ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕੁਰਾਨ ਬੇਅਦਬੀ ਮਾਮਲਾ: ਪੁਲਿਸ ਨੂੰ ਨਰੇਸ਼ ਯਾਦਵ ਦਾ ਹੋਰ ਰਿਮਾਂਡ ਨਹੀਂ ਮਿਲਿਆ, ਭੇਜਿਆ ਜੇਲ੍ਹ

July 28, 2016 | By

ਚੰਡੀਗੜ੍ਹ: ਸੋਮਵਾਰ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਅਦਾਲਤ ਨੇ ਇਕ ਅਗਸਤ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਪੁਲਿਸ ਵੱਲੋਂ ਵਿਧਾਇਕ ਯਾਦਵ ਕੋਲੋਂ ਹੋਰ ਵਧੇਰੇ ਪੁੱਛਗਿੱਛ ਕਰਨ ਲਈ ਮੰਗੇ ਗਏ ਤਿੰਨ ਦਿਨਾਂ ਦੇ ਹੋਰ ਪੁਲਿਸ ਰਿਮਾਂਡ ਦੀ ਅਰਜ਼ੀ ਅਦਾਲਤ ਨੇ ਰੱਦ ਕਰ ਦਿੱਤੀ। ਸੀ.ਆਈ.ਏ. ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਵੱਲੋਂ ਵਿਧਾਇਕ ਨਰੇਸ਼ ਯਾਦਵ ਨੂੰ ਸ੍ਰੀਮਤੀ ਪ੍ਰੀਤੀ ਸੁਖੀਜਾ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਕਮ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਨਰੇਸ਼ ਯਾਦਵ ਨੂੰ ਮਲੇਰਕੋਟਲਾ ਅਦਾਤਲ ਵਿਚ ਪੇਸ਼ ਕਰਨ ਜਾਂਦੀ ਪੁਲਿਸ

ਨਰੇਸ਼ ਯਾਦਵ ਨੂੰ ਮਲੇਰਕੋਟਲਾ ਅਦਾਤਲ ਵਿਚ ਪੇਸ਼ ਕਰਨ ਜਾਂਦੀ ਪੁਲਿਸ {ਫਾਈਲ ਫੋਟੋ}

ਪੁਲਿਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਵਿਧਾਇਕ ਯਾਦਵ ਤੋਂ ਹੋਰ ਪੁੱਛ ਗਿੱਛ ਲਈ ਤਿੰਨ ਦਿਨ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ, ਜਿਸ ਦਾ ਵਿਧਾਇਕ ਯਾਦਵ ਦੇ ਵਕੀਲਾਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਐਡਵੋਕੇਟ ਰਜਤ ਗੌਤਮ, ਐਡਵੋਕੇਟ ਹਰਜੋਤ ਸਿੰਘ ਬੈਂਸ, ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਐਡਵੋਕੇਟ ਗੋਵਿੰਦਰ ਮਿੱਤਲ ਨੇ ਜ਼ੋਰਦਾਰ ਵਿਰੋਧ ਕੀਤਾ। ਬਚਾਓ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੁਲਿਸ ਵੱਲੋਂ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਕਰਦਿਆਂ ਵਿਧਾਇਕ ਯਾਦਵ ਨੂੰ ਪਹਿਲੀ ਅਗਸਤ ਤੱਕ ਅਦਾਲਤੀ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ।

ਅਦਾਲਤ ਦੇ ਫ਼ੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਯਾਦਵ ਦੇ ਵਕੀਲ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਅਦਾਲਤ ਦੇ ਬਾਹਰ ਦੱਸਿਆ ਕਿ ਉਨ੍ਹਾਂ ਵੱਲੋਂ ਯਾਦਵ ਦੀ ਜ਼ਮਾਨਤ ਲਈ ਪੇਸ਼ ਕੀਤੀ ਅਰਜ਼ੀ ਉੱਪਰ ਸੁਣਵਾਈ ਕਰਦਿਆਂ ਅਦਾਲਤ ਨੇ ਕੱਲ੍ਹ ਵੀਰਵਾਰ ਲਈ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਯਾਦਵ ਦੇ ਹੋਰ ਪੁਲਿਸ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ਅੱਗੇ ਦਲੀਲ ਦਿੱਤੀ ਕਿ ਪੁਲਿਸ ਕੋਲ ਯਾਦਵ ਖਿਲਾਫ ਨਾ ਕੋਈ ਵੀਡੀਓ, ਆਡੀਓ ਤੇ ਕੋਈ ਹੋਰ ਦਸਤਾਵੇਜ਼ੀ ਸਬੂਤ ਹੈ ਅਤੇ ਨਾ ਹੀ ਇਸ ਮਾਮਲੇ ‘ਚ ਕਿਸੇ ਤਰ੍ਹਾਂ ਦੇ ਵਿੱਤੀ ਲੈਣ ਦੇਣ ਦਾ ਕੋਈ ਸਬੂਤ ਹੈ। ਇਸ ਲਈ ਸਬੂਤਾਂ ਤੋਂ ਬਗੈਰ ਕਿਸੇ ਵਿਅਕਤੀ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਐਡਵੋਕੇਟ ਸ਼ੇਰਗਿੱਲ ਮੁਤਾਬਿਕ ਇਸ ਮਾਮਲੇ ਦੇ ਜਿਸ ਮੁੱਖ ਮੁਲਜ਼ਮ ਵਿਜੇ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵਿਧਾਇਕ ਯਾਦਵ ਖਿਲਾਫ ਕਾਰਵਾਈ ਕਰ ਰਹੀ ਹੈ ਉਸ ਦਾ ਕਥਿਤ ਤੌਰ ‘ਤੇ ਪਹਿਲਾਂ ਹੀ ਅਪਰਾਧਿਕ ਰਿਕਾਰਡ ਹੈ ਅਤੇ ਉਹ ਅਮਰੀਕਾ ਵਿਚ ਅਜਿਹੇ ਹੀ ਮਾਮਲੇ ‘ਚ ਜੇਲ੍ਹ ਜਾ ਚੁੱਕਿਆ ਹੈ।

ਉਨ੍ਹਾਂ ਵਿਜੇ ਕੁਮਾਰ ਨੂੰ ਦਸ ਸਾਲ ਤੱਕ ਆਰ.ਐਸ.ਐਸ. ਦਾ ਪ੍ਰਚਾਰਕ ਰਿਹਾ ਹੋਣ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਯਾਦਵ ਨੂੰ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਇਸ ਮੌਕੇ ਵਕੀਲਾਂ ਦੇ ਨਾਲ ਹਾਜ਼ਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਸਰਕਾਰ ਉੱਪਰ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸੂਬੇ ਅੰਦਰ ਚੜ੍ਹਤ ਤੋਂ ਘਬਰਾਈ ਬਾਦਲ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਜਾਣ ਬੁੱਝ ਕੇ ਆਪ ਆਗੂਆਂ ਨੂੰ ਝੂਠੇ ਮੁਕੱਦਮਿਆਂ ਵਿਚ ਫਸਾਇਆ ਜਾ ਰਿਹਾ ਹੈ। ਇਸ ਮੌਕੇ ਆਪ ਦੇ ਆਗੂਆਂ ‘ਚ ਸੇਵਾ ਮੁਕਤ ਆਈ.ਏ.ਐਸ. ਡਾ. ਹਰਕੇਸ਼ ਸਿੰਘ ਸਿੱਧੂ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਸੇਖੋਂ ਸਮੇਤ ਵੱਡੀ ਗਿਣਤੀ ਵਲੰਟੀਅਰ ਅਦਾਲਤ ਕੰਪਲੈਕਸ ਦੇ ਬਾਹਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,