ਸਿਆਸੀ ਖਬਰਾਂ

ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਮੁਤਾਬਕ; ਲੁਧਿਆਣਾ ‘ਚ ਪਾਦਰੀ ਦੇ ਕਤਲ ਪਿੱਛੇ ਵਿਦੇਸ਼ੀ ਤਾਕਤਾਂ

July 19, 2017 | By

ਲੁਧਿਆਣਾ: ਲੁਧਿਆਣਾ ਸ਼ਨੀਵਾਰ ਦੀ ਰਾਤ ਗਿਰਜਾਘਰ ਦੇ ਬਾਹਰ ਪਾਦਰੀ ਸੁਲਤਾਨ ਮਸੀਹ ਦੇ ਕਤਲ ਮਾਮਲੇ ਵਿੱਚ ਮੰਗਲਵਾਰ ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਪਾਦਰੀ ਦੇ ਪਰਿਵਾਰ ਨਾਲ ਬੰਦ ਕਮਰਾ ਮੁਲਾਕਾਤ ਵੀ ਕੀਤੀ। ਘਟਨਾ ਸਥਾਨ ਦਾ ਦੌਰਾ ਕਰਨ ਉਪਰੰਤ ਡੀਜੀਪੀ ਨੇ ਕਿਹਾ ਕਿ ਇਸ ਕਤਲ ਪਿੱਛੇ ਪਾਕਿਸਤਾਨ ਤੇ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਖ਼ਦਸ਼ਾ ਹੈ ਤੇ ਪੁਲਿਸ ਵੱਲੋਂ ਜਾਂਚ ਦੌਰਾਨ ਇਸ ਤੱਥ ਨੂੰ ਵੀ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਹੱਥ ਕੁਝ ਅਹਿਮ ਸਬੂਤ ਲੱਗੇ ਹਨ ਤੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਆਸ ਜਤਾਈ ਕਿ ਇਸ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੁਲਿਸ ਫਿਲਹਾਲ ਇਹ ਮੰਨ ਕੇ ਚੱਲ ਰਹੀ ਹੈ ਕਿ ਲੁਧਿਆਣਾ ਵਿੱਚ ਪਹਿਲਾਂ ਹੋਏ ਨਾਮਧਾਰੀ ਆਗੂ ਦੀ ਪਤਨੀ ਚੰਦ ਕੌਰ, ਹਿੰਦੂਵਾਦੀ ਜਥੇਬੰਦੀ ਦੇ ਆਗੂ ਅਮਿਤ ਸ਼ਰਮਾ ਦੇ ਕਤਲ ਅਤੇ ਦੁਰਗਾ ਗੁਪਤਾ ਆਦਿ ਕਤਲਾਂ ਨਾਲ ਇਸ ਕਤਲ ਦੀ ਕੜੀ ਜੁੜੀ ਹੋ ਸਕਦੀ ਹੈ।

ਡੀਜੀਪੀ ਸੁਰੇਸ਼ ਅਰੋੜਾ ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹੋਏ

ਡੀਜੀਪੀ ਸੁਰੇਸ਼ ਅਰੋੜਾ ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹੋਏ

ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਇਸ ਮਾਮਲੇ ’ਚ ਵੀ ਸੀਬੀਆਈ ਦੀ ਮਦਦ ਲਈ ਜਾ ਸਕਦੀ ਹੈ। ਯਾਦ ਰਹੇ ਕਿ ਬੀਤੇ ਦਿਨ ਡੀਜੀ ਇਟੈਲੀਜੈਂਸ ਨੇ ਸੀਬੀਆਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਡੀਜੀਪੀ ਨੇ ਇਸ ਕਤਲ ਪਿੱਛੇ ਕਿਸੇ ਗੈਂਗਸਟਰ ਜਾਂ ਨਿੱਜੀ ਰੰਜਿਸ਼ ਤੋਂ ਇਨਕਾਰ ਕੀਤਾ ਹੈ। ਇਸ ਮੌਕੇ ਪੁਲਿਸ ਕਮਿਸ਼ਨਰ ਆਰ.ਐਨ. ਢੋਕੇ, ਡੀਸੀਪੀ ਧਰੁਮਨ ਨਿੰਬਲੇ ਸਮੇਤ ਕਈ ਵੱਡੇ ਪੁਲਿਸ ਅਧਿਕਾਰੀ ਮੌਜੂਦ ਸਨ।

ਸਬੰਧਤ ਖ਼ਬਰ:

ਲੁਧਿਆਣਾ: ਮੋਟਰਸਾਈਕਲ ਸਵਾਰਾਂ ਵਲੋਂ ਚਰਚ ਸਾਹਮਣੇ ਪਾਸਟਰ ਸੁਲਤਾਨ ਮਸੀਹ ਦਾ ਕਤਲ …

ਪੰਜਾਬ ਸਰਕਾਰ ਵੱਲੋਂ ਪਾਦਰੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੇਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੇ ਕੀਤੇ ਵਾਅਦੇ ਮੁਤਾਬਕ ਡੀਜੀਪੀ ਸੁਰੇਸ਼ ਅਰੋੜਾ ਨੇ ਪਾਦਰੀ ਦੇ ਛੋਟੇ ਲੜਕੇ ਨੂੰ ਨਿਯੁਕਤੀ ਪੱਤਰ ਦਿੱਤਾ। ਪੁਲਿਸ ਕਮਿਸ਼ਨਰ ਦੇ ਨਾਮ ਦਿੱਤੇ ਇਸ ਪੱਤਰ ’ਚ ਲਿਖਿਆ ਹੈ ਕਿ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਲੜਕੇ ਨੂੰ ਪੁਲਿਸ ਵਿੱਚ ਸਿਪਾਹੀ ਰੱਖਿਆ ਜਾਵੇਗਾ। ਪਾਦਰੀ ਦਾ ਲੜਕਾ ਗਿਆਰ੍ਹਵੀਂ ਜਮਾਤ ’ਚ ਪੜ੍ਹਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,