ਖਾਸ ਖਬਰਾਂ » ਸਿੱਖ ਖਬਰਾਂ

ਹਜ਼ੂਰ ਸਾਹਿਬ ਦੀ ਸੰਗਤ ਵਿਚ ਕਰੋਨੇ ਦੀ ਲਾਗ: ਨਵੇਂ ਖੁਲਾਸਿਆਂ ਨੇ ਬਾਦਲ ਦਲ ਅਤੇ ਸਰਕਾਰ ਦੀ ਨਾਅਹਿਲੀਅਤ ਉਜਾਗਰ ਕੀਤੀ

May 5, 2020 | By

ਜਦੋਂ ਕਿ ਇੱਕ ਬੰਨੇ ਭਾਰਤੀ ਮੀਡੀਆ ਦੇ ਕਈ ਹਿੱਸਿਆਂ ਵੱਲੋਂ ਹਜ਼ੂਰ ਸਾਹਿਬ ਤੋਂ ਪਰਤੀ ਸਿੱਖ ਸੰਗਤ ਖਿਲਾਫ ਕੂੜ ਪ੍ਰਚਾਰ ਤੇ ਨਫਰਤ ਦੀ ਮੁਹਿੰਮ ਜ਼ੋਰਾਂ ਨਾਲ ਚਲਾਈ ਜਾ ਰਹੀ ਹੈ ਤਾਂ ਉਸ ਮੌਕੇ ਕੁਝ ਅਜਿਹੀ ਨਵੀਂ ਤੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਿਸ ਰਾਹੀਂ ਪੰਜਾਬ ਵਿੱਚ ਕਰੋਨੇ ਦੀ ਲਾਗ ਵਾਲੇ ਮਾਮਲਿਆਂ ਦੀ ਗਿਣਤੀ ਵਧਣ ਨਾਲ ਜੁੜੀ ਗੁੱਥੀ ਸੁਲਝਾਉਣ ਵਿੱਚ ਕਾਫੀ ਮਦਦ ਮਿਲ ਸਕਦੀ ਹੈ।

ਦੱਸ ਦੇਈਏ ਕਿ ਖਬਰਖਾਨੇ ਦੇ ਇੱਕ ਹਿੱਸੇ ਵੱਲੋਂ ਪੰਜਾਬ ਵਿੱਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਵਧਣ ਲਈ ਹਜ਼ੂਰ ਸਾਹਿਬ ਤੋਂ ਪਰਤੀ ਸਿੱਖ ਸੰਗਤ ਨੂੰ ਦੋਸ਼ੀ ਗਰਦਾਨਿਆ ਜਾ ਰਿਹਾ ਹੈ ਪਰ ਜੋ ਤਾਜਾ ਜਾਣਕਾਰੀ ਸਾਹਮਣੇ ਆਈ ਹੈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਸੰਗਤਾਂ ਨੂੰ ਦੋਸ਼ੀ ਗਰਦਾਨਣ ਦੀ ਆੜ ਹੇਠ ਸਿਆਸੀ ਆਗੂਆਂ ਅਤੇ ਸਰਕਾਰ ਦੀਆਂ ਬੱਜਰ ਕੁਤਾਹੀਆਂ ਅੱਖੋਂ ਪਰੋਖੇ ਹੋ ਰਹੀਆਂ ਹਨ।

ਕੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ?

3 ਮਈ ਨੂੰ ਇਹ ਗੱਲ ਸਿੱਖ ਸਿਆਸਤ ਦੇ ਧਿਆਨ ਵਿਚ ਆਈ ਕਿ ਹਜ਼ੂਰ ਸਾਹਿਬ ਤੋਂ ਸਰਕਾਰੀ ਬੱਸਾਂ ਰਾਹੀਂ ਵਾਪਸ ਲਿਆਂਦੇ ਗਏ ਸਿੱਖ ਯਾਤਰੂਆਂ ਨਾਲ ਮਹਾਰਾਸ਼ਟਰ ਅਤੇ ਹੋਰਨਾਂ ਦੱਖਣੀ ਸੂਬਿਆਂ ਵਿੱਚ ਕੰਮ ਕਰਨ ਲਈ ਗਏ ਪੰਜਾਬੀ ਕਾਮਿਆਂ ਨੂੰ ਵੀ ਵਾਪਸ ਲਿਆਂਦਾ ਗਿਆ ਹੈ।

ਹਜ਼ੂਰ ਸਾਹਿਬ ਵਿਖੇ ਸਿੱਖ ਸੰਗਤਾਂ ਦੀ ਤਿੰਨ ਵਾਰ ਮੁੱਢਲੀ ਜਾਂਚ ਹੋਈ ਸੀ:

ਦੱਸ ਦੇਈਏ ਕਿ ਸਿੱਖ ਸੰਗਤਾਂ ਕਰੀਬ ਸਵਾ ਮਹੀਨਾ ਸ੍ਰੀ ਹਜ਼ੂਰ ਸਾਹਿਬ, ਨਾਦੇੜ (ਮਹਾਂਰਾਸ਼ਟਰ) ਵਿਖੇ ਠਹਿਰੀਆਂ ਰਹੀਆਂ।

ਗੁਰਦੁਆਰਾ ਲੰਗਰ ਸਾਹਿਬ ਦੇ ਪ੍ਰਬੰਧਕ ਬਾਬਾ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਅਰਸੇ ਦੌਰਾਨ ਹਜ਼ੂਰ ਸਾਹਿਬ ਵਿਖੇ ਠਹਿਰੀਆਂ ਸਾਰੀਆਂ

ਸੰਗਤਾਂ ਦੀ ਤਿੰਨ ਵਾਰ ਮੁੱਢਲੀ ਜਾਂਚ (ਹੈਲਥ ਸਕਰੀਨਿੰਗ) ਹੋਈ ਅਤੇ ਕਿਸੇ ਵਿੱਚ ਵੀ ਕਰੋਨੇ ਦੀ ਬਿਮਾਰੀ ਦਾ ਕੋਈ ਵੀ ਲੱਛਣ ਨਹੀਂ ਪਾਇਆ ਗਿਆ।

ਹਜ਼ੂਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਪੰਜਾਬ ਸਰਕਾਰ ਨੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਬੱਸਾਂ ਨਾਦੇੜ ਭੇਜੀਆਂ:

25 ਅਪਰੈਲ ਨੂੰ ਪੰਜਾਬ ਸਰਕਾਰ ਵੱਲੋਂ ਹਜ਼ੂਰ ਸਾਹਿਬ, ਨਾਦੇੜ ਤੋਂ ਸਿੱਖ ਯਾਤਰੀਆਂ ਨੂੰ ਵਾਪਸ ਲਿਆਉਣ ਲਈ 80 ਬੱਸਾਂ ਰਵਾਨਾ ਕੀਤੀਆਂ ਗਈਆਂ। ਹਰੇਕ ਬੱਸ ਵਿੱਚ ਤਿੰਨ ਚਾਲਕ, ਇੱਕ ਸਹਾਇਕ (ਕੰਡਕਟਰ) ਅਤੇ ਪੁਲਿਸ ਦਾ ਇੱਕ ਸਿਪਾਹੀ ਤੈਨਾਤ ਕੀਤਾ ਗਿਆ ਸੀ। ਹਰੇਕ ਬੱਸ ਵੱਲੋਂ ਸਿੱਖ ਸੰਗਤਾਂ ਨੂੰ ਨਾਦੇੜ ਤੋਂ ਵਾਪਸ ਲਿਆਉਣ ਲਈ ਆਉਣ ਜਾਣ ਵਿੱਚ ਕਰੀਬ 3300 ਕਿਲੋਮੀਟਰ ਦਾ ਵਕਫਾ ਤੈਅ ਕੀਤਾ ਗਿਆ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਇੱਕ ਤਸਵੀਰ ਜਿਸ ਵਿੱਚ ਦਰਸਾਇਆ ਗਿਆ ਹੈ ਕਿ 25 ਅਪਰੈਲ ਨੂੰ ਹਜ਼ੂਰ ਸਾਹਿਬ ਤੋਂ ਯਾਤਰੀਆਂ ਨੂੰ ਲਿਆਉਣ ਲਈ ਬੱਸਾਂ ਭੇਜਣ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਵੀ ਹਾਜਰ ਸੀ

ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਯਾਤਰੀਆਂ ਨੂੰ ਬੱਸਾਂ ਵਿੱਚ ਬਿਠਾਉਣ ਤੋਂ ਪਹਿਲਾਂ ਬਕਾਇਦਾ ਤੌਰ ਉੱਤੇ ਬੱਸਾਂ ਵਿੱਚ ਦਵਾਈ ਦਾ ਛਿੜਕਾਅ ਕੀਤਾ ਗਿਆ ਸੀ ਅਤੇ ਕਰੋਨੇ ਦੀ ਬਿਮਾਰੀ ਤੋਂ ਬਚਾਅ ਲਈ ਹੋਰ ਕਦਮ ਜਿਵੇਂ ਕਿ ਮਾਸਕ ਪਾਉਣ ਆਦਿ ਦਾ ਵੀ ਖਾਸ ਖਿਆਲ ਰੱਖਿਆ ਗਿਆ ਸੀ।

ਪੰਜਾਬ ਪਹੁੰਚਣ ਉੱਤੇ ਯਾਤਰੀਆਂ ਵਿੱਚ ਕਰੋਨੇ ਦੀ ਲਾਗ ਸਾਹਮਣੇ ਆਈ:

ਜਦੋਂ ਇਹ ਯਾਤਰੀ ਪੰਜਾਬ ਪਹੁੰਚੇ ਤਾਂ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵਿੱਚੋਂ ਕਈ ਕਰੋਨੇ ਦੀ ਬੀਮਾਰੀ ਤੋਂ ਪੀੜਤ ਹੋ ਚੁੱਕੇ ਹਨ।
ਇਹ ਗੱਲ ਸਾਹਮਣੇ ਆਉਣ ਉੱਤੇ ਸਿੱਖ ਯਾਤਰੀ ਆਪ ਵੀ ਹੈਰਾਨ ਸਨ ਕਿਉਂਕਿ ਹਜ਼ੂਰ ਸਾਹਿਬ, ਨਾਦੇੜ ਸਾਹਿਬ ਵਿਖੇ ਰਹਿੰਦਿਆਂ ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕਰੋਨੇ ਦੀ ਬੀਮਾਰੀ ਦਾ ਕੋਈ ਲੱਛਣ ਨਹੀਂ ਸੀ।

ਕਿਸੇ ਵਿੱਚ ਵੀ ਕਰੋਨੇ ਦੀ ਬਿਮਾਰੀ ਦੇ ਪਹਿਲਾਂ ਲੱਛਣ ਨਹੀਂ ਸਨ ਪ੍ਰਗਟ ਹੋਏ:

ਹਜ਼ੂਰ ਸਾਹਿਬ ਤੋਂ ਪਰਤੇ ਇੱਕ ਸਿੱਖ ਯਾਤਰੀ ਕਰਮਜੀਤ ਸਿੰਘ, ਜਿਸ ਵਿੱਚ ਕਿ ਕਰੋਨੇ ਦੀ ਲਾਗ ਪਾਈ ਗਈ ਹੈ, ਨੇ ਡੇਲੀ ਪੋਸਟ ਖਬਰ ਅਦਾਰੇ ਨਾਲ ਗੱਲਬਾਤ ਦੌਰਾਨ ਜੋਰ ਦੇ ਕੇ ਇਹ ਗੱਲ ਕਹੀ ਕਿ ਹਜ਼ੂਰ ਸਾਹਿਬ ਵਿਖੇ ਰਹਿੰਦਿਆਂ ਕਿਸੇ ਵੀ ਸਿੱਖ ਯਾਤਰੀ ਵਿੱਚ ਕਰੋਨੇ ਦਾ ਕੋਈ ਵੀ ਲੱਛਣ ਨਹੀਂ ਸੀ ਸਾਹਮਣੇ ਆਇਆ।

‘ਅਸੀਂ ਇੱਕ ਮਹੀਨੇ ਤੋਂ ਵੱਧ ਸਮਾਂ ਹਜ਼ੂਰ ਸਾਹਿਬ ਰਹੇ ਅਤੇ ਤਿੰਨ ਵਾਰ ਸਾਡੀ ਮੁੱਢਲੀ ਜਾਂਚ (ਸਕਰੀਨਿੰਗ) ਹੋਈ ਪਰ ਕਿਸੇ ਵਿੱਚ ਕੋਈ ਵੀ ਲੱਛਣ ਸਾਹਮਣੇ ਨਹੀਂ ਸੀ ਆਇਆ’, ਉਸ ਨੇ ਕਿਹਾ।

ਇਹ ਗੱਲ ਧਿਆਨ ਵਿੱਚ ਲਿਆਉਣ ਉੱਤੇ ਕਿ ਕਈ ਲੋਕਾਂ ਵਿੱਚ ਕਰੋਨੇ ਦੀ ਬਿਮਾਰੀ ਦੇ ਲੱਛਣ ਪ੍ਰਗਟ ਨਹੀਂ ਆਉਂਦੇ ਪਰ ਫੇਰ ਵੀ ਉਨ੍ਹਾਂ ਨੂੰ ਕਰੋਨੇ ਦੀ ਲਾਗ ਲੱਗ ਜਾਂਦੀ ਹੈ, ਕਰਮਜੀਤ ਸਿੰਘ ਨੇ ਇਸ ਗੱਲ ਉੱਪਰ ਮੁੜ ਜ਼ੋਰ ਦਿੱਤਾ ਕਿ ਨਾਂਦੇੜ ਸਾਹਿਬ ਵਿਖੇ ਰਹਿੰਦਿਆਂ ‘ਕਿਸੇ ਵਿੱਚ ਵੀ’ ਲੱਛਣ ਨਹੀਂ ਸਨ ਸਾਹਮਣੇ ਆਏ।

ਲੱਛਣ ਜ਼ਾਹਿਰ ਹੋਣ ਤੋਂ ਪਹਿਲਾਂ ਦਾ ਸਮਾਂ — ‘ਇੰਕੁਬੇਸ਼ਨ ਪੀਰੀਅਡ’:

ਕਰੋਨੇ ਦੀ ਬਿਮਾਰੀ ਦੇ ਲੱਛਣ ਲਾਗ ਲੱਗਣ ਤੋਂ ਕੁਝ ਦਿਨ ਬਾਅਦ ਪ੍ਰਗਟ ਹੁੰਦੇ ਹਨ। ਇਸ ਸਮੇਂ ਨੂੰ ਲਾਗ ਲੱਗਣ ਪਰ ਲੱਛਣ ਜ਼ਾਹਰ ਹੋਣ ਤੋਂ ਪਹਿਲਾਂ ਦਾ ਸਮਾਂ ਜਾਂ ‘ਇੰਕੁਬੇਸ਼ਨ ਪੀਰੀਅਡ’ ਕਿਹਾ ਜਾਂਦਾ ਹੈ।

ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੀ ਵੈੱਬਸਾਈਟ ਉੱਪਰ ਜਾਰੀ ਹੋਏ ਇਕ ਦਸਤਾਵੇਜ ਮੁਤਾਬਿਕ ਇੰਕੂਬੇਸ਼ਨ ਪੀਰੀਅਡ ਤੋਂ ਭਾਵ ਲਾਗ ਲੱਗਣ ਅਤੇ ਲੱਛਣ ਪ੍ਰਗਟ ਹੋਣ ਦੇ ਦਰਮਿਆਨ ਦੇ ਸਮੇਂ ਤੋਂ ਹੈ। ਕਵਿਡ-19 (ਕਰੋਨਾ ਮਹਾਂਮਾਰੀ) ਦੇ ਮਾਮਲੇ ਵਿੱਚ ਅੰਦਾਜ਼ਿਆਂ ਮੁਤਾਬਿਕ ਬਿਮਾਰੀ ਦੇ ਲੱਛਣ 1 ਤੋਂ 14 ਦਿਨਾਂ ਵਿੱਚ ਪ੍ਰਗਟ ਹੋ ਜਾਂਦੇ ਹਨ, ਅਤੇ ਬਹੁਤੇ ਮਾਮਲਿਆਂ ਵਿੱਚ ਲੱਛਣ ਪ੍ਰਗਟ ਹੋਣ ’ਚ ਤਕਰੀਬਨ ਪੰਜ ਕੁ ਦਿਨਾਂ ਦਾ ਸਮਾਂ ਲੱਗਦਾ ਹੈ। (ਸਰੋਤ : https://www.mohfw.gov.in/pdf/FAQ.pdf)।

ਇਸ ਗੱਲ ਦੀ ਕੀ ਸੰਭਾਵਨਾ ਹੈ ਕਿ ਯਾਤਰੀਆਂ ਨੂੰ ਹਾਲ ਵਿਚ ਹੀ ਕਰੋਨੇ ਦੀ ਲਾਗ ਲੱਗੀ ਹੋਵੇ?

ਇੱਥੇ ਇਹ ਤੱਥ ਖਾਸ ਧਿਆਨ ਦੇਣ ਵਾਲੇ ਹਨ ਕਿ ਸਿੱਖ ਯਾਤਰੀਆਂ ਦੀ ਹਜ਼ੂਰ ਸਾਹਿਬ ਵਿਖੇ ਠਹਿਰਾਅ ਦੌਰਾਨ ਤਕਰੀਬਨ ਸਵਾ ਮਹੀਨੇ ਦੇ ਵਕਫੇ ਵਿੱਚ ਤਿੰਨ ਵਾਰ ਮੁੱਢਲੀ ਜਾਂਚ ਹੋਈ ਸੀ ਅਤੇ ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕਰੋਨੇ ਦੇ ਲੱਛਣ ਪ੍ਰਗਟ ਨਹੀਂ ਸਨ ਹੋਏ, ਪਰ ਪੰਜਾਬ ਵਿੱਚ ਪਹੁੰਚਣ ਉੱਤੇ ਉਨ੍ਹਾਂ ਵਿੱਚੋਂ ਕਈਆਂ ਚ ਕਰੋਨੇ ਦੀ ਲਾਗ ਸਾਹਮਣੇ ਆਈ ਹੈ। ਅਜਿਹੇ ਹਾਲਾਤ ਵਿੱਚ ਇਸ ਸੰਭਾਵਨਾ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਨੂੰ ਹਾਲ ਵਿਚ ਹੀ ਕਰੋਨੇ ਦੀ ਲਾਗ ਲੱਗੀ ਹੋਵੇ ਅਤੇ ਉਨ੍ਹਾਂ ਵਿੱਚ ਲੱਛਣ ਇਸ ਕਰਕੇ ਨਹੀਂ ਸਨ ਪ੍ਰਗਟ ਹੋਏ ਕਿ ਹਾਲੀ ਉਨ੍ਹਾਂ ਦਾ ਇੰਕੂਬੇਸ਼ਨ ਪੀਰੀਅਡ ਪੂਰਾ ਨਹੀਂ ਸੀ ਹੋਇਆ।

ਯਾਤਰੀਆਂ ਤੋਂ ਇਲਾਵਾ ਹੋਰ ਕਿੰਨਾਂ ਨੂੰ ਪੰਜਾਬ ਲਿਆਂਦਾ ਗਿਆ ਹੈ?

ਨਵੀਂ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਪੰਜਾਬ ਤੋਂ ਮਹਾਰਾਸ਼ਟਰ ਅਤੇ ਹੋਰਨਾਂ ਦੱਖਣੀ ਸੂਬਿਆਂ ਵਿੱਚ ਕਪਾਹ ਦੇ ਕੰਮ ਲਈ ਮਜਦੂਰੀ ਕਰਨ ਗਏ ਕਾਮਿਆਂ ਨੂੰ ਵੀ ਸਿੱਖ ਯਾਤਰੀਆਂ ਦੇ ਨਾਲ ਹੀ ਹਜ਼ੂਰ ਸਾਹਿਬ, ਨਾਂਦੇੜ ਤੋਂ ਵਾਪਸ ਪੰਜਾਬ ਲਿਆਂਦਾ ਗਿਆ ਹੈ।

ਨਵੀਂ ਸਾਹਮਣੇ ਆਈ ਜਾਣਕਾਰੀ ਤੋਂ ਕੀ ਪਤਾ ਲੱਗਦਾ ਹੈ?

ਬੀਤੇ ਦਿਨ ਇਹ ਗੱਲ ਸਿੱਖ ਸਿਆਸਤ ਦੇ ਧਿਆਨ ਵਿੱਚ ਆਈ ਕਿ ਇੱਕ ਸਾਬਕਾ ਫੌਜੀ ਤੋਂ ਸਿਆਸਤਦਾਨ ਬਣੇ ਬ੍ਰਿਗੇਡੀਅਰ ਰਾਜ ਕੁਮਾਰ ਨੇ 23 ਅਪਰੈਲ ਨੂੰ ਆਪਣੇ ਫੇਸਬੁੱਕ ਖਾਤੇ ਰਾਹੀਂ ਮਹਾਰਾਸ਼ਟਰ ਅਤੇ ਹੋਰਨਾਂ ਦੱਖਣੀ ਸੂਬਿਆਂ ਵਿੱਚ ਫਸੇ ਪੰਜਾਬੀ ਕਾਮਿਆਂ ਨੂੰ ਗੁਰਦੁਆਰਾ ਹਜ਼ੂਰ ਸਾਹਿਬ ਵਿਖੇ ਪਹੁੰਚਣ ਦੀ ਸਲਾਹ ਦਿੱਤੀ ਸੀ।

“ਜਿਹੜੇ ਸਾਡੇ ਸਾਥੀ ਬਲਾਚੌਰ ਤੋਂ ਮਹਾਰਾਸ਼ਟਰ ਜਾਂ ਉੱਥੇ ਨਾਲ ਦੇ ਸੂਬਿਆਂ ਵਿੱਚ ਕਾਟਨ ਵਗੈਰਾ ਦੇ ਕੰਮ ਕਰਕੇ ਫਸੇ ਹੋਏ ਨੇ ਉਨ੍ਹਾਂ ਨੂੰ ਮੈਂ ਦੁਬਾਰਾ ਅਪੀਲ ਕਰਦਾ ਕਿ ਗੁਰਦੁਆਰਾ ਹਜ਼ੂਰ ਸਾਹਿਬ ਨਾਂਦੇੜ ਪਹੁੰਚ ਜਾਣ।
ਮਨਜ਼ੂਰੀ ਮਿਲ ਚੁੱਕੀ ਹੈ ਜਲਦ ਪੰਜਾਬ ਪਹੁੰਚਣ ਦੇ ਬੰਦੋਬਸਤ ਹੋ ਰਹੇ ਹਨ।
ਉੱਥੇ ਦਾ ਕੰਟੈਕਟ ਨੰਬਰ ਮੈਂ ਸਭ ਸਾਥੀਆਂ ਕੋਲ ਭੇਜ ਚੁੱਕਿਆ ਹਾਂ।
ਨਾਂਦੇੜ ਸਾਹਿਬ ਜਾਣ ਲਈ ਰਸਤੇ ਵਿੱਚ ਕੋਈ ਵੀ ਦਿੱਕਤ ਹੋਵੇ ਮੇਰੇ ਨਾਲ ਤੁਰੰਤ ਗੱਲ ਕਰਨ।
ਬਹੁਤ ਸਾਥੀ ਉੱਥੇ ਪਹੁੰਚ ਚੁੱਕੇ ਹਨ।
ਤੁਹਾਡੀ ਸੇਵਾ ਵਿੱਚ ਹਮੇਸ਼ਾ ਤੈਨਾਤ
ਬ੍ਰਿਗੇਡੀਅਰ ਰਾਜ ਕੁਮਾਰ”।

ਧਿਆਨ ਦੇਣ ਯੋਗ ਨੁਕਤਾ:

23 ਅਪਰੈਲ ਨੂੰ ਫੇਸਬੁੱਕ ਉਤੇ ਪਾਈ ਇਸ ਜਾਣਕਾਰੀ ਵਿੱਚ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਹੈ ਕਿ “ਬਹੁਤ ਸਾਥੀ ਉੱਥੇ (ਹਜ਼ੂਰ ਸਾਹਿਬ) ਪਹੁੰਚ ਚੁੱਕੇ ਹਨ”।

ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹੜੇ ਤੱਥ ਦੀ ਪੁਸ਼ਟੀ ਕੀਤੀ?:-

ਸਿੱਖ ਸਿਆਸਤ ਵੱਲੋਂ ਸੰਪਰਕ ਕੀਤੇ ਜਾਣ ਉੱਤੇ ਬ੍ਰਿਗੇਡੀਅਰ ਰਾਜ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਵੱਲੋਂ ਮਹਾਰਾਸ਼ਟਰ ਸਮੇਤ ਦੱਖਣੀ ਸੂਬਿਆਂ ਵਿੱਚ ਕਪਾਹ ਦੇ ਕੰਮ ਲਈ ਗਏ ਕਾਮਿਆਂ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਗਿਆ ਸੀ।

ਉਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਜ਼ੂਰ ਸਾਹਿਬ ਤੋਂ ਸਿੱਖ ਯਾਤਰੀਆਂ ਨੂੰ ਲਿਆਉਣ ਲਈ ਭੇਜੀਆਂ ਗਈਆਂ ਬੱਸਾਂ ਵਿੱਚ 60 ਦੇ ਕਰੀਬ ਪੰਜਾਬੀ ਕਾਮਿਆਂ ਨੂੰ ਵੀ ਵਾਪਸ ਪੰਜਾਬ ਲਿਆਂਦਾ ਗਿਆ ਹੈ।

ਕਿਸ ਗੱਲ ਬਾਰੇ ਬ੍ਰਿਗੇਡੀਅਰ ਰਾਜ ਕੁਮਾਰ ਨੇ ਅਣਜਾਣਤਾ ਪ੍ਰਗਟਾਈ?:-

ਜਦੋਂ ਬ੍ਰਿਗੇਡੀਅਰ ਰਾਜ ਕੁਮਾਰ ਨੂੰ ਇਹ ਗੱਲ ਪੁੱਛੀ ਗਈ ਕਿ ਕੀ ਹਜ਼ੂਰ ਸਾਹਿਬ ਦੀਆਂ ਸਿੱਖ ਸੰਗਤਾਂ ਵਾਂਗ ਇਹਨਾਂ ਕਾਮਿਆਂ ਦੀ ਵੀ ਲੰਘੇ ਕਰੀਬ ਸਵਾ ਮਹੀਨੇ ਦੌਰਾਨ ਕੋਈ ਸਿਹਤ ਦੀ ਮੁੱਢਲੀ ਜਾਂਚ ਹੋਈ ਸੀ ਜਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ “ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ”।

ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਕਿਹੜੀ ਗੱਲ ਤੋਂ ਮੁੱਕਰਣ ਦੀ ਕੋਸ਼ਿਸ਼ ਕੀਤੀ ਗਈ?:-

ਜਦੋਂ ਸਿੱਖ ਸਿਆਸਤ ਵੱਲੋਂ ਇਹ ਪੁੱਛਿਆ ਗਿਆ ਕਿ ਕੀ ਕੁਝ ਕਾਮੇ ਸਰਕਾਰੀ ਬੱਸਾਂ ਨਾਦੇੜ ਵਿਖੇ ਪਹੁੰਚਣ ਤੋਂ ਪਹਿਲਾਂ ਜਾਂ ਸੰਗਤਾਂ ਨੂੰ ਲੈ ਕੇ ਵਾਪਸ ਤੁਰਨ ਤੋਂ ਪਹਿਲਾਂ ਹਜ਼ੂਰ ਸਾਹਿਬ ਪਹੁੰਚ ਚੁੱਕੇ ਸਨ ਤਾਂ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ‘ਨਹੀਂ ਉਹ ਪਹਿਲਾਂ ਉੱਥੇ ਨਹੀਂ ਸਨ ਪਹੁੰਚੇ’।

ਸਿੱਖ ਸਿਆਸਤ ਨਾਲ ਫੋਨ ਉੱਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਅਸਲ ਵਿੱਚ ਇਨ੍ਹਾਂ ਲੋਕਾਂ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਨ੍ਹਾਂ ਨੂੰ ਪੰਜਾਬ ਲਿਆਉਣ ਦਾ ਕੋਈ ਪ੍ਰਬੰਧ ਹੋ ਚੁੱਕਿਆ ਹੈ। ਇਹ ਤਾਂ ਜਦੋਂ ਪਹਿਲੇ ਤਿੰਨ ਦਿਨ ਸਿੱਖ ਯਾਤਰੀਆਂ ਨੂੰ ਲੈ ਕੇ ਬੱਸਾਂ ਹਜ਼ੂਰ ਸਾਹਿਬ ਤੋਂ ਵਾਪਸ ਪੰਜਾਬ ਲਈ ਚੱਲ ਪਈਆਂ ਤਾਂ ਉਸ ਤੋਂ ਬਾਅਦ ਇਨ੍ਹਾਂ ਨੇ ਦੌੜ ਲਗਾਈ ਅਤੇ ਹਜ਼ੂਰ ਸਾਹਿਬ ਵਿਖੇ ਪਹੁੰਚ ਗਏ’।

ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਇਹ ਕਾਮੇ ਬਿਲਕੁਲ ਐਨ ਆਖਰੀ ਮੌਕੇ ਉੱਤੇ ਹੀ ਹਜ਼ੂਰ ਸਾਹਿਬ ਪਹੁੰਚੇ ਸਨ ਅਤੇ ਇਨ੍ਹਾਂ ਨੂੰ ਰਹਿੰਦੇ ਸਿੱਖ ਯਾਤਰੀਆਂ ਨਾਲ ਸਰਕਾਰ ਵੱਲੋਂ ਭੇਜੀਆਂ ਬੱਸਾਂ ਵਿੱਚ ਵਾਪਿਸ ਪੰਜਾਬ ਲਿਆਂਦਾ ਗਿਆ ਹੈ।

ਹੁਣ ਇਸ ਗੱਲ ਬਾਰੇ ਸਪਸ਼ਟ ਰੂਪ ਵਿੱਚ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ 23 ਅਪਰੈਲ ਨੂੰ ਫੇਸਬੁੱਕ ਉੱਪਰ ਪਾਈ ਪੋਸਟ ਵਿੱਚ ਸਾਫ-ਸਾਫ ਲਿਖਿਆ ਹੋਇਆ ਹੈ ਕਿ ਕੁਝ ਪੰਜਾਬੀ ਕਾਮੇ ਪਹਿਲਾਂ ਹੀ ਹਜ਼ੂਰ ਸਾਹਿਬ ਵਿਖੇ ਪਹੁੰਚ ਚੁੱਕੇ ਹਨ।

ਕਾਮਿਆਂ ਨੇ ਵੀ ਪੁਸ਼ਟੀ ਕੀਤੀ ਕਿ ਉਹ ਬੱਸ ਚੱਲਣ ਤੋਂ ਪਹਿਲਾਂ ਹਜ਼ੂਰ ਸਾਹਿਬ ਪਹੁੰਚ ਗਏ ਸਨ:

ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਵਿੱਚ 4 ਮਈ ਨੂੰ ਛਪੀ ਇਕ ਖਬਰ ਮੁਤਾਬਿਕ ਬਲਾਚੌਰ ਨੇੜਲੇ ਪਿੰਡ ਮੰਗੂਪੁਰ ਦੇ ਇੱਕ 33 ਸਾਲਾ ਵਾਸੀ, ਜੋ ਕਿ ਕਪਾਹ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਉਸ ਵਿੱਚ ਕਰੋਨਾ ਲਾਗ ਦੀ ਪੁਸ਼ਟੀ ਹੋਈ ਹੈ, ਨੇ ਦੱਸਿਆ ਕਿ ਉਹ ਅਤੇ ਦੋ ਹੋਰ ਪਹਿਲਾਂ ਹੀ ਗੁਰਦੁਆਰਾ ਲੰਗਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਨਾਦੇੜ ਵਿਖੇ ਪਹੁੰਚ ਗਏ ਸਨ।

ਉਸ ਨੇ ਕਿਹਾ ਕਿ ਉਹ ਟੈਕਸੀ ਰਾਹੀਂ ਕਰੀਬ 100 ਕਿਲੋਮੀਟਰ ਦਾ ਸਫਰ ਤੈਅ ਕਰਕੇ 26 ਅਪਰੈਲ ਨੂੰ ਹਜ਼ੂਰ ਸਾਹਿਬ ਪਹੁੰਚ ਗਏ ਸਨ। ਉਸ ਨੇ ਕਿਹਾ ਕਿ ਉਨ੍ਹਾਂ ਦੀ ਬੱਸ ਵਿੱਚ ਕੁੱਲ 27 ਸਵਾਰੀਆਂ ਸਨ ਜਿਨ੍ਹਾਂ ਵਿੱਚੋਂ 14 ਹਜ਼ੂਰ ਸਾਹਿਬ ਵਿਖੇ ਰੁਕੇ ਰਹੇ ਸਿੱਖ ਯਾਤਰੀ ਸਨ।

ਬਲਾਚੌਰ ਨੇੜਲੇ ਹੀ ਪਿੰਡ ਕੱਕੜਪੁਰ ਦੇ ਇੱਕ 52 ਸਾਲਾ ਵਾਸੀ ਨੇ ਦੱਸਿਆ ਕਿ ਉਹ ਵੀ ਕਿਸੇ ਟਰੱਕ ਵਾਲੇ ਨਾਲ ਬੈਠ ਕੇ ਤਕਰੀਬਨ 350 ਕਿਲੋਮੀਟਰ ਦਾ ਸਫਰ ਤੈਅ ਕਰ ਕੇ 26 ਅਪਰੈਲ ਨੂੰ ਹਜ਼ੂਰ ਸਾਹਿਬ ਪਹੁੰਚ ਗਿਆ ਸੀ।

ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਲਿਖੀ ਗਈ ਚਿੱਠੀ:

ਬ੍ਰਿਗੇਡੀਅਰ ਰਾਜ ਕੁਮਾਰ ਜੋ ਕਿ ਸਿਆਸੀ ਤੌਰ ਉੱਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਲਾਚੌਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਵਜੋਂ ਵਿਚਰਦਾ ਹੈ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 24 ਅਪਰੈਲ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਕਿ “ਤੁਹਾਡੇ ਯਤਨਾਂ ਤਹਿਤ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਲੋਕਾਂ ਨੂੰ ਵਾਪਸ ਲਿਆਉਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ”।

ਧਿਆਨ ਦੇਣ ਵਾਲੀ ਗੱਲ:

ਇੱਥੇ ਇਹ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਇਹ ਚਿੱਠੀ 24 ਅਪਰੈਲ ਨੂੰ ਲਿਖੀ ਗਈ ਸੀ ਭਾਵ ਕਿ ਪੰਜਾਬ ਸਰਕਾਰ ਵੱਲੋਂ ਹਜ਼ੂਰ ਸਾਹਿਬ ਤੋਂ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਬੱਸਾਂ ਭੇਜਣ ਤੋਂ ਇੱਕ ਦਿਨ ਪਹਿਲਾਂ ਲਿਖੀ ਗਈ ਸੀ।

ਸਿੱਖ ਯਾਤਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਯਾਤਰੀਆਂ ਤੋਂ ਇਲਾਵਾ ਪੰਜਾਬ ਜਾਣ ਲਈ ਹਜ਼ੂਰ ਸਾਹਿਬ ਪਹੁੰਚੇ ਸਨ:

ਹਜ਼ੂਰ ਸਾਹਿਬ ਤੋਂ ਵਾਪਸ ਆਏ ਅਤੇ ਖਡੂਰ ਸਾਹਿਬ ਵਿਖੇ ਇਕਾਂਤਵਾਸ ਵਿੱਚ ਰਹਿ ਰਹੇ ਇੱਕ ਸਿੱਖ ਯਾਤਰੀ ਮਨਜੀਤ ਸਿੰਘ ਨੇ ਸਿੱਖ ਸਿਆਸਤ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬ ਵਾਪਸ ਆਉਣ ਲਈ ਹੋਰਨਾਂ ਥਾਵਾਂ ਤੋਂ ਵੀ ਲੋਕ ਹਜ਼ੂਰ ਸਾਹਿਬ ਨਾਦੇੜ ਵਿਖੇ ਪਹੁੰਚੇ ਸਨ।

ਮਨਜੀਤ ਸਿੰਘ ਨੇ ਕਿਹਾ ਕਿ ਜਦੋਂ ਇਹ ਪਤਾ ਲੱਗਾ ਕਿ ਪੰਜਾਬ ਦੇ ਵਿੱਚੋਂ ਬੱਸਾਂ ਆਉਣੀਆਂ ਹਨ ਜਿਨ੍ਹਾਂ ਵਿੱਚ ਸੰਗਤ ਨੇ ਜਾਣਾ ਹੈ ਤਾਂ ਆਸ-ਪਾਸ ਤੋਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਲੋਕ ਹਜ਼ੂਰ ਸਾਹਿਬ ਵਿਖੇ ਆ ਗਏ ਜਿਨ੍ਹਾਂ ਨੂੰ ਸਿੱਖ ਸੰਗਤ ਨਾਲ ਵਾਪਸ ਪੰਜਾਬ ਲਿਆਂਦਾ ਗਿਆ ਹੈ।

ਇਸ ਸਿੱਖ ਯਾਤਰੂ ਨੇ ਵੀ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਹਜ਼ੂਰ ਸਾਹਿਬ ਵਿਖੇ ਪੜਾਅ ਦੌਰਾਨ ਸਾਰੇ ਸਿੱਖ ਯਾਤਰੀਆਂ ਦੀ ਤਿੰਨ ਵਾਰ ਮੁੱਢਲੀ ਜਾਂਚ ਹੋਈ ਸੀ ਅਤੇ ਵਿਚ ਉਹ ਸਾਰੇ ਹੀ ਠੀਕ ਪਾਏ ਗਏ ਸਨ।

ਉਨ੍ਹਾਂ ਕਿਹਾ ਕਿ ਸੱਚਖੰਡ ਵਿਖੇ ਜਾਣ ਮੌਕੇ ਹਰ ਰੋਜ਼ ਸਿੱਖ ਯਾਤਰੀਆਂ ਦਾ ਤਾਪ ਮਾਪਿਆ ਜਾਂਦਾ ਸੀ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਬੀਮਾਰ ਨਹੀਂ ਸੀ।

ਨਾਦੇੜ ਵਿੱਚ ਕਰੋਨੇ ਦੀ ਕੀ ਸਥਿਤੀ ਸੀ?

ਹਜ਼ੂਰ ਸਾਹਿਬ ਤੋਂ ਬਾਬਾ ਬਲਵਿੰਦਰ ਸਿੰਘ ਲੰਗਰ ਸਾਹਿਬ ਵਾਲਿਆਂ ਨੇ ਜਾਣਕਾਰੀ ਦਿੱਤੀ ਕਿ ਸਿੱਖ ਯਾਤਰੀਆਂ ਦੀ ਵਾਪਸੀ ਤੱਕ ਨਾਦੇੜ ਸਾਹਿਬ ਵਿੱਚ ਕਰੋਨੇ ਦੀ ਲਾਗ ਦੇ ਦੋ ਹੀ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿਚੋਂ ਕਿ ਇੱਕ ਕਾਫੀ ਸਮਾਂ ਪਹਿਲਾਂ ਹੀ ਠੀਕ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਨਾਂਦੇੜ ਵਿੱਚ ਕਰੋਨੇ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਸੀ ਆਇਆ।

ਰਿਪੋਰਟਾਂ ਮੁਤਾਬਿਕ 24 ਅਪਰੈਲ ਤੱਕ ਨਾਦੇੜ ਸ਼ਹਿਬ ਹਰੀ ਪੱਟੀ (ਗ੍ਰੀਨ ਜ਼ੋਨ) ਵਿੱਚ ਸੀ।

ਮਹਾਰਾਸ਼ਟਰ ਕਰੋਨੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਅਤੇ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਇਕੱਠਾ ਕਰਨਾ ਖਤਰਨਾਕ ਗੱਲ ਸੀ:

ਇਹ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਭਾਰਤੀ ਉਪਮਹਾਂਦੀਪ ਵਿੱਚ ਮਹਾਰਾਸ਼ਟਰ ਸੂਬਾ ਕਰੋਨੇ ਦੀ ਬੀਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਹੈ।

ਅਜਿਹੇ ਹਾਲਾਤ ਵਿੱਚ ਮਹਾਰਾਸ਼ਟਰ ਵਿੱਚ ਦੂਜੀਆਂ ਥਾਵਾਂ ਉੱਤੇ ਠਹਿਰ ਰਹੇ ਲੋਕਾਂ, ਜਿਨ੍ਹਾਂ ਦੀ ਕਿ ਜਾਂਚ ਹੋਏ ਹੋਣ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ, ਨੂੰ ਗੁਰਦੁਆਰਾ ਹਜ਼ੂਰ ਸਾਹਿਬ ਨਾਦੇੜ ਵਿਖੇ ਪਹੁੰਚਣ ਲਈ ਕਹਿਣਾ ਇੱਕ ਬਹੁਤ ਹੀ ਗੰਭੀਰ ਗੱਲ ਸੀ, ਕਿਉਂਕਿ ਇਸ ਵਿੱਚ ਕਰੋਨੇ ਦੇ ਖਤਰੇ ਦਾ ਖਦਸ਼ਾ ਬਹੁਤ ਜ਼ਿਆਦਾ ਸੀ।

ਪੰਜਾਬ ਵਾਪਸ ਆਏ ਕਾਮਿਆਂ ਵਿੱਚ ਵੀ ਕਰੋਨੇ ਦੀ ਲਾਗ ਦੇ ਸਾਹਮਣੇ ਆਈ:

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਭੇਜੀਆਂ ਬੱਸਾਂ ਰਾਹੀਂ ਵਾਪਸ ਆਏ ਪੰਜਾਬੀ ਕਾਮਿਆਂ ਵਿੱਚ ਵੀ ਕਰੋਨਾ ਦੀ ਲਾਗ ਦੇ ਮਾਮਲੇ ਸਾਹਮਣੇ ਆਏ ਹਨ।

ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜਿਲ੍ਹੇ ਵਿੱਚ 12 ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਰੋਜ਼ਾਨਾ ਅਜੀਤ ਅਖਬਾਰ ਦੀ ਇਕ ਖਬਰ ਵਿਚ ਦੱਸਿਆ ਗੁਆ ਹੈ ਕਿ ਦੱਖਣੀ ਸੂਬਿਆਂ ਤੋਂ ਪੰਜਾਬ ਵਾਪਸ ਪਰਤੇ ਗੜ੍ਹਸ਼ੰਕਰ ਨਾਲ ਸਬੰਧਤ ਦੋ ਹੋਰ ਕਾਮਿਆਂ ਵਿੱਚ ਵੀ ਕਰੋਨੇ ਦੀ ਲਾਗ ਦੀ ਪੁਸ਼ਟੀ ਹੋਈ ਹੈ।

ਦੋਸ਼ ਕਿਸ ਦਾ?

ਸਿੱਖ ਯਾਤਰੀਆਂ ਜਾਂ ਪੰਜਾਬੀ ਕਾਮਿਆਂ ਨੂੰ ਕਰੋਨੇ ਦੀ ਲਾਗ ਫੈਲਣ ਦਾ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਤਾਂ ਸਿਰਫ ਸਰਕਾਰ ਜਾਂ ਬ੍ਰਿਗੇਡੀਅਰ ਰਾਜ ਕੁਮਾਰ ਜਿਹੇ ਸਿਆਸਤਦਾਨਾਂ ਦੀਆਂ ਹਦਾਇਤਾਂ ਅਤੇ ਸਲਾਹਾਂ ਦਾ ਹੀ ਪਾਲਣ ਕਰ ਰਹੇ ਸਨ।

ਇਹ ਤਾਂ ਸਰਕਾਰਾਂ ਅਤੇ ਸਬੰਧਤ ਸਿਆਸੀ ਆਗੂਆਂ ਦੀ ਜ਼ਿੰਮੇਵਾਰੀ ਸੀ ਕਿ ਉਹ ਬਚਾਅ ਲਈ ਲੋੜੀਂਦੀ ਇਹਤਿਆਤ ਵਰਤਦੇ ਅਤੇ ਵੱਖ ਵੱਖ ਥਾਵਾਂ ਤੋਂ ਆਏ ਲੋਕਾਂ, ਖਾਸ ਕਰਕੇ ਜਿਨ੍ਹਾਂ ਦੀ ਸਿਹਤ ਦੀ ਜਾਂਚ ਪੜਤਾਲ ਬਾਰੇ ਕੋਈ ਜਾਣਕਾਰੀ ਨਹੀਂ ਸੀ, ਨੂੰ ਦੂਸਰੇ ਲੋਕਾਂ ਨਾਲ ਨਾ ਰਲਾਉਂਦੇ।

ਸਪੱਸ਼ਟ ਤੌਰ ਉੱਤੇ ਇਸ ਮਾਮਲੇ ਵਿਚ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਵੱਡੀਆਂ ਕੁਤਾਹੀਆਂ ਕੀਤੀਆਂ ਗਈਆਂ ਹਨ। ਮਹਾਂਰਾਸ਼ਟਰ ਸਰਕਾਰ ਅਤੇ ਨਾਦੇੜ ਪ੍ਰਸ਼ਾਸਨ ਵੀ ਇਸ ਮਾਮਲੇ ਵਿਚ ਸਵਾਲਾਂ ਦੇ ਘੇਰੇ ਵਿਚ ਹਨ। ਹੁਣ ਇਹ ਧਿਰਾਂ ਇਕ ਦੂਜੇ ਦੀ ਨੁਕਤਾਚੀਨੀ ਕਰਕੇ ਅਸਲ ਮਾਮਲੇ ਤੋਂ ਧਿਆਨ ਦੂਰ ਰੱਖਣ ਦੀ ਕੋਸ਼ਿਸ਼ ਵਿਚ ਹਨ ਜਦਕਿ ਨਵੀਂ ਸਾਹਮਣੇ ਆਈ ਇਸ ਜਾਣਕਾਰੀ ਤੋਂ ਸਾਫ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਬਾਦਲ ਦਲ ਦੇ ਸੰਬੰਧਤ ਆਗੂਆਂ ਦੀ ਨਾਅਹਿਲੀਅਤ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਸੈਕੜੇ ਲੋਕ ਮਹਾਂਮਾਰੀ ਦੀ ਲਪੇਟ ਵਿਚ ਆ ਗਏ ਹਨ।

ਹੋਰ ਜੁੜਵੇਂ ਮਾਮਲੇ:

ਪੰਜਾਬ ਸਰਕਾਰ ਦੀ ਬਦਇੰਤਜ਼ਾਮੀ ਅਤੇ ਕੁਤਾਹੀਆਂ:

ਇਸ ਗੱਲ ਦੀਆਂ ਹੁਣ ਤੱਕ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਕਿ ਹਜ਼ੂਰ ਸਾਹਿਬ ਤੋਂ ਵਾਪਸ ਲਿਆਂਦੀ ਸਿੱਖ ਸੰਗਤ ਲਈ ਪੰਜਾਬ ਸਰਕਾਰ ਵੱਲੋਂ ਕੋਈ ਚੰਗੇ ਅਤੇ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕੀਤੀਆਂ ਕਈ ਵੱਡੀਆਂ ਕੁਤਾਹੀਆਂ ਵੀ ਸਾਹਮਣੇ ਆਈਆਂ ਹਨ।

ਕਈ ਯਾਤਰੀਆਂ ਨੂੰ ਕਰੋਨਾ ਟੈਸਟ ਅਤੇ ਇਕਾਂਤਵਾਸ ਕੇਂਦਰਾਂ ਵਿੱਚ ਰੱਖੇ ਬਿਨਾਂ ਹੀ ਮੁੱਢਲੀ ਜਾਂਚ ਕਰਕੇ ਘਰਾਂ ਨੂੰ ਭੇਜ ਦਿੱਤਾ ਗਿਆ।

ਸਿੱਖ ਯਾਤਰੀਆਂ ਵਿੱਚ ਸ਼ਾਮਿਲ ਕਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਲਿਆਂਦੇ ਜਾਣ ਤੋਂ ਬਾਅਦ ਉਨ੍ਹਾਂ ਦਾ ਤਾਪ ਮਾਪ ਕੇ ਅਤੇ ਘਰੇ ਹੀ ਅਲਹਿਦਗੀ ਵਿੱਚ ਰਹਿਣ ਦੀਆਂ ਹਦਾਇਤਾਂ ਦੇ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।

ਉਸ ਨੇ ਕਿਹਾ ਕਿ ਅਸੀਂ ਆਪ ਹੀ ਪਹੁੰਚ ਕਰਕੇ ਆਪਣਾ ਕਰੋਨਾ ਦਾ ਟੈਸਟ ਕਰਵਾਇਆ ਹੈ।

ਸਾਡੇ ਵਿੱਚੋਂ ਕੋਈ ਵੀ ਬਿਮਾਰ ਨਹੀਂ ਸੀ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਸਨ ਪਰ ਸਾਡੇ ਪਰਿਵਾਰ ਨੇ ਹੀ ਫੈਸਲਾ ਕੀਤਾ ਕਿ ਸਮਾਜਿਕ ਜ਼ਿੰਮੇਵਾਰੀ ਨੂੰ ਧਿਆਨ ਵਿੱਚ ਰੱਖਦਿਆਂ ਕਵਿਡ-19 ਦਾ ਟੈਸਟ ਕਰਵਾ ਲਿਆ ਜਾਵੇ, ਉਸ ਨੇ ਕਿਹਾ।

ਕਰਮਜੀਤ ਸਿੰਘ ਨੇ ਕਿਹਾ ਕਿ ਜਾਂਚ ਤੋਂ ਬਾਅਦ ਉਹ ਅਤੇ ਉਸ ਦੇ ਕੁਝ ਹੋਰ ਪਰਿਵਾਰਕ ਜੀਆਂ ਵਿੱਚ ਕਰੋਨਾ ਵਾਇਰਸ ਦੀ ਲਾਗ ਸਾਹਮਣੇ ਆਈ ਹੈ।

ਸਿੱਖ ਯਾਤਰੀਆਂ ਨੂੰ ਪੰਜਾਬ ਲਿਆਉਣ ਤੋਂ ਬਾਅਦ ਡੇਰਿਆਂ ਵਿੱਚ ਫਸਾਇਆ ਗਿਆ:

ਪੰਜਾਬ ਸਰਕਾਰ ਦੀ ਬਦਇੰਤਜ਼ਾਮੀ ਨੂੰ ਉਜਾਗਰ ਕਰਦਿਆਂ ਹੁਣ ਅਜਿਹੀਆਂ ਕਈ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਨਾਂਦੇੜ ਸਾਹਿਬ ਤੋਂ ਵਾਪਸ ਲਿਆਂਦੇ ਗਏ ਯਾਤਰੀ ਇਹ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਦੀਆਂ ਭਾਵਨਾਵਾਂ ਦੇ ਉਲਟ ਉਨ੍ਹਾਂ ਨੂੰ ਦੇਹਧਾਰੀਆਂ ਦੇ ਡੇਰਿਆਂ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਡੇਰਿਆਂ ਵਿੱਚ ਯਾਤਰੀਆਂ ਦੇ ਠਹਿਰਾਅ ਲਈ ਲੋੜੀਂਦੇ ਪ੍ਰਬੰਧ ਵੀ ਨਹੀਂ ਕੀਤੇ ਗਏ।

ਕਈ ਲੋਕਾਂ ਨੇ ਵੀਡੀਓ ਬਣਾ ਕੇ ਇਹ ਇਤਰਾਜ਼ ਸਾਂਝੇ ਕੀਤੇ ਹਨ ਕਿ ਜਦੋਂ ਇਸ ਗੱਲ ਦੀ ਚਰਚਾ ਸ਼ੁਰੂ ਹੋਈ ਕਿ ਹਜ਼ੂਰ ਸਾਹਿਬ ਤੋਂ ਆਏ ਯਾਤਰੀਆਂ ਵਿੱਚ ਕਰੋਨੇ ਦੀ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਇਕਾਂਤਵਾਸ ਕੇਂਦਰ ਵਜੋਂ ਵਰਤੇ ਜਾ ਰਹੇ ਇਨ੍ਹਾਂ ਡੇਰਿਆਂ ਦੇ ਮੁਲਾਜ਼ਮ ਸਿੱਖ ਯਾਤਰੀਆਂ ਨੂੰ ਡੇਰਿਆਂ ਵਿੱਚ ਛੱਡ ਕੇ ਹੀ ਚਲੇ ਗਏ।

Vilifying Propaganda by Various Sections of Indian Media:

ਯਾਤਰੀਆਂ ਨੇ ਇਹ ਦੋਸ਼ ਵੀ ਲਗਾਏ ਹਨ ਕਿ ਇਨ੍ਹਾਂ ਕਥਿਤ ਇਕਾਂਤਵਾਸ ਕੇਂਦਰਾਂ ਵਿੱਚ ਪਾਣੀ, ਸਫਾਈ ਅਤੇ ਖਾਣੇ ਦੇ ਪੁਖਤਾ ਪ੍ਰਬੰਧ ਨਹੀਂ ਹਨ।

ਚਾਹੀਦਾ ਤਾਂ ਇਹ ਸੀ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਿੱਖ ਯਾਤਰੀਆਂ ਨੂੰ ਇਕਾਂਤਵਾਸ ਵਿੱਚ ਰੱਖਣ ਲਈ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਨੂੰ ਇਕਾਂਤਵਾਸ ਕੇਂਦਰਾਂ ਵਜੋਂ ਵਰਤਿਆ ਜਾਂਦਾ ਜਿੱਥੇ ਕਿ ਸਿੱਖ ਸੰਗਤ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਤਰੀਆਂ ਲਈ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। ਅਜਿਹਾ ਕਿਉਂ ਨਹੀਂ ਕੀਤਾ ਗਿਆ ਇਸ ਬਾਰੇ ਪੰਜਾਬ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।

ਭਾਰਤੀ ਮੀਡੀਏ ਵੱਲੋਂ ਹਜ਼ੂਰ ਸਾਹਿਬ ਤੋਂ ਪਰਤੇ ਯਾਰਤੀਆਂ ਪ੍ਰਤੀ ਨਫਰਤ ਦੀ ਮੁਹਿੰਮ:

ਸਿੱਖ ਯਾਤਰੀਆਂ ਨੂੰ ਹਜ਼ੂਰ ਸਾਹਿਬ ਤੋਂ ਵਾਪਿਸ ਲਿਆਉਣ ਤੋਂ ਬਾਅਦ ਜਦੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵਿਚ ਕਰੋਨੇ ਦੀ ਲਾਗ ਹੈ ਤਾਂ ਹਜ਼ੂਰ ਸਾਹਿਬ ਵਿਖੇ ਸਾਰਿਆਂ ਦੀ ਤਿੰਨ ਵਾਰ ਮੁੱਢਲੀ ਜਾਂਚ ਹੋਣ ਅਤੇ ਹਰ ਰੋਜ਼ ਤਾਪ ਦੀ ਜਾਂਚ ਕੀਤੇ ਜਾਣ ਜਿਹੇ ਤੱਥਾਂ ਨੂੰ ਅੱਖੋਂ ਪਰੋਖੇ ਕਰਕੇ ਭਾਰਤੀ ਮੀਡੀਏ ਦੇ ਕਈ ਹਿੱਸਿਆਂ ਨੇ ਸੰਗਤ ਨੂੰ ਇਹ ਦੋਸ਼ ਦੇਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਪੰਜਾਬ ਵਿਚ ਕਰੋਨੇ ਦੇ ਮਾਮਲਿਆਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਇਸ ਬਿਮਾਰੀ ਦਾ ਖਤਰਾ ਵਧਾ ਦਿੱਤਾ ਹੈ।

ਦੋਸ਼ ਦੇਣ ਦੀ ਇਸ ਮੁਹਿੰਮ ਵਿੱਚ ਈ.ਬੀ.ਪੀ. ਨਿਊਜ਼, ਇੰਡੀਅਨ ਐਕਸਪ੍ਰੈਸ ਅਤੇ ਇੰਡੀਆ ਟੂਡੇ ਜਿਹੇ ਨਾਮੀ ਅਦਾਰੇ ਵੀ ਸ਼ਾਮਿਲ ਹੋ ਗਏ।

ਇਨ੍ਹਾਂ ਅਦਾਰਿਆਂ ਵੱਲੋਂ ਮਾਮਲੇ ਨਾਲ ਜੁੜੇ ਤੱਥਾਂ ਦੀ ਘੋਖ ਕਰਨ ਦੀ ਬਜਾਏ ਇਹ ਕਿਹਾ ਜਾ ਰਿਹਾ ਸੀ ਕਿ ਸਿੱਖ ਸੰਗਤ ਪੰਜਾਬ ਵਿਚ ਦਿੱਲੀ ਦੀ ‘ਤਬਲੀਗੀ ਜਮਾਤ’ ਵਾਙ ਸੂਪਰ-ਸਪਰੈਡਰ ਸਾਬਿਤ ਹੋ ਸਕਦੀ ਹੈ।

ਇਨ੍ਹਾਂ ਅਦਾਰਿਆਂ ਦੀ ਅਜਿਹੀ ਪੱਤਰਕਾਰੀ ਨੇ ਨਾ ਸਿਰਫ ਸਿੱਖ ਸੰਗਤ ਨੂੰ ਬਦਨਾਮ ਕੀਤਾ ਬਲਕਿ ਸਿਆਸੀ ਆਗੂਆਂ ਦੀ ਨਾਅਹਿਲੀਅਤ ਅਤੇ ਸਰਕਾਰੀ ਨਾਕਾਮੀਆਂ ਦੀ ਵੀ ਪਰਦਾਪੋਸ਼ੀ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , ,