ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਮਿਥਹਾਸ ਨੂੰ ਇਤਿਹਾਸ ਅਤੇ ਇਤਿਹਾਸ ਦੇ ਤੱਥਾਂ ਦੀ ਤੋੜ-ਭੰਨ ਕਰਦੀ ਹੈ 12ਵੀਂ ਦੀ ਨਵੀਂ ਕਿਤਾਬ: ਤੱਥ ਪੜਚੋਲ ਕਮੇਟੀ

May 4, 2018 | By

ਚੰਡੀਗੜ੍ਹ: ਗੁਰਗਿਆਨ ਇੰਸਟੀਚਿਊਟ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਸਿੱਧੂ, ਮੁਖੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 12ਵੀਂ ਕਲਾਸ ਦੀ ਇਤਿਹਾਸ ਦੀ ਵਿਵਾਦਿਤ ਪੁਸਤਕ ਬਾਰੇ ਹੱਥ ਖੋਜ ਕਮੇਟੀ ਦਾ ਗਠਨ ਕਰਕੇ ਇੱਕ ਰਿਵਿਊ ਰਿਪੋਰਟ ਤਿਆਰ ਕਰਵਾਈ। ਇਸ ਸੰਬੰਧੀ ਰਿਪੋਰਟ ਦੀ ਕਾਪੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਸੋਂਪਣ ਉਪਰੰਤ ਪ੍ਰੈਸ ਕਾਨਫਰੰਸ ਵਿਚ ਜਾਰੀ ਕਰਦਿਆਂ ਦੱਸਿਆ ਕਿ 12ਵੀਂ ਦੇ ਇਤਿਹਾਸ ਦੀ ਪੁਸਤਕ ਕਿਸੇ ਵੀ ਪੱਖ ਤੋਂ ਪਾਠ-ਪੁਸਤਕ ਦੇ ਮਾਪ-ਦੰਡਾਂ ‘ਤੇ ਖਰੀ ਨਹੀਂ ਉਤਰਦੀ। ਇਤਿਹਾਸਕ ਵਿਧੀ ਨਾਲ ਪੁਸਤਕ ਲਿਖਣ ਦੀ ਬਜਾਇ ਇਧਰੋਂ-ਉਧਰੋਂ ਇਕੱਠੀ ਕੀਤੀ ਜਾਣਕਾਰੀ ਦਾ ਨਾ ਕੋਈ ਹਵਾਲਾ ਹੈ ਅਤੇ ਨਾ ਹੀ ਕੋਈ ਅਧਾਰ ਹੈ। ਪੁਸਤਕ ਦੇ ਵਿਚ ਸਾਹਮਣੇ ਆ ਰਹੀਆਂ ਤਰੁੱਟੀਆਂ ਆਮ ਨਹੀਂ ਅਤੇ ਨਾ ਹੀ ਕਿਸੇ ਅਣਗਹਿਲੀ ਦਾ ਨਤੀਜਾ ਹੈ। ਪੁਸਤਕ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਜਾਣਬੁਝ ਕੇ ਤੱਥਾਂ ਨੂੰ ਤੋੜ ਕੇ ਇਤਿਹਾਸ ਨੂੰ ਗਲਤ ਰੰਗਤ ਦਿਤੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਗੁਰਮੀਤ ਸਿੰਘ ਸਿੱਧੂ ਅਤੇ ਹੋਰ

ਭਾਰਤੀ ਰਾਸ਼ਟਰਵਾਦ ਨੂੰ ਤਿੰਨ ਪਾਠਾਂ ਵਿਚ ਰੱਖਿਆ ਗਿਆ ਹੈ ਜਦੋਂ ਕਿ ਰਾਸ਼ਟਰਵਾਦ ਇਤਿਹਾਸ ਨਾਲੋਂ ਵਧੇਰੇ ਰਾਜਨੀਤੀ ਵਿਗਿਆਨ ਦਾ ਵਿਸ਼ਾ ਹੈ। ਪੰਜਾਬ ਦੇ ਇਤਿਹਾਸ ਦੇ ਮਹੱਤਵ ਨੂੰ ਘਟਾਉਣ ਲਈ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਇਤਿਹਾਸ ਦੀ ਕਿਤਾਬ ਬਾਰੇ ਜੀ.ਆਈ.ਐਚ.ਸੀ. ਵਲੋਂ ਤਿਆਰ ਕੀਤੀ ਰਿਵਿਊ ਰਿਪੋਰਟ ਵਿਚ ਇਹ ਤੱਥ ਸਾਹਮਣੇ ਆਇਆ ਹੈ ਕਿ ਇਹ ਪਾਠ ਪੁਸਤਕ ਕਿਸੇ ਵੀ ਪੱਖ ਤੋਂ ਮਿਆਰੀ ਨਹੀਂ ਹੈ।

ਇਸ ਪੁਸਤਕ ਵਿਚ ਮਿਥਿਹਾਸ ਨੂੰ ਇਤਿਹਾਸ ਸਿੱਧ ਕਰਨ ਲਈ ਇਤਿਹਾਸ ਅਤੇ ਇਤਿਹਾਸਕ ਤੱਥਾਂ ਦੀ ਭੰਨ ਤੋੜ ਕੀਤੀ ਗਈ ਹੈ। ‘ਸੈਕੂਲਰ ਰਾਸ਼ਟਰਵਾਦ’ ਦੀ ਥਾਂ ਤੇ ਹਿੰਦੂਤਵਵਾਦੀ ਰਾਸ਼ਟਰਵਾਦ ਦੀ ਨੀਂਹ ਮਜਬੂਤ ਕਰਨ ਲਈ ਅਤੇ ਸਿੱਖ ਪਛਾਣ ਦੀ ਮੌਲਿਕਤਾ ਨੂੰ ਖਤਮ ਕਰਨ ਦੀ ਸਾਜਿਸ਼ ਦੇ ਅਧੀਨ ਇਹ ਪੁਸਤਕ ਤਿਆਰ ਕੀਤੀ ਗਈ ਹੈ। (ਪਹਿਲਾਂ 12ਵੀਂ ਦੀ ਕਿਤਾਬ ਤਿਆਰ ਕੀਤੀ ਹੈ। 11ਵੀਂ ਜਮਾਤ ਵਿਚ ਪੰਜਾਬ ਦੇ ਇਤਿਹਾਸ ‘ਤੇ ਕੇਵਲ ਇਕ ਭਾਗ ਰੱਖਿਆ ਹੈ)।

ਸਬੰਧਿਤ ਖ਼ਬਰ: 12ਵੀਂ ਜਮਾਤ ਦੀ ਇਤਿਹਾਸ ਦੀ ਵਿਵਾਦਿਤ ਕਿਤਾਬ ਬਾਰੇ ਤੱਥ ਪੜਚੋਲ ਕਮੇਟੀ ਦੀ ਪੂਰੀ ਰਿਪੋਰਟ ਪੜ੍ਹੋ

ਸਿੱਖ ਧਰਮ ਨੂੰ ਰਾਮ ਭਗਤੀ ਦਾ ਹਿੱਸਾ ਬਣਾਉਣ ਲਈ ਗੁਰੂ ਨਾਨਕ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ‘ਭਗਤੀ ਦੇ ਨਵੇਂ ਰੰਗ’ ਪਾਠ ਵਿਚ ਸ਼ਾਮਿਲ ਕੀਤਾ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਨ੍ਹਾਂ ਵਲੋਂ ਸਾਜੇ ਖਾਲਸੇ ਦਾ ਜ਼ਿਕਰ ਜਾਣ ਬੁਝ ਕੇ ਨਹੀਂ ਕੀਤਾ ਗਿਆ। ਭਗਤ ਨਾਮਦੇਵ ਜੀ ਦੇ ਗੁਰਦੁਆਰੇ ਨੂੰ ਮੰਦਰ ਲਿਖਿਆ ਹੈ। ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਬੁੱਤ ਨੂੰ ਮੂਰਤੀ ਲਿਖਿਆ ਹੈ। ਪੁਰਾਣ ਸਾਹਿਤ ਨੂੰ ਇਤਿਹਾਸ ਬਣਾਉਣ ਦੀ ਗੈਰ-ਇਤਿਹਾਸਕ ਕੋਸ਼ਿਸ਼ ਕੀਤੀ ਗਈ ਹੈ। ਮਹਾਤਮਾਂ ਬੁੱਧ ਦੇ ਗਿਆਨ ਨੂੰ ਪਰਮਾਤਮਾ ਦਾ ਗਿਆਨ ਲਿਖਿਆ ਹੈ ਜਦੋਂ ਕਿ ਬੁੱਧ ਸੰਬੰਧੀ ਸਾਹਿਤ ਵਿਚ ਪਰਮਾਤਮਾ ਦੇ ਗਿਆਨ ਦਾ ਕੋਈ ਜ਼ਿਕਰ ਨਹੀਂ ਹੈ। ਇਸ ਪੁਸਤਕ ਦੇ ਮਿਆਰ ਨੂੰ ਪਰਖਣ ਲਈ ਰਿਵਿਊ ਕਮੇਟੀ ਨੇ ਨਮੂਨੇ ਵਜੋਂ ਕੁਝ ਪ੍ਰਸ਼ਨ ਦਿਤੇ ਅਤੇ ਬੋਰਡ ਅਧਿਕਾਰੀਆਂ ਨੂੰ ਕਿਹਾ ਕਿ ਉਹ ਪ੍ਰਸ਼ਨ ਵਿਚੋਂ ਬੁਨਿਆਦੀ ਪ੍ਰਸ਼ਨਾਂ ਦੇ ਉਤਰ ਲੱਭ ਕੇ ਦੱਸਣ। ਇਸ ਪੁਸਤਕ ਵਿਚ ਸੰਬੰਧੀ ਬੋਰਡ ਅਧਿਕਾਰੀ ਹੁਣ ਗਲਤੀਆਂ ਦੀ ਗੱਲ ਮੰਨਣ ਲਗੇ ਹਨ ਪਰ ਇਹ ਗਲਤੀਆਂ ਸਾਜਿਸ਼ ਅਧੀਨ ਕੀਤੀਆਂ ਗਈਆਂ ਹਨ। ਇਸ ਪੁਸਤਕ ਵਿਚ ਘੱਟ ਗਿਣਤੀ ਧਰਮਾਂ ਦਾ ਇਤਿਹਾਸ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮਹਾਤਮਾ ਬੁੱਧ ਦੀਆਂ ਸਿੱਖਿਆਵਾਂ, ਕੀਰਤਨ, ਭਗਤੀ ਆਦਿ ਸੰਬੰਧੀ ਨਿਰ ਅਧਾਰ ਟਿਪਣੀਆਂ ਕੀਤੀਆਂ ਗਈਆਂ ਹਨ। ਪੁਸਤਕ ਵਿਚ ਗਤੀਵਿਧੀਆਂ ਰਾਹੀ ਮਿਥਿਹਾਸ ਵਿਚ ਇਤਿਹਾਸ ਖੋਜਣ ਦਾ ਕਾਰਜ ਦਿਤਾ ਗਿਆ ਹੈ। ਇਹ ਕਾਰਜ ਯੂਨੀਵਰਸਿਟੀ ਪੱਧਰ ਦੇ ਵਿਦਵਾਨ ਨਹੀਂ ਕਰ ਸਕੇ 12ਵੀਂ ਦੇ ਵਿਦਿਆਰਥੀ ਕਿਸ ਤਰ੍ਹਾਂ ਕਰਨਗੇ। ਕਮੇਟੀ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿਤਾ ਕਿ ਇਤਿਹਾਸ ਦੀ ਇਹ ਪੁਸਤਕ ਤੁਰੰਤ ਵਾਪਸ ਲਈ ਜਾਵੇ ਅਤੇ ਪਹਿਲਾਂ 11ਵੀਂ ਜਮਾਤ ਦੀ ਪਾਠ ਪੁਸਤਕ ਤਿਆਰ ਕੀਤੀ ਜਾਵੇ। ਵਿਦਿਆਰਥੀਆਂ ਦੇ ਹੋ ਰਹੇ ਨੁਕਸਾਨ ਨੂੰ ਧਿਆਨ ਵਿਚ ਰੱਖ ਕੇ ਫਿਲਹਾਲ ਪੁਰਾਣਾ ਸਿਲੇਬਸ ਹੀ ਲਾਗੂ ਕੀਤਾ ਜਾਵੇ। ਇੰਸਟੀਚਿਊਟ ਦੇ ਸਕੱਤਰ ਡਾ. ਗੁਰਵੀਰ ਸਿੰਘ ਨੇ ਦੱਸਿਆ ਕਿ ਇਸ ਰਿਪੋਰਟ ਨੂੰ ਤਿਆਰ ਕਰਨ ਲਈ ਪਾਠ-ਪੁਸਤਕ ਦੇ ਵਿਸ਼ਲੇਸ਼ਣ ਤੋਂ ਇਲਾਵਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨਾਂ, ਇਤਿਹਾਸਕਾਰਾਂ, ਸਿੱਖ ਵਿਦਵਾਨਾਂ, ਸਕੂਲ ਲੈਕਚਰਾਰਾਂ ਅਤੇ ਇਤਿਹਾਸ ਪੜ੍ਹਦੇ ਵਿਦਿਆਰਥੀਆਂ ਨਾਲ ਲੰਮੀਆਂ ਮੁਲਾਕਾਤਾਂ ਕਰਕੇ ਤੱਥ ਖੋਜੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,