October 13, 2020 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਬੀਤੇ ਦਿਨ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਵਧ ਗਿਆ। ਐਤਵਾਰ ਨੂੰ ਦਿੱਲੀ ਵਿੱਚ ਹਵਾ ਦੇ ਮਿਆਰ ਦਾ ਸੂਚਕ-ਅੰਕ (ਏਅਰ ਕੁਆਲਿਟੀ ਇੰਡੈਕਸ) 216 ਸੀ ਜੋ ਕਿ ਸੋਮਵਾਰ ਨੂੰ ਹੋਰ ਵਿਗੜ ਕੇ 261 ਹੋ ਗਿਆ। ਇਹ ਦੋਵੇਂ ਹੀ ਅੰਕ ਹਵਾ ਦੇ ਮਿਆਰ ਦੇ ਪੱਖੋਂ ਮਾੜੇ (ਪੂਅਰ) ਦੀ ਸ਼ਰੇਣੀ ਵਿੱਚ ਹੀ ਹਨ।
ਜਾਣਕਾਰੀ ਮੁਤਾਬਿਕ ਸੋਮਵਾਰ ਨੂੰ ਹਵਾ ਦੀ ਰਫਤਾਰ 5 ਕਿ. ਮੀ. ਪ੍ਰਤੀ ਘੰਟੇ ਤੋਂ ਘੱਟ ਰਹਿਣ ਕਾਰਨ ਐਤਵਾਰ ਦੇ ਮੁਕਾਬਲੇ ਸਥਾਨਕ ਪ੍ਰਦੂਸ਼ਣ ਹੋਰ ਵਧੇਰੇ ਇਕੱਠਾ ਹੋ ਗਿਆ ਜਿਸ ਨਾਲ ਹਵਾ ਵਿੱਚ ਪ੍ਰਦੂਸ਼ਣ ਦਾ ਅੰਕੜਾ ਪਹਿਲਾਂ ਨਾਲੋਂ ਵੀ ਵਧ ਗਿਆ।
ਜਿਕਰਯੋਗ ਹੈ ਕਿ ‘ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੌਰਕਾਸਟਿੰਗ ਐਂਡ ਰਿਸਰਚ’ (ਸਫਰ) ਵੱਲੋਂ ਇਸ ਪ੍ਰਦੂਸ਼ਣ ਦੇ ਕਾਰਨਾਂ ਦੀ ਜੋ ਪੜਤਾਲ ਕੀਤੀ ਗਈ ਹੈ ਉਸ ਵਿੱਚ ਵਿੱਚ ਹਾਲੀ ਤੱਕ ਦਿੱਲੀ ਵਿੱਚ ਹੋ ਰਹੇ ਪ੍ਰਦੁਸ਼ਣ ਵਿੱਚ ਪਰਾਲੀ ਸਾੜਨ ਨੂੰ ਸਿਰਫ 3% ਜਿੰਮੇਵਾਰ ਮੰਨਿਆ ਗਿਆ ਹੈ, ਜਿਸ ਦਾ ਭਾਵ ਹੈ ਕਿ ਦਿੱਲੀ ਦੇ ਮੁਕਾਮੀ ਕਾਰਨ ਹੀ ਹੁਣ ਤੱਕ ਦੇ ਹਵਾ ਦੇ ਪ੍ਰਦੂਸ਼ਣ ਲਈ ਜਿੰਮੇਵਾਰ ਹਨ।
ਉਂਝ ਪੰਜਾਬ ਤੇ ਹਰਿਆਣੇ ਵਿੱਚ ਪਰਾਲੀ ਨੂੰ ਲੱਗਣ ਵਾਲੀ ਅੱਗ ਨੂੰ ਦਿੱਲੀ ਵਿੱਚ ਹੋਣ ਵਾਲੇ ਪ੍ਰਦੂਸ਼ਣ ਲਈ ਜਿੰਮੇਵਾਰ ਦੱਸਿਆ ਜਾਂਦਾ ਰਿਹਾ ਹੈ ਪਰ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਅਸਲ ਵਿੱਚ ਦਿੱਲੀ ਵਿੱਚ ਪਹਿਲਾਂ ਤੋਂ ਹੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਈ ਕਾਰਨ ਮੌਜੂਦ ਹਨ ਤੇ ਪਰਾਲੀ ਦਾ ਧੂਆਂ ਇਸ ਸਥਿਤੀ ਦਾ ਵਾਹਿਦ ਕਾਰਨ ਨਹੀਂ ਹੈ ਭਾਵੇਂ ਕਿ ਇਸ ਧੂਏਂ ਨਾਲ ਪਹਿਲਾਂ ਤੋਂ ਵਿਗੜੀ ਹੋਈ ਹਾਲਤ ਹੋਰ ਖਸਤਾ ਜਰੂਰ ਹੋ ਜਾਂਦੀ ਹੈ।
ਸਰਕਾਰਾਂ ਤੇ ਲੋਕਾਂ ਵਿੱਚ ਇੱਛਾ-ਸ਼ਕਤੀ ਤੇ ਉੱਦਮ ਦੀ ਘਾਟ ਅਤੇ ਨਾਕਾਫੀ ਪ੍ਰਬੰਧਾਂ ਤੇ ਕਿਸਾਨਾਂ ਦੇ ਸੀਮਤ ਵਸੀਲਿਆਂ ਚੱਲਦਿਆਂ ਪੰਜਾਬ ਤੇ ਹਰਿਆਣੇ ਵਿੱਚ ਪਰਾਲੀ ਸਾੜਨ ਦਾ ਰੁਝਾਨ ਹਾਲੀ ਰੁਕਦਾ ਨਜ਼ਰ ਨਹੀਂ ਆ ਰਿਹਾ ਜੋ ਕਿ ਵਾਤਾਵਰਨ ਦੇ ਪੱਖ ਤੋਂ ਹਾਨੀਕਾਰਕ ਹੀ ਹੈ।
Related Topics: Air Pollution in Delhi, Delhi, Delhi News, Haryana, Punjab