ਵਿਦੇਸ਼ » ਸਿਆਸੀ ਖਬਰਾਂ

ਸੀਰੀਆ ਦੇ ਸ਼ਰਣਾਰਥੀਆਂ ਲਈ ਟਰੰਪ ਨੇ ਬੰਦ ਕੀਤੇ ਅਮਰੀਕਾ ਦੇ ਦਰਵਾਜ਼ੇ

January 28, 2017 | By

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੀਰੀਆਈ ਪਰਵਾਸੀਆਂ ਲਈ ਅਮਰੀਕਾ ‘ਚ ਆਉਣ ‘ਤੇ ਅਗਲੇ ਹੁਕਮਾਂ ਤਕ ਰੋਕ ਲਾ ਦਿੱਤੀ ਹੈ। ਇਸਤੋਂ ਅਲਾਵਾ ਟਰੰਪ ਨੇ ਇਰਾਨ, ਇਰਾਕ, ਯਮਨ ਅਤੇ ਲੀਬੀਆ ਸਣੇ ਛੇ ਹੋਰ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ‘ਤੇ ਵੀ ਤਿੰਨ ਮਹੀਨੇ ਲਈ ਰੋਕ ਲਾਈ ਹੈ।

ਟਰੰਪ ਨੇ ਇਕ ਵਿਸ਼ੇਸ਼ ਐਗਜ਼ੀਕਿਉਟਿਵ ਆਰਡਰ ‘ਤੇ ਹਸਤਾਖਰ ਕੀਤੇ ਹਨ ਜਿਸ ਮੁਤਾਬਕ ਆਉਣ ਵਾਲੇ ਚਾਰ ਮਹੀਨਿਆਂ ਤਕ ਸਾਰੇ ਸ਼ਰਣਾਰਥੀਆਂ ਦੇ ਆਉਣ ‘ਤੇ ਰੋਕ ਲੱਗੀ ਰਹੇਗੀ।

ਟਰੰਪ ਨੇ ਅਮਰੀਕਾ ਆਉਣ ਵਾਲੇ ਅਪਰਵਾਸੀਆਂ ਦੀ ਸਖਤ ਜਾਂਚ ਕੀਤੇ ਜਾਣ ਦੇ ਹੁਕਮਾਂ ‘ਤੇ ਵੀ ਹਸਤਾਖਰ ਕੀਤੇ ਹਨ।

ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ‘ਚ ਜਨਰਲ ਜੇਮਸ ਮੈਟਿਸ ਨੂੰ ਰੱਖਿਆ ਮੰਤਰੀ ਬਣਾਏ ਜਾਣ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਇਸਦਾ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ, “ਮੈਂ ‘ਕੱਟੜ’ ਇਸਲਾਮੀ ਅੱਤਵਾਦੀਆਂ ਨੂਮ ਅਮਰੀਕਾ ਤੋਂ ਦੂਰ ਰੱਖਣ ਲਈ ਨਵੇਂ ਜਾਂਚ ਤਰੀਕੇ ਲਿਆ ਰਿਹਾ ਹਾਂ। ਅਸੀਂ ਸਿਰੀ ਉਨ੍ਹਾਂ ਲੋਕਾਂ ਨੂੰ ਹੀ ਆਪਣੇ ਦੇਸ਼ ‘ਚ ਆਉਣ ਦਿਆਂਗੇ ਜਿਹੜੇ ਸਾਡੇ ਦੇਸ਼ ਨੂੰ ਸਹਿਯੋਗ ਦੇਣਗੇ ਅਤੇ ਸਾਨੂੰ ਪਿਆਰ ਕਰਣਗੇ।”

ਛੇ ਹੋਰ ਮੁਸਲਮਾਨ ਬਹੁਗਿਣਤੀ ਵਾਲੇ ਦੇਸ਼ਾਂ ਦੇ ਲੋਕਾਂ ‘ਤੇ ਵੀ ਤਿੰਨ ਮਹੀਨਿਆਂ ਲਈ ਅਮਰੀਕਾ ਆਉਣ ‘ਤੇ ਰੋਕ ਲੱਗੀ ਰਹੇਗੀ।

ਇਹ ਦੇਸ਼ ਹਨ ਇਰਾਕ, ਸੀਰੀਆ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿਚ ਇਰਾਨ, ਲੀਬੀਆ, ਸੋਮਾਲੀਆ, ਸੂਡਾਨ ਅਤੇ ਯਤਨ ਵੀ ਸ਼ਾਮਲ ਹਨ।

ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਕਈ ਮਸ਼ਹੂਰ ਸ਼ਖਸੀਅਤਾਂ ਨੇ ਟਰੰਪ ਦੇ ਇਸ ਨਵੇਂ ਕਦਮ ਦੀ ਨਿੰਦਾ ਕੀਤੀ ਹੈ।

ਪੇਂਟਾਗਨ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ

ਪੇਂਟਾਗਨ ‘ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ

ਸ਼ਾਂਤੀ ਲਈ ਨੋਬਲ ਇਨਾਮ ਜੇਤੂ ਮਨੁੱਖੀ ਅਧਿਕਾਰ ਕਾਰਜਕਰਤਾ ਮਲਾਲਾ ਯੂਸੁਫਜ਼ਈ ਨੇ ਕਿਹਾ ਕਿ ਉਹ ਇਸ ਹੁਕਮ ਤੋਂ ਦੁਖੀ ਹਨ।

ਸ਼ੁੱਕਰਵਾਰ ਨੂੰ ਇਕ ਟੀ.ਵੀ. ਇੰਟਰਵਿਊ ‘ਚ ਟਰੰਪ ਨੇ ਕਿਹਾ ਕਿ ਸ਼ਰਣਾਰਥੀ ਬਣਨ ਵਾਲਿਆਂ ‘ਚੋਂ ਸੀਰੀਆਈ ਲੋਕਾਂ ਦੇ ਮੁਕਾਬਲੇ ਇਸਾਈ ਲੋਕਾਂ ਨੂੰ ਪਹਿਲ ਦਿੱਤੀ ਜਾਏਗੀ।

ਬੀਤੇ ਵਰ੍ਹੇ ਓਬਾਮਾ ਪ੍ਰਸ਼ਾਸਨ ਨੇ 10,000 ਸੀਰੀਆਈ ਸ਼ਰਣਾਰਥੀਆਂ ਨੂੰ ਅਮਰੀਕਾ ਆਉਣ ਦਿੱਤਾ ਸੀ।

ਹਾਲਾਂਕਿ ਅਮਰੀਕਾ ਦੇ ਗੁਆਂਢੀ ਕੈਨੇਡਾ ਨੇ 35,000 ਸੀਰੀਆਈ ਲੋਕਾਂ ਨੂੰ ਸ਼ਰਣ ਦਿੱਤੀ ਸੀ ਜਿਸਦੀ ਆਬਾਦੀ ਅਮਰੀਕਾ ਤੋਂ ਤਕਰੀਬਨ ਨੌ ਗੁਣਾ ਘੱਟ ਹੈ।

ਸੀਰੀਆ ਦੇ ਸ਼ਰਣਾਰਥੀ ਕੈਨੇਡਾ 'ਚ

ਸੀਰੀਆ ਦੇ ਸ਼ਰਣਾਰਥੀ ਕੈਨੇਡਾ ‘ਚ

ਡੋਨਾਲਡ ਟਰੰਪ ਨੇ ਆਪਣੀਆਂ ਰਾਸ਼ਟਰਪਤੀ ਚੋਣਾਂ ਮੌਕੇ ਅਜਿਹਾ ਸੁਝਾਅ ਦਿੱਤਾ ਸੀ ਕਿ ਉਹ ਮੁਸਲਮਾਨਾਂ ਦੇ ਅਮਰੀਕਾ ਆਉਣ ‘ਤੇ ਉਦੋਂ ਤਕ ਪੂਰੀ ਤਰ੍ਹਾਂ ਨਾਲ ਰੋਕ ਲੱਗਣੀ ਚਾਹੀਦੀ ਹੈ ਜਦ ਤਕ ਇਹ ਪਤਾ ਨਹੀਂ ਲੱਗ ਜਾਂਦਾ ਕਿ ਅਸਲ ‘ਚ ਹੋ ਕੀ ਰਿਹਾ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਹਥਿਆਰਬੰਦ ਫੌਜਾਂ ਦੇ ਪੁਨਰਗਠਨ ਲਈ ਇਕ ਹੁਕਮ ‘ਤੇ ਵੀ ਹਸਤਾਖਰ ਕੀਤੇ ਜਿਸ ਤਹਿਤ ਫੌਜ ਲਈ ਨਵੇਂ ਲੜਾਕੂ ਜਹਾਜ਼, ਨਵੇਂ ਸਾਧਨ ਅਤੇ ਹੋਰ ਨਵੇਂ ਸਾਮਾਨ ਲਿਆਉਣ ਲਈ ਵੀ ਯੋਜਨਾ ਬਣਾਈ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,