ਸਿਆਸੀ ਖਬਰਾਂ » ਸਿੱਖ ਖਬਰਾਂ

ਦਿੱਲੀ ਗੁਰਦੁਆਰਾ ਚੋਣਾਂ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਸਰਨਾ ਦੀ ਹਮਾਇਤ ਦਾ ਐਲਾਨ

February 25, 2017 | By

ਨਵੀਂ ਦਿੱਲੀ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਦਿੱਲੀ ਦੀ ਸੰਗਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਦਿੱਲੀ ਕਮੇਟੀ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਦਿਨ ਕੱਲ੍ਹ (24 ਫਰਵਰੀ) ਉਨ੍ਹਾਂ ਲੋਕਾਂ ਨੂੰ ਸਰਨਾ ਭਰਾਵਾਂ ਦਾ ਸਾਥ ਦੇਣ ਦੀ ਬੇਨਤੀ ਕੀਤੀ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਨੂੰ ਪੂਰੀ ਤਰ੍ਹਾਂ ਬਾਦਲਾਂ ਅਧੀਨ ਕਰ ਦਿੱਤਾ ਹੈ।

ਬਾਦਲਾਂ ਦੀ ਮਾੜੀ ਕਾਰਗੁਜ਼ਾਰੀ ਦਾ ਪ੍ਰਭਾਵ ਕਮੇਟੀ ਦੇ ਕੰਮਾਂ ’ਤੇ ਪੈ ਰਿਹਾ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕਾਰਜਕਾਰੀ ਮੈਂਬਰ ਹਰਪਾਲ ਸਿੰਘ ਬੰਗੇਵਾਲਾ ਨੇ ਕਿਹਾ ਕਿ ਉਹ ਦਿੱਲੀ ਦੇ ਵਿੱਦਿਅਕ ਅਦਾਰੇ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਬਾਦਲ ਦਲ ਦੇ ਮਾੜੇ ਪ੍ਰਭਾਵ ਤੋਂ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀਕੇ ਪੰਜਾਬ ਸਰਕਾਰ ਦੇ ਨਿੰਦਣਯੋਗ ਕੰਮਾਂ ’ਤੇ ਝੂਠੀ ਬਿਆਨਬਾਜ਼ੀ ਰਾਹੀਂ ਪਰਦਾ ਪਾ ਰਹੇ ਹਨ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦੇ

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦੇ

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਤੀਜਾ ਬਦਲ ਨਹੀਂ ਹੈ। ਇਸ ਲਈ ਬਾਦਲਾਂ ਤੋਂ ਦਿੱਲੀ ਦੇ ਵਿੱਦਿਅਕ ਅਦਾਰੇ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਬਚਾਉਣ ਲਈ ਇਹੀ ਹੱਲ ਹੈ ਕਿ ਸਰਨਾ ਨੂੰ ਹਮਾਇਤ ਦਿੱਤੀ ਜਾਵੇ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਦੇ ਲਿਹਾਜ਼ ਨਾਲ ਦੂਜੀ ਵੱਡੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਸੀਟਾਂ ਲਈ ਕੱਲ੍ਹ (24 ਫਰਵਰੀ) ਚੋਣ ਪ੍ਰਚਾਰ ਖ਼ਤਮ ਹੋ ਗਿਆ। ਇਨ੍ਹਾਂ ਸੀਟਾਂ ਲਈ ਵੋਟਾਂ ਲਈ 26 ਫਰਵਰੀ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਜਦਕਿ ਨਤੀਜੇ 1 ਮਾਰਚ ਨੂੰ ਆਉਣਗੇ। 1979 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਚੋਣਾਂ, ਕਮੇਟੀ ਐਕਟ ਮੁਤਾਬਕ ਚਾਰ ਸਾਲ ਦੇ ਵਕਫ਼ੇ ਮਗਰੋਂ ਹੋ ਰਹੀਆਂ ਹਨ।

ਦੱਸਣਯੋਗ ਹੈ ਕਿ ਦਿੱਲੀ ਕਮੇਟੀ ਦਾ ਸਲਾਨਾ ਬਜਟ ਕਰੀਬ 100 ਕਰੋੜ ਦਾ ਹੁੰਦਾ ਹੈ ਜਦਕਿ ਕਮੇਟੀ ਅਧੀਨ ਚੱਲਦੇ ਸਕੂਲਾਂ, ਕਾਲਜਾਂ ਤੇ ਤਕਨੀਕੀ ਸੰਸਥਾਵਾਂ ਦਾ ਬਜਟ ਵੱਖਰਾ ਹੁੰਦਾ ਹੈ। ਕਮੇਟੀ ਦੇ ਕਰੀਬ 2500 ਮੁਲਾਜ਼ਮ ਵੀ ਵੋਟਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,