ਵਿਦੇਸ਼ » ਸਿੱਖ ਖਬਰਾਂ

ਯੂ.ਕੇ. ਦੇ ਨਾਗਰਿਕ ਜਗਤਾਰ ਸਿੰਘ ਦੇ ਸਹੁਰਾ ਪਰਿਵਾਰ ਵੱਲੋਂ ਪੁਲਿਸ ‘ਤੇ ਝੂਠਾ ਕੇਸ ਪਾਉਣ ਦਾ ਦੋਸ਼

November 9, 2017 | By

ਜਲੰਧਰ: ਪੁਲਿਸ ਵੱਲੋਂ ਆਰਐੱਸਐੱਸ ਆਗੂ ਜਗਦੀਸ਼ ਗਗਨੇਜਾ ਦੇ ਕਤਲ ਲਈ ਵਰਤੇ ਹਥਿਆਰਾਂ ਲਈ ਪੈਸੇ ਦੇਣ ਦੇ ਦੋਸ਼ਾਂ ਹੇਠ ਜਲੰਧਰ ਤੋਂ ਚੁੱਕੇ ਜਗਤਾਰ ਸਿੰਘ ਦੇ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਵਾਈ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਇੰਗਲੈਂਡ ਤੋਂ ਆਏ ਜਗਤਾਰ ਸਿੰਘ ਨੂੰ ਪੰਜਾਬ ਪੁਲਿਸ ਨੇ ਜਗਦੀਸ਼ ਗਗਨੇਜਾ ਦੇ ਕਤਲ ਲਈ ਵਰਤੇ ਹਥਿਆਰਾਂ ਲਈ ਪੈਸੇ ਦੇਣ ਦਾ ਦੋਸ਼ ਲਾ ਕੇ 4 ਨਵੰਬਰ ਨੂੰ ਉਦੋਂ ਚੁੱਕ ਲਿਆ ਸੀ, ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਚੰਡੀਗੜ੍ਹ ਜਾ ਰਿਹਾ ਸੀ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਜਗਤਾਰ ਸਿੰਘ ਦਾ ਵਿਆਹ 18 ਅਕਤੂਬਰ ਨੂੰ ਮਹਿਤਪੁਰ ਦੇ ਪਿੰਡ ਸੋਹਲ ਜਗੀਰ ਵਿੱਚ ਹੋਇਆ ਸੀ। ਉਧਰ, ਪੁਲਿਸ ਦਾ ਦਾਅਵਾ ਹੈ ਕਿ ਜਗਦੀਸ਼ ਗਗਨੇਜਾ ਦੇ ਕਤਲ ਲਈ ਵਰਤੇ ਹਥਿਆਰਾਂ ਲਈ ਜਗਤਾਰ ਸਿੰਘ ਨੇ ਇੰਗਲੈਂਡ ਤੋਂ ਚਾਰ ਹਜ਼ਾਰ ਪੌਂਡ ਭੇਜੇ ਸਨ। ਜਗਤਾਰ ਦੀ ਸੱਸ ਅਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਪੁਲੀਸ ਨੇ ਉਨ੍ਹਾਂ ਦੇ ਜਵਾਈ ਨੂੰ ਚੰਡੀਗੜ੍ਹ ਜਾਂਦਿਆਂ ਰਾਹ ’ਚੋਂ ਚੁੱਕਿਆ ਸੀ ਤਾਂ ਉਸ ਗੱਡੀ ਵਿੱਚ ਉਨ੍ਹਾਂ ਦੀ ਨਵ-ਵਿਆਹੀ ਧੀ ਤੇ ਜਗਤਾਰ ਦੀ ਭੈਣ ਵੀ ਸੀ। ਉਨ੍ਹਾਂ ਨੂੰ ਪੁਲਿਸ ਨੇ ਇਹ ਕਹਿ ਕੇ ਗੱਡੀ ’ਚੋਂ ਉਤਾਰ ਦਿੱਤਾ ਸੀ ਕਿ ਉਹ ਉਸ ਨੂੰ ਫ਼ਰੀਦਕੋਟ ਲੈ ਕੇ ਚੱਲੇ ਹਨ। ਫ਼ਰੀਦਕੋਟ ਲਿਜਾਣ ਵਾਲੇ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਉਹ ਸੀਆਈਡੀ ਤੋਂ ਹਨ। ਅਮਨਦੀਪ ਕੌਰ ਨੇ ਦੱਸਿਆ ਕਿ ਉਹ ਸਾਰੀ ਰਾਤ ਫ਼ਰੀਦਕੋਟ ਦੇ ਥਾਣਿਆਂ ਵਿੱਚ ਗੇੜੇ ਕੱਢਦੇ ਰਹੇ, ਪਰ ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਜਵਾਈ ਮੋਗਾ ਪੁਲਿਸ ਕੋਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਜਵਾਈ ਨਾਲ ਮਿਲਣ ਨਹੀਂ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਜਗਤਾਰ ਕਿਸੇ ਅਜਿਹੇ ਮਾਮਲੇ ਵਿਚ ਸ਼ਾਮਲ ਨਹੀਂ ਹੈ ਤੇ ਉਹ ਇੰਗਲੈਂਡ ਦਾ ਜੰਮਪਲ ਹੈ।

ਜ਼ਿਕਰਯੋਗ ਹੈ ਕਿ ਜੰਡਿਆਲਾ ਮੰਜਕੀ ਦੇ ਰਹਿਣ ਵਾਲੇ ਜਗਤਾਰ ਸਿੰਘ ਦੇ ਪਰਿਵਾਰਕ ਮੈਂਬਰ ਇੰਗਲੈਂਡ ਵਿੱਚ ਹੀ ਹਨ, ਇੱਥੇ ਸਿਰਫ਼ ਉਸ ਦੀ ਦਾਦੀ ਰਹਿੰਦੀ ਹੈ। ਉਸ ਦੀ ਦਾਦੀ ਦਾ ਕਹਿਣਾ ਹੈ ਕਿ ਪੁਲਿਸ ਘਰ ਤਲਾਸ਼ੀ ਲੈਣ ਆਉਂਦੀ ਰਹੀ, ਪਰ ਉਨ੍ਹਾਂ ਨੂੰ ਮਾਮਲੇ ਬਾਰੇ ਕੁਝ ਨਹੀਂ ਦੱਸਿਆ ਤੇ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਜਗਤਾਰ ਕਿੱਥੇ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ 7 ਨਵੰਬਰ, 2017 (ਮੰਗਲਵਾਰ) ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਅਤੇ ਹੋਰ ਹਿੰਦੂ ਆਗੂਆਂ ਦੇ ਕਤਲਾਂ ਲਈ ਜ਼ਿੰਮੇਵਾਰ ਚਾਰ ਬੰਦੇ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਦਾ ਸਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੇ ਇੰਗਲੈਂਡ ਵਿੱਚ ਰਹਿ ਰਹੇ ਖ਼ਾਲਿਸਤਾਨੀਆਂ ਨਾਲ ਦੱਸਿਆ ਗਿਆ ਹੈ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

ਆਈ. ਐਸ. ਆਈ ਦਾ ਹੱਥ ਹੋਣਾ ਦਾ ਦਾਅਵਾ ਮੁੜ ਦਹੁਰਾਇਆ – ਹੋਰਨਾਂ ਵੇਰਵਿਆਂ ਲਈ ਪੂਰੀ ਖਬਰ (ਅੰਗਰੇਜ਼ੀ ਵਿੱਚ) ਪੜ੍ਹੋ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,