March 16, 2023 | By ਅਨੂਪ ਸਿੰਘ ਘਣੀਆਂ
ਸੰਸਾਰ ਪੱਧਰ ‘ਤੇ ਮਨੁੱਖੀ ਅਧਿਕਾਰਾਂ ਸਬੰਧੀ ਪ੍ਰਚਲਿਤ ਵਿਚਾਰ ਹੈ ਕਿ ਸਭਨਾਂ ਨੂੰ ਆਪਣੇ ਵਿਧੀ ਵਿਧਾਨ ਅਨੁਸਾਰ ਜ਼ਿੰਦਗੀ ਜਿਉਣ ਦਾ ਹੱਕ ਹੈ। ਨਿਆਂ, ਜਾਇਜਤਾ ਅਤੇ ਹੱਕ ਮਨੁੱਖੀ ਅਧਿਕਾਰਾਂ ਸਬੰਧੀ ਇਸ ਵਿਚਾਰ ਦੇ ਕੇਂਦਰੀ ਪੱਖ ਹਨ।ਹਾਲਾਂਕਿ 1945 ਵਿਚ ਦੂਜੀ ਸੰਸਾਰ ਜੰਗ ਦੇ ਖਾਤਮੇ ਤੋਂ ਬਾਅਦ, 1948 ਵਿੱਚ ਸੰਯੁਕਤ ਰਾਸ਼ਟਰ ਨੇ universal declaration of Human Rights ਦੀ ਘੋਸ਼ਣਾ ਕੀਤੀ, ਜਿਸ ਅਧੀਨ ਉਹਨਾਂ ਨੇ ਐਲਾਨ ਕੀਤਾ ਕਿ “ਸਾਰੇ ਮਨੁੱਖ ਆਜ਼ਾਦ ਜਨਮੇ ਹਨ ਅਤੇ ਮਾਣ ਅਤੇ ਅਧਿਕਾਰਾਂ ਵਿੱਚ ਬਰਾਬਰ ਹਨ। ਉਹ ਤਰਕ ਅਤੇ ਜ਼ਮੀਰ ਨਾਲ ਸੰਪੰਨ ਹਨ ਅਤੇ ਉਹਨਾਂ ਨੂੰ ਇੱਕ ਦੂਜੇ ਪ੍ਰਤੀ ਭਾਈਚਾਰੇ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ।” ਪਰ ਫੇਰ ਵੀ, ਸੰਸਾਰ ਪੱਧਰ ‘ਤੇ ਮਨੁੱਖੀ ਅਧਿਕਾਰਾਂ ਸਬੰਧੀ ਕਈ ਵੱਖੋ ਵੱਖਰੀਆਂ ਪਰਿਭਾਸ਼ਾਵਾਂ ਮੌਜੂਦ ਹਨ, ਇਸ ਸਬੰਧੀ ਕੋਈ ਇਕ ਸਹਿਮਤੀ ਨਹੀਂ ਹੈ।
ਮੁੱਖ ਰੂਪ ਵਿਚ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਸਬੰਧੀ ਚਾਰ ਭਾਰੂ ਵਿਚਾਰ ਹਨ, ਪਹਿਲੇ ਵਿਚਾਰ ਅਧੀਨ ਮਨੁੱਖੀ ਅਧਿਕਾਰਾਂ ਨੂੰ ਕੁਦਰਤੀ ਮੰਨਿਆ ਗਿਆ ਹੈ, ਜਿਸ ਅਨੁਸਾਰ ਕੁਦਰਤੀ ਹੋਣ ਕਰਕੇ ਇਹ ਸਭਨਾਂ ਦੇ ਲਈ ਹਨ। ਅਗਲੇ ਵਿਚਾਰ ਅਨੁਸਾਰ ਇਹ ਹੱਕ ਰਾਜਨੀਤਿਕ ਹਨ ਕਿਉਕਿ ਇਹਨਾਂ ਦੀ ਪੈਦਾਇਸ਼ ਹੀ ਰਾਜਨੀਤਿਕ ਸਮਝੌਤੇ ਦੀ ਦੇਣ ਹੈ। ਤੀਜੇ ਵਿਚਾਰ ਅਨੁਸਾਰ ਮਨੁੱਖੀ ਅਧਿਕਾਰ ਅਨਿਆ ਦੇ ਟਾਕਰੇ ਲਈ ਹਨ ਅਤੇ ਇਹ ਦੱਬੇ ਕੁਚਲੇ ਲੋਕਾਂ ਦੇ ਮਨਾਂ ਦੀ ਨੁਮਾਇੰਦਗੀ ਕਰਦੇ ਹਨ, ਇਹ ਲਈ ਅਧਿਕਾਰ ਲੈਣ ਲਈ ਸਦਾ ਦੀ ਲੜਨਾ ਪਵੇਗਾ। ਇਹਨਾਂ ਸਭਨਾਂ ਤੋਂ ਇਲਾਵਾ ਇਕ ਧੜਾ ਐਸਾ ਵੀ ਹੈ ਜੋ ਮਨੁੱਖੀ ਅਧਿਕਾਰਾਂ ਦੀ ਅਸਲ ਹੋਂਦ ਨੂੰ ਸਵੀਕਾਰ ਹੀ ਨਹੀਂ ਕਰਦਾ। ਓਹਨਾਂ ਲਈ, ਇਸ ਸਬੰਧੀ ਹੋਣ ਵਾਲੀ ਗੱਲਬਾਤ ਕਾਰਨ ਹੀ ਮਨੁੱਖੀ ਅਧਿਕਾਰ ਹਨ, ਅਸਲੀਅਤ ਵਿਚ ਇਹਨਾਂ ਦੀ ਕੋਈ ਹੋਂਦ ਨਹੀਂ ਹੈ।
ਇਸ ਤੋਂ ਪਤਾ ਲਗਦਾ ਹੈ ਕਿ ਮਨੁੱਖੀ ਅਧਿਕਾਰਾਂ ਬਾਰੇ ਕੋਈ ਠੋਸ ਵਿਆਖਿਆ ਨਹੀਂ ਹੈ, ਮੌਜੂਦਾ ਵਿਆਖਿਆਵਾਂ ਵੀ ਸੰਕੀਰਨ ਹਨ ਜੋ ਕਿ ਮਨੁੱਖੀ ਹੱਕਾਂ ਦੇ ਘਾਣ ਦੀ ਰੂਹ ਤੱਕ ਪਹੁੰਚਣ ਤੋਂ ਅਸਮਰੱਥ ਹਨ। ਮਨੁੱਖੀ ਹੱਕਾਂ ਦਾ ਘਾਣ ਦੁਨੀਆ ਉੱਪਰ ਇੱਕ ਆਮ ਵਰਤਾਰਾ ਹੈ ਅਤੇ ਇਸ ਆਪਣੇ ਸੁੱਖਾ ਉੱਤੇ ਕੇਂਦਰਿਤ ਸੰਸਾਰ ਵਿਚ ਮਨੁੱਖੀ ਹੱਕਾਂ ਦੇ ਘਾਣ ਤੋਂ ਬਾਅਦ ਵੀ, ਨਿਆ ਦਾ ਬੋਝ ਪੀੜਤ ਧਿਰ ਉੱਪਰ ਹੀ ਹੁੰਦਾ ਹੈ।
ਸਿੱਖਾਂ ਲਈ ਇਸ ਗੱਲਬਾਤ ਲਈ ਇਹ ਸਮਾਂ ਖਾਸ ਹੈ ਕਿਉਂਕਿ ਇਸੇ ਨਵੰਬਰ ਦੇ ਮਹੀਨੇ ਸੰਨ 1984 ਵਿਚ ਸਿੱਖਾਂ ਦੀ ਬਹੁਮੁਖੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਮੁਚੇ ਵਰਤਾਰੇ ਦੇ 38 ਸਾਲ ਬੀਤਣ ਤੋਂ ਬਾਅਦ ਤੱਕ ਵੀ ਸਿੱਖਾਂ ਅੰਦਰ ਇਸ ਸਬੰਧੀ ਪੂਰਨ ਸੁਚੇਤਤਾ ਦੀ ਕਮੀ ਮਹਿਸੂਸ ਹੁੰਦੀ ਹੈ। ਸਿੱਖੀ ਦ੍ਰਿਸ਼ਟੀ ਅਨੁਸਾਰ ਮਨੁੱਖੀ ਅਧਿਕਾਰ ਅਸਲੀਅਤ ਵਿਆਖਿਆ ਕੀ ਹੋਣੀ ਚਾਹੀਦੀ ਹੈ, ਇਹਨਾਂ ਦਾ ਘਾਣ ਕੀ ਹੈ, ਇਸਦੀ ਕਿਰਿਆ ਕਿਵੇਂ ਵਾਪਰਦੀ ਹੈ ਅਤੇ ਇਸਦੇ ਵਾਪਰਨ ਤੋਂ ਬਾਅਦ ਕੀ ਹੁੰਦਾ ਹੈ, ਇਹ ਸਭ ਕੁਝ ਸਮਝਣਾ ਜਰੂਰੀ ਹੈ।
ਆਪਣੇ ਆਸ਼ੇ ਮੁਤਾਬਿਕ ਜਿੰਦਗੀ ਗੁਜਾਰਨ ਦੀ ਅਜਾਦੀ, ਆਪਣੇ ਧਰਮ ਦੀ ਅਜਾਦੀ, ਆਰਥਿਕ-ਸਮਾਜਿਕ ਅਜਾਦੀ, ਭਾਸ਼ਾ-ਬੋਲੀ ਦੀ ਅਜਾਦੀ, ਸਾਫ਼ ਵਾਤਾਵਰਨ ਦੀ ਅਜਾਦੀ, ਇਹ ਸਭ ਕੁਝ ਅਤੇ ਹੋਰ ਮਨੁੱਖੀ ਅਜਾਦੀ ਦੇ ਬਹੁਮੁਖੀ ਪੈਮਾਨੇ ਹਨ। ਇਹ ਸਭਨਾਂ ਵਿੱਚੋ ਕਿਸੇ ਦੀ ਵੀ ਉਲੰਘਣਾ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ ਹੀ ਮੰਨਿਆ ਜਾਣਾ ਚਾਹੀਦਾ ਹੈ
ਸਮੁਚੇ ਸੰਸਾਰ ਤੇ ਵੱਖ-ਵੱਖ ਰੁਪਾਂ ਵਿੱਚ ਪ੍ਰਚੱਲਿਤ ਦਾਬੇ ਦੇ ਸਿਧਾਂਤ ਨੇ ਮਨੁੱਖੀ ਹੱਕਾਂ ਨੂੰ ਕੁਚਲਿਆ ਹੈ। ਆਪਣੇ ਦਾਬੇ ਅਧੀਨ ਜਿੰਦਗੀ ਗੁਜਾਰਦੇ ਲੋਕਾਂ ਨੂੰ ਦੇਖ ਬਿਪਰਵਾਦੀ ਮਾਨਸਿਕਤਾ ਨੂੰ ਆਪਣੀ ਤਾਕਤ ਦਾ ਅਹਿਸਾਸ ਹੁੰਦਾ ਹੈ। ਆਪਣੀ ਸਮਾਜਿਕ ਰਾਜਨੀਤਿਕ ਸੱਤਾ ਦਾ ਆਨੰਦ ਅਜਿਹੀਆਂ ਤਾਕਤਾਂ ਲਤਾੜੇ ਵਰਗ ਦੀ ਲਚਾਰੀ ਵਿੱਚੋ ਹੀ ਹਾਸਿਲ ਕਰਦੀਆਂ ਹਨ। ਲਤਾੜੇ ਵਰਗਾਂ ਨੂੰ ਲਗਾਤਾਰਤਾ ਵਿਚ ਜ਼ੁਲਮਾਂ ਵਿੱਚੋ ਲੰਘਾ ਲਾਚਾਰੀ ਦਾ ਡੂੰਘਾ ਅਹਿਸਾਸ ਹੱਡੀ ਰਚਾਉਣ ਦੀ ਕੋਸ਼ਿਸ਼ ਰਹਿੰਦੀ ਹੈ। ਨਸਲਘਾਤ ਦੀਆਂ ਘਟਨਾਵਾਂ, ਜੋ ਕੇ ਕਿਸੇ ਅਸੰਗਠਿਤ ਰੂਪ ਵਿਚ ਕਿਸੇ ਵਕਤੀ ਵੇਗ ਚੋ ਉਪਜੀਆਂ ਦਿਖਾਈ ਦਿੰਦੀਆਂ ਹਨ, ਡੂਘੀ ਮਾਨਸਿਕ ਘਿਰਣਾ ਅਤੇ ਸੰਗਠਿਤ ਯੋਜਨਾ ਵਿੱਚੋ ਨਿਕਲਦੀਆਂ ਹਨ। ਇਸੇ ਦ੍ਰਿਸ਼ਟੀ ਅਧੀਨ ਨਸਲਕੁਸ਼ੀ ਕਰਦੀਆਂ ਭੀੜਾ ਨੂੰ ਤੜਪਦੇ-ਬਿਲਕਦੇ ਮਨੁੱਖਾ ਨੂੰ ਦੇਖ ਆਪਣੀ ਤਾਕਤ ਦੇ ਅਹਿਸਾਸ ਦੀ ਤਸੱਲੀ ਮਿਲਦੀ ਹੈ। ਐਸੀ ਸੋਚ ਮਨੁੱਖਾਂ ਨੂੰ ਤਹਿਬੰਦ ਸ਼੍ਰੇਣੀਆਂ ਵਿਚ ਦੇਖਦੀ ਹੈ, ਜਿਥੇ ਅਖੌਤੀ ਹੇਠਲੇ ਦਰਜੇ ਦੀ ਹੋਂਦ ਸਿਰਫ ਦੁੱਖ ਝੱਲ ਕੇ ਅਖੌਤੀ ਦਰਜਾਬੰਦੀ ਤੇ ਉਪਰਲੇ ਮਨੁੱਖਾਂ ਨੂੰ ਆਨੰਦ ਦੇਣ ਲਈ ਮੰਨੀ ਜਾਂਦੀ ਹੈ। ਕਿਸੇ ਦੇ ਥੱਲੇ ਹੋਣ ਤੋਂ ਬਿਨਾ ਓਹਨਾ ਨੂੰ ਆਪਣੇ ਉੱਤੇ ਹੋਣ ਦਾ ਅਹਿਸਾਸ ਨਹੀਂ ਹੋ ਸਕਦਾ।ਇਸ ਤਰ੍ਹਾਂ ਐਸੀ ਮਾਨਸਿਕਤਾ ਅਧੀਨ ਦਰਜਾਬੰਦੀ ਵਿਚ ਹੇਠਲੇ ਮਨੁੱਖਾਂ ਨੂੰ ਪੂਰਨ ਤੌਰ ਤੇ ਖਤਮ ਕਰਨ ਦੀ ਯੋਜਨਾ ਨਹੀਂ ਹੁੰਦੀ ਸਗੋਂ ਉਹਨਾਂ ਦੀ ਗੁਲਾਮ ਹਸਤੀ ਐਸੇ ਨਿਜ਼ਾਮ ਦਾ ਜਰੂਰੀ ਹਿੱਸਾ ਹੁੰਦੀ ਹੈ। ਗੁਲਾਮੀ ਦੀ ਮਾਨਸਿਕਤਾਂ ਅਧੀਨ ਵਿਚ ਮਨੁੱਖਾਂ ਨੂੰ ਲਗਦਾ ਹੈ ਕਿ ਉਹਨਾਂ ਨਾਲ ਜੋ ਕੁਝ ਵੀ ਹੋ ਰਿਹਾ ਹੈ, ਓਹਦੇ ਵਿਚ ਉਹਨਾਂ ਦੀ ਹੀ ਕੋਈ ਗਲਤੀ ਹੈ। ਕਾਬਜ ਧਿਰ ਦੀ ਲਗਾਤਾਰ ਦਾਬੇ ਅਧੀਨ ਰੱਖਣ ਦੀ ਰਣਨੀਤੀ ਪ੍ਰਤੀ ਉਹ ਬੇਖਬਰ ਹੁੰਦੇ ਹਨ ਅਤੇ ਜੇਕਰ ਕੋਈ ਓਹਨਾ ਵਿੱਚੋ ਹੀ ਇਸ ਸਾਰੇ ਵਰਤਾਰੇ ਸਬੰਧੀ ਓਹਨਾ ਨੂੰ ਅਗਾਂਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾ ਕਾਬਜ ਧਿਰ ਗੁਲਾਮ ਲੋਕਾਂ ਵਿਚ ਉਸਨੂੰ ਹੀ ਉਹਨਾਂ ਦਾ ਦੁਸ਼ਮਣ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ।
ਵੱਡੀਆਂ ਨਸ਼ਲਕੁਸ਼ੀਆਂ ਦਾਬੇ ਦੇ ਝਟਕੇ ਦੇਣ ਲਈ ਅੰਜਾਮ ਦਿੱਤੀਆਂ ਜਾਂਦੀਆਂ ਹਨ। ਇਹ ਤੋਂ ਪਹਿਲਾ ਇੱਕ ਮਾਹੌਲ ਤਿਆਰ ਕੀਤਾ ਜਾਂਦਾ ਹੈ। ਇਸ ਕਾਰਜ ਨੂੰ ਅੰਜਾਮ ਦੇਣ ਲਈ ਪਹਿਲਾ ਕੰਮ ਹੈ, ਪੀੜਤ ਧਿਰ ਦਾ ਅਮਾਨਵੀਕਰਨ ਕਰਨਾ। ਇਹ ਲਈ ਕਾਬਜ਼ ਧਿਰਾਂ ਆਪਣੇ ਵੱਖੋਂ ਵੱਖ ਸਾਧਨਾਂ ਨੂੰ ਵਰਤ ਵਿਰਤਾਂਤ ਘੜਦੀਆਂ ਹਨ। ਸੌਖੇ ਸ਼ਬਦਾਂ ਵਿਚ ਗੱਲ ਕਰੀਏ ਤਾ ਅਮਾਨਵੀਕਰਨ ਕਿਸੇ ਦੀ ਮਨੁੱਖੀ ਹਸਤੀ ਤੋਂ ਇਨਕਾਰ ਹੈ। ਅਮਾਨਵੀਕਰਨ ਦੇ ਵਿਰਤਾਂਤ ਰਾਹੀਂ ਪੇਸ਼ ਕੀਤਾ ਜਾਂਦਾ ਹੈ ਕਿ ਪੀੜਤ ਧਿਰ ਵਿਚ ਮਨੁੱਖੀ ਗੁਣ ਨਹੀਂ ਹਨ ਤੇ ਉਹ ਮਨੁੱਖ ਕਹਾਉਣ ਦੇ ਲਾਇਕ ਨਹੀਂ ਹਨ। ਇਸੇ ਲਈ ਇਹਨਾਂ ਨੂੰ ਠੀਕ ਕਰਨ ਲਈ, ਮਨੁੱਖਾਂ ਤੋਂ ਹੇਠਲੇ ਦਰਜੇ ਦੇ ਵਿਵਹਾਰ ਦੀ ਜਰੂਰਤ ਹੈ। ਇਹ ਸਬੰਧੀ ਪੀੜਤ ਸਮਾਜ ਦੇ ਕੁਝ ਛੋਟੇ ਹਿੱਸੇ ਦੇ ਝੂਠੇ ਸੱਚੇ ਲੱਛਣਾਂ ਨੂੰ ਪੇਸ਼ ਕਰ ਓਹਨਾ ਨੂੰ ਸਾਰੇ ਸਮਾਜ ਉੱਪਰ ਲਾਗੂ ਕਰਕੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਹ ਸਮਾਜ ਬਾਕੀ ਦੇ ਸਮਾਜ ਲਈ ਵੀ ਖਤਰਾ ਹੈ। ਲੱਗਭਗ ਹਰੇਕ ਨਸ਼ਲਕੁਸ਼ੀ ਤੋਂ ਪਹਿਲਾ ਐਸਾ ਵਿਰਤਾਂਤ ਸਿਰਜਿਆ ਜਾਂਦਾ ਹੈ, ਜਿਸ ਨਾਲ ਇਹ ਲੱਗੇ ਕਿ ਨਸ਼ਲਕੁਸ਼ੀ ਕੋਈ ਪਾਪ ਲਈ ਸਗੋਂ ਮਨੁੱਖਤਾ ਲਈ ਕੀਤਾ ਗਿਆ ਇੱਕ ਪੁੰਨ ਦਾ ਕੰਮ ਹੈ। ਅਜਿਹੇ ਵਰਤਾਰੇ ਦੀਆ ਕਈ ਉਦਹਾਰਣਾਂ ਹਨ ਜਿਵੇ ਕਿ ਸਿੱਖਾਂ ਬਾਰੇ 1984 ਤੋਂ ਪਹਿਲਾਂ ਪ੍ਰਚਾਰ ਕੀਤਾ ਗਿਆ ਕੇ ਇਹ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਹਨ, ਯਹੂਦੀਆਂ ਬਾਰੇ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਜਰਮਨੀ ਦੀਆਂ ਸਾਰੀਆਂ ਸਮੱਸਿਆਵਾਂ ਲਈ ਇਹੀ ਜਿੰਮੇਵਾਰ ਹਨ, ਅਤੇ ਯੂਰਪ ਖਾਸ ਕਰਕੇ ਇੰਗਲੈਂਡ ਵਿਚ ਚੌਕਾਂ ਵਿੱਚ ਔਰਤਾਂ ਨੂੰ ਤੜਪਾਂ-ਤੜਪਾਂ ਕੇ ਮਾਰਨ ਤੋਂ ਪਹਿਲਾ ਈਸਾਈ ਪਾਦਰੀ ਉਹਨਾਂ ਨੂੰ ਚੁੜੈਲ ਘੋਸ਼ਿਤ ਕਰਦੇ ਸਨ ਅਤੇ ਭੀੜਾਂ ਉਸਦਾ ਜਸ਼ਨ ਮਨਾਉਦੀਆ ਸਨ। ਅਮਾਨਵੀਕਰਨ ਦਾ ਵਰਤਾਰਾ ਹੀ ਹੈ ਜੋ ਆਮ ਲੋਕਾਈ ਨੂੰ ਨਸ਼ਲਕੁਸ਼ੀ ਕਰਨ ਵਾਲੇ ਦਰਿੰਦਿਆਂ ਦੇ ਰੂਪ ਵਿਚ ਬਦਲ ਦਿੰਦਾ ਹੈ।
ਅਜਿਹੀਆਂ ਨਸਲਕੁਸ਼ੀਆ ਦੀ ਆਪਣੀ ਇੱਕ ਲਗਾਤਾਰਤਾ ਹੁੰਦੀ ਹੈ। ਇਸਦੇ ਰੂਪ ਹਮੇਸ਼ਾ ਬਦਲਦੇ ਰਹਿੰਦੇ ਹਨ, ਜਿਵੇ ਉੱਤਰੀ ਅਮਰੀਕਾ ਦੇ ਮੂਲ ਨਿਵਾਸੀਆਂ ਦੇ ਸਰੀਰਕ ਨਸਲਘਾਤ ਤੋਂ ਬਾਅਦ, ਓਹਨਾ ਦੇ ਆਪਣੇ ਜਿੰਦਗੀ ਜਿਉਣ ਦੇ ਵਿਸ਼ਵਾਸ਼ਾਂ ਅਤੇ ਤੌਰ ਤਰੀਕਿਆਂ ਨੂੰ ਖਤਮ ਕਰ ਓਹਨਾ ਉੱਪਰ ਵੱਖਰੇ ਧਾਰਮਿਕ ਵਿਸ਼ਵਾਸ਼ ਅਤੇ ਜੀਵਨ-ਜਾਂਚ ਥੋਪ ਦਿੱਤੀ ਗਈ ਹੈ। ਅੱਜ ਵੀ ਓਹਨਾ ਦੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰ ਇਹ ਮਨ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਸਿਰਫ ਵਰਤੋਂ ਦੀ ਵਸਤੂ ਹਨ। ਇਹ ਵਰਤਾਰਾ ਪੀੜਤ ਧਿਰ ਦੀਆਂ ਔਰਤਾਂ ਨਾਲ ਨਸਲਕੁਸ਼ੀਆ ਦੌਰਾਨ ਆਮ ਹੀ ਵਾਪਰਦਾ ਹੈ। ਇਵੇ ਹੀ ਸਿੱਖਾਂ ਦੇ 1984 ਵਿਚ ਕਤਲੇਆਮ ਤੋਂ ਬਾਅਦ ਜਬਰੀ ਪਰਵਾਸ, ਨਸ਼ੇ, ਪੰਜਾਬ ਦੀ ਆਰਥਿਕਤਾ ਤੇ ਹਮਲੇ ਆਦਿ ਸਭ ਪੱਖਾਂ ਨੂੰ ਥੋਪ ਕੇ ਕੋਸ਼ਿਸ਼ ਕੀਤੀ ਗਈ ਕਿ ਸਿੱਖ ਹਾਰ ਮੰਨ ਇਸ ਗੁਲਾਮੀ ਦੀ ਅਵਸਥਾ ਨੂੰ ਸਵੀਕਾਰ ਕਰ ਲੈਣ। ਮਨੁੱਖੀ ਅਧਿਕਾਰਾਂ ਨੂੰ ਲਾਗੂ ਕਰਨ ਲਈ ਜਰੂਰੀ ਹੈ ਕਿ ਇਹਨਾਂ ਦੇ ਘਾਣ ਦੇ ਸਭ ਪੱਖਾਂ ਨੂੰ ਬਰੀਕੀ ਨਾਲ ਸਮਝਿਆ ਜਾਵੇ।
ਦਰਜਾਬੰਦੀ ਚੋ ਪੈਦਾ ਹੁੰਦੀ ਨਾ- ਬਰਾਬਰੀ ਹੀ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮੁਖ ਕਾਰਨ ਹੈ। ਇਸ ਸਬੰਧੀ ਅੱਜ ਤੱਕ ਦੇ ਪ੍ਰਚਲਿਤ ਫਲਸਫਿਆਂ ਵਿਚ ਕੋਈ ਜਿਆਦਾ ਗੱਲਬਾਤ ਨਹੀਂ ਹੋਈ। ਮਾਰਕਸਵਾਦੀ ਨਾ-ਬਰਾਬਰੀ ਨੂੰ ਮਿਟਾਉਣ ਦਾ ਦਾਅਵਾ ਤਾ ਕਰਦੇ ਹਨ ਪਰ ਓਹਨਾ ਦੀ ਨਾ-ਬਰਾਬਰੀ ਪ੍ਰਤੀ ਸਮਝ ਹੀ ਬਹੁਤ ਸੀਮਤ ਹੈ ਤਾ ਕਰਕੇ ਉਹ ਬਹੁਮੁਖੀ ਨਾ-ਬਰਾਬਰੀ ਨੂੰ ਮਿਟਾਉਣ ਸਬੰਧੀ ਕੁਝ ਕਰਨ ਦੀ ਸਮਰੱਥਾ ਨਹੀਂ ਰੱਖਦੇ। ਸਿੱਖੀ ਅਨੁਸਾਰ ਸੰਪੂਰਨ ਬ੍ਰਹਿਮੰਡ ਇੱਕ ਅਕਾਲ ਪੁਰਖ ਤੋਂ ਹੀ ਉਪਜਿਆ ਹੈ ਤਾ ਹੀ ਇਸਦੀ ਹਰ ਸ਼ੈਅ ਅਕਾਲ ਪੁਰਖ ਪਰਮਾਤਮਾ ਦਾ ਹੀ ਰੂਪ ਹੈ।
ਪ੍ਰਚਲਿਤ ਦੁਨਿਆਵੀ ਵਿਧਾਨ ਜੇਕਰ ਬਰਾਬਰੀ ਦੀ ਗੱਲ ਕਰਦਾ ਵੀ ਹੈ ਤਾ ਉਸਦੀ ਇਹ ਬਰਾਬਰੀ ਮਨੁੱਖਾ ਤੇ ਹੀ ਰੁਕ ਜਾਂਦੀ ਹੈ। ਇਸੇ ਕਾਰਨ ਕੁਦਰਤੀ ਸਾਧਨਾਂ ਜਿਵੇਂ, ਪੌਣ, ਪਾਣੀ, ਧਰਤੀ, ਜਨੌਰ-ਜਾਨਵਰ ਆਦਿ ਦੀ ਹਸਤੀ ਸਿਰਫ ਇਨਸਾਨੀ ਵਰਤੋਂਯੋਗ ਪਦਾਰਥਾਂ ਵਾਂਗ ਹੀ ਚਿਤਵੀ ਗਈ। ਇਸ ਨਾਲ ਨਾ ਸਿਰਫ ਵਾਤਾਵਰਨ ਦਾ ਨੁਕਸਾਨ ਹੋਇਆ ਸਗੋਂ ਕਮਜ਼ੋਰ ਇਨਸਾਨੀ ਸਮੂਹਾਂ ਉੱਪਰ ਵੀ ਇਸਦੇ ਮਾੜੇ ਪ੍ਰਭਾਵ ਪਏ। ਪੱਛਮੀ ਮੁਲਕਾਂ ਦੇ ਉਗਯੋਗਿਕਰਨ ਕਾਰਨ ਪੈਂਦਾ ਹੋਏ ਵਾਤਾਵਰਨ ਬਦਲਾਅ (climate change) ਦਾ ਸਭ ਤੋਂ ਵੱਧ ਅਸਰ ਅੱਜ ਗਰੀਬ ਮੁਲਕਾਂ ਉੱਪਰ ਪੈ ਹੀ ਰਿਹਾ ਹੈ।
ਗੁਰੂ ਸਹਿਬਾਨ ਨੇ ਸਿੱਖਾਂ ਨੂੰ ਅਨੇਕਾਂ ਹੀ ਅਜਿਹੇ ਸੰਕਲਪਾਂ ਨਾਲ ਨਿਵਾਜਿਆ ਹੈ ਜਿਨ੍ਹਾਂ ਨਾਲ ਸੱਚੇ ਸੁੱਚੇ ਬਰਾਬਰੀ ਦੇ ਸੰਸਾਰੀ ਨਿਜ਼ਾਮ ਦੀ ਸਥਾਪਨਾ ਹੋ ਸਕਦੀ ਹੈ। ਸੇਵਾ ਦਾ ਸਿਧਾਂਤ ਹਰ ਪੱਧਰ ਤੇ ਦੂਜ ਦੀ ਭਾਵਨਾ ਨੂੰ ਖਤਮ ਕਰ ਦਿੰਦਾ ਹੈ, ਜਦੋਂ ਸਭਨਾ ਵੰਨਗੀਆਂ ਦੇ ਇਨਸਾਨ ਇਕੱਠੇ ਲੰਗਰ ਛਕਦੇ ਹਨ ਅਤੇ ਭਾਈ ਘਨਈਆ ਜੀ ਨੂੰ ਜੰਗ ਦੌਰਾਨ ਵੀ ਦੁਸ਼ਮਣ ਵਿੱਚੋ ਵੀ ਗੁਰੂ ਸਾਹਿਬ ਹੀ ਨਜਰ ਆਉਂਦੇ ਹਨ।
ਸਿੱਖੀ ਦੀ ਬਰਾਬਰੀ ਦੇ ਸਿਧਾਂਤ ਵਾਲੀ ਸਮਝ ਵਿੱਚੋ ਹੀ ਅਜੋਕੇ ਸੰਸਾਰ ਲਈ ਸਹੀ ਮਨੁੱਖੀ ਅਧਿਕਾਰਾਂ ਦਾ ਪ੍ਰਬੰਧ ਨਿਕਲ ਸਕਦਾ ਹੈ। ਬਹੁਮੁਖੀ ਨਿਆ ਹੀ ਇਹਨਾਂ ਸਭ ਮਸਲਿਆਂ ਸਬੰਧੀ ਕੋਈ ਸਥਾਈ ਹੱਲ ਪੇਸ਼ ਕਰ ਸਕਦਾ ਹੈ। ਜਿੱਥੇ ਮਨੁੱਖਾਂ ਵਿਚ ਕੋਈ ਦਰਜਾਬੰਦੀ ਨਹੀਂ ਹੈ।ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਸਭਨਾਂ ਦੇ ਆਪਣੇ ਧਰਮ ਨੂੰ ਮੰਨਣ ਦੀ ਅਜਾਦੀ ਲਈ ਸ਼ਹਾਦਤ ਦਿੱਤੀ ਹੋਵੇ ਓਥੇ ਕਿਸੇ ਵੀ ਤਰੀਕੇ ਦੇ ਅਮਾਨਵੀਕਰਨ ਲਈ ਕੋਈ ਥਾਂ ਕਿਵੇਂ ਹੋ ਸਕਦੀ ਹੈ।
Related Topics: Human Rights