November 10, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਬੀਤੇ ਕੱਲ੍ਹ 9 ਨਵੰਬਰ, 2017 (ਵੀਰਵਾਰ) ਨੂੰ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਕਰਨੀ ਕੋਈ ਗਲਤ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਵੱਖਰੀ ਕੌਮ ਹੈ, ਖ਼ਾਲਿਸਤਾਨ ਦੀ ਮੰਗ ਨਾ ਤਾਂ ਗ਼ੈਰਕਾਨੂੰਨੀ ਹੈ ਅਤੇ ਨਾ ਹੀ ਕੋਈ ਅਪਰਾਧ ਹੈ।
ਹਾਲਾਂਕਿ ਉਹ ਬਾਦਲ ਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਕਮੇਟੀ ਨਾਲ ਸਬੰਧ ਰੱਖਦੇ ਹਨ। ਬਡੂੰਗਰ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵਲੋਂ ਅਮਰੀਕਾ ‘ਚ ਹੋਬੋਕਨ ਸ਼ਹਿਰ ਦੇ ਮੇਅਰ ਦੀ ਚੋਣ ਮੌਕੇ ਰਵਿੰਦਰ ਸਿੰਘ ਭੱਲਾ ਨੂੰ “ਅੱਤਵਾਦੀ” ਕਹੇ ਜਾਣ ਦੀ ਘਟਨਾ ਦੇ ਸਬੰਧ ‘ਚ ਪੁੱਛੇ ਸਵਾਲ ਦੇ ਜਵਾਬ ‘ਚ ਉਪਰੋਕਤ ਗੱਲ ਕਹੀ।
ਪ੍ਰੋ. ਬਡੂੰਗਰ ਨੇ ਉਦਾਹਰਣ ਦਿੱਤੀ ਕਿ 1984 ‘ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੋ ਸਿੱਖਾਂ ਨੇ ਚੰਡੀਗੜ੍ਹ ‘ਚ ਖ਼ਾਲਿਸਤਾਨ ਦੇ ਨਾਅਰੇ ਜਨਤਕ ਤੌਰ ‘ਤੇ ਲਾਏ। ਪਰ ਅਦਾਲਤ ਨੇ ਇਹ ਕਹਿ ਕੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਕਿ ਖ਼ਾਲਿਸਤਾਨ ਦੇ ਨਾਅਰੇ ਮਾਰਨੇ ‘ਦੇਸ਼ਧ੍ਰੋਹ’ ਨਹੀਂ, ਜਦੋਂ ਤਕ ਕਿ ਇਸ ਵਿਚ ਹਿੰਸਾ ਨੂੰ ਉਭਾਰਨ ਦੀ ਗੱਲ ਨਾ ਹੋਵੇ।
ਜਦੋਂ ਮੀਡੀਆ ਨੇ ਇਸ ਵਿਦੇਸ਼ਾਂ ‘ਚ ਕੁਝ ਆਗੂਆਂ ਬਾਰੇ ਪੁੱਛਿਆ ਗਿਆ ਜਿਨ੍ਹਾਂ ਨੂੰ “ਖ਼ਾਲਿਸਤਾਨੀਆਂ” ਕਿਹਾ ਜਾਂਦਾ ਹੈ ਤਾਂ ਉਸਦੇ ਜਵਾਬ ‘ਚ ਪ੍ਰੋ. ਬਡੂੰਗਰ ਨੇ ਕਿਹਾ, “ਆਇਰਲੈਂਡ ਦੇ ਲੋਕ ਇੰਗਲੈਂਡ ਤੋਂ ਆਜ਼ਾਦ ਹੋਣਾ ਚਾਹੁੰਦੇ ਹਨ, ਇਸੇ ਤਰ੍ਹਾਂ ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਦਾ ਮਸਲਾ ਹੈ”। ਉਨ੍ਹਾਂ ਹੋਰ ਉਦਾਹਰਣਾਂ ਦਿੰਦਿਆਂ ਕਿਹਾ ਕਿ ਇਹ ਸਿਰਫ ਸਿੱਖਾਂ ਦਾ ਮਸਲਾ ਨਹੀਂ ਦੁਨੀਆ ‘ਚ ਹੋਰ ਥਾਵਾਂ ‘ਤੇ ਵੀ ਅਜ਼ਾਦੀ ਦੀਆਂ ਗੱਲਾਂ ਹੋ ਰਹੀਆਂ ਹਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਮਰੀਕਾ ‘ਚ ਮੇਅਰ ਬਣੇ ਸਿੱਖ ਰਵਿੰਦਰ ਸਿੰਘ ਭੱਲਾ (ਰਵੀ ਭੱਲਾ) ਦਾ ਦਰਬਾਰ ਸਾਹਿਬ ਆਉਣ ‘ਤੇ ਸਨਮਾਨ ਕਰੇਗੀ। ਉਨ੍ਹਾਂ ਅੰਮ੍ਰਿਤਸਰ ਦੇ ਕੱਟੜਪੰਥੀ ਹਿੰਦੂ ਆਗੂ ਸੁਧੀਰ ਸੂਰੀ ਵਲੋਂ ਦਿੱਤੇ ਸਿੱਖ ਵਿਰੋਧੀ ਬਿਆਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਅਜਿਹੇ ਅਨਸਰਾਂ ਨੂੰ ਕਾਬੂ ‘ਚ ਰੱਖੇ।
Related Topics: Khalistan Demand, Khalistan Movement, Prof. Kirpal Singh Badunger, Ravinder Singh Bhalla, Shiromani Gurdwara Parbandhak Committee (SGPC), Sikhs in Untied States, Simranjeet Singh Mann, sudhir suri