ਵਿਦੇਸ਼ » ਸਿੱਖ ਖਬਰਾਂ

ਯੂਕੇ ਪੁੱਜੇ ਬਾਦਲ ਦਲ ਦੇ ਆਗੂਆਂ ਵਲੋਂ ਗੱਲਬਾਤ ਦੀ ਪੇਸ਼ਕਸ ਨੂੰ ਖਾਲਿਸਤਾਨੀ ਜਥੇਬੰਦੀਆਂ ਨੇ ਠੁਕਰਾਇਆ

September 9, 2016 | By

ਲੰਡਨ: ਪੰਜਾਬ ‘ਤੇ ਹਕੂਮਤ ਕਰ ਰਹੀ ਪਾਰਟੀ ਬਾਦਲ ਦਲ ਦੇ ਕੁੱਝ ਆਗੂ ਅੱਜਕੱਲ੍ਹ ਇੰਗਲੈਂਡ ਵਿੱਚ ਪਹੁੰਚੇ ਹੋਏ ਹਨ। ਜਿਹਨਾਂ ਵਿੱਚ ਸੁਖਬੀਰ ਬਾਦਲ, ਸੁਖਦੇਵ ਸਿੰਘ ਢੀਡਸਾ ਅਤੇ ਮਨਜਿੰਦਰ ਸਿਰਸਾ ਆਦਿ ਸ਼ਾਮਲ ਹਨ। ਭਾਵੇਂ ਕਿ ਇਹ ਸਿੱਖਾਂ ਦੇ ਜ਼ਬਰਦਸਤ ਵਿਰੋਧ ਤੋਂ ਡਰਦੇ ਜਨਤਕ ਤੌਰ ‘ਤੇ ਵਿਚਰਨ ਤੋਂ ਕੰਨੀ ਕਤਰਾ ਰਹੇ ਹਨ ਪਰ ਅੰਦਰਖਾਤੇ ਇੰਗਲੈਂਡ ਵਿੱਚ ਬਾਦਲ ਦਲ ਨੂੰ ਮੁੜ ਜਥੇਬੰਦ ਕਰਨ ਲਈ ਕੱਲੇ-ਕੱਲੇ ਮੀਟਿੰਗਾਂ ਕਰ ਰਹੇ ਹਨ। ਹਾਲ ਹੀ ਵਿਚ ਇਹਨਾਂ ਵਲੋਂ ਆਪਣੇ ਕੁੱਝ ਵਿਚੋਲਿਆਂ ਰਾਹੀਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ ਤਾਂ ਸਿੱਖ ਜਥੇਬੰਦੀਆਂ ਵਲੋਂ ਇਸਨੂੰ ਠੁਕਰਾ ਕੇ ਸਪੱਸ਼ਟ ਸੁਨੇਹਾ ਦਿੱਤਾ ਕਿ ਇਹ ਗੱਲਬਾਤ ਪੰਥ ਦੇ ਭਲੇ ਵਾਸਤੇ ਨਹੀਂ ਕਰਨਾ ਚਾਹੁੰਦੇ ਬਲਕਿ ਇਹਨਾਂ ਦਾ ਕੇਵਲ ਚੋਣ ਸਟੰਟ ਹੈ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ, ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ. ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਬੱਬਰ ਅਕਾਲੀ ਜਥੇਬੰਦੀ ਯੂ.ਕੇ. ਭਾਈ ਬਲਬੀਰ ਸਿੰਘ, ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ, ਯੂਨਾਈਟਿਡ ਖਾਲਸਾ ਦਲ ਯੂ.ਕੇ. ਭਾਈ ਨਿਰਮਲ ਸਿੰਘ ਸੰਧੂ, ਬ੍ਰਿਟਿਸ਼ ਸਿੱਖ ਕੌਂਸਲ ਭਾਈ ਤਰਸੇਮ ਸਿੰਘ ਦਿਉਲ, ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਭਾਈ ਗੁਰਦੇਵ ਸਿੰਘ ਚੌਹਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਭਾਈ ਜਸਪਾਲ ਸਿੰਘ ਬੈਂਸ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਭਾਈ ਸਮਸ਼ੇਰ ਸਿੰਘ ਅਤੇ ਦਲ ਖਾਲਸਾ ਯੂ.ਕੇ. ਭਾਈ ਮਨਮੋਹਣ ਸਿੰਘ ਖਾਲਸਾ ਨੇ ਆਖਿਆ ਕਿ ਪੰਜਾਬ ਵਿੱਚ 80 ਤੋਂ ਵੱਧ ਥਾਂਵਾਂ ‘ਤੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੀਆਂ ਪਵਿੱਤਰ ਪੋਥੀਆਂ ਦੀ ਬੇਅਦਬੀ ਹੋ ਚੁੱਕੀ ਹੈ ਅਤੇ ਲਗਾਤਾਰ ਜਾਰੀ ਹੈ।

protest-london-84-fso

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ (ਫਾਈਲ ਫੋਟੋ)

ਜਿਸਨੂੰ ਰੋਕਣ ਲਈ ਇਹਨਾਂ ਵਲੋਂ ਕੋਈ ਠੋਸ ਯਤਨ ਨਹੀਂ ਕੀਤੇ ਗਏ ਬਲਕਿ ਯਤਨਸ਼ੀਲ ਸਿੱਖ ਨੌਜਵਾਨਾਂ ਖਿਲਾਫ ਹੀ ਪਰਚੇ ਦਰਜ ਕੀਤੇ ਜਾ ਰਹੇ ਹਨ। ਦੂਜੇ ਪਾਸੇ ਜਲੰਧਰ ਵਿੱਚ ਸ਼ਿਵ ਸੈਨਾ ਦੇ ਮੀਤ ਪ੍ਰਧਾਨ ਗਗਨੇਜਾ ‘ਤੇ ਹੋਏ ਹਮਲੇ ਮਗਰੋਂ ਝੱਟ ਹਰਕਤ ਵਿੱਚ ਆਉਂਦਿਆਂ ਭਾਰਤ ਸਰਕਾਰ ਤੋਂ ਨੀਮ ਫੌਜੀ ਦਸਤਿਆਂ ਦੀਆਂ 15 ਕੰਪਨੀਆਂ ਮੰਗਵਾ ਲਈਆਂ ਗਈਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਨਾਲੋਂ ਹਿੰਦੂਤਵੀਆਂ ਦੇ ਹਿੱਤ ਜ਼ਿਆਦਾ ਪਿਆਰੇ ਹਨ। ਇਹਨਾਂ ਬਾਦਲ ਦਲ ਦੇ ਆਗੂਆਂ ਨੇ ਸਿੱਖ ਸਿਧਾਂਤਾਂ, ਸਿੱਖ ਰਵਾਇਤਾਂ ਅਤੇ ਸਿੱਖ ਪ੍ਰੰਪਰਾਵਾਂ ਨੂੰ ਆਰ.ਐੱਸ.ਐਸ. ਦੇ ਏਜੰਡੇ ਅਧੀਨ ਲਿਆਉਣ ਲਈ ਸਦਾ ਹੀ ਯਤਨ ਕੀਤਾ ਹੈ ਅਤੇ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕੀਤੀ ਜਾਂਦੀ ਰਹੀ ਹੈ।

ਸਿੱਖ ਜਥੇਬੰਦੀਆਂ ਨੂੰ ਵੱਡਾ ਇਤਰਾਜ਼ ਇਹ ਹੈ ਕਿ ਇਹਨਾਂ ਆਪ ਹੀ 4 ਅਗਸਤ 1982 ਨੂੰ ਧਰਮਯੁੱਧ ਮੋਰਚਾ ਅਰੰਭ ਕੀਤਾ ਅਤੇ ਆਪ ਹੀ ਵਿਸ਼ਵਾਸਘਾਤ ਕਰ ਦਿੱਤਾ, ਅਨੰਦਪੁਰ ਸਾਹਿਬ ਦੇ ਮਤੇ ਨੂੰ ਵਿਸਾਰ ਦਿੱਤਾ। ਇਹਨਾਂ ਤੋਂ ਇਲਾਵਾ ਸੈਂਕੜੇ ਇਤਰਾਜ਼ ਹਨ ਜਿਹਨਾਂ ਕਰਕੇ ਪਿਛਲੇ ਸਾਲ ਬਾਦਲ ਦਲ ਦੇ ਮੁਕੰਮਲ ਬਾਈਕਾਟ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਿੱਖ ਜਥੇਬੰਦੀਆਂ ਵਚਨਬੱਧ ਹਨ। ਸਿੱਖ ਜਥੇਬੰਦੀਆਂ ਵਲੋਂ ਇੰਗਲੈਂਡ ਭਰ ਦੇ ਸਕਿਤਾਰਯੋਗ ਬਜੁਰਗ ਅਕਾਲੀਆਂ ਅਤੇ ਅਕਾਲੀ ਦਲ ਨਾਲ ਸਨੇਹ ਰੱਖਣ ਰੱਖਣ ਵਾਲੇ ਵੀਰਾਂ ਨੂੰ ਸਨਿਮਰ ਬੇਨਤੀ ਕੀਤੀ ਗਈ ਕਿ ਉਹ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਉਣ। ਇਹਨਾਂ ਵਲੋਂ ਸਥਾਪਤ ਕੀਤੇ ਜਾਣ ਵਾਲੇ (ਅ)ਕਾਲੀ ਦਲ ਤੋਂ ਦੂਰੀ ਬਣਾ ਕੇ ਰੱਖਣ। ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵਿੱਚ ਉਹਨਾਂ ਦਾ ਮਾਣ ਸਕਿਤਾਰ ਬਰਕਰਾਰ ਰਹੇਗਾ। ਅੱਜ ਇੰਗਲੈਂਡ ਸਮੇਤ ਦੁਨੀਆਂ ਭਰ ਦੇ ਸਿੱਖਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਉਹਨਾਂ ਪੰਥ ਵਿਰੋਧੀਆਂ ਨਾਲ ਖੜ੍ਹਨਾ ਹੈ ਜਾਂ ਪੰਥ ਹਿਤੈਸ਼ੀਆਂ ਨਾਲ।

ਪੰਜਾਬ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਵਲੋਂ ਵੀ ਇਸ ਵਿਸ਼ੇ ‘ਤੇ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਉਨ੍ਹਾਂ ਦੀ ਯਾਤਰਾ ਸਫਲ ਹੈ ਅਤੇ ਉੁਨ੍ਹਾਂ ਨੂੰ ਯੂ.ਕੇ. ਦੇ ਸਿੱਖਾਂ ਦਾ ਸਹਿਯੋਗ ਮਿਲ ਰਿਹਾ ਹੈ।

ਸਬੰਧਤ ਖ਼ਬਰ:

http://bit.ly/2c3bQ9V .

ਬਾਦਲ ਦਲ ਦੇ ਹਾਈ ਪ੍ਰੋਫਾਈਲ ਵਫਦ ਨਾਲ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਨੇ ਗੱਲਬਾਤ ਤੋਂ ਕੀਤਾ ਇਨਕਾਰ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,