June 8, 2011 | By ਸਿੱਖ ਸਿਆਸਤ ਬਿਊਰੋ
ਵੈਨਕੂਵਰ (05 ਜੂਨ, 2011): 1984 ਦੇ ਸ਼ਹੀਦੀ ਘਲੂਘਾਰੇ ਤੋਂ ਲੈ ਕੇ ਦਹਾਕੇ ਤੋਂ ਵਧ ਸਮੇਂ ਤਕ ਹੋਈ ਸਿਖ ਨਸਲਕੁਸ਼ੀ ’ਚ ਸ਼ਹੀਦੀਆਂ ਪਾਉਣ ਵਾਲੇ ਸਿੰਘ-ਸਿੰਘਣੀਆਂ ਤੇ ਬਚਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੈਨਕੂਵਰ ਡਾਊਨ ਟਾਊਨ ’ਚ ਹਰ ਵਰ੍ਹੇ ਦੀ ਤਰ੍ਹਾਂ ਮੋਮਬਤੀਆਂ ਜਗਾਈਆਂ ਗਈਆਂ। ਵੈਨਕੂਵਰ ਆਰਟ ਗੈਲਰੀ ਅਗੇ ਇਕਠੇ ਹੋਏ ਹਜ਼ਾਰਾਂ ਸਿਖਾਂ ਨੇ ਪਰਿਵਾਰਾਂ ਸਮੇਤ ਪੁਜ ਕੇ ਕੌਮੀ ਸ਼ਹੀਦਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਣ ਦਾ ਅਹਿਦ ਲਿਆ। ਸ਼ਹੀਦੀ ਸਮਾਗਮ ’ਚ ਵਡੀਆਂ ਸਕਰੀਨਾਂ ’ਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਤਸਵੀਰਾਂ ਤੇ ਵੀਡੀਓ ਦਿਖਾਈਆਂ ਗਈਆਂ, ਜੋ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹੋਏ ਭਾਰਤੀ ਫ਼ੌਜ ਦੇ ਹਮਲੇ ਦੀ ਕਹਾਣੀ ਪੇਸ਼ ਕਰ ਰਹੀਆਂ ਸਨ। ਇਸ ਮੌਕੇ ‘ਤੇ ਕੈਨੇਡਾ ਦੇ ਵਖ-ਵਖ ਹਿਸਿਆਂ ਤੋਂ ਇਲਾਵਾ ਇੰਗਲੈਂਡ ਤੋਂ ਵੀ ਸਿਖ ਬੁਲਾਰਿਆਂ ਨੇ ਹਾਜ਼ਰੀ ਲੁਆ ਕੇ ਇਤਿਹਾਸ ਤੋਂ ਜਾਣੂੰ ਕਰਵਾਇਆ। ਸਮਾਗਮ ਦਾ ਸੰਚਾਲਨ ਕੈਨੇਡੀਅਨ ਨੌਜਵਾਨ ਸਤਨਾਮ ਸਿੰਘ ਸਾਂਗਰਾ ਨੇ ਕੀਤਾ। ਬੇਸ਼ੱਕ ਉਸੇ ਹੀ ਸ਼ਾਮ ਆਈਸ ਹਾਕੀ ਦਾ ਮੈਚ ਵੀ ਸੀ, ਪਰ ਸੰਗਤ ਵੱਡੀ ਗਿਣਤੀ ’ਚ ਸ਼ਹੀਦਾਂ ਨੂੰ ਯਾਦ ਕਰਨ ਪਹੁੰਚੀ।
Related Topics: Sikh Diaspora, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)