November 28, 2024 | By ਪ੍ਰੋ. ਪੂਰਨ ਸਿੰਘ
ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਮੁਸਲਮਾਨ ਰਬਾਬੀ ਸੀ। ਪਹਿਲੀ ਵਾਰ ਉਸਨੇ ਗੁਰੂ ਜੀ ਦੇ ਵਿਆਹ ਸਮੇਂ ਉਹਨਾਂ ਦੇ ਦਰਸ਼ਨ ਕੀਤੇ।ਮਰਦਾਨੇ ਨੇ ਆ ਕੇ ਲਾੜੇ ਕੋਲੋਂ ਲਾਗ ਮੰਗਿਆ। ਗੁਰੂ ਜੀ ਨੇ ਉਸ ਨੂੰ ਰਬੱੀ ਸ਼ਬਦ ਦੀ ਦਾਤ ਬਖਸ਼ੀ ਤੇ ਕਿਹਾ ‘ਮੇਰੇ ਬੁਲਾਣ ਤਕ ਇੰਤਜ਼ਾਰ ਕਰੋ’। ਮਾਰਦਾਨੇ ਨੂੰ ਅਜੇਹਾ ਬੁਲਾਇਆ ਕਿ ਉਹ ਮੁੜ ਕਦੀ ‘ਲਾੜੇ’ ਤੋਂ ਵਿਛੜਿਆਂ ਹੀ ਨਾ । ਜਦੋਂ ਉਹ ਕਾਲਵਸ ਹੋਇਆ ਤਾਂ ਉਸ ਦੀ ਵੰਸ਼ ਗੁਰੂ ਜੀ ਦੀ ਸੇਵਾ ਕਰਦੀ ਰਹੀ। ਹੁਣ ਵੀ ਉਸ ਦੀ ਵੰਸ਼ਜ ਗੁਰਦੁਆਰਿਆਂ ਚ ਕੀਰਤਨ ਕਰਦੇ ਹਨ। ਪਰ ਪੁਰਾਣਾ ਪ੍ਰੇਮ ਜਾਂਦਾ ਰਿਹਾ ਹੈ ਤੇ ਇਸ ਖਾਲੀ ਥਾ ਨੂੰ ਹਾਲੀ ਤਕ ਭਰਿਆ ਨਹੀਂ ਜਾ ਸਕਿਆ।
ਮਰਦਾਨਾ ਗੁਰੂ ਜੀ ਦਾ ਰਬਾਬੀ ਤੇ ਸ਼ਿਸ਼ ਸੀ, ਤੇ ਮਿਰਾਸੀ ਜਾਤੀ ਦੇ ਸਾਰੇ ਹਾਸੇ ਤੇ ਕਟਾਕਸ਼ ਨਾਲ ਭਰਪੂਰ ਸੀ। ਮਰਦਾਨਾ ਸਿੱਧਾ ਸਾਦਾ ਫਿਲਾਸਫਰ ਸੀ। ‘ਗੁਰੂ ਜੀ ਆਪ ਤਾਂ ਗਗਨਾਂ ਦੇ ਸਾਹਾਂ ਤੇ ਸ਼ਬਦਾਂ ਉੱਤੇ ਵਿਚਰਦੇ ਹੋ, ਪਰ ਸਾਨੂੰ ਮਨੁੱਖਾਂ ਨੂੰ ਤਾਂ ਖਾਧ ਖੁਰਾਕ ਤੇ ਪੁਸ਼ਾਕ ਦੀ ਲੋੜ ਹੈ। ਕਿਰਪਾ ਕਰਕੇ ਇਹ ਜੰਗਲ ਛੱਡ ਕੇ ਮਨੁੱਖਾਂ ਦੀਆਂ ਬਸਤੀਆਂ ਵਿਚ ਜਾ ਡੇਰੇ ਲਾਈਏ, ਜਿੱਥੋਂ ਸਾਨੂੰ ਆਪਣੀ ਭੁੱਖ ਮਿਟਾਉਣ ਲਈ ਕੋਈ ਚੀਜ਼ ਮਿਲ ਸਕੇ। ਉਸ ਦੀ ਭੁੱਖ ਤੇ ਤ੍ਰੇਹ ਸਬੰਧੀ ਮਿਲਦੇ ਨਿਤਾ-ਪ੍ਰਤਿ ਦੇ ਬਿਰਤਾਂਤ, ਜਿਹਨਾਂ ਵਿੱਚ ਗੁਰੂ ਜੀ ਉੱਤੇ ਪੂਰਣ ਸਿਦਕ ਤੇ ਪ੍ਰੇਮ ਦੀ ਛਾਪ ਲਗੀ ਹੋਈ ਹੈ, ਇਕ ਬਚੇ ਦੇ ਆਪਣੇ ਪ੍ਰਭੂ ਪ੍ਰੀਤਮ ਅੱਗੇ ਨਿਕੀਆਂ ਮੰਗਾਂ ਲਈ ਕੀਤੀਆਂ ਗਈਆਂ ਅਰਦਾਸਾਂ ਤੇ ਅਰਜੋਈਆਂ ਦੀ ਸਾਖੀ ਭਰਦੇ ਹਨ। ਆਖਿਰ ਸਾਨੂੰ ਦੋ ਰੋਟੀਆਂ ਤੋਂ ਵਧੇਰੇ ਤਾਂ ਕਦੀਂ ਵੀ ਕੁਝ ਨਹੀਂ ਚਾਹੀਦਾ ਹੁੰਦਾ। ਮਰਦਾਨੇ ਦਾ ਨਾਂ ਗੁਰੂ ਜੀ ਦੇ ਹੋਠਾਂ ਉੱਤੇ ਇੰਨਾ ਸੀ ਕਿ ਮਰਦਾਨੇ ਦੇ ਗੁਰੂ ਜੀ ਦੀ ਹਜ਼ੂਰੀ ਵਿੱਚ ਰਬਾਬ ਵਜਾਉਂਦੇ ਹੋਣ ਤੋਂ ਬਿਨ੍ਹਾਂ ਉਹਨਾਂ ਦਾ ਚਿਤਰ ਹੋਰ ਕਿਸੇ ਭਾਂਤ ਵੀ ਮਨ ਵਿੱਚ ਸਾਖਿਆਤ ਨਹੀਂ ਹੋ ਸਕਦਾ। ‘ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ’। ਇਹ ਗੁਰੂ ਨਾਨਕ ਦੇ ਉਚਾਰੇ ਹਰ ਸ਼ਬਦ ਦੀ ਪਹਿਲੀ ਤੁਕ ਹੈ।
ਤਾਰਿਆਂ ਦੀ ਛਾਵੇਂ, ਬ੍ਰਿਛਾਂ ਹੇਠ, ਸੜਕਾਂ ਕੰਢੇ, ਜੰਗਲਾਂ ਵਿੱਚ, ਅਤੇ ਮੱਧ ਏਸ਼ੀਆ ਦੀਆਂ ਸਦੀਵੀ ਬਰਫਾਂ ਲੱਦੀਆਂ ਉੱਚੀਆਂ ਪਰਬਤ-ਸਿਖਰਾਂ ਉੱਤੇ ਗੁਰੂ ਜੀ ਨੇ ਆਪਣੇ ਸ਼ਬਦਾਂ ਦਾ ਕੀਰਤਨ ਕੀਤਾ। ਹਿੰਦੂ ਤੇ ਮੁਸਲਮਾਨ, ਯੋਗੀ ਤੇ ਤਿਆਗੀ, ਰਾਓ ਤੇ ਰੰਕ, ਅਨੇਕ ਵਰਗਾਂ ਦੇ ਅਣਗਿਣਤ ਭਾਰਤੀ ਤੇ ਪੂਰਬੀ ਸਾਧੂਆਂ ਤੇ ਫਕੀਰਾਂ ਨਾਲ ਕੀਤੀਆਂ ਗਈਆਂ ਗੋਸ਼ਟਾਂ ਸਮੇਂ, ਮਨੁੱਖ ਤੇ ਕੁਦਰਤ ਦੇ ਹਜ਼ਾਰਾਂ ਕੀਤੇ ਵੱਖ-ਵੱਖ ਅਧਿਐਨ ਦੇ ਖੇਤਰਾਂ ਵਿੱਚ ਜੀਵਨ ਤੇ ਕਿਰਤ ਨਾਲ ਪਾਏ ਡੂੰਘੇ ਮਨ ਸੰਬੰਧਾਂ ਰਾਹੀਂ ਤੇ ਕੰਤ ਨੂੰ ਪਿਆਰ ਕਰਨ ਵੇਲੇ ਜਦੋਂ ਮਰਦਾਨੇ ਦੀ ਰਬਾਬ ਬੇਖੁਦੀ ਵਿਚ ਆਪਣੇ ਆਪੇ ਤੋਂ ਪਰੇ ਥਰਥਾਰਉਂਦੀ ਸੀ, ਤਾਂ ਗੁਰੂ ਜੀ ਆਪਣੀ ਸਾਰੀ ਆਤਮਾ ਸ਼ਬਦ ਨਾਲ ਇਕਸੁਰ ਕਰਕੇ ਡੋਲ੍ਹ ਦੇਂਦੇ ਸਨ।
ਜਦੋਂ ਮਰਦਾਨਾ ਡਰਨ ਲਗ ਪੈਂਦਾ, ਤਾਂ ਗੁਰੁ ਨਾਨਕ ਜੀ ਮੁਸਕਰਾ ਪੈਂਦੇ ਤੇ ਬਚਨ ਕਰਦੇ, ਮਰਦਾਨਿਆਂ ! ਸਿਦਕ ਨੂੰ ਨਾ ਭੁਲਾ! ਸਬਰ ਰਖ ਤੇ ਪ੍ਰੀਤਮ (ਕਰਤਾਰ) ਦੇ ਰੰਗ ਵੇਖ। ਕੁਝ ਚਿਰ ਉਡੀਕ ਕਰ, ਤੈਨੂੰ ਨਦਰੀ ਪਵੇਗਾ ਕਿ ਵਾਹਿਗੁਰੂ ਨੂੰ ਕੀ ਮਨਜ਼ੂਰ ਹੈ।
Related Topics: Bhai Mardana Ji, Guru Nanak Dev jI, Pro. Puran Singh