October 15, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ): ਸਾਲ 2015 ਵਿੱਚ ਬਾਦਲਾਂ ਦੀ ਸ਼ਹਿ ਤੇ ਅੰਜ਼ਾਮ ਦਿੱਤੇ ਗਏ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਸੱਚ ਸੁਨਾਉਣ ਵਾਲੇ ਅਖਬਾਰਾਂ ਤੇ ਬਿਜਲਈ ਮੀਡੀਆ ਦੇ ਬਾਈਕਾਟ ਦਾ ਸੱਦਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਦਾ ਸਿੱਖ ਸੰਗਤਾਂ ਨੇ ਹੀ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸਭ ਕੁਝ ਵੇਖਣ ਨੂੰ ਮਿਲਿਆ ਹੈ ਗੁਰਦਾਸਪੁਰ ਜਿਲ੍ਹੇ ਦੀ ਕਸਬਾ ਧਾਲੀਵਾਲ ਨੇੜਲੇ ਬਾਬਾ ਹਜਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਦੇ ਡੇਰੇ ‘ਤੇ ਇਕ ਗੁਰਮਤਿ ਸਮਾਗਮ ਮੌਕੇ।ਜਿਥੇ ਸਿੱਖ ਸੰਗਤਾਂ ਨੇ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਬਾਦਲ ਦਲ ਵਿਧਾਇਕ ਬਿਕਰਮ ਸਿੰਘ ਮਜੀਠੀਆ ਖਿਲਾਫ ਜਬਰਦਸਤ ਨਾਅਰੇਬਾਜੀ ਕਰਦਿਆਂ ਰੋਸ ਵਜੋਂ ਪੰਡਾਲ ਹੀ ਖਾਲੀ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਤੇ ਇਸ ਸਮਾਗਮ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਸ਼ੋਸ਼ਲ ਮੀਡੀਆ ਫੇਸਬੁੱਕ ਅਤੇ ਯੂ:ਟਿਊਬ ਤੇ ਫੈਲੀਆਂ ਬੋਲਦੀਆਂ ਮੂਰਤਾਂ ਮੁਤਾਬਕ ਕਸਬਾ ਮਹਿਤਾ ਤੋਂ 10 ਕਿਲੋਮੀਟਰ ਦੂਰ ਸਥਿਤ ਡੇਰਾ ਬਾਬਾ ਹਜਾਰਾ ਸਿੰਘ ਨਿੱਕੇ ਘੁਮਣ ਵਿਖੇ ਮੌਜੂਦਾ ਮੁਖੀ ਬਾਬਾ ਬੁੱਧ ਸਿੰਘ ਦੀ ਅਗਵਾਈ ਹੇਠ ਬਾਬਾ ਹਜਾਰਾ ਸਿੰਘ ਨਿੱਕੇ ਘੁੰਮਣਾ ਵਾਲਿਆਂ ਦੀ ਸਲਾਨਾ ਬਰਸੀ ਮਨਾਈ ਜਾ ਰਹੀ ਸੀ।
ਸ਼ਾਮ ਦੇ ਗਰਮਤਿ ਸਮਾਗਮ ਬਹੁਤ ਹੀ ਸੋਹਣੇ ਢੰਗ ਨਾਲ ਚਲ ਰਹੇ ਸਨ ਕਿ ਪ੍ਰਬੰਧਕਾਂ ਵਲੋਂ ਸੁਖਬੀਰ ਸਿੰਘ ਬਾਦਲ ਦਾ ਧੰਨਵਾਦੀ ਭਾਸ਼ਣ ਸ਼ੁਰੂ ਕਰ ਦਿੱਤੀ ਗਿਆ।ਬਸ ਫਿਰ ਕੀ ਸੀ ਵੇਖਦੇ ਹੀ ਵੇਖਦੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਉਠ ਖਲੋਤੀਆਂ ਤੇ ਬਾਦਲ ਦਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਖੀ ਦਸਦਿਆਂ ਸੁਖਬੀਰ ਬਾਦਲ ਖਿਲਾਫ ਨਾਅਰੇਬਾਜੀ ਕਰ ਦਿੱਤੀ ਗਈ। ਸੁਖਬੀਰ ਬਾਦਲ ਮੁਰਦਾਬਾਦ ਤੇ ਕੌਮ ਦੇ ਗਦਾਰ ਦੇ ਨਾਅਰੇ ਹੋਏ ਬੁਲੰਦ।
ਮਾਹੌਲ ਬਦਲਦਾ ਵੇਖਕੇ ਬਾਬਾ ਬੁਧ ਸਿੰਘ ਹੁਰਾਂ ਮਾਈਕ ਆਪਣੇ ਹੱਥ ਲੈਂਦਿਆਂ ਬੋਲਣਾ ਸ਼ੁਰੂ ਕਰ ਦਿੱਤਾ ਕਿ ‘ਇਹ ਡੇਰਾ ਹੈ, ਸੰਸਥਾ ਹੈ, ਬਾਬਾ ਹਜਾਰਾ ਸਿੰਘ ਘੁੰਮਣਾ ਵਾਲਿਆਂ ਦਾ ਅਸਥਾਨ ਹੈ, ਹਮੇਸ਼ਾਂ ਹੀ ਅਕਾਲੀ ਦਲ ਨਾਲ ਖੜਿਆ ਹੈ, ਤੁਸੀਂ ਜੋ ਕਰਨਾ ਹੈ ਕਰ ਲਵੋ, ਅਸੀਂ ਕਲ ਵੀ ਬਾਦਲ ਦਲ ਨਾਲ ਖੜੇ ਸਾਂ ਤੇ ਅੱਜ ਵੀ ਦਲ ਦੇ ਨਾਲ ਖੜੇ ਹਾਂ। ਮੈਂ ਪ੍ਰਧਾਨ ਸਾਹਿਬ ਤੇ ਬਿਕਰਮ ਜੀ ਨੂੰ ਬੇਨਤੀ ਕਰਾਂਗਾਂ ਕਿ ਸਟੇਜ ਤੇ ਆਉ ਤੇ ਸੰਬੋਧਨ ਕਰੋ। ਇਹ ਸਟੇਜ ਸਾਡੀ ਹੈ ਕਿਸੇ ਦੀ ਜ਼ੁਰਅਤ ਨਹੀ ਤੁਹਾਨੂੰ ਰੋਕਣ ਦੀ’।
ਪਰ ਸੁਖਬੀਰ ਬਾਦਲ ਦੀ ਗੁਰਮਤਿ ਸਮਾਗਮ ਵਿੱਚ ਮੌਜੂਦਗੀ ਨੂੰ ਲੈਕੇ ਜਦੋਂ ਵਿੱਚ ਆਈਆਂ ਸੰਗਤਾਂ ਨੇ ਨਾਅਰੇਬਾਜੀ ਬੰਦ ਨਾ ਕੀਤੀ ਤਾਂ ਇੱਕ ਵਾਰ ਬਾਬਾ ਬੁੱਧ ਸਿੰਘ, ਆਪਣੇ ਸੇਵਾਦਾਰਾਂ ਨੂੰ ਨਿਰਦੇਸ਼ ਦਿੰਦੇ ਵੇਖੇ ਗਏ ‘ਇਨ੍ਹਾਂ ਨੂੰ ਨੱਥ ਪਾ ਦਿਉ, ਵਿਛਾਅ ਦਿਉ ਤਾਂ ਕਿ ਕਿਸੇ ਦੀ ਜ਼ੁਰਅਤ ਨਾ ਪਵੇ ਕਿ ਉਹ ਅੱਗੇ ਵਧੇ’।
ਮੱਜੜਜਾਲ ਤੇ ਫੈਲੀਆਂ ਇਹ ਬੋਲਦੀਆਂ ਮੂਰਤਾਂ ਦਸ ਰਹੀਆਂ ਹਨ ਕਿ ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਗੁਰਦਾਸਪੁਰ ਜਿਲ੍ਹੇ ਤੋਂ ਬਾਦਲ ਦਲ ਆਗੂ ਲਖਬੀਰ ਸਿੰਘ ਲੋਧੀਨੰਗਲ, ਰਵੀਕਰਨ ਸਿੰਘ ਕਾਹਲੋਂ, ਗੁਰਬਚਨ ਸਿੰਘ ਬੱਬੇਹਾਲੀ, ਸ਼੍ਰੋਮਣੀ ਕਮੇਟੀ ਕਾਰਜਕਾਰਣੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਵੀ ਮੌਜੂਦ ਸਨ। ਜਾਣਕਾਰਾਂ ਅਨੁਸਾਰ ਮਾਹੌਲ ਵਿਗੜਦਾ ਵੇਖ ਪੁਲਿਸ ਪ੍ਰਸ਼ਾਸ਼ਨ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵੱਖਰੇ ਕਮਰੇ ਵਿੱਚ ਬਿਠਾ ਲਿਆ ਤੇ ਫਿਰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵਾਪਸੀ ਕਰਵਾਈ।
Related Topics: Bikramjit Singh Majithia, Punjab Politics, Shiromani Akali Dal, Sukhbir Badal, sukhbir singh badal