June 15, 2022 | By ਮਨਧੀਰ ਸਿੰਘ
ਸੰਮਤ 535 ਨਾਨਕਸ਼ਾਹੀ, ਮਹੀਨਾ ਜੇਠ, ਉਪਰ ਅੱਗ ਦੇ ਗੋਲੇ ਵਾਂਗ ਦੱਗਦਾ ਸੂਰਜ ਹੇਠਾਂ ਤੱਪਦੀ ਭੱਠੀ ਵਾਂਗ ਲਾਲ ਧਰਤੀ ਪਰ ਅੱਜ ਬਹੁਤ ਕੁਝ ਬਦਲ ਗਿਆ ਹੈ। ਸਮੇਂ ਦੇ ਪੁਲਾਂ ਹੇਠੋਂ ਬਹੁਤ ਪਾਣੀ ਵਹਿ ਚੁੱਕਾ ਹੈ। ਸਿੱਖ-ਪੰਜਾਬ ਮਨ ਤੇ ਉਦੋਂ ਦਾ ਲੱਗਾ ਡੂੰਘਾ ਜ਼ਖਮ ਹੁਣ ਨਾਸੂਰ ਜਾਪਣ ਲੱਗਾ ਹੈ। ਪੰਥ ਦੇ ਕਰੀਬ ਡੇਢ ਲੱਖ ਨੌਨਿਹਾਲ, ਜਾਨੀ ਪੂਰੀ ਇਕ ਪੀੜ੍ਹੀ ਖਤਮ ਕੀਤੀ ਜਾ ਚੁੱਕੀ ਹੈ ਤੇ ਇਕ ਪੀੜ੍ਹੀ ਜੰਮ ਕੇ ਭਰ ਜਵਾਨ ਹੋ ਗਈ ਹੈ। ਇਹਨਾਂ ਦੋ ਦਹਾਕਿਆਂ ਦੌਰਾਨ ਸੰਸਾਰ, ਹਿੰਦ ਅਤੇ ਖ਼ਾਲਸਾ ਪੰਥ ਦੀਆਂ ਪ੍ਰਸਥਿਤੀਆਂ ਵਿਚ ਢੇਰ ਫਰਕ ਆ ਚੁੱਕਾ ਹੈ ਤੇ ਸ਼ਾਇਦ ਇਸ ਵਾਰ ਸਮੇਂ ਦਾ ਚੱਕਰ ਬਹੁਤ ਤੇਜ਼ ਚਾਲ ਚੱਲਿਆ ਹੈ।
ਸੰਸਾਰ ਦੀ ਬਦਲੀ ਹੋਈ ਪ੍ਰਸਥਿਤੀ ਵਿਚ ਅੱਜ ਇਸਲਾਮੀ ਵਿਚਾਰਧਾਰਾ ਅਤੇ ਪੱਛਮ ਦੀ ਤਰਕ ’ਤੇ ਅਧਾਰਤ ਵਿਚਾਰਧਾਰਾ ਵਿਚਕਾਰ ਟੱਕਰ ਦੇ ਹੋਰ ਪ੍ਰਚੰਡ ਹੋ ਜਾਣ ਨਾਲ ਦੁਨੀਆਂ ਭਰ ਦੇ ਆਜ਼ਾਦੀ ਲਈ ਲੜ ਰਹੇ ਯੋਧਿਆਂ ਨੂੰ ‘ਅੱਤਵਾਦੀ’ ਕਹਿਆ ਜਾਣ ਲੱਗਿਆ ਹੈ। ਰਾਜ ਦੀ ਹਰ ਗਲਤ-ਠੀਕ ਕਾਰਵਾਈ ਨੂੰ ਹਰ ਸਾਲ ਜਾਇਜ਼ ਠਹਿਰਾਉਣ ਦਾ ਰੁਝਾਨ ਜ਼ੋਰਾਂ ’ਤੇ ਹੈ। ਦੋ ਦਹਾਕੇ ਪਹਿਲਾਂ ਜਿਹੜੀਆਂ ਪੱਛਮੀ ਤਾਕਤਾਂ ਘੱਟੋ-ਘੱਟ ਮਨੁੱਖੀ ਅਧਿਕਾਰ ਦੇ ਮਾਮਲੇ ’ਤੇ ਸਾਡੇ ਨਾਲ ਖੜ੍ਹਦੀਆਂ ਸਨ ਅੱਜ ਉਹ ਵੀ ਸਾਨੂੰ ‘ਅੱਤਵਾਦੀ’ ਆਖ ਕੇ ਸਾਡੇ ’ਤੇ ਪਾਬੰਦੀਆਂ ਲਾ ਰਹੀਆਂ ਹਨ।
ਭਾਰਤ ਵਿਚ ਬ੍ਰਾਹਮਣਵਾਦ ਨੇ ਆਪਣਾ ਅਸਲ ਚਿਹਰਾ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। “ਹਿੰਦੂ, ਹਿੰਦੀ, ਹਿੰਦੋਸਤਾਨ” ਦਾ ਨਾਅਰਾ ਹੁਣ ਗੁਪਤ ਮੀਟਿੰਗਾਂ ਦੀ ਜਗ੍ਹਾ ਜਨਤਕ ਰੈਲੀਆਂ ਦਾ ਅਨਿਖੜ ਅੰਗ ਹੋ ਗਿਆ ਹੈ। ਬ੍ਰਾਹਮਣੀ ਅਚੇਤ ਮਨ ਦੀ ਡੂੰਘਾਣ ਵਿਚੋਂ ਨਿਕਲ ਕੇ ਇਹ ਨਾਅਰਾ ਹੁਣ ਪ੍ਰਤੱਖ ਤੌਰ ਦਿਮਾਗ ਤੇ ਬੁੱਲ੍ਹਾਂ ’ਤੇ ਰਾਜ ਕਰ ਰਿਹਾ ਹੈ। “ਇਕ ਦੇਸ਼-ਇਕ ਸਭਿਆਚਾਰ” ਕਰਨ ਲਈ ਘੱਟਗਿਣਤੀਆਂ ਨਾਲ ਸਬੰਧਤ ਸਭਿਆਚਾਰ ਅਤੇ ਇਤਿਹਾਸ ਨੂੰ ਤਬਾਹ ਕਰਨ ਲਈ ਹੁਣ ਸ਼ਰੇਆਮ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਦੋ ਦਹਾਕੇ ਪਹਿਲਾਂ ‘ਸਿੱਖ ਚਰਿਤਰ’ ਦਾ ਸੂਰਜ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਪੂਰੇ ਜਾਹੋ ਜਲਾਲ ਨਾਲ ਚਮਕ ਰਿਹਾ ਸੀ। ਉਸ ਚਮਕ ਅੱਗੇ ਦੁਨੀਆਂ ਦੀਆਂ ਅੱਖਾਂ ਚੁੰਧਿਆ ਰਹੀਆਂ ਸਨ। ਪ੍ਰੰਤੂ ਖਾੜਕੂ ਲਹਿਰ ਦੇ ਮੱਠੀ ਪੈ ਜਾਣ ਤੋਂ ਬਾਅਦ ਸਿੱਖਾਂ ਦੀ ਹੁਣ ਦੀ ਲੀਡਰਸ਼ਿਪ ਨੇ ਸਿੱਖ ਚਰਿੱਤਰ ਨੂੰ ਗ੍ਰਹਿਣ ਲਾ ਦਿੱਤਾ ਹੈ। ਕਾਰਨ ਭਾਵੇਂ ਨਿੱਜੀ ਸੁਆਰਥ ਜਾਂ ਸਿਧਾਂਤਕ ਧੁੰਧਲਾਪਣ ਕੋਈ ਵੀ ਰਿਹਾ ਹੈ, ਪਰ ਬਹੁਤਾ ਦੋਸ਼ ਇਸ ਵਿਚ ਆਪਣਿਆਂ ਦਾ ਹੀ ਹੈ।
ਸਿੱਖਾਂ ਲਈ ਵਰਤਮਾਨ ਦੀ ਰੋਸ਼ਨੀ ਵਿਚ ਬੀਤੇ ਨੂੰ ਸਮਝਣ ਜਾਂ ਬੀਤੇ ਦੀ ਰੋਸ਼ਨੀ ਵਿਚ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਸਮਝਣ ਦੀ ਹਰ ਪੜਚੋਲ ਵਿਚ ਸੰਨ 1984 ਬਹੁਤ ਮਹੱਤਵਪੂਰਨ ਥਾਂ ਰੱਖਦਾ ਹੈ। ਸੰਨ 1984 ਸਿੱਖ ਮਨ ਦੀਆਂ ਡੂੰਘਾਣਾ ਵਿਚ ਉਤਰ ਗਿਆ ਹੈ, ਇਹ ਕਿਸੇ ਨਾ ਕਿਸੇ ਪਹਿਲੂ ਤੋਂ ਸਿੱਖ ਸੋਚ ਉੱਤੇ ਅਸਰ ਪਾਉਂਦਾ ਰਹੇਗਾ। ਸੋ ਸਾਨੂੰ ਭਵਿੱਖ ਦਾ ਰਸਤਾ ਤਲਾਸ਼ਣ ਤੋਂ ਪਹਿਲਾਂ ਸੰਨ 1984 ਵਿਚ ਕੀ, ਕਿਵੇਂ ਤੇ ਕਿਉਂ ਹੋਇਆ, ਬਾਰੇ ਬਣਦਾ ਵਿਸ਼ਲੇਸ਼ਣ ਕਰ ਲੈਣਾ ਚਾਹੀਦਾ ਹੈ। ਸੰਨ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨਾਲ ਸਿੱਖ ਮਨ ਨੇ ਸੁੱਤੇ ਸਿੱਧ ਹੀ ਘਟਨਾ ਦੀ ਰਵਾਨਗੀ ਨਾਲ ਜੰਗ ਵਿਚ ਜਾ ਮੋਰਚੇ ਮੱਲੇ। ਆਮ ਤੌਰ ’ਤੇ ਕੌਮਾਂ ਜੰਗ ਦੇ ਮੈਦਾਨ ਵਿਚ ਪਹੁੰਚ ਕੇ ਪੁਰ ਅਮਨ ਹੁੰਦੀਆਂ ਹਨ ਕਿਉਂਕਿ ਜੰਗ ਦੇ ਕਾਰਨ, ਰਸਤਾ ਅਤੇ ਨਿਸ਼ਾਨੇ ਬਾਰੇ ਕੋਈ ਸ਼ੱਕ-ਸ਼ੁਭਾ ਦਿਲ ਵਿਚ ਨਹੀਂ ਰਹਿ ਗਿਆ ਹੁੰਦਾ। ਪਰ ਇਸ ਬਾਰ ਸਿੱਖਾਂ ਨੂੰ ਨਿਸ਼ਾਨੇ ਦਾ ਰਸਤਾ ਨਿਤਾਰਨ ਲਈ ਜ਼ਰਾ ਵੀ ਵਕਤ ਨਹੀਂ ਮਿਿਲਆ। ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਲੱਖ ਸਮਝਾਉਣ ਦੇ ਬਾਵਜੂਦ ਵੀ ਸਿੱਖ ਮਨ ਨੇ 1984 ਤੋਂ ਪਹਿਲਾਂ ਇਸ ਲੜਾਈ ਦੇ ਖਾਸੇ ਨੂੰ ਸਿਆਸੀ ਹੀ ਮੰਨਿਆ ਸੀ। ਪਰ ਸੰਨ 1984 ਦੇ ਹਮਲੇ ਨਾਲ ਜਦੋਂ ਸਭ ਕੁਝ ਸਾਫ ਹੋਇਆ ਉਸ ਵਕਤ ਜਜ਼ਬਾਤ ਦੇ ਹੜ੍ਹ ਵਿਚ ਵਹਿ ਰਹੇ ਸਿੱਖ ਮਨ ਅੰਦਰ ਨਾ ਤਾਂ ਵਿਚਾਰ ਕਰਨ ਦਾ ਸਮਾਂ ਸੀ, ਨਾ ਇੱਛਾ। ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਸਿੱਖ ਰਵਾਇਤਾਂ ਅਨੁਸਾਰ ਢੁਕਵਾਂ ਜਵਾਬ ਦੇਣ ਲਈ ਹਰ ਸਿੱਖ ਨੇ ਆਪਣਾ ਬਣਦਾ ਤਾਣ ਲਾਇਆ। ਇਸ ਵਕਤ ਸਿੱਖਾਂ ਦਾ ਬਹੁਤਾ ਜ਼ੋਰ ਸਿੱਧੀ ਲੜਾਈ ਵਿਚ ਲੱਗਾ ਹੋਣ ਕਾਰਨ ਸਮੱਸਿਆ ਦੇ ਖਾਸੇ ਤੇ ਕਾਰਨਾਂ ਦਾ ਮੁੜ ਤੋਂ ਵਿਸ਼ਲੇਸ਼ਣ ਕਰਨ ਵੱਲ ਬਹੁਤਾ ਧਿਆਨ ਨਾ ਜਾਣਾ ਕੁਦਰਤੀ ਹੀ ਸੀ। ਜੇ ਕੋਈ ਕੋਸ਼ਿਸ਼ ਹੋਈ ਵੀ ਉਹ ਬਹੁਤ ਤੇਜ਼ੀ ਨਾਲ ਘਟ ਰਹੀਆਂ ਘਟਨਾਵਾਂ ਜਾਂ ਸਾਧਨਾਂ ਤੇ ਸ੍ਰੋਤਾਂ ਦੀ ਕਮੀ ਕਾਰਨ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਸਕੀ। ਖਾੜਕੂ ਲਹਿਰ ਦੀ ਚੜ੍ਹਤ ਦੇ ਦਿਨਾਂ ਵਿਚ ਜਿਹਨਾਂ ਵਿਸ਼ਲੇਸ਼ਣਾਂ ਦਾ ਪ੍ਰਚਾਰ ਵੱਡੀ ਪੱਧਰ ’ਤੇ ਹੋਇਆ ਉਹ ਜਾਂ ਤਾਂ ਵਿਰੋਧੀ ਧਿਰਾਂ ਜਾਂ ਫਿਰ ਨਾ-ਸੁਹਿਰਦ ਅਖੌਤੀ ਸਿੱਖ ਧਿਰਾਂ ਵੱਲੋਂ ਹੀ ਕੀਤੇ ਗਏ ਸਨ।
ਹੁਣ ਅੱਜ ਜਦੋਂ ਪੰਜਾਬ ਨਿਰਾਸਤਾ ਅਤੇ ਮਾਯੂਸੀ ਦੇ ਲੰਮੇ ਤੇ ਤਬਾਹੀ ਭਰੇ ਰਸਤੇ ’ਤੇ ਤੁਰ ਪਿਆ ਮਲੂਮ ਹੁੰਦਾ ਹੈ। ਇਸ ਵਕਤ ਫੈਲ ਰਹੀ ਮੁਰਦਾ ਸ਼ਾਂਤੀ ਨੂੰ ਤੋੜਨ ਦੀ ਕੋਸ਼ਿਸ਼ ਵਿਚ ਰਾਹ ਤਲਾਸ਼ਦਿਆਂ ਸਾਨੂੰ ਬੀਤੇ ਬਾਰੇ ਹਰ ਪਹਿਲੂ ਤੋਂ ਵਿਸ਼ਲੇਸ਼ਣ ਕਰ ਲੈਣਾ ਚਾਹੀਦਾ ਹੈ।
ਆਮ ਤੌਰ ’ਤੇ ਕਿਸੇ ਵੀ ਕਾਰਵਾਈ (action) ਨੂੰ ਇਕ ਤੋਂ ਵੱਧ ਕਾਰਨ ਪ੍ਰਭਾਵਤ ਕਰਦੇ ਹਨ। ਉਹਨਾਂ ਵਿਚੋਂ ਇਕ ਅਧਾਰਭੂਤ ਅਤੇ ਦੂਜੇ ਸਹਾਇਕ ਕਾਰਨ ਹੋ ਸਕਦੇ ਹਨ। ਸਪੱਸ਼ਟ ਤੌਰ ’ਤੇ ਹਰ ਜੰਗ ਦੇ ਵਿਸ਼ਲੇਸ਼ਣ ਤਿੰਨ ਧਿਰਾਂ ਵਲੋਂ ਹੁੰਦਾ ਹੈ: 1. ਵਿਰੋਧੀ ਧਿਰ 2. ਨਿਰਪੱਖ ਧਿਰ 3. ਆਪਣੀ ਧਿਰ
ਸਾਡੀ ਵਿਰੋਧੀ ਧਿਰ ਨੇ ਆਪਣੇ ਵਿਸ਼ਾਲ ਪ੍ਰਚਾਰ ਸਾਧਨ ਰਾਹੀਂ ਜੋ ਪੱਖ ਦੁਨੀਆਂ ਅੱਗੇ ਪੇਸ਼ ਕੀਤਾ ਉਸ ਅਨੁਸਾਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਲਹਿਰ ਦੇ ਰੰਗ ਰਸ ਨਾਲ ਭਰਪੂਰ ਖਾਲਸਾਈ ਸਭਿਆਚਾਰ ਨੂੰ ਮਨੁੱਖਤਾਵਾਦ ਦੇ ਦੁਸ਼ਮਣ ਦੱਸ ਕੇ ਸਮੁੱਚੀ ਸਿੱਖ ਕੌਮ ਨੂੰ ਨਫਰਤ ਦੀ ਜੰਗ ਲੜ ਰਹੇ “ਅੱਤਵਾਦੀ” ਕਰਾਰ ਦੇ ਕੇ ਭਾਰਤਵਰਸ਼ ਦੀ ਏਕਤਾ-ਅਖੰਡਤਾ ਲਈ ਖਤਰੇ ਵਜੋਂ ਪੇਸ਼ ਕੀਤਾ। ਇਸ ਵੱਡੀ ਪੱਧਰ ’ਤੇ ਕੀਤੇ ਗਏ ਪ੍ਰਚਾਰ ਦਾ ਅਸਰ ਇਹ ਹੋਇਆ ਕਿ ਤਿੰਨ ਸਦੀਆਂ ਤੋਂ “ਸਰਦਾਰ ਜੀ” ਕਹਿ ਕੇ ਸਤਿਕਾਰੇ ਜਾਂਦੇ ਸਿੱਖਾਂ ਨੂੰ ਆਮ ਲੋਕਾਂ ਵਲੋਂ ਵੀ ਸ਼ਰੇਬਾਜ਼ਾਰ ਜ਼ਲੀਲ ਤੇ ਬੇਪੱਤ ਕੀਤਾ ਜਾਣ ਲੱਗ ਪਿਆ। ਨਫਰਤ ਭਰੇ ਕਤਲੇਆਮ, ਬਲਾਤਕਾਰ ਆਮ ਹੋ ਗਏ। ਸਾਡੀ ਵਿਰੋਧੀ ਧਿਰ ਨੇ ਸਿੱਖ ਨੂੰ ਧਾਰਮਿਕ ਤੌਰ ’ਤੇ ਕੱਟੜ ਦਰਸਾ ਕੇ ਉਹਨਾਂ ਦੀ ‘ਧਾਰਮਿਕ ਕੱਟੜਤਾ’ ਨੂੰ ਅਧਾਰਭੂਤ ਕਾਰਨ ਵਜੋਂ ਪੇਸ਼ ਕੀਤਾ ਗਿਆ।
ਆਪਣੇ ਆਪ ਨੂੰ ਨਿਰਪੇਖ ਸਦਾਉਂਦੀਆਂ ਧਿਰਾਂ ਨੇ ਵੀ ਵਿਸ਼ਲੇਸ਼ਣ ਕਰਨ ਲੱਗਿਆ ਬਹੁਤਾ ‘ਦਿਸਦੇ’ ਨੂੰ ਸਾਹਮਣੇ ਰੱਖ ਕੇ, ਕੁਝ ਵਿਰੋਧੀ ਧਿਰਾਂ ਦਾ ਅਸਰ ਕਬੂਲ ਕੇ ਅਤੇ ਕੁਝ ਖ਼ਾਲਸਈ ਸਭਿਆਚਾਰ ਦੀਆਂ ਰਵਾਇਤਾਂ ਤੋਂ ਅਣਜਾਣ ਹੋਣ ਕਾਰਨ ਇਸ ਨੂੰ ਇਕ ਸਿਆਸੀ, ਅਮਨ ਕਾਨੂੰਨ ਦੀ ਸਮੱਸਿਆ ਹੀ ਸਮਝਿਆ। ਮਨੁੱਖੀ ਹੱਕਾਂ ਦੇ ਮਾਮਲੇ ਵਿਚ ਹਮਦਰਦੀ ਦਿਖਾਉਣੀ ਇਕ ਗੱਲ ਹੈ ਪਰ ਲਸ਼ਮਣ ਰੇਖਾ ਟੱਪ ਕੇ ਸਮੱਸਿਆ ਦੇ ਖਾਸੇ ਦਾ ਅੰਦਾਜ਼ਾ ਲਾਉਣ ਵਿਚ ਇਹ ਧਿਰਾਂ ਨਾ-ਕਾਮਯਾਬ ਰਹੀਆਂ ਹਨ। ਇਹਨਾਂ ਧਿਰਾਂ ਨੇ ਇਸੇ ਹਮਲੇ ਦਾ ਅਧਾਰਭੂਤ ਕਾਰਨ ਸਿਆਸੀ ਗੜਬੜ ਨੂੰ ਹੀ ਮੰਨਿਆ ਹੈ।
ਕੀ, ਕਿਵੇਂ ਤੇ ਕਿਉਂ ਹੋਇਆ, ਇਸ ਦਾ ਵਿਸ਼ਲੇਸ਼ਣ ਕਰਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਆਪਣੀ ਧਿਰ ਦੀ ਬਣਦੀ ਹੈ। ‘ਨਰਮ ਖਿਆਲੀ’ ਕਹੀਆਂ ਜਾਂਦੀਆਂ ਸਿੱਖਾਂ ਦੇ ਪ੍ਰਚਾਰੇ ਗਏ ਵਿਸ਼ਲੇਸ਼ਣ ਅਨੁਸਾਰ ਸਿੱਖਾਂ ਵਲੋਂ ਇੰਦਰਾ ਗਾਂਧੀ ਦੁਆਰਾ ਲਾਈ ਗਈ 1975 ਦੀ ਐਮਰਜੈਂਸੀ ਦਾ ਵਿਆਪਕ ਵਿਰੋਧ ਕਰਨ ਕਰਕੇ ਪੈਦਾ ਹੋਈ ‘ਨਿੱਜੀ ਰੰਜ਼ਸ਼’ ਨੂੰ ਇਸ ਵਰਤਾਰੇ ਦਾ ਅਧਾਰਭੂਤ ਕਾਰਨ ਦੱਸਿਆ ਗਿਆ। ਜੇਕਰ ਸੰਨ 1984 ਦਾ ਹਮਲਾ 1975 ਦੀ ਐਮਰਜੈਂਸੀ ਤੋਂ ਪੈਦਾ ਹੋਈ ‘ਨਿੱਜੀ ਰੰਜ਼ਸ਼’ ਸੀ ਤਾਂ 1975 ਵਿਚ ਪੰਜਾਬ-ਹਰਿਆਣਾ ਵੰਡ ਸਮੇਂ ਕੀਤਾ ਧ੍ਰੋਹ, ਪੰਡਤ ਨਹਿਰੂ ਵਲੋਂ 1955 ਵਿਚ ਪੰਜਾਬੀ ਸੂਬੇ ਅਤੇ 1947 ਤੋਂ ਬਾਅਦ ਆਜ਼ਾਦ ਸਿੱਖ ਖਿੱਤਾ ਦੇਣ ਤੋਂ ਕੀਤੇ ਇਨਕਾਰ ਨੂੰ ਕਿਸ ਨਿੱਜੀ ਰੰਜ਼ਸ਼ ਦਾ ਨਤੀਜਾ ਆਖਾਂਗੇ?
ਕੁਝ ਇਕ ਸਿੱਖ ਵਿਦਵਾਨਾਂ ਦਾ ਦੂਜਾ ਬਿਆਨ ਹੈ ਕਿ ਇੰਦਰਾ ਗਾਂਧੀ ਨੇ ਧਰਮ ਨਿਰਪੱਖਤਾ ਦੇ ਨਾਅਰੇ ’ਤੇ ਚੱਲ ਰਹੀ ਕਾਂਗਰਸ ਦੀ ਪਤਲੀ ਹੋ ਰਹੀ ਸਥਿਤੀ ਨੂੰ ਸੁਧਾਰਨ ਲਈ ਸਾਰੇ ਘਟਨਾਕ੍ਰਮ ਨੂੰ ਫਿਰਕੂਰੰਗਤ ਦੇ ਕੇ ਇਕ ਸਿਆਸੀ ਕਰਿਸ਼ਮਾ ਕਰਨ ਦੀ ਨੀਅਤ ਨਾਲ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੀ ਨੀਤੀ ਅਪਣਾਈ। ਇਸ ਵਿਸ਼ਲੇਸ਼ਣ ਅਨੁਸਾਰ ਅਧਾਰਭੂਤ ਕਾਰਨ ਰਾਜਨੀਤਿਕ ਲਾਹਾ ਲੈਣ ਦੀ ਦਿਸ਼ਾ ਸੀ। ‘ਦਿਸਦੇ’ ਨੂੰ ਸਾਹਮਣੇ ਰੱਖ ਕੇ ਵਿਸ਼ਲੇਸ਼ਣ ਕਰਨ ਦੀ ਪੱਛਮੀ ਵਿਧੀ ਇਸ ਮੱਤ ਦਾ ਮੁੱਖ ਕਾਰਨ ਹੈ। ਅਗਰ ਇਹਨਾਂ ਸਭ ਨੂੰ ਸਹੀ ਮੰਨਿਆ ਜਾਵੇ ਤਾਂ ਜਨਸੰਘ ਦੁਆਰਾ 50ਵਿਆਂ ਅਤੇ 60ਵਿਆਂ ਵਿਚ ਪੰਜਾਬੀ ਸੂਬੇ ਵਿਰੁੱਧ ਪ੍ਰਚਾਰ, ਭਾਰਤੀ ਜਨਤਾ ਪਾਰਟੀ ਦਾ ਇਸ ਹਮਲੇ ਦੇ ਹੱਕ ਵਿਚ ਪੁਰਜ਼ੋਰ ਸਮਰਥਨ, ਸਮੂਹ ਸਿਆਸੀ ਪਾਰਟੀਆਂ ਦੀ ਦਰਬਾਰ ਸਾਹਿਬ ਤੋਂ ਚੋਰੀ ਕੀਤੀਆਂ ਵਸਤਾਂ ਬਾਰੇ ਧਾਰੀ ਹੋਈ ਚੁੱਪ, ਭਾਰਤੀ ਜਨਤਾ ਪਾਰਟੀ ਵਲੋਂ ਗੁਰਮਤਿ ਸਾਹਿਤ ਨੂੰ ਬਾਗ਼ੀ ਸਾਹਿਤ ਕਹਿਣਾ ਕਿਸ ਖਾਤੇ ਆਵੇਗਾ?
ਕੌਮਾਂ ਦੇ ਇਤਿਹਾਸ ਦਾ ਲੇਖਾ ਉਹਨਾਂ ਦੇ ਸਹਿਜ ਜੀਵਨ ਦੀਆਂ ਵਿਸ਼ੇਸ਼ਤਾਵਾਂ, ਅੰਤਹਕਰਣ ਦੀਆਂ ਗਹਿਰਾਈਆਂ ਵਿਚ ਵਸੇ ਅਹਿਸਾਸ ਅਤੇ ਫਲਸਫੇ ਤੇ ਡੂੰਘੇ ਭੇਦਾਂ ਦੀ ਜਾਣਕਾਰੀ ਤੋਂ ਬਗੈਰ ਕਾਰਨਾਂ ਸੰਭਵ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਘਟਨਾ ਨੂੰ ਸਿਰਫ ਵਰਤਮਾਨ ਦੇ ਸੰਦਰਭ ਵਿਚ ਭੂਤ ਅਤੇ ਭਵਿੱਖ ਨਾਲੋਂ ਵੱਖ ਕਰਕੇ ਵੇਖਦੇ ਹਾਂ ਤਾਂ ਨਿਸ਼ਚਿਤ ਹੀ ਗਲਤ ਨਤੀਜੇ ’ਤੇ ਪਹੁੰਚਣ ਦੇ ਮੌਕੇ ਜ਼ਿਆਦੇ ਹੁੰਦੇ ਹਨ। ਪੰਡਤ ਜਵਾਹਰ ਲਾਲ ਨਹਿਰੂ ਦਾ ਆਪਣਾ ਖੁਦ ਦਾ ਬਿਆਨ ਦਸਦਾ ਹੈ “ਮੇਰੇ ਅੰਤਹਕਰਣ ਵਿਚ ਕਿਸੇ ਸੌ ਜਾਂ ਹੋਰ ਕਿਸੇ ਵੀ ਗਿਣਤੀ ਦੀਆਂ ਬ੍ਰਾਹਮਣੀ ਪੁਸ਼ਤਾਂ ਦੀਆਂ ਨਸਲੀ ਯਾਦਾਂ ਪਈਆਂ ਹੋਈਆਂ ਹਨ। ਮੈਂ ਇਸ ਤੋਂ ਛੁਟਕਾਰਾ ਨਹੀਂ ਪਾ ਸਕਦਾ।…” (An Autobiography, Delhi-1980, p. 596.) ਜੇਕਰ ਨਫਰਤ ਤੇ ਅਧਾਰਤ ਵਰਣ ਵੰਡ ਵਾਲੇ ਫਲਸਫੇ ਅਤੇ ਬ੍ਰਾਹਮਣੀ ਅੰਤਹਕਰਣ ਵਿਚ ਵਸੇ ਨਫਰਤ ਦੇ ਅਹਿਸਾਸ ਨੂੰ ਗਹੁ ਨਾਲ ਵਿਚਾਰੀਏ ਤਾਂ ਸੁੱਤੇ-ਸਿਧ ਪਤਾ ਲੱਗ ਜਾਵੇਗਾ ਕਿ ਇਹ ਵੈਰ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ’ਤੇ ਆਧਾਰਤ ਨਹੀਂ ਸਗੋਂ ਸਮੂਹਕ ਤੌਰ ’ਤੇ ਬਿਪਰਵਾਦ ਨੂੰ ਚਿਤਰਤ ਕਰ ਰਿਹਾ ਹੈ ਅਤੇ ਸਦੀਆਂ ਪੁਰਾਣਾ ਹੈ।
ਜੇਕਰ ਇਲਾਹੀ ਨਦਰ ਅਤੇ ਰੱਬੀ ਹੁਕਮ ਅੰਦਰ ਪੈਦਾ ਹੋਏ ਸਵੈ-ਮੁਕਤ ਸੁਹਜ ਵਿਗਾਸ ਦੀ ਥਾਂ ਬੁੱਧੀ ਦੀ ਚਤੁਰਤਾ, ਦੁਨਿਆਵੀ ਖਿਆਲ ਦੀ ਉਡਾਰੀ ਰਾਹੀਂ ਪੈਦਾ ਹੋਏ ਗਿਆਨ-ਹਉਮੈਂ ਅਤੇ ਪਦਾਰਥਕ ਬਹੁਲਤਾ, ਦੁਨਿਆਵੀ ਤਾਕਤ ਨੂੰ ਸ੍ਰੇਸ਼ਟ ਮੰਨਣ ਵਾਲੇ ਇਸ ਬਿਪਰਵਾਦੀ ਫਲਸਫੇ ਨੂੰ ਗਹੁ ਨਾਲ ਵਿਚਾਰੀਏ ਤਾਂ ਸੁੱਤੇ-ਸਿਧ ਪਤਾ ਲੱਗ ਜਾਵੇਗਾ ਕਿ ਇਹ ਸਾਰੀ ਕਰਤੂਤ ਬਿਪਰ ਅੰਤਹਕਰਣ ਵਿਚ ਵੱਸੀ ਹਉਮੈਂ, ਡਰ ਅਤੇ ਈਰਖਾ ਦੀ ਪੈਦਾਇਸ਼ ਹੈ। ਵਰਣ ਵੰਡ ਵਰਗੀ ਨਫਰਤ ਭਰੀ ਅਤੇ ਅਨਿਆਂਪੂਰਨ ਜੁਗਤ ਦਿਮਾਗੀ ਗੋਰਖਧੰਦੇ ਵਿਚੋਂ ਪੈਦਾ ਹੋਈ ਫਿਲਾਸਫੀ ਦੀ ਦੇਣ ਹੈ। ਸ੍ਰੀਮਤੀ ਇੰਦਰਾ ਗਾਂਧੀ ਤਾਂ ਸਿਰਫ ਬਿਪਰਵਾਦ ਨੂੰ ਚਿਿਤ੍ਰਤ ਕਰ ਰਿਹਾ ਇਕ ਪਾਤਰ ਹੀ ਹੈ।
ਜਦੋਂ ਗੁਰੂ ਨਾਨਕ ਸਾਹਿਬ ਨੇ ਬਿਪਰ ਅੰਤਹਕਰਣ ਅੰਦਰ ਵਸੇ ਬੁੱਤਵਾਦ ਤੋਂ ਨਿਰਲੇਪ ਰਹਿ ਕੇ ਅਨੰਤ ਛੋਹ ਪ੍ਰਾਪਤ ਅਮਲੀ ਜੀਵਨ ਲਹਿਰ ਦੇ ਰੰਗ ਰਸ ਨਾਲ ਭਰਪੂਰ ਜੀਵਨ ਰੌਂ ਦਾ ਨੂਰ ਇਸ ਜੱਗ ’ਤੇ ਪ੍ਰਕਾਸ਼ਮਾਨ ਕੀਤਾ ਤਾਂ ਆਪਣੇ ਆਪ ਨੂੰ ਸ੍ਰੇਸ਼ਟ ਮੰਨਣ ਵਾਲੇ, ਬਿਪਰਵਾਦ ਨੇ ਹਉਮੈਂ ਵਸ ਹੋ ਕੇ ਗੁਰੂ ਸਾਹਿਬ ਦਾ ਵਿਰੋਧ ਕੀਤਾ, ਗੁਰੂ ਸਾਹਿਬ ਨਾਲ ਵੱਖ-ਵੱਖ ਥਾਵਾਂ ’ਤੇ ਗੋਸ਼ਟਾਂ ਕੀਤੀਆਂ, ਪਰ ਬਿਪਰਵਾਦ ਦਾ ਸਤਹੀ ਤਰਕ ਗੁਰੂ ਦੀ ਇਲਾਹੀ ਆਭਾ ਦਾ ਕੁਝ ਵੀ ਵਿਗਾੜ ਨਾ ਸਕਿਆ। ਈਸਵੀ ਸੰਨ ਦੇ ਸ਼ੁਰੂ ਵਿਚ ਬੁੱਧ ਧਰਮ ਦਾ ਵਿਰੋਧ, ਭਗਤ ਨਾਮਦੇਵ ਨੂੰ ਮੰਦਰ ਜਾਣ ਤੋਂ ਰੋਕਣਾ, ਗਰੀਬ ਲੋਕਾਂ ਦਾ ਸਮਾਜਿਕ ਸ਼ੋਸ਼ਣ, ਸ਼ਿਵਾਜੀ ਮਰਾਠਾ ਨੂੰ ਰਾਜਤਿਲਕ ਲਾਉਣ ਤੋਂ ਨਾਂਹ ਵੀ ਇਸੇ ਹਉਮੈਂ ਦੀ ਉਪਜ ਸੀ।
ਵਿਚਾਰ ਦੇ ਧਰਾਤਲ ’ਤੇ ਹਾਰ ਖਾਣ ਤੋਂ ਬਾਅਦ ਇਹ ਹਊਮੈ ਡਰ ਅਤੇ ਈਰਖਾ ਵਿਚ ਬਦਲ ਗਈ। ਗੁਰੂ ਅਮਰਦਾਸ ਸਾਹਿਬ ਦੀ ਅਕਬਰ ਕੋਲ ਸ਼ਿਕਾਇਤ, ਗੁਰੂ ਅਰਜਨ ਸਾਹਿਬ ਦੀਆਂ ਜਹਾਂਗੀਰ ਕੋਲ ਸ਼ਿਕਾਇਤਾਂ, 19ਵੀਂ ਸਦੀ ਵਿਚ ਆਰੀਆ ਸਮਾਜ ਲਹਿਰ, ਇਹ ਸਭ ਗੁਰੂ ਬਾਬੇ ਦੀ ਅਨਿੰਨ ਛੋਹ ਵਿਚੋਂ ਉਪਜੇ ਵਿਜੈਈ ਤਰਕ ਤੋਂ ਹਾਰ ਖਾ ਕੇ ਪੈਦਾ ਹੋਈ ਡਰ ਅਤੇ ਈਰਖਾ ਦਾ ਨਤੀਜਾ ਸਨ।
ਜਦ ਵੀ ਬਿਪਰਵਾਦ ਨੂੰ ਥੋੜ੍ਹੀ ਬਹੁਤ ਰਾਜਸੀ ਸਰਪ੍ਰਸਤੀ ਜਾਂ ਪੂਰਨ ਰਾਜਸੀ ਪ੍ਰਭੁਤਾ ਹਾਸਲ ਹੋਈ ਇਸ ਨੇ ਮਾਨਵੀ ਅਹਿਸਾਸ, ਇਨਸਾਫ, ਰਹਿਮ ਤੋਂ ਕੋਰਾ, ਬੇਕਿਰਕ, ਜ਼ਾਲਮ ਅਤੇ ਮੱਕਾਰੀ ਭਰਪੂਰ ਸਾਜ਼ਿਸ਼ੀ ਰੂਪ ਅਖਤਿਆਰ ਕੀਤਾ ਹੈ। ਚੰਦੂ ਦੁਆਰਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਵਿਚ ਹਿੱਸਾ ਲੈਣਾ, ਗੁਰੂ ਗੋਬਿੰਦ ਸਿੰਘ ਜੀ ਦੇ ਇਲਾਹੀ ਜਲਾਲ ਤੋਂ ਈਰਖਾ ਖਾ ਕੇ ਸੱਤਾ ਦੀ ਹਊਮੈ ਵਿਚ ਆ ਕੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ 9 ਜੰਗਾਂ ਕਰਨਾ, ਗੰਗੂ ਤੇ ਸੁੱਚਾ ਨੰਦ ਦੁਆਰਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਚ ਵਧਵਾਂ ਹਿੱਸਾ, 18ਵੀਂ ਸਦੀ ਵਿਚ ਲੱਖਪਤ ਰਾਏ ਦੁਆਰਾ ਛੋਟਾ ਘੱਲੂਘਾਰਾ ਅਤੇ 19ਵੀਂ ਸਦੀ ਵਿਚ ਖ਼ਾਲਸਾ ਰਾਜ ਨੂੰ ਤਬਾਹ ਕਰਨ ਲਈ ਕੀਤੀਆਂ ਸਾਜ਼ਿਸ਼ਾਂ ਬਿਪਰਵਾਦ ਨੂੰ ਪ੍ਰਾਪਤ ਹੋਈ ਰਾਜਸੀ ਸਰਪ੍ਰਸਤੀ ਦਾ ਨਤੀਜਾ ਸਨ। 7ਵੀਂ ਅਤੇ 8ਵੀਂ ਸਦੀ ਦੌਰਾਨ ਸੰਕਰਚਾਰੀਆ ਨੇ ਬੋਧੀ ਮੱਠ ਢਾਹੇ ਅਤੇ ਬੋਧੀ ਭਿਕਸ਼ੂ ਕਤਲ ਕੀਤੇ, ਇਹ ਵੀ ਛੋਟੇ ਰਾਜਿਆਂ ਤੋਂ ਪ੍ਰਾਪਤ ਹੋਈ ਰਾਜਸੀ ਸਰਪ੍ਰਸਤੀ ਦਾ ਨਤੀਜਾ ਸਨ।
ਪਰ ਜਦੋਂ ਵੀ ਬਿਪਰਵਾਦ ਨੂੰ ਪੂਰਨ ਰਾਜਸੀ-ਪ੍ਰਭੂਤਾ ਹਾਸਲ ਹੁੰਦੀ ਹੈ ਤਾਂ ਇਹ ਸੱਤਾ ਦੇ ਅਭਿਮਾਨ ਵਿਚ ਆ ਕੇ ਸਭ ਨੈਤਿਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਨਸਲਕੁਸ਼ੀ ਕਰਨ ਦੀ ਹੱਦ ਤਕ ਉਤਰ ਆਉਂਦਾ ਹੈ। ਸੰਵਿਧਾਨ ਅਨੁਸਾਰ ਸਿੱਖਾਂ ਨੂੰ ਸਿਰਫ ਹਿੰਦੂ ਆਖਣਾ ਅਤੇ ਪੰਜਾਬੀ ਬੋਲੀ ਦਾ ਸਰਕਾਰੀ ਤੌਰ ’ਤੇ ਤ੍ਰਿਸਕਾਰ ਇਸੇ ਕੜੀ ਦਾ ਹਿੱਸਾ ਹੈ। ਇਤਿਹਾਸ ਨੂੰ ਵਿਗਾੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਸਿੱਖਾਂ ਨੂੰ ਸਿਰਫ ਹਿੰਦੂ ਧਰਮ ਦੀ ਖੜਗ ਭੁਜਾ ਵਜੋਂ ਪ੍ਰਚਾਰਿਆ ਗਿਆ ਹੈ। ਇਤਿਹਾਸ ਨੂੰ ਬਿਪਰ ਢਾਂਚੇ ਅਨੁਸਾਰ ਢਾਲ ਕੇ ਸਕੂਲਾਂ ਕਾਲਜਾਂ ਵਿਚ ਪੜ੍ਹਾਇਆ ਜਾ ਰਿਹਾ ਹੈ। ਸਿੱਖਾਂ ਨੂੰ ਆਰਥਿਕ ਤੌਰ ’ਤੇ ਨਿਤਾਣਾ ਬਣਾਉਣ ਲਈ ਪੰਜਾਬ ਦੇ ਜੀਵਨ ਸਰੋਤ ਦਰਿਆਵਾਂ ਦੇ ਪਾਣੀ ਦੇ 60% ਹਿੱਸੇ ’ਤੇ ਡਾਕਾ ਮਾਰਿਆ ਗਿਆ ਹੈ। ਉਦਯੋਗਿਕ ਵਿਕਾਸ ਲਈ ਅਤਿ ਲੋੜੀਂਦੀ ਬਿਜਲੀ ਦੂਜੇ ਰਾਜਾਂ ਨੂੰ ਦਿੱਤੀ ਗਈ। ਸਰਹੱਦੀ ਰਾਜ ਹੋਣ ਦਾ ਬਹਾਨਾ ਲਾ ਕੇ ਵੱਡੇ ਉਦਯੋਗ ਅਤੇ ਤੇਜ਼ ਆਵਾਜ਼ਾਈ ਦੇ ਸਾਧਨ ਪੰਜਾਬ ਤੋਂ ਦੂਰ ਰੱਖੇ ਗਏ। ਸਭਿਆਚਾਰ ਅਤੇ ਆਰਥਿਕਤਾ ’ਤੇ ਹਮਲਾ ਕਰਨ ਤੋਂ ਬਾਅਦ ਨਸਲਕੁਸ਼ੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਜੋ 1978 ਤੋਂ ਪ੍ਰਤੱਖ ਰੂਪ ਵਿਚ ਜਾਰੀ ਹੈ।
ਉਪਰੋਕਤ ਲਿਖਤ ਪਹਿਲਾਂ 18 ਜੂਨ 2016 ਨੂੰ ਛਾਪੀ ਗਈ ਸੀ
– 0 –
ਜੂਨ 1984 ਦੇ ਘੱਲੂਘਾਰ ਬਾਰੇ ਇਸ ਖਾਸ ਲੇਖ ਲੜੀ ਤਹਿਤ ਛਪੀਆਂ ਹੋਰ ਰਚਨਾਵਾਂ ਪੜ੍ਹਨ/ਸੁਣ ਲਈ ਇਹ ਪੰਨਾ ਖੋਲ੍ਹੋ …
Related Topics: Audio Articles on June 1984, Bhai Mandhir Singh, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)