ਸਿਆਸੀ ਖਬਰਾਂ

ਬੰਦਾ ਸਿੰਘ ਬਹਾਦਰ ਦੇ ਬੁੱਤ ਦੀ ਸਥਾਪਨਾ ਦੇ ਨਾਮ ‘ਤੇ ਜੀ.ਕੇ.,ਸਿਰਸਾ ਸੰਗਤਾਂ ਨੂੰ ਧੋਖਾ ਦੇ ਰਹੇ ਹਨ:ਸਰਨਾ

May 28, 2016 | By

ਨਵੀਂ ਦਿੱਲੀ: ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇੱਕ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਜੀ.ਕੇ. ਤੇ ਸਿਰਸਾ ਦਿੱਲੀ ਦੀਆਂ  ਸੰਗਤਾਂ ਨੂੰ ਮਹਿਰੋਲੀ ਵਿਖੇ ਸਾਢੇ ਸੱਤ ਏਕੜ ਪਾਰਕ ਦਾ ਨਾਮ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ‘ਤੇ ਰੱਖੇ ਜਾਣ ਤੇ  ਉਨ੍ਹਾਂ  ਦਾ ਇੱਕ ਵਿਸ਼ਾਲ ਬੁੱਤ ਪਾਰਕ ਵਿੱਚ ਲਾਏ ਜਾਣ ਦੇ ਸਬੰਧ ਵਿੱਚ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ।  ਉਨ੍ਹਾਂ  ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਡੀ.ਡੀ.ਏ. ਨੇ ਅੱਜ ਤੱਕ ਇਸ ਪਾਰਕ ਦਾ ਨਾਮ ਰੱਖੇ ਜਾਣ ਅਤੇ ਬੁੱਤ ਦੀ ਸਥਾਪਨਾ ਬਾਰੇ ਕੋਈ ਅਧਿਕਾਰਿਕ ਆਦੇਸ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਰੀ ਨਹੀਂ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਪ੍ਰੈਸ ਨੂੰ ਸੰਬੋਧਿਤ ਹੁੰਦੇ ਹੋਏ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਪ੍ਰੈਸ ਨੂੰ ਸੰਬੋਧਿਤ ਹੁੰਦੇ ਹੋਏ

ਉਨ੍ਹਾਂ ਨੇ ਕਿਹਾ ਕਿ ਬਿਨਾਂ ਡੀ.ਡੀ.ਏ. ਦੀ ਆਗਿਆ ਦੇ ਜੀ.ਕੇ. ਤੇ ਸਿਰਸਾ ਨੇ ਇਸ ਪਾਰਕ ‘ਤੇ  ਲੱਖਾਂ ਰੁਪਏ ਖਰਚ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ ਕਰਨ ਵਾਸਤੇ ਕੰਕਰੀਟ ਦਾ ਪਲੇਟਫਾਰਮ ਬਣਾਉਣਾ ਆਰੰਭ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 2 ਦਿਨ ਪਹਿਲਾਂ ਡੀ.ਡੀ.ਏ. ਨੇ ਦਿੱਲੀ ਕਮੇਟੀ ਨੂੰ ਬੁੱਤ ਦੀ ਸਥਾਪਨਾ ਲਈ ਉਸਾਰੇ ਜਾ ਰਹੇ ਪਲੇਟਫਾਰਮ ਦਾ ਕੰਮ ਤੁਰੰਤ ਬੰਦ ਕਰਨ ਤੇ ਉਥੇ ਪਏ ਬਿਲਡਿੰਗ ਮਟੀਰੀਅਲ ਨੂੰ ਹਟਾਉਣ ਲਈ ਮੌਖਿਕ ਆਦੇਸ਼ ਕੀਤੇ ਹਨ, ਜਿਸ ਦੀ ਪਾਲਣਾ ਕਰਦੇ ਹੋਏ ਕਮੇਟੀ ਨੇ ਨਿਰਮਾਣ ਕਾਰਜ ਬੰਦ ਕਰ ਦਿੱਤਾ ਹੈ ਤੇ ਬਿਲਡਿੰਗ ਮਟੀਰੀਅਲ ਵੀ ਚੁੱਕਕੇ ਦਿੱਲੀ ਕਮੇਟੀ ਦੇ ਦਫਤਰ ਵਿਖੇ ਲੈ ਆਉਂਦਾ ਹੈ।

ਸਰਨਾ ਨੇ ਕਿਹਾ ਜਿਸ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਜਰਨਲ ਚੋਣਾਂ ਸਮੇਂ ਜੀ.ਕੇ., ਸਿਰਸਾ ਅਤੇ ਇਨ੍ਹਾਂ ਦੇ ਰਾਜਨੀਤਕ ਆਕਾ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਕਈ ਮੁੱਦਿਆਂ ’ਤੇ ਗੁੰਮਰਾਹ ਕਰਕੇ ਚੋਣਾਂ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਸੀ, ਉਸੇ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਦੁਬਾਰਾ ਸੰਗਤਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਡੀ.ਡੀ.ਏ. ਦੀ ਆਗਿਆ ਬਿਨਾਂ ਹੀ ਪਾਰਕ ਦਾ ਨਾਂ ਰੱਖਣ ਅਤੇ ਬੁੱਤ ਦੀ ਸਥਾਪਨਾ ਕਰਨ ਵਰਗੇ ਕਾਰਜਾਂ ਦਾ ਐਲਾਨ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਚੱਕਰਵਿਊ ਰਚਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਕਮੇਟੀ ਚੋਣਾਂ ਵਿਚ ਇਸ ਦਾ ਫਾਇਦਾ ਲਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਪਾਰਕ ਵਿਚ ਬੁੱਤ ਦੀ ਸਥਾਪਨਾ ਕਰਨ ਸਬੰਧੀ ਕਾਰਜਾਂ ਦੀ ਜਾਇਜ਼ਾ ਲੈਣ ਪਹੁੰਚ ਗਏ ਉਸ ਸਮੇਂ ਉਹ ਭਲੀ ਭਾਂਤੀ ਜਾਣਦੇ ਸਨ ਕਿ ਡੀ.ਡੀ.ਏ. ਨੇ ਪਾਰਕ ਦਾ ਨਾਮ ਬਦਲਣ ਜਾਂ ਬੁੱਤ ਦੀ ਸਥਾਪਨਾ ਸਬੰਧਤ ਕੋਈ ਅਧਿਕਾਰਕ ਆਗਿਆ ਕਮੇਟੀ ਨੂੰ ਨਹੀਂ ਦਿੱਤੀ ਹੈ। ਇਸ ਤਰ੍ਹਾਂ ਸੁਖਬੀਰ ਬਾਦਲ ਨੇ ਵੀ ਜੀ.ਕੇ. ਅਤੇ ਸਿਰਸਾ ਦੁਆਰਾ ਸੰਗਥ ਨੂੰ ਗੁੰਮਰਾਹ ਕਰਨ ਲਈ ਰਚੇ ਗਏ ਛੜਯੰਤਰ ਵਿਚ ਭਾਗੀਦਾਰ ਅਤੇ ਅਹਿਮ ਭੂਮਿਕਾ ਹੋਣ ਦੀ ਪੁਸ਼ਟੀ ਕੀਤੀ ਹੈ।

ਸਰਨਾ ਨੇ ਕਿਹਾ ਕਿ ਜੀ.ਕੇ. ਅਤੇ ਸਿਰਸਾ ਨੇ ਪੰਜਾਬ ਸਰਕਾ ਤੋਂ 25 ਕਰੋੜ ਰੁਪਏ ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਲਈ ਪ੍ਰਾਪਤ ਕੀਤੇ ਹਨ ਤੇ ਇਹ ਪੈਸੇ ਕਿਹੜੇ ਕਿਹੜੇ ਕਾਰਜਾਂ ਲਈ ਖਰਚ ਕੀਤੇ ਜਾ ਰਹੇ ਹਨ, ਇਸ ਦਾ ਬਿਊਰਾ ਨਾਲ-ਨਾਲ ਹੀ ਸੰਗਤਾਂ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇਕਰ ਡੀ.ਡੀ.ਏ. ਇਸ ਪਾਰਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ’ਤੇ ਰੱਖਣ ਦੀ ਮਨਜ਼ੂਰੀ ਨਹੀਂ ਦਿੰਦੀ ਤਾਂ ਜੀ.ਕੇ. ਅਤੇ ਸਿਰਸਾ ਤੋਂ ਪੈਸੇ ਵਸੂਲ ਕੇ ਕਮੇਟੀ ਦੇ ਖਾਤਿਆ ਵਿਚ ਜਮ੍ਹਾਂ ਹੋਣੇ ਚਾਹੀਦੇ ਹਨ।

ਪਿਛਲੇ ਦਿਨੀਂ ਜਥੇਦਾਰ ਕੁਲਦੀਪ ਸਿੰਘ ਕਰੋਲ ਬਾਗ ਸੀਨੀਅਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੋਈਆਂ ਮੀਟਿੰਗਾਂ ਦੌਰਾਨ ਉਨ੍ਹਾਂ ਨੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਭੁਲਾਕੇ ਮੁੜ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ ਹੋਣ ਦਾ ਜੋ ਫੈਸਲਾ ਕੀਤਾ ਹੈ, ਅਸੀਂ ਉਨ੍ਹਾਂ ਦਾ ਭਰਪੂਰ ਸੁਆਗਤ ਕਰਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,