ਸਿੱਖ ਖਬਰਾਂ

ਦਿੱਲੀ ਦੀ ਘਟਨਾ ਦਰਸਾਉਂਦੀ ਹੈ ਕਿ ਇਸ ਖਿੱਤੇ ਚ ਜੰਗਲ ਰਾਜ ਚੱਲ ਰਿਹਾ ਹੈ: ਖਾਲੜਾ ਮਿਸ਼ਨ ਤੇ ਹੋਰ ਜਥੇਬੰਦੀਆਂ

June 19, 2019 | By

ਅੰਮ੍ਰਿਤਸਰ/ਤਰਨ ਤਾਰਨ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਦਿੱਲੀ ਵਿੱਚ ਸਿੱਖ ਨੌਜਵਾਨ ਸਰਬਜੀਤ ਸਿੰਘ ‘ਤੇ ਉਸ ਦੇ ਪੁੱਤਰ ਬਲਵੰਤ ਸਿੰਘ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੇਇਜਤ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਘਟਨਾਂ ਨੇ ਫਿਰ ਸਾਬਤ ਕੀਤਾ ਹੈ ਕਿ “ਮੰਨੂਵਾਦੀਏ” ਇਸ ਖਿੱਤੇ ਵਿੱਚ ਜੰਗਲ ਰਾਜ ਚਲਾ ਰਹੇ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਮੁਖਰਜੀ ਨਗਟ ਠਾਣੇ ਦੀ ਪੁਲਿਸ ਵੱਲੋਂ ਸਰਬਜੀਤ ਸਿੰਘ ਅਤੇ ਉਸਦੇ ਪੁੱਤਰ ਬਲਵੰਤ ਸਿੰਘ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਫੈਲਣ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਹ ਹੈ।

ਉਕਤ ਜਥੇਬੰਦੀਆਂ ਨੇ ਕਿਹਾ ਕਿ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਨੇ ਉਹੀ ਕੁੱਝ ਕੀਤਾ ਜੋ ਉਸ ਹਾਲਤ ਵਿਚ ਇਕ ਸਿੱਖ ਨੂੰ ਕਰਨਾ ਚਾਹੀਦਾ ਸੀ।

ਦਿੱਲੀ ਵਿਚ ਵਾਪਰੀ ਘਟਨਾ ਨਾਲ ਸੰਬੰਧਤ ਕੁਝ ਤਸਵੀਰਾਂ: ਉੱਪਰੋਂ ਹੇਠਾਂ- ਸੱਜਿਓਂ-ਖੱਬੇ: ਪੁਲਿਸ ਵੱਲੋਂ ਸਰਬਜੀਤ ਸਿੰਘ ਦੀ ਕੁੱਟਮਾਰ ਦਾ ਇਕ ਦ੍ਰਿਸ਼, ਸਰਬਜੀਤ ਸਿੰਘ, ਬਲਵੰਤ ਸਿੰਘ, ਸਰਬਜੀਤ ਸਿੰਘ ਦੀ ਪਿੱਠ ਤੇ ਪਈਆਂ ਲਾਸ਼ਾਂ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂ ਵਿਰਸਾ ਸਿੰਘ ਬਹਿਲਾ, ਸਤਵੰਤ ਸਿੰਘ ਮਾਣਕ , ਪੰਜਾਬ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂ ਬਾਬਾ ਦਰਸ਼ਨ ਸਿੰਘ, ਪੰਜਾਬ ਏਕਤਾ ਪਾਰਟੀ ਦੇ ਬਲਵਿੰਦਰ ਸਿੰਘ ਜੌਹਲ ਆਦਿ ਨੇ ਕਿਹਾ ਕਿ ਇਸ ਰਾਜ-ਤੰਤਰ ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਤੋਪਾਂ, ਟੈਂਕਾ ਨਾਲ ਹਮਲਾ ਕਰਨ ਵਾਲਿਆਂ, ਨਵੰਬਰ 1984 ਦੀ ਨਸਲਕੁਸ਼ੀ ਕਰ ਵਾਲਿਆਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਨੌਜਵਾਨਾਂ ਨੂੰ ਮਾਰ ਮੁਕਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਚੇ ਅਹੁਦੇ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਜੰਗਲ ਰਾਜ ਨੂੰ ਕਾਨੂੰਨ ਦਾ ਰਾਜ ਦੱਸ ਕੇ ਵਡਿਆਇਆ ਜਾਂਦਾ ਹੈ। ਗੱਲਾਂ ‘ਅੱਤਵਾਦ’ ਖਤਮ ਕਰਨ ਦੀਆਂ ਹੁੰਦੀਆਂ ਹਨ ਪਰ ਪ੍ਰਗਿਆ ਠਾਕਰ ਜੋ ਮਾਲੇਗਾਉਂ ਬੰਬ ਧਮਾਕਿਆਂ ਦੀ ਦੋਸ਼ੀ ਹੈ, ਭਾਜਪਾ ਦੀ ਐਮ. ਪੀ. ਬਣ ਜਾਂਦੀ ਹੈ।

ਆਗੂਆਂ ਨੇ ਕਿਹਾ ਕਿ ਅਮਰਿੰਦਰ ਸਿੰਘ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੀਆਂ ਝੂਠੀਆਂ ਸਹੁੰਆਂ ਖਾ ਰਿਹਾ ਹੈ ਪਰ ਜਵਾਨੀ ਹਰ ਰੋਜ ਨਸ਼ਿਆਂ ਦੀ ਭੇਂਟ ਚੜ੍ਹ ਰਹੀ ਹੈ।

ਉਨ੍ਹਾਂ ਕਿਹਾ ਕਿ ‘ਬਠਿਡਾ ਅੰਦਰ 22 ਸਾਲਾ ਨੌਜਵਾਨ ਕੁੜੀ ਦੀ ਚਿੱਟੇ (ਨਸ਼ੇ) ਨਾਲ ਹੋਈ ਮੌਤ ਨੇ ਪੰਜਾਬ ਨੂੰ ਸ਼ਰਮਸ਼ਾਰ ਕੀਤਾ ਹੈ ਪਰ ਕਾਂਗਰਸ, ਬਾਦਲ ਦਲ ਤੇ ਭਾਜਪਾ ਲਾਸ਼ਾ ਤੇ ਭੰਗੜੇ ਪਾ ਰਹੇ ਹਨ’।

ਆਗੂਆਂ ਨੇ ਕਿਹਾ ਕਿ ਫਿਰੋਜਪੁਰ ਦੇ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਸਟੇਜ ਤੋਂ ਬਾਦਲਕਿਆਂ ਅਤੇ ਕੈਪਟਨਕਿਆਂ ਨੂੰ ਬੁਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਉਸ ਨੇ ਸਾਫ ਕਿਹਾ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਣ ਕਰਕੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,