿਹਾ ਕਰਦੀ ਹੈ, ਤਾਂ ਉਹ ਖੁਦ ਵੀ ਜਥੇਦਾਰ ਸਾਹਿਬ ਦੇ ਨਾਲ ਰਲ ਕੇ ਦਿੱਲੀ ਜਾ ਕੇ ਮੋਰਚਾ ਲਾਉਣ ਨੂੰ ਤਿਆਰ ਹਨ। ਪ੍ਰਸਿੱਧ ਕਲਾਕਾਰ ਅਤੇ ਗਾਇਕ ਹਰਭਜਨ ਮਾਨ, ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਵੀ ਭਾਈ ਖਾਲਸਾ ਨੂੰ ਮਿਲਣ ਪਹੁੰਚੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,