March 31, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ(30 ਮਾਰਚ, 2016): ਮਨੀਪੁਰ ਦੀ ਬਹਾਦਰ ਧੀ ਵਜੋਂ ਜਾਣੀ ਜਾਂਦੀ ਅਤੇ ਮਨੀਪੁਰ ਦੀ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੂੰ ਇਥੋਂ ਦੀ ਇਕ ਅਦਾਲਤ ਨੇ ਸਾਲ 2006 ਦੇ ਖ਼ੁਦਕੁਸ਼ੀ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਮੈਟਰੋਪਾਲਿਟਨ ਮੈਜਿਸਟਰੇਟ ਹਰਵਿੰਦਰ ਸਿੰਘ ਨੇ ਸ਼ਰਮੀਲਾ ਨੂੰ ਬਰੀ ਕਰ ਦਿੱਤਾ। ਸਾਲ 2006 ਵਿੱਚ ਉਸ ਉਪਰ ਉਦੋਂ ਕੇਸ ਦਰਜ ਕੀਤਾ ਗਿਆ ਸੀ ਜਦੋਂ ਜੰਤਰ ਮੰਤਰ ’ਤੇ ਉਹ ਮਰਨ ਵਰਤ ’ਤੇ ਬੈਠ ਗੲੀ ਸੀ।
ਉਂਜ ਇਹ ਮਨੁੱਖੀ ਅਧਿਕਾਰ ਕਾਰਕੁਨ ਬੀਤੇ 16 ਸਾਲਾਂ ਤੋਂ ਭੁੱਖ ਹਡ਼ਤਾਲ ’ਤੇ ਹੈ। ਉਹ ਮਨੀਪੁਰ ਵਿੱਚੋਂ ਫੌਜ ਨੂੰ ਦਿੱਤੀਆਂ ਵਿਸ਼ੇਸ ਤਾਕਤਾਂ ਵਾਲਾ ਕਾਨੂੰਨ ਹਟਾਉਣ ਦੀ ਮੰਗ ਕਰ ਰਹੀ ਹੈ। ਉਸ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਆਪਣਾ ਵਰਤ ਖਤਮ ਕਰਨ ਲਈ ਤਿਆਰ ਹੈ ਬਸ਼ਰਤੇ ਮਨੀਪੁਰ ਵਿੱਚੋਂ ਹਥਿਆਰਬੰਦ ਫੌਜਾਂ ਨੂੰ ਦਿੱਤੀਆਂ ਵਿਸ਼ੇਸ਼ ਤਾਕਤਾਂ ਵਾਪਸ ਲੈ ਲਈਆਂ ਜਾਣ।
ਉਸ ਨੇ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਇੱਛਾ ਪ੍ਰਗਟਾਈ। ਸ਼ਰਮੀਲਾ ਦੇ ਨੱਕ ਵਿੱਚ ਨਾਲੀ ਪਾਈ ਹੋਈ ਹੈ ਤੇ ਉਸ ਨੂੰ ਉਸ ਰਾਹੀਂ ਤਰਲ ਪਦਾਰਥ ਦਿੱਤੇ ਜਾ ਰਹੇ ਹਨ।
ਬਹਾਦਰ ਬੀਬੀ ਵਜੋਂ ਮਸ਼ਹੂਰ ਸ਼ਰਮੀਲਾ ਨੇ ਅਦਾਲਤ ਨੂੰ ਕਿਹਾ ਕਿ ਉਸ ਦਾ ਪ੍ਰਦਰਸ਼ਨ ਅਹਿੰਸਕ ਹੈ।
Related Topics: AFSPA, Human Rights, Indian Politics, Irom Charu Sharmila, Iron Lady of Manipur