ਸਿੱਖ ਖਬਰਾਂ

ਗੁਰੁ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ ਭੇਜਣ ਲਈ ਸਿੰਘ ਸਹਿਬਾਨਾਂ ਵੱਲੋਂ ਸਮੁੱਚੀ ਕੌਮ ਤੋਂ ਰਾਏ ਮੰਗੀ

June 16, 2014 | By

ਅੰਮ੍ਰਿਤਸਰ (15 ਜੂਨ 2014): ਪੰਜ ਸਿੰਘ ਸਾਹਿਬਾਨ ਨੇ ਕੰਟੇਨਰਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਦੇਸ਼ ਭੇਜਣ ਦੇ ਮਾਮਲੇ ‘ਤੇ ਨਜ਼ਰਸਾਨੀ ਕਰਦਿਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਸਭਾ ਸੁਸਾਇਟੀਆਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲਿਖਤੀ ਰੂਪ ਵਿਚ ਇਸ ਸਬੰਧੀ ਆਪਣੇ ਸੁਝਾਅ ਭੇਜਣ ਤਾਂ ਜੋ ਪਾਵਨ ਸਰੂਪ ਵਿਦੇਸ਼ ਭੇਜਣ ਸਬੰਧੀ ਸਰਬ ਸਾਂਝੀ ਰਾਏ ਕਾਇਮ ਕੀਤੀ ਜਾ ਸਕੇ।

 ਇਕੱਤਰਤਾ ਦੇ ਵੇਰਵੇ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਕੱਤਰਤਾ ਵਿਚ ਪਾਵਨ ਸਰੂਪ ਵਿਦੇਸ਼ ਭੇਜਣ ਦੇ ਸਬੰਧ ਵਿੱਚ ਸਿੱਖ ਜਥੇਬੰਦੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਬਾਰੇ ਸਰਬ ਸਾਂਝੀ ਰਾਏ ਕਾਇਮ ਕੀਤੀ ਜਾਵੇ।

ਇਸੇ ਲਈ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀ, ਸਭਾ ਸੁਸਾਇਟੀਆਂ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿਚ ਆਪੋ ਆਪਣੀ ਰਾਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫਤਰ ਵਿਖੇ ਭੇਜਣ ਕਿ ਪਾਵਨ ਸਰੂਪ ਕਿਸ ਢੰਗ ਤਰੀਕੇ ਨਾਲ ਵਿਦੇਸ਼ ਭੇਜੇ ਜਾਣੇ ਚਾਹੀਦੇ ਹਨ।

 ਪਿਛਲੇ ਦਿਨੀਂ ਦਿੱਲੀ ਵਿਚ ਇਸ ਸਬੰਧੀ ਇਕ ਕੰਨਟੇਨਰ ਉਸ ਵੇਲੇ ਕਾਬੂ ਕੀਤਾ ਗਿਆ ਸੀ, ਜਦੋਂ ਉਸ ਵਿੱਚ  ਪਾਵਨ ਸਰੂਪ ਲੱਦ ਕੇ ਵਿਦੇਸ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ।  ਕਈ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਆਪਣਾ ਅਸਤੀਫ਼ਾ ਦੇਣ।

 ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨ ਵਲੋਂ ਵਿਸ਼ੇਸ਼ ਕੰਟੇਨਰ, ਜਿਸ ਵਿਚ ਪਾਵਨ ਸਰੂਪਾਂ ਨੂੰ ਅਦਬ ਸਤਿਕਾਰ ਨਾਲ ਰੱਖਣ ਦਾ ਪ੍ਰਬੰਧ ਹੋਵੇ, ਰਾਹੀਂ ਪਾਵਨ ਸਰੂਪ ਵਿਦੇਸ਼ ਭੇਜਣ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਹੁਣ ਇਸ ਮਾਮਲੇ ‘ਤੇ ਮੁੜ ਨਜ਼ਰਸਾਨੀ ਕੀਤੀ ਗਈ ਹੈ ਅਤੇ ਨਵੇਂ ਸਿਰੇ ਤੋਂ ਪਾਵਨ ਸਰੂਪ ਵਿਦੇਸ਼ ਭੇਜਣ ਦਾ ਮਾਮਲਾ ਵਿਚਾਰਿਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,