July 2, 2012 | By ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਹਿਸਾਰ (02 ਜੁਲਾਈ 2012): ਨਵੰਬਰ 1984 ਵਿਚ ਸਿੱਖਾਂ ’ਤੇ ਹੋਏ ਨਸਲਘਾਤੀ ਹਮਲਿਆਂ ਸਬੰਧੀ ਸਬੂਤ ਪੇਸ਼ ਕਰਨ ਲਈ ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿਚ ਹੋਂਦ, ਪਟੌਦੀ ਤੇ ਗੁੜਗਾਓਂ ਦੇ ਪੀੜਤਾਂ ਦਾ ਇਕ ਵਫਦ ਗਰਗ ਕਮਿਸ਼ਨ ਅੱਗੇ ਪੇਸ਼ ਹੋਇਆ। ਪੀੜਤਾਂ, ਫੈਡਰੇਸ਼ਨ (ਪੀਰ ਮੁਹੰਮਦ) ਤੇ ਸਿਖਸ ਫਾਰ ਜਸਟਿਸ ਨੇ ਗਰਗ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਉਹ ਹੋਂਦ, ਪਟੌਦੀ ਤੇ ਗੁੜਗਾਓਂ ਵਿਖੇ ਨਸਲਕੁਸ਼ੀ ਦੀਆਂ ਥਾਵਾਂ ਦਾ ਦੌਰਾ ਕਰਨ। ਵਫਦ ਨੇ ਇਹ ਵੀ ਮੰਗ ਕੀਤੀ ਕਿ ਕਮਿਸ਼ਨ ਨੂੰ 03 ਨਵੰਬਰ 1984 ਵਾਲੀ ਐਫ ਆਈ ਆਰ ਨੰਬਰ 91 ’ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਐਫ ਆਈ ਆਰ ਵਿਚ ਦਰਜ ਨਾਂਅ ਵਾਲੇ ਵਿਅਕਤੀਆਂ ਦੇ ਖਿਲਾਫ ਵਰੰਟ ਜਾਰੀ ਕੀਤੇ ਜਾਣ।
ਫੈਡਰੇਸ਼ਨ (ਪੀਰ ਮੁਹੰਮਦ) ਦੀ ਅਗਵਾਈ ਵਾਲੇ ਇਸ ਵਫਦ ਨੇ ਮੰਗ ਕੀਤੀ ਹੈ ਕਿ ਜਸਟਿਸ ਗਰਗ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 27 ਅਪ੍ਰੈਲ ਵਾਲੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਵਿਚ ਹਾਈ ਕੋਰਟ ਨੇ ਕਮਿਸ਼ਨ ਦਾ ਦਾਇਰਾ ਵਧਾ ਦਿੱਤਾ ਸੀ ਤੇ ਕਿਹਾ ਸੀ ਕਿ ਪਟੌਦੀ ਜਾਂ ਜ਼ਿਲਾ ਗੁੜਗਾਓਂ ਦੇ ਕਿਸੇ ਵੀ ਇਲਾਕੇ ਨਾਲ ਸਬੰਧਤ ਪੀੜਤਾਂ ਦੇ ਦਾਅਵੇ ਵੀ ਸ਼ਾਮਿਲ ਕੀਤੇ ਜਾਣ।
ਹਰਿਆਣਾ ਵਿਚ ਨਵੰਬਰ 1984 ਦੇ ਨਸਲਕੁਸ਼ੀ ਹਮਲਿਆਂ ਦੀ ਜਾਂਚ ਲਈ ਕਮਿਸ਼ਨ ਦੇ ਗਠਨ ਵਿਚ ਕੀਤੀ ਗਈ 26 ਸਾਲਾਂ ਦੀ ਦੇਰੀ ਦਾ ਹਵਾਲਾ ਦਿੰਦਿਆਂ ਫੈਡਰੇਸ਼ਨ ਪ੍ਰਧਾਨ ਨੇ ਵਰਦਿਆਂ ਕਿਹਾ ਕਿ ‘ਇਨਸਾਫ ਵਿਚ ਦੇਰੀ ਇਨਸਾਫ ਨਾ ਦੇਣ ਦੇ ਬਰਾਬਰ ਹੈ’ ਤੇ ਪ੍ਰਣ ਕੀਤਾ ਕਿ ਇਨਸਾਫ ਲਈ ਕੀਤੇ ਗਏ ਇਨਕਾਰ ਦੇ ਖਿਲਾਫ ਉਹ ਦੇਸ਼ ਦੀ ਸਰਬਉੱਚ ਅਦਾਲਤ ਵਿਚ ਜਾਣਗੇ। ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਪਿਛਲੇ 27 ਸਾਲਾਂ ਦੌਰਾਨ ਨਵੰਬਰ 1984 ਦੇ ਨਸਲਕੁਸ਼ੀ ਹਮਲਿਆਂ, ਜਿਸ ਵਿਚ ਸਮੁੱਚੇ ਭਾਰਤ ਵਿਚ ਯੋਜਨਾਬੱਧ ਤਰੀਕੇ ਨਾਲ 30 ਹਜ਼ਾਰ ਤੋਂ ਵੱਧ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਦੀ ਠੀਕ ਤਰਾਂ ਨਾਲ ਜਾਂਚ ਕਰਨ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਨਾਕਾਮ ਰਹੇ ਹਨ।
ਸਰਜੀਤ ਕੌਰ ਜਿਸ ਦੇ ਪਰਿਵਾਰ ਦੇ 12 ਜੀਅ ਹੋਂਦ ਚਿਲੜ ਵਿਖੇ ਨਵੰਬਰ 1984 ਨੂੰ ਹੋਏ ਨਸਲਕੁਸ਼ੀ ਹਮਲੇ ਦੌਰਾਨ ਮਾਰੇ ਗਏ ਸੀ, ਨੇ ਕਿਹਾ ਕਿ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਜਸਟਿਸ ਗਰਗ ਨੇ ਨਸਲਕੁਸ਼ੀ ਵਾਲੀ ਥਾਂ ਦਾ ਦੌਰਾ ਨਹੀਂ ਕੀਤਾ ਜਿਥੇ ਮੇਰੇ ਪਰਿਵਾਰ ਤੇ ਕਈ ਹੋਰ ਸਿੱਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ ਤੇ ਸਾੜੇ ਗਏ ਘਰ ਅੱਜ ਵੀ ਇਨਸਾਫ ਲਈ ਪੁਕਾਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ 30 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੀ ਹਾਂ ਤਾਂ ਸਮੇਂ ਸਮੇਂ ਦੀ ਕਈ ਕਮਿਸ਼ਨ ਦੋਸ਼ੀਆਂ ਨੂੰ ਕਟਹਿਰੇ ਵਿਚ ਖੜੇ ਕਰਨ ਵਿਚ ਨਾਕਾਮ ਰਹੇ ਹਨ।
ਇੱਥੇ ਦਸਣਯੋਗ ਹੈ ਕਿ ਜਸਟਿਸ ਗਰਗ ਇਕ ਮੈਂਬਰੀ ਕਮਿਸ਼ਨ ਦੀ ਅਗਵਾਈ ਕਰ ਰਹੇ ਹਨ ਜਿਸ ਦਾ ਗਠਨ ਜ਼ਿਲਾ ਰਿਵਾੜੀ ਦੇ ਹੋਂਦ ਚਿਲੜ ਪਿੰਡ ਵਿਚ ਵਿਆਪਕ ਕਬਰਗਾਹ ਦੇ ਖੁਲਾਸੇ ਤੋਂ ਬਾਅਦ 05 ਮਾਰਚ 2011 ਨੂੰ ਹਰਿਆਣਾ ਰਾਜ ਵਲੋਂ ਕੀਤਾ ਗਿਆ ਸੀ। ਨਵੰਬਰ 1984 ਵਿਚ ਇਸ ਪਿੰਡ ’ਤੇ ਹੋਏ ਨਸਲਕੁਸ਼ੀ ਹਮਲੇ ਦੌਰਾਨ ਕਈ ਦਰਜਨ ਸਿਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸਾੜ ਦਿੱਤਾ ਗਿਆ ਸੀ।
ਗਰਗ ਕਮਿਸ਼ਨ ਅੱਗੇ ਸਬੂਤ ਪੇਸ਼ ਕਰਨ ਵਾਲੇ ਵਫਦ ਵਿਚ ਏ ਆਈ ਐਸ ਐਸ ਐਫ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ , ਸੁਰਜੀਤ ਕੌਰ, ਗੋਪਾਲ ਮਲਿਕ, ਪ੍ਰੇਮ ਸਿੰਘ, ਉੱਤਮ ਸਿੰਘ, ਐਡਵੋਕੇਟ ਅਸ਼ੋਕ ਕੁਮਾਰ ਤੋ ਹੋਰ ਸ਼ਾਮਿਲ ਸਨ।
Related Topics: All India Sikh Students Federation (AISSF), Hondh Massacre, Sikhs For Justice (SFJ), ਸਿੱਖ ਨਸਲਕੁਸ਼ੀ 1984 (Sikh Genocide 1984)