ਸਿੱਖ ਖਬਰਾਂ

ਜੂਨ ‘੮੪ ਦੇ ਸ਼ਹੀਦਾਂ ਦੀਆਂ ਤਸਵੀਰਾਂ ਸ਼ਹੀਦੀ ਯਾਦਗਾਰ ਦੇ ਹੇਠਾਂ ਗੈਲਰੀ ਵਿਚ ਸਥਾਪਿਤ ਕੀਤੀਆਂ ਜਾਣਗੀਆਂ

June 15, 2017 | By

ਚੰਡੀਗੜ੍ਹ, ੧੫ ਜੂਨ (ਪ੍ਰੈਸ ਬਿਆਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਦੀ ਸਥਾਨਕ ਸਬ-ਆਫਿਸ ਵਿਖੇ ਅੱਜ ਹੋਈ ਇਕੱਤਰਤਾ ਵਿਚ ਕਈ ਅਹਿਮ ਫ਼ੈਸਲੇ ਕੀਤੇ ਗਏ। ਇਕੱਤਰਤਾ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਫ਼ੈਸਲਿਆਂ ਬਾਰੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਅੱਜ ਲਏ ਗਏ ਇਕ ਅਹਿਮ ਫ਼ੈਸਲੇ ਲੈਂਦਿਆਂ ਮੱਧ ਪ੍ਰਦੇਸ਼, ਛੱਤੀਸਗੜ ਅਤੇ ਮਹਾਰਾਸ਼ਟਰ ਵਿਚ ਵੱਸਦੇ ਸਿਕਲੀਗਰ ਸਿੱਖਾਂ ਦੀਆਂ ਬੁਨਿਆਦੀ ਲੋੜਾਂ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਸਿਕਲੀਗਰ ਪਰਿਵਾਰਾਂ ਦੇ ੧੦੦ ਬੱਚਿਆਂ ਨੂੰ ਪੰਜਾਬ ਵਿਚ ਲਿਆ ਕੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਤਕਨੀਕੀ ਕਾਲਜਾਂ ਵਿਚ ਕਿੱਤਾਮੁਖੀ ਕੋਰਸਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਸਵੈ-ਰੁਜਗਾਰ ਰਾਹੀਂ ਉਨ੍ਹਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਦੀਆਂ ਲੜਕੀਆਂ ਵਾਸਤੇ ਉਨ੍ਹਾਂ ਰਾਜਾਂ ਵਿਚ ਵੱਖ-ਵੱਖ ਥਾਵਾਂ ‘ਤੇ ੧੦ ਸਿਲਾਈ ਸੈਂਟਰ ਖੋਲ੍ਹੇ ਜਾਣਗੇ। ਪਿਛਲੇ ਦਿਨਾਂ ਵਿਚ ਜਿਨ੍ਹਾਂ ਸਿਕਲੀਗਰ ਸਿੱਖਾਂ ‘ਤੇ ਕੇਸ ਦਰਜ ਹੋਣ ਕਰਕੇ ਜ਼ੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਦੇ ਕੇਸ ਸ਼੍ਰੋਮਣੀ ਕਮੇਟੀ ਵੱਲੋਂ ਲੜੇ ਜਾਣਗੇ। ਸਿਕਲੀਗਰ ਸਿੱਖਾਂ ਨੂੰ ਸਿੱਖ ਧਰਮ ਦੇ ਮਹਾਨ ਵਿਰਸੇ, ਧਾਰਮਿਕ ਪ੍ਰੰਪਰਾਵਾਂ ਅਤੇ ਸਿਧਾਂਤਾਂ ਨਾਲ ਜੋੜੀ ਰੱਖਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਇਕ ਤਿੰਨ ਦਿਨਾਂ ਧਾਰਮਿਕ ਸਮਾਗਮ ਵੀ ਕਰਵਾਇਆ ਜਾਵੇਗਾ ਅਤੇ ਰਾਏਪੁਰ ਵਿਖੇ ਸਥਾਪਤ ਸਿੱਖ ਮਿਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਅੱਜ ਦੀ ਇਕੱਤਰਤਾ ਵਿਚ ਇਕ ਹੋਰ ਅਹਿਮ ਫ਼ੈਸਲਾ ਲੈਂਦਿਆਂ ਸ਼੍ਰੋਮਣੀ ਕਮੇਟੀ ਨੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਦੀ ਉਸ ਮੰਗ ਨੂੰ ਪ੍ਰਵਾਨ ਕੀਤਾ, ਜਿਸ ਵਿਚ ਉਨ੍ਹਾਂ ਨੇ ਜੂਨ ੧੯੮੪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤੇ ਗਏੇ ਫ਼ੋਜੀ ਹਮਲੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਬਣਾਈ ਗਈ ਯਾਦਗਾਰ ਦੀ ਬੇਸਮੈਂਟ ਵਿਚ ਫੋਟੋ ਗੈਲਰੀ ਬਣਾ ਕੇ ਲਗਾਈਆਂ ਜਾਣ।

ਸ਼ਹੀਦੀ ਯਾਦਗਾਰ ਦੀ ਪੁਰਾਣੀ ਤਸਵੀਰ

ਸ਼ਹੀਦੀ ਯਾਦਗਾਰ ਦੀ ਪੁਰਾਣੀ ਤਸਵੀਰ

ਪ੍ਰੋ. ਬਡੂੰਗਰ ਨੇ ਅੱਗੇ ਦੱਸਿਆ ਕਿ ਅੰਤਿੰ੍ਰਗ ਕਮੇਟੀ ਵੱਲੋਂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਕੁਝ ਆਗੂਆਂ ਅਤੇ ਵਿਧਾਇਕਾਂ ਵੱਲੋਂ ਪੰਜਾਬ ਅੰਦਰ ਵੱਖ-ਵੱਖ ਥਾਵਾਂ ‘ਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਉਪਰ ਕਬਜ਼ਾ ਕਰਨ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਦਖ਼ਲਅੰਦਾਜ਼ੀ ਕਰਨ ਦੀਆਂ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨ ਦੁਆਰਾ ਚੁਣੀ ਹੋਈ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ, ਜੋ ਇਤਿਹਾਸਕ ਗੁਰਧਾਮਾਂ ਦੀ ਸੇਵਾ-ਸੰਭਾਲ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਸਾਂਭ-ਸੰਭਾਲ ਜ਼ਿੰਮੇਵਾਰੀ ਨਾਲ ਕਰਦੀ ਹੈ। ਲੇਕਿਨ ਪਿਛਲੇ ਦਿਨਾਂ ਤੋਂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਕੁਝ ਆਗੂਆਂ ਵੱਲੋਂ ਇਤਿਹਾਸਕ ਅਸਥਾਨਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਗਈਆਂ। ਉਨ੍ਹਾਂ ਗੁਰਦੁਆਰਾ ਸਾਹਿਬ ਭਾਈ ਰੂਪਾ (ਬਠਿੰਡਾ), ਗੁਰਦੁਆਰਾ ਤੰਬੂ ਸਾਹਿਬ ਮੱਲ ਡਗਰੂ (ਮੋਗਾ) ਅਤੇ ਗੁਰਦੁਆਰਾ ਸਾਹਿਬ ਮੌੜ ਕਲਾਂ (ਬਠਿੰਡਾ) ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਹੋਣ ਤੋਂ ਬਾਅਦ ਵੀ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਨੂੰ ਦੱਬਣ ਵਾਲੇ ਲੋਕਾਂ ਦੀ ਮੱਦਦ ਕਾਂਗਰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਵੱਲੋਂ ਇਕ ਮਤਾ ਪਾਸ ਕਰਦਿਆਂ ਪੰਜਾਬ ਸਰਕਾਰ ਨੂੰ ਗੁਰੂ ਘਰਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕਰਨ ਵਾਲੇ ਲੋਕਾਂ ਵਿਰੁੱਧ ੨੦ ਜੂਨ ਤੱਕ ਕਾਰਵਾਈ ਕਰਨ ਲਈ ਸਮਾਂ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਚ ਸ਼੍ਰੋਮਣੀ ਕਮੇਟੀ ਸਖਤ ਕਦਮ ਚੁੱਕੇਗੀ।

ਪ੍ਰੋ. ਬਡੂੰਗਰ ਨੇ ਇਕ ਹੋਰ ਪਾਸ ਕੀਤੇ ਗਏ ਮਤੇ ਬਾਰੇ ਦੱਸਿਆ ਕਿ ਸਿੱਖ ਕੌਮ ਦੀ ਮਹਾਨ ਵਿਰਾਸਤ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਨਾਲ ਛੇੜਛਾੜ ਕਰਨ ਦੇ ਮਾਮਲੇ ਦਾ ਅੰਤ੍ਰਿੰਗ ਕਮੇਟੀ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਦੇ ਨਵੇਂ ਛਾਪੇ ਗਏ ਐਡੀਸ਼ਨ ਵਿਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਰੱਦ ਕਰਦਿਆਂ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਾਸੋਂ ਇਸ ਅਨੈਤਿਕ ਕਾਰਜ ਨੂੰ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਮਹਾਨ ਕੋਸ਼ ਨੂੰ ਪੁਰਾਣੇ ਅਸਲ ਸਰੂਪ ਵਿਚ ਪ੍ਰਕਾਸ਼ਿਤ ਵੀ ਕਰੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਸੰਨ ੧੯੯੪ ਵਿਚ ਪੀਲੀਭੀਤ ਜੇਲ੍ਹ ਕਾਂਡ ਵਿਚ ਮਾਰੇ ਗਏ ਸਿੱਖਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਹੀ ਵਾਰਸਾਂ ਦੀ ਪਛਾਣ ਕਰਨ ਲਈ ਰਿਪੋਰਟ ਪ੍ਰਾਪਤ ਕੀਤੀ ਜਾਵੇਗੀ, ਤਾਂ ਜੋ ਯੋਗ ਵਾਰਸਾਂ ਤਕ ਸਹਾਇਤਾ ਪਹੁੰਚਾਈ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਾਂਡ ਵਿਚ ਜ਼ਖ਼ਮੀ ਹੋਏ ਸਿੱਖਾਂ ਨੂੰ ਵੀ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਦੀ ਸਿੱਖ ਨਸਲਕੁਸ਼ੀ ਦੇ ਮਾਮਲੇ ਨੂੰ ਜਨਤਕ ਕਰਨ ਵਾਲੇ ਸ. ਮਨਵਿੰਦਰ ਸਿੰਘ ਗਿਆਸਪੁਰਾ ਦੇ ਬੱਚਿਆਂ ਦੀ ਸਾਲ ੨੦੧੭-੨੦੧੮ ਦੀ ਫ਼ੀਸ ਅਦਾ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।

ਪ੍ਰੋ. ਬਡੂੰਗਰ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਦਾਰੇ ਜਿਨ੍ਹਾਂ ਵਿਚ ਯੂਨੀਵਰਸਿਟੀਆਂ, ਸਕੂਲ ਅਤੇ ਕਾਲਜ ਸ਼ਾਮਲ ਹਨ ਉਨ੍ਹਾਂ ਦੀ ਹਰ ਤਰ੍ਹਾਂ ਦੀ ਛਪਾਈ ਸ਼੍ਰੋਮਣੀ ਕਮੇਟੀ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਤੋਂ ਹੀ ਕਰਵਾਉਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਅੱਜ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸਰਕਾਰਾਂ ਦੀਆਂ ਪੰਥ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤੇ ਲਏ ਗਏ ਸਟੈਂਡ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮਤੇ ਵਿਚ ਸਪੱਸ਼ਟ ਕੀਤਾ ਗਿਆ ਕਿ ਜਦੋਂ ਵੀ ਪੰਥ ਜਾਂ ਪੰਜਾਬ ਉੱਤੇ ਕੋਈ ਵੀ ਭੀੜ ਬਣੀ ਜਾਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨਾਲ ਕੋਈ ਬੇਇਨਸਾਫ਼ੀ ਤੇ ਧੱਕੇਸ਼ਾਹੀ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੇ ਆਪਣਾ ਫ਼ਰਜ਼ ਸਮਝ ਕੇ ਕੌਮੀ ਮਾਨ-ਸਨਮਾਨ ਲਈ ਹਮੇਸ਼ਾਂ ਅੱਗੇ ਹੋ ਕੇ ਲੜਾਈ ਲੜੀ। ਸ਼੍ਰੋਮਣੀ ਕਮੇਟੀ ਦੇ ਪਿਛਲੇ ਸਾਰੇ ਹੀ ਮਾਨਯੋਗ ਪ੍ਰਧਾਨ ਸਾਹਿਬਾਨਾਂ ਨੇ ਕੌਮੀ ਮਸਲਿਆਂ ਸਬੰਧੀ ਸੰਘਰਸ਼ਾਂ ਵਿਚ ਕੇਵਲ ਸ਼ਮੂਲੀਅਤ ਹੀ ਨਹੀਂ ਕੀਤੀ ਬਲਕਿ ਉਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ ਅਤੇ ਸਰਕਾਰੀ ਤਸ਼ੱਦਦ ਵੀ ਝੱਲੇ। ਇਸ ਪਰੰਪਰਾ ਨੂੰ ਕਾਇਮ ਰੱਖਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਬੀਤੇ ਦਿਨੀਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲਗਾਏ ਗਏ ਧਰਨਿਆਂ ਵਿਚ ਸ਼ਾਮਲ ਹੋ ਕੇ ਲੋਕ ਆਵਾਜ਼ ਬਣੇ ਹਨ। ਇਸ ਲਈ ਅੰਤ੍ਰਿੰਗ ਕਮੇਟੀ ਉਨ੍ਹਾਂ ਦੇ ਇਸ ਫ਼ੈਸਲੇ ਦੀ ਪੁਰਜ਼ੋਰ ਸ਼ਲਾਘਾ ਕਰਦੀ ਹੈ।

ਇਕ ਹੋਰ ਫ਼ੈਸਲੇ ਵਿਚ ਪਾਨੀਪਤ ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀ ਦੁਰਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਜ਼ਖ਼ਮੀ ਪਰਿਵਾਰਾਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ।

ਇਕ ਹੋਰ ਫ਼ੈਸਲੇ ਮੁਤਾਬਿਕ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਸਰਕਾਰ ਵੱਲੋਂ ਪੰਜਾਬ ਦੇ ੨੫ ਹਜ਼ਾਰ ਸਿੱਖ ਨੌਜੁਵਾਨਾ ਦੇ ਕਾਤਲ ਸਾਬਕਾ ਡੀ.ਜੀ.ਪੀ. ਪੰਜਾਬ ਪੁਲਿਸ ਕੇ.ਪੀ.ਐਸ. ਗਿੱਲ ਬਾਰੇ ਸ਼ਰਧਾਂਜਲੀ ਮਤਾ ਪਾਉਣ ‘ਤੇ ਕੈਪਟਨ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਸਬੰਧੀ ਕੀਤੇ ਗਏ ਵਾਕਆਊਟ ਦੀ ਪ੍ਰੋੜਤਾ ਕੀਤੀ। ਸ਼੍ਰੋਮਣੀ ਕਮੇਟੀ ਨੇ ਸਪੱਸ਼ਟ ਕੀਤਾ ਕਿ ਕੇ.ਪੀ.ਐਸ. ਗਿੱਲ ਸਿੱਖ ਕੌਮ ਦਾ ਦੌਸ਼ੀ ਹੈ ਅਤੇ ਇਸ ਨੂੰ ਕਦੀ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ।

ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ, ਟਰੱਸਟ ਵਿਭਾਗ, ਅਮਲਾ ਵਿਭਾਗ ਅਤੇ ਹੋਰ ਵੱਖ-ਵੱਖ ਮਾਮਲਿਆਂ ਨੂੰ ਵੀ ਵਿਚਾਰਿਆ ਗਿਆ।

ਇਸ ਮੌਕੇ ਸ. ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ, ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ: ਜੈਪਾਲ ਸਿੰਘ ਮੰਡੀਆਂ, ਸ: ਨਿਰਮਲ ਸਿੰਘ ਹਰਿਆਓ, ਸ: ਕੁਲਵੰਤ ਸਿੰਘ ਮੰਨਣ, ਸ: ਬਲਵਿੰਦਰ ਸਿੰਘ ਵੇਈਂਪੂਈ, ਸ. ਸਤਪਾਲ ਸਿੰਘ ਤਲਵੰਡੀ ਭਾਈ, ਬੀਬੀ ਜੋਗਿੰਦਰ ਕੌਰ, ਤੇ ਸ: ਸੁਰਜੀਤ ਸਿੰਘ ਕਾਲਾਬੂਲਾ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਵਧੀਕ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਹਰਭਜਨ ਸਿੰਘ ਮਨਾਵਾਂ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਕੇਵਲ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਅਤੇ ਹੋਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,