ਸਿਆਸੀ ਖਬਰਾਂ

ਪਾਕਿਸਤਾਨ ਦੇ ਚੋਣ ਨਤੀਜੇ: ਕਿਸੇ ਨੂੰ ਵੀ ਸਪਸ਼ਟ ਬਹੁਮਤ ਨਹੀਂ; ਇਮਰਾਨ ਸਮਰਥਕ ਸਭ ਤੋਂ ਵੱਧ ਜੇਤੂ ਪਰ ਬਹੁਮਤ ਤੋਂ ਦੂਰ

February 11, 2024 | By

ਚੰਡੀਗੜ੍ਹ: ਇੰਡੀਆ ਦੇ ਗਵਾਂਡੀ ਮੁਲਕ ਪਾਕਿਸਤਾਨ ਵਿਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਦੇ ਹਾਲੀ ਤੱਕ ਐਲਾਨੇ ਗਏ ਨਤੀਜਿਆਂ ਤੋਂ ਕਿਸੇ ਵੀ ਧਿਰ ਨੂੰ ਸਪਸ਼ਟ ਬਹੁਮਤ ਨਹੀਂ ਮਿਲ ਰਿਹਾ।

ਜਿਹਾ ਕਿ ਕਈ ਵਿਸ਼ਲੇਸ਼ਕਾਂ ਵੱਲੋਂ ਕਿਆਸਅਰਾਈ ਸੀ, ਪਾਕਿਸਤਾਨ ਵਿਚ ਇਮਰਾਨ ਖਾਨ ਸਮਰਥਕ ਅਜ਼ਾਦ ਉਮੀਦਵਾਰ ਸਭ ਤੋਂ ਵੱਡੀ ਧਿਰ ਵੱਜੋਂ ਉੱਭਰੇ ਹਨ ਪਰ ਉਹ ਵੀ ਬਹੁਤਮਤ ਤੋਂ ਦੂਰ ਹਨ।

ਪਾਕਿਸਤਾਨੀ ਫੌਜ ਤੇ ਖੂਫੀਆ ਤੰਤਰ (ਜਿਸ ਨੂੰ ਪਾਕਿਸਤਾਨ ਵਿਚ ਇਸਟੈਬਲਿਸ਼ਮੈਂਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਦੇ ਸਮਰਥਨ ਦੇ ਬਾਵਜੂਦ ਨਵਾਜ਼ ਸ਼ਰੀਦ ਦੀ ਪਾਰਟੀ ਪੀ.ਐਮ.ਐਲ. (ਐਨ) ਅਜ਼ਾਦ ਉਮੀਦਵਾਰਾਂ ਦੀ ਧਿਰ ਤੋਂ ਵੀ ਪੱਛੜ ਗਈ ਹੈ ਹਾਲਾਂਕਿ ਇਕ ਪਾਰਟੀ ਵੱਜੋਂ ਸਭ ਤੋਂ ਵੱਧ ਸੀਟਾਂ ਇਸੇ ਨੂੰ ਹੀ ਮਿਲੀਆਂ ਹਨ। ਹਾਲੀ ਕੁਝ ਹਲਕਿਆਂ ਦੇ ਚੋਣ ਨਤੀਜੇ ਐਲਾਨੇ ਜਾਣੇ ਬਾਕੀ ਹਨ।

ਨਵਾਜ਼ ਸ਼ਰੀਫ (ਖੱਬੇ), ਇਮਰਾਨ ਖਾਨ (ਵਿਚਕਾਰ) ਤੇ ਬਿਲਾਵਲ ਭੁੱਟੋ (ਸੱਜੇ) ਦੀਆਂ ਪੁਰਾਣੀਆਂ ਤਸਵੀਰਾਂ

ਕੁੱਲ 266 ਸੀਟਾਂ ਵਿਚੋਂ ਖਬਰ ਲਿਖੇ ਜਾਣ ਤੱਕ ਜਿਹਨਾਂ 255 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ ਉਹਨਾ ਵਿਚੋਂ ਇਮਰਾਨ ਖਾਨ ਦੀ ਹਿਮਾਇਤ ਵਾਲੇ ਅਜ਼ਾਦ ਉਮੀਦਵਾਰ 100 ਸੀਟਾਂ ਉੱਤੇ ਕਾਮਯਾਬ ਹੋਏ ਹਨ। ਨਵਾਜ਼ ਸ਼ਰੀਫ ਦੀ ਪਾਰਟੀ ਪੀ.ਐਮ.ਐਲ. (ਐਨ) ਦੇ ਉਮੀਦਵਾਰਾਂ ਨੂੰ 73 ਅਤੇ ਬਿਲਾਵਲ ਭੁੱਟੋ ਦੀ ਪਾਰਟੀ ਪੀ.ਪੀ.ਪੀ. ਦੇ ਉਮੀਦਵਾਰਾਂ ਨੂੰ 54 ਸੀਟਾਂ ਉੱਤੇ ਕਾਮਯਾਬੀ ਮਿਲੀ ਹੈ।

ਸਪਸ਼ਟ ਬਹੁਮਤ ਨਾ ਮਿਲਦਿਆਂ ਵੇਖ ਨਵਾਜ਼ ਸ਼ਰੀਫ ਨੇ ਬਿਲਾਵਲ ਭੁੱਟੋ ਦੀ ਪਾਰਟੀ ਪੀ.ਪੀ.ਪੀ. ਨੂੰ ਮਿਲ ਕੇ ਸਾਂਝੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਪਾਕਿਸਤਾਨ ਦੇ ਫੌਜ ਮੁਖੀ ਨੇ ਵੀ ਨਵਾਜ਼ ਸ਼ਰੀਫ ਵੱਲੋਂ ਬਿਲਾਵਲ ਭੁੱਟੋ ਨਾਲ ਸਾਂਝੀ ਸਰਕਾਰ ਬਣਾਉਣ ਦੇ ਸੱਦੇ ਦੀ ਹਿਮਾਇਤ ਕੀਤੀ ਹੈ। ਹਾਲਾਂਕਿ ਹਾਲੀ ਤੱਕ ਬਿਲਾਵਲ ਭੁੱਟੋ ਦੀ ਪਾਰਟੀ ਪੀ.ਪੀ.ਪੀ. ਵੱਲੋਂ ਇਸ ਸੱਦੇ ਬਾਰੇ ਆਪਣਾ ਪੱਖ ਪੇਸ਼ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਵੇਲੇ ਜੇਲ੍ਹ ਵਿਚ ਹੈ ਤੇ ਉਸ ਦੀ ਪਾਰਟੀ ਪੀ.ਟੀ.ਆਈ. ਨੂੰ ਚੋਣਾਂ ਲੜ੍ਹ ਤੋਂ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਉਮੀਦਵਾਰਾਂ ਨੇ ਅਜ਼ਾਦ ਉਮੀਦਵਾਰਾਂ ਵੱਜੋਂ ਚੋਣ ਲੜੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,