January 22, 2021 | By ਡਾ. ਸਿਕੰਦਰ ਸਿੰਘ
ਸਿਆਣਪ ਨਾਲੋਂ ਸ਼ਹਾਦਤ ਵੱਡੀ
ਖਰੇ ਸਿਆਣੇ ਚਾਲਕ ਹੋਏ
ਮਰਜੀਵੜਿਆਂ ਦੀ ਗੱਡੀ।
ਖੰਡੇ ਧਾਰ ਦੁਹੇਲੇ ਰਸਤੇ
ਪੀੜ ਗਰੀਬਾਂ ਵੱਡੀ।
ਸੀਸ ਤਲੀ ਤੇ ਧਰਨਾ ਨਾਹੀ
ਨਾਲ ਹਕੂਮਤ ਲੜਨਾ ਨਾਹੀ।
ਰਹੋ ਮੰਗਦੇ ਹੱਕ ਮਿਲਣਗੇ
ਨਾਹੀ ਕਿੱਲ ਬਗਾਵਤ ਗੱਡੀ।
ਮਰਨ ਮੌਤ ਤੋਂ ਸੰਗਦੇ ਜਾਪਣ
ਹੱਥ ਕੰਬਦੇ, ਹੰਭਗੇ ਜਾਪਣ।
ਸਿਰਲੱਥਾਂ ਨੂੰ ਧੱਕ ਮਾਰਦੀ
ਭੀੜ ਚਾਲਕਾਂ ਵੱਡੀ।
ਰੋਕ ਬਥੇਰੀ, ਡਾਹੁਣ ਅੜਿੱਕੇ
ਨੇਮ ਪਾਲਣਾ, ਹਾਲ ਦੁਹਾਈ
ਬਿਪਰ ਮਿਸਤਰੀ, ਇੱਟ ਵਪਾਰੀ
ਜਿਸ ਕੰਧ ਟੱਕਰ ਲੱਗੀ।
ਬਣੋ ਸਿਆਣੇ, ਘਰ ਨਹੀਂ ਸਰਨਾ
ਪ੍ਰਹਿਲਾਦਪਣੇ, ਮਰਨ ਹੀ ਮਰਨਾ।
ਸੋਚੋ ਏਸ ਹਕੂਮਤ ਮੂਹਰੇ
ਅੜਦੀ ਕੀਹਦੀ ਅੱਡੀ।
ਸਿਰਲੱਥ ਬੋਲਣ, ਮਰਨ ਕਬੂਲਿਆ
ਘਰੋਂ ਤੁਰੇ, ਅਰਦਾਸੇ ਸੋਧੇ।
ਤਖਤੀਂ ਸਿੱਧਾ ਮੱਥਾ ਲਾਇਆ
ਸਿਆਣਪ ਨਾਲੋਂ ਸ਼ਹਾਦਤ ਵੱਡੀ।
Related Topics: Dr. Sikander Singh, Punjabi Poems