ਖਾਸ ਖਬਰਾਂ » ਚੋਣਵੀਆਂ ਲਿਖਤਾਂ » ਲੇਖ

ਦੇਸ਼-ਧਰੋਹੀ ਅਤੇ ਦੇਸ਼ਭਗਤੀ ਦਾ ਸੰਵਾਦ (ਵਿਸ਼ੇਸ਼ ਲੇਖ)

February 24, 2016 | By

– ਅਵਤਾਰ ਸਿੰਘ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਿਦਆਰਥੀਆਂ ਤੇ ਸਟੇਟ ਮਸ਼ੀਨਰੀ ਵੱਲੋਂ ਕੀਤੇ ਗਏ ਅੱਤਿਆਚਾਰ ਨੇ ਦੇਸ਼ ਭਰ ਵਿੱਚ ਰਾਸਟਰਵਾਦ ਬਾਰੇ ਬਹਿਸ ਨੂੰ ਤੇਜ ਕਰ ਦਿੱਤਾ ਹੈੈ। ਜਵਾਹਰ ਲਾਲ ਯੂਨੀਵਰਸਿਟੀ ਦੇਸ਼ ਦੀ ਸਭ ਤੋਂ ਸਤਿਕਾਰਿਤ ਯੂਨੀਵਰਸਿਟੀ ਦੇ ਤੌਰ ਤੇ ਜਾਣੀ ਜਾਂਦੀ ਹੈ ਜਿਸ ਵਿੱਚ ਉੱਚ ਪਾਏ ਦੇ ਵਿਦਵਾਨ ਪੈਦਾ ਹੋ ਰਹੇ ਹਨ।ਦੇੇਸ਼ ਸਾਹਮਣੇ ਦਰਪੇਸ਼ ਮਸਲਿਆਂ ਨੂੰ ਅਕਾਦਮਕ ਪੱਧਰ ਤੇ ਸੰਵਾਦ ਵਿੱਚ ਲਿਆਉਣਾਂ ਅਤੇ ਇਨ੍ਹਾਂ ਚੁਣੌਤੀਆਂ ਬਾਰੇ ਉਸਾਰੂ ਬਹਿਸ ਕਰਨੀ ਇਸ ਯੂਨੀਵਰਸਿਟੀ ਦਾ ਸੱਭਿਆਚਾਰ ਰਿਹਾ ਹੈ। ਇਸ ਯੂਨੀਵਰਸਿਟੀ ਵਿੱਚ ਹਰ ਰਾਜਨੀਤਿਕ ਰੰਗ ਅਤੇ ਪਿੱਠਭੂਮੀ ਵਾਲੇ ਵਿਿਦਆਰਥੀ ਪੜ੍ਹਨ ਲਈ ਆਉਂਦੇ ਹਨ ਅਤੇ ਆਪਣੇ ਗਿਆਨ ਦੀ ਗੰਗਾ ਵਹਾਉਂਦੇ ਹਨ।

ਪਿਛਲੇ ਦਿਨੀ ਇਸ ਯੂਨੀਵਰਸਿਟੀ ਦੇ ਵਿਿਦਆਰਥੀਆਂ ਤੇ ਫਿਰਕੂ ਰਾਸ਼ਟਰਵਾਦੀਆਂ ਵੱਲੋਂ ਸਟੇਟ ਮਸ਼ੀਨਰੀ ਨਾਲ ਹਮਲਾ ਬੋਲਿਆ ਗਿਆ ਜਿਸ ਵਿੱਚ ਵਿਿਦਆਰਥੀ ਆਗੂ ਕਨ੍ਹਈਆ ਕੁਮਾਰ ਨੂੰ ਦੇਸ਼-ਧਰੋਹੀ ਦੇ ਜੁਰਮ ਅਧੀਨ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤ ਵਿੱਚ ਉਸ ਤੇ ਹਿੰਦੂ-ਰਾਸ਼ਟਰਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਇਸੇ ਦੌਰਾਨ ਹੀ ਪੱਤਰਕਾਰ ਵੀ ਹਿੰਦੂ-ਰਾਸ਼ਟਰਵਾਦੀਆਂ ਦੀ ਦਹਿਸ਼ਤ ਦਾ ਸ਼ਿਕਾਰ ਬਣੇ। ਮੀਡੀਆ ਦੇ ਇੱਕ ਹਿੱਸੇ ਨੇ ਪੱਤਰਕਾਰਤਾ ਦੀਆਂ ਹੱਦਾਂ ਲੰਘਦੇ ਹੋਏ ਦੇਸ਼ ਭਰ ਵਿੱਚ ਫਿਰਕੂ ਮਹੌਲ ਸਿਰਜਣ ਦਾ ਯਤਨ ਕੀਤਾ। ਇਸ ਕਸਰਤ ਖਿਲਾਫ ਕੁਝ ਪੱਤਰਕਾਰਾਂ ਨੇ ਹੀ ਬਗਾਵਤ ਕਰ ਦਿੱਤੀ ਅਤੇ ਐਲਾਨ ਕਰ ਦਿੱਤਾ ਕਿ ਉਹ ਦੇਸ਼ ਭਗਤੀ ਅਤੇ ਦੇਸ਼ ਧਰੋਹੀ ਦੀ ਉਸ ਵਿਆਖਿਆ ਨਾਲ ਸਹਿਮਤ ਨਹੀ ਹਨ ਜੋ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਪਰਚਾਰੀ ਜਾ ਰਹੀ ਹੈੈ।

JNUਇਸ ਸਮੁੱਚੇ ਘਟਨਾਕ੍ਰਮ ਨੇ ਦੇਸ਼ ਭਰ ਵਿੱਚ ਰਾਸ਼ਟਰਵਾਦ ਬਾਰੇ ਬਹਿਸ ਸ਼ੁਰੂ ਕਰ ਦਿੱਤੀ ਹੈੈ। ਕੁਝ ਵਿਦਵਾਨ ਇਸਨੂੰ ਧਾਰਮਕ ਰਾਸ਼ਟਰਵਾਦ ਬਨਾਮ ਧਰਮ-ਨਿਰਪੱਖ ਰਾਸ਼ਟਰਵਾਦ ਦੀ ਸੰਗਿਆ ਦੇ ਰਹੇ ਹਨ ਅਤੇ ਕੁਝ ਹੋਰ ਰਾਸ਼ਟਰਵਾਦ ਦੇ ਵਿਗੜੇ ਹੋਏ ਰੂਪ ਦੀ। ਇਸ ਲਿਖਤ ਰਾਹੀਂ ਅਸੀਂ ਕੌਮਾਂਤਰੀ ਤੌਰ ਤੇ ਪ੍ਰਵਾਨ ਹੋ ਚੁੱਕੀ ਰਾਸ਼ਟਰਵਾਦ ਦੀ ਪਰਿਭਾਸ਼ਾ ਅਤੇ ਫਾਸ਼ੀ-ਰਾਸ਼ਟਰਵਾਦ ਦੀਆਂ ਜੜ੍ਹਾਂ ਅਤੇ ਨਿਸ਼ਾਨਿਆਂ ਬਾਰੇ ਵਿਚਾਰ ਕਰਾਂਗੇ।

ਰਾਸ਼ਟਰਵਾਦ ਕੀ ਹੈ?

ਰਾਸਟਰਵਾਦ ਮਨੁੱਖੀ ਮਨ ਦੀ ਉਹ ਅਵਸਥਾ ਹੈ ਜਿਸ ਵਿੱਚ ਉਸਦੀ ਸਭ ਤੋਂ ਪਹਿਲੀ ਵਫਾਦਾਰੀ ਆਪਣੀ ਪਿਤਾਪੁਰਖੀ ਧਰਤੀ,ਉਸ ਧਰਤੀ ਦੀਆਂ ਰਵਾਇਤਾਂ ਅਤੇ ਇਤਹਾਸ ਨਾਲ ਹੁੰਦੀ ਹੈ। ਆਪਣੀਆਂ ਇਤਿਹਾਸਕ ਰਵਾਇਤਾਂ ਦੇ ਅਧਾਰ ਤੇ ਉਸ ਧਰਤੀ ਤੇ ਆਪਣਾਂ ਰਾਜ ਸਿਰਜਣਾਂ ਉਸਦੀ ਇੱਛਾ ਹੁੰਦੀ ਹੈ। ਬੇਸ਼ੱਕ ਧਰਮ, ਭਾਸ਼ਾ ਅਤੇ ਰਵਾਇਤਾਂ ਦਾ ਆਪਣਾਂ ਰੋਲ ਹੁੰਦਾ ਹੈ ਪਰ ਰਾਸ਼ਟਰਵਾਦ ਦੀ ਸਭ ਤੋਂ ਵੱਡੀ ਜਰੂਰਤ ਇੱਕੋ ਥਾਂ ਤੇ ਆਪਣੇ ਲੋਕਾਂ ਨਾਲ ਰਹਿਣ ਦੀ ਇੱਛਾ ਹੁੰਦੀ ਹੈ। ਇਤਿਹਾਸਕ ਸਾਂਝ ਅਤੇ ਰੱਬ ਵੱਲੋਂ ਚੁਣੇ ਹੋਏ ਲੋਕ ਅਤੇ ਸਾਂਝੇ ਇਤਿਹਾਸ ਦੀ ਵਿਰਾਸਤ ਆਧੁਨਿਕ ਰਾਸ਼ਟਰਵਾਦ ਦਾ ਮੁੱਢ ਬਣੀ। (Hans Kohn-Nationalism its Meaning and History).

ਰਾਸ਼ਟਰਵਾਦ ਉਹ ਵਿਚਾਰਧਾਰਾ ਹੈ ਜੋ ਮੰਨਦੀ ਹੈ ਕਿ ਸਮੁੱਚੀ ਮਨੁੱਖਤਾ ਕੁਦਰਤੀ ਤੌਰ ਤੇ ਵੱਖ ਵੱਖ ਕੌਮਾਂ ਵਿੱਚ ਵੰਡੀ ਹੋਈ ਹੈ। ਇਹ ਕੌਮਾਂ ਆਪਣੇ ਵੱਖਰੇ ਇਤਿਹਾਸ, ਰਵਾਇਤਾਂ ਅਤੇ ਸਾਂਝੀਆਂ ਇਤਿਹਾਸਕ ਯਾਦਾਂ ਵਰਗੇ ਅਨੇਕਾਂ ਵਿਸ਼ੇਸ਼ ਲੱਛਣਾਂ ਨਾਲ ਭਰਪੂਰ ਹਨ। ਇਸ ਲਈ ਇਹ ਮੰਨਕੇ ਚੱਲਦੀ ਹੈ ਕਿ ਹਰ ਕੌਮ ਤੇ ਰਾਜ ਕਰਨ ਵਾਲੇ ਉਸ ਵਰਗੇ ਅਤੇ ਉਸਦੀ ਇਤਿਹਾਸਕ ਪਿੱਠਭੂਮੀ ਵਾਲੇ ਹੀ ਹੋਣੇ ਚਾਹੀਦੇ ਹਨ। (Elie Kedourie- Nationalism).

ਵੱਖ ਵੱਖ ਘੱਟ ਗਿਣਤੀਆਂ-ਸਮੂਹਾਂ ਦੀ ਹੋਂਦ, ਇਨ੍ਹਾਂ ਸਮੂਹਾਂ ਦੇ ਮੈਂਬਰਾਂ ਵਿੱਚ ਇਤਿਹਾਸਕ,ਧਾਰਮਕ,ਸਮਾਜਕ ਸਾਂਝ ਅਤੇ ਆਪਣੇ ਤੋਂ ਵੱਖਰੇ ਸਮੂਹਾਂ ਨਾਲੋਂ ਸਪਸ਼ਟ ਵਖਰੇਵੇਂ ਦੀ ਭਾਵਨਾ ਹੀ ਉਸ ਕੌਮ ਵਿੱਚ ਰਾਸ਼ਟਰਵਾਦ ਦੀ ਭਾਵਨਾ ਭਰਦੀ ਹੈ। ਇਨ੍ਹਾਂ ਕੌਮਾਂ ਵਿੱਚ ਜਦੋਂ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਉਨ੍ਹਾਂ ਤੇ ਕੋਈ ਬੇਗਾਨਾ ਰਾਜ ਕਰ ਰਿਹਾ ਹੈ ਤਾਂ ਉਹ ਹਿੰਸਕ ਵਿਰੋਧ ਤੱਕ ਉਤਰ ਆਉਂਦੇ ਹਨ। Benjamin Akzin-State and Nation.

ਰਾਸ਼ਟਰਵਾਦ ਇੱਕ ਰਾਜਨੀਤਿਕ ਧਾਰਨਾ ਹੈ ਜੋ ਮੰਨਦੀ ਹੈ ਕਿ ਮਨੁੱਖਾਂ ਦੇ ਕਿਸੇ ਸਮੂਹ ਵਿੱਚ ਪੀਡੀ ਸਾਂਝ ਪੈਦਾ ਕਰਨ ਲਈ ਉਸ ਸਮੂਹ ਦਾ ਦੂਜਿਆਂ ਤੋਂ ਵੱਖਰਾ ਸੱਭਿਆਚਾਰ ਸਭ ਤੋਂ ਮਜਬੂਤ ਕੜੀ ਹੁੰਦਾ ਹੈੈ। ਉਨ੍ਹਾਂ ਦੀ ਇਤਿਹਾਸਕ ਅਤੇ ਸੱਭਿਆਚਾਰ ਸਾਂਝ ਹੀ ਸਮੂਹ ਨੂੰ ਕੌਮ ਬਣਾਉਂਦੀ ਹੈ। ਕੌਮਵਾਦ ਇਹ ਮੰਗ ਕਰਦਾ ਹੈ ਕਿ ਇੱਕ ਸਟੇਟ ਵਿੱਚ ਰਹਿਣ ਵਾਲੇ ਉਸੇ ਸਾਂਝੇ ਸੱਭਿਆਚਾਰ ਦੇ ਮੈਂਬਰ ਹੋਣ… Ernest Gellner – Nationalism.

ਦੁਨੀਆਂ ਭਰ ਦੇ ਸਾਰੇ ਅਕੀਦਿਆਂ ਅਤੇ ਵਿਚਾਰਾਂ ਵਿੱਚੋਂ ਜੇ ਕਿਸੇ ਵਿਚਾਰ ਨੇ ਮਨੁੱਖਤਾ ਦੀ ਸਭ ਤੋਂ ਵੱਧ ਵਫਾਦਾਰੀ ਮਾਣੀ ਹੈ ਤਾਂ ਉਹ ਕੌਮਵਾਦ ਦਾ ਵਿਚਾਰ ਹੈੈ। ਬੇਸ਼ੱਕ ਹੋਰ ਵਿਚਾਰਾਂ ਨੇ ਆਦਮੀ ਨੂੰ ਬਹੁਤ ਵੱਡੇ ਅਤੇ ਖਤਰਨਾਕ ਕਾਰਨਾਮੇ ਕਰਨ ਲਈ ਤਿਆਰ ਕੀਤਾ ਹੋਵੇਗਾ ਪਰ ਕੌਮਵਾਦ ਵਾਂਗ ਕੋਈ ਵੀ ਵਿਚਾਰਧਾਰਾ ਸਮੁੱਚੇ ਸੰਸਾਰ ਵਿੱਚ ਆਪਣੇ ਪੈਰ ਪਸਾਰਨ ਵਿੱਚ ਕਾਮਯਾਬ ਨਹੀ ਹੋ ਸਕੀ। ਨਾ ਹੀ ਕੋਈ ਹੋਰ ਵਿਚਾਰ ਦੁਨੀਆਂ ਦੇ ਹਰ ਕੋਨੇ ਵਿੱਚੋਂ ਹਰ ਕਿਸਮ ਦੇ ਮਨੁੱਖਾਂ ਨੂੰ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋਇਆ ਹੈੈ। Anthony D Smith-Nationalism in Twentieth Century.

ਜਿਨ੍ਹਾਂ ਵੀ ਵਿਦਵਾਨਾਂ ਨੇ ਰਾਸ਼ਟਰਵਾਦ ਦਾ ਅਧਿਐਨ ਕੀਤਾ ਹੈ ਉਹ ਇਸ ਸਿੱਟੇ ਤੇ ਹੀ ਪੁੱਜੇ ਹਨ ਕਿ, ਉਹ ਲੋਕ ਜੋ ਸਾਂਝੇ ਇਤਿਹਾਸ, ਸਾਂਝੀ ਬੋਲੀ, ਧਰਮ ਅਤੇ ਸਾਂਝੀਆਂ ਇਤਿਹਾਸਕ ਯਾਦਾਂ ਦੇ ਵਾਰਸ ਹਨ ਉਹ ਆਪਣੇ ਹੋਮਲੈਂਡ ਵਿੱਚ ਇਕੱਠੇ ਅਤੇ ਅਜ਼ਾਦ ਹੋਣੇ ਚਾਹੀਦੇ ਹਨ। ਇਸ ਵਿਚਾਰ ਦੀ ਜੜ੍ਹ ਹੀ ਸੰਸਾਰ ਬਾਰੇ ਇੱਕ ਨਿਵੇਕਲੀ ਪਹੁੰਚ ਹੈ। ਉਹ ਪਹੁੰਚ ਜੋ ਮੰਨਦੀ ਹੈ ਕਿ ਮਨੁੱਖਤਾ ਕੁਦਰਤੀ ਅਤੇ ਅਸਲੀ ਤੌਰ ਤੇ ਵੱਖ ਵੱਖ ਸਮੂਹਾਂ ਵਿੱਚ ਵੰਡੀ ਹੋਈ ਹੈ ਜਿਨ੍ਹਾਂ ਦਾ ਆਪਣਾਂ ਵੱਖਰਾ ਇਤਿਹਾਸ ਅਤੇ ਸੱਭਿਆਚਾਰ ਹੈ। ਇਨ੍ਹਾਂ ਸਮੂਹਾਂ ਨੂੰ ਕੌਮ ਆਖਿਆ ਜਾਂਦਾ ਹੈ। ਹਰੇਕ ਸੱਭਿਆਚਾਰ ਆਪਣੇ ਮੈਬਰਾਂ ਨੂੰ ਆਪਣੇ ਢੰਗ ਨਾਲ ਉਸਾਰਦਾ ਹੈ ਕਿਉਂਕਿ ਉਸ ਸੱਭਿਆਚਾਰ ਦਾ ਆਪਣਾਂ ਇਤਿਹਾਸ ਹੁੰਦਾ ਹੈ। ਇਹ ਇਤਿਹਾਸਕ ਸੱਭਿਆਚਅਰ ਹੀ ਹੈ ਜੋ ਵਰਤਾਮਾਨ ਅਤੇ ਭਵਿੱਖ ਦੀਆਂ ਪੀੜ੍ਹ੍ਹੀਆਂ ਨੂੰ ਸਾਂਝ ਵਿੱਚ ਜੋੜਦਾ ਹੈ।

ਰਾਸ਼ਟਰਵਾਦੀ ਲਹਿਰਾਂ ਦੇ ਤਿੰਨ ਪ੍ਰਮੁੱਖ ਮਨੋਰਥ ਮਿਥੇ ਗਏ ਹਨ। ਨਾਗਰਿਕਾਂ ਦੀ ਅਜ਼ਾਦੀ,ਹੋਮਲੈਂਡ ਦੀ ਏਕਤਾ ਅਤੇ ਇਤਿਹਾਸਕ ਵਿਰਸੇ ਦੀ ਸੰਭਾਲ।

ਨਾਗਰਿਕਾਂ ਦੀ ਅਜ਼ਾਦੀ ਤੋਂ ਭਾਵ ਹੈ ਕਿ ਕੌਮ ਬਰਾਬਰ ਦੇ ਨਾਗਰਿਕਾਂ ਦਾ ਸਮੂਹ ਹੈ ਜੋ ਅਜ਼ਾਦ ਹਨ ਅਤੇ ਜਿਨ੍ਹਾਂ ਕੋਲ ਆਪਣੇ ਆਪ ਨੂੰ ਸਵੈ-ਸ਼ਾਸ਼ਤ ਕਰਨ ਦਾ ਅਧਿਕਾਰ ਹੋਣਾਂ ਚਾਹੀਦਾ ਹੈ। ਇਸ ਲਈ ਕੌਮ ਕੋਲ ਅਜਿਹੇ ਕਨੂੰਨ ਹੋਣੇ ਚਾਹੀਦੇ ਹਨ ਜਿਨ੍ਹਾਂ ਅਧੀਨ ਲੋਕ ਬਿਨਾ ਕਿਸੇ ਬਾਹਰੀ ਜਾਂ ਅੰਦਰੂਨੀ ਖਤਰੇ ਦੇ ਆਪਣੇ ਵਿਚਾਰ ਪ੍ਰਗਟ ਕਰ ਸਕਣ। ਹੋਮਲੈਂਡ ਦੀ ਏਕਤਾ ਦਾ ਭਾਵ ਹੈ ਲੋਕਾਂ ਵਿੱਚ ਸਾਂਝ। ਇਹ ਮੰਗ ਕਰਦੀ ਹੈ ਕਿ ਇੱਕੋ ਕੌਮ ਦੇ ਲੋਕ ਆਪਣੀ ਧਰਤੀ (ਹੋਮਲੈਡ) ਤੇ ਇਕੱਠੇ ਰਹਿਣ ਅਤੇ ਆਪਣੇ ਭਵਿੱਖ ਦੇ ਆਪ ਵਾਰਸ ਬਣਨ। ਇਤਿਹਾਸਕ ਪਹਿਚਾਣ ਤੋਂ ਭਾਵ ਹੈ ਕਿ ਕੌਮ ਦੇ ਸਾਰੇ ਲੋਕਾਂ ਵਿੱਚ ਆਪਣੇ ਇਤਿਹਾਸਕ ਵਿਰਸੇ ਬਾਰੇ ਚੇਤਨਤਾ ਪੈਦਾ ਕਰਨੀ। ਬੇਸ਼ੱਕ ਹਰ ਕੌਮੀ ਲਹਿਰ ਆਪਣੀ ਸਟੇਟ ਉਸਾਰਨ ਦੀ ਰੀਝ ਰੱਖਦੀ ਹੈ ਪਰ ਉਹ ਸਟੇਟ ਪੂਰਨ ਅਜ਼ਾਦੀ ਦੇ ਮਨਸ਼ੇ ਲਈ ਹੁੰਦੀ ਹੈ ਨਾ ਕਿ ਕਿਸੇ ਨੂੰ ਗੁਲਾਮ ਬਣਾਉਣ ਲਈ।

ਫਾਸ਼ੀਵਾਦੀ ਰਾਸ਼ਟਰਵਾਦ ਕੀ ਹੈ?

ਹੁਣ ਅਸੀਂ ਰਾਸ਼ਟਰਵਾਦ ਦੀ ਉਪਰ ਵਰਨਣ ਕੀਤੀ ਵਿਆਖਿਆ ਦੇ ਸੰਦਰਭ ਵਿੱਚ ਫਾਸ਼ੀਵਾਦੀ ਰਾਸ਼ਟਰਵਾਦ ਦੁੀ ਵਿਚਾਰਧਾਰਕ ਪਹੁੰਚ ਅਤੇ ਉਸਦੇ ਨਿਸ਼ਾਨਿਆਂ ਨੂੰ ਦੇਖਗੇ।
ਕੌਮੀ ਰਾਸ਼ਟਰਵਾਦ ਦੇ ਮੁਕਾਬਲੇ ਫਾਸ਼ੀ ਰਾਸ਼ਟਰਵਾਦ ‘ਹਿੰਸਕ ਗਰੋਹ’ ਬਣਕੇ ਰਹਿ ਜਾਂਦਾ ਹੈ।

ਫਾਸ਼ੀਵਾਦੀ ਰਾਸਟਰਵਾਦ ਦਾ ਸਭ ਤੋਂ ਪ੍ਰਮੁੱਖ ਨਿਸ਼ਾਨਾ ਸਟੇਟ ਤੇ ਕਬਜਾ ਕਰਨ ਦਾ ਹੈ। ਫਾਸ਼ੀ ਰਾਸ਼ਟਰਵਾਦ ਸਟੇਟ ਨੂੰ ਆਪਣੇ ਮਨਸ਼ਿਆਂ ਦੀ ਪੂਰਤੀ ਲਈ ਸੰਦ ਬਣਾਕੇ ਵਰਤਾਦਾ ਹੈੈ। ਸਟੇਟ ਤੋਂ ਬਿਨਾ ਉਹ ਆਪਣੇ ਸੁਪਨੇ ਪੂਰੇ ਨਹੀ ਕਰ ਸਕਦਾ। ਸਟੇਟ ਨੂੰ ਫਾਸ਼ੀ ਰਾਸ਼ਟਰਵਾਦ, ਮਨੁੱਖਤਾ ਦੀ ਅਜ਼ਾਦੀ, ਭਲਾਈ ਜਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਲਈ ਨਹੀ ਵਰਤਣਾਂ ਚਾਹੁੰਦਾ ਬਲਕਿ ਉਹ ਸਟੇਟ ਤੇ ਕਬਜਾ ਕਰਕੇ ਆਪਣੀ ਸੌੜੀ ਵਿਚਾਰਧਾਰਾ ਦੇ ਅਨੁਕੂਲ ਮਨੁੱਖ਼ ਦਾ ਨਵਾਂ ਢਾਂਚਾ ਤਿਆਰ ਕਰਨਾ ਚਾਹੁੰਦਾ ਹੈ ਜੋ ਪੂਰੀ ਤਰ੍ਹਾਂ ਸਟੇਟ ਦੀ ਅਧੀਨਗੀ ਹੇਠ ਹੋਵੇ। ਫਾਸ਼ੀ ਰਾਸ਼ਟਰਵਾਦ ਨੂੰ ਅਜ਼ਾਦ ਮਨੁੱਖ ਨਹੀ ਬਲਕਿ ਅਧੀਨ ਮਨੁੱਖ ਚਾਹੀਦੇ ਹਨ।

ਫਾਸ਼ੀ ਰਾਸ਼ਟਰਵਾਦ ਦੀ ਵਿਚਾਰਧਾ ਬਾਰੇ ਮੁਸਲੋਨੀ ਨੇ ਕੋਈ ਵੀ ਸ਼ੱਕ ਸ਼ੁਭੇ ਨਹੀ ਰਹਿਣ ਦਿੱਤੇ। ਉਹ ਆਪਣੇ ਵਿਚਾਰਾਂ ਅਤੇ ਨਿਸ਼ਾਨਿਆਂ ਬਾਰੇ ਬਿਲਕੁਲ ਸ਼ਪਸ਼ਟ ਹੈ। ਮੁਸਲੋਨੀ ਆਖਦਾ ਹੈ-

ਫਾਸ਼ੀਵਾਦ ਦਾ ਅਧਾਰ ਸਟੇਟ ਦੇ ਸੰਕਲਪ, ਇਸਦੇ ਚਰਿੱਤਰ, ਇਸਦੀ ਡਿਊਟੀ ਅਤੇ ਇਸਦੇ ਨਿਸ਼ਾਨਿਆਂ ਬਾਰੇ ਹੈੈ। ਫ਼ਾਸ਼ੀਵਾਦ ਸਟੇਟ ਨੂੰ ਇੱਕ ਨਿਰਕੁੰਸ਼ ਸੰਸਥਾ ਦੇ ਤੌਰ ਤੇ ਚਿਤਵਦਾ ਹੈ। ਹਰ ਮਨੁੱਖ ਅਤੇ ਸਮੂਹ ਨੂੰ ਫਾਸ਼ੀਵਾਦ ਉਸਦੇ ਸਟੇਟ ਨਾਲ ਰਸ਼ਤੇ ਦੇ ਸੰਦਰਭ ਵਿੱਚ ਦੇਖਦਾ ਹੈ। …ਸਟੇਟ ਮਹਿਜ਼ ਵਰਤਮਾਨ ਦੀ ਹੀ ਸਚਾਈ ਨਹੀ ਹੈ, ਇਹ ਪਿਛੋਕੜ ਨਾਲ ਵੀ ਸਬੰਧ ਰੱਖਦੀ ਹੈ ਅਤੇ ਸਭ ਤੋਂ ਉਪਰ ਭਵਿੱਖ ਨਾਲ ਵੀ, ਇਹ ਨਿੱਜੀ ਜਿੰਦਗੀ ਦੀਆਂ ਸੀਮਤਾਈਆਂ ਨੂੰ ਉਲੰਘ ਕੇ ਰਾਸ਼ਟਰ ਦੀ ਸਰਬਵਿਆਪਕ ਭਾਵਨਾ ਦੀ ਤਰਜਮਾਨੀ ਕਰਦੀ … B. Mussolini- The Political and Social Doctrine of Fascism.

ਸਟੇਟ ਦੀ ਇਸ ਫਾਸ਼ਵਿਾਦੀ ਪਹੁੰਚ ਤੋਂ ਇਸ ਸਿੱਟੇ ਤੇ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ ਕਿ ਫਾਸ਼ੀਵਾਦੀ ਰਾਸ਼ਟਰਵਾਦ, ਸੰਸਦੀ ਕਿਸਮ ਦੇ ਸਿਸਟਮ ਨੂੰ ਤਬਾਹ ਕਰਨ ਦੀ ਇੱਛਾ ਪਹਿਲੇ ਦਿਨ ਤੋਂ ਰੱਖਦੇ ਹਨ। ਇਸ ਸਿਸਟਮ ਵਿੱਚ ਉਨ੍ਹਾਂ ਦਾ ਕੋਈ ਵਿਸ਼ਵਾਸ਼ ਹੀ ਨਹੀ ਹੈ। ਮਨੁੱਖੀ ਹੱਕ ਜਾਂ ਅਜ਼ਾਦੀਆਂ ਉਨ੍ਹਾਂ ਦੇ ਏਜੰਡੇ ਵਿੱਚ ਨਹੀ ਹਨ।
ਆਪਣੇ ਇੱਕ ਮਸ਼ਹੂਰ ਲੇਖ ਵਿੱਚ ਮੁਸਲੋਨੀ ਆਖਦਾ ਹੈ-

ਫਾਸ਼ੀਵਾਦੀ ਸਟੇਟ ਮਨੁੱਖ ਦੀ ਸਮੁੱਚਤਾ ਦਾ ਕਾਇਆਕਲਪ ਕਰੇਗੀ। ਉਹ ਮਨੁੱਖ ਦੇ ਅੰਦਰੂਨੀ ਕਨੂੰਨੀ ਅਤੇ ਚਰਿੱਤਰ ਨੂੰ ਤਬਦੀਲ ਕਰੇਗੀ। ਇਹ ਮਨੁੱਖ ਦੀ ਇੱਛਾ ਅਤੇ ਗਿਆਨ ਨੂੰ ਕਾਬੂ ਕਰੇਗੀ। ਸਟੇਟ ਦੇ ਕਾਇਦੇ, ਸੱਭਿਅਕ ਸਮਾਜ ਵਿੱਚ ਰਹਿ ਰਹੇ ਮਨੁੱਖ ਦੀ ਧੁਰ ਆਤਮਾ ਤੱਕ ਪਹੁੰਚਣਗੇ, ਇਹ ਹਰ ਆਮ ਅਤੇ ਖਾਸ ਮਨੁੱਖ ਦੀ ਅੰਤਰਆਤਮਾ ਦੀ ਤਹਿ ਤੱਕ ਜਾਣਗੇ। ਹਰ ਵਿਿਗਆਨੀ, ਕਲਾਕਾਰ, ਚਿੰਤਕ ਫਿਰ ਸਟੇਟ ਦੀ ਵਿਚਾਰਧਾਰਾ ਅਨੁਸਾਰ ਸੋਚੇਗਾ। (Cited in Three Faces of Fascism by Ernst Nolte)

ਅਰਨੈਸਟ ਨੌਲਟ ਦਾ ਕਹਿਣਾਂ ਹੈ ਕਿ ਭਾਵੇਂ ਮੁਸਲੋਨੀ ਨੇ ਸਟੇਟ ਦੀ ਵਿਚਾਰਧਾਰਾ ਨੂੰ ਬਹੁਤ ਵਧੀਆ ਸ਼ਬਦਾਂ ਦਾ ਲਿਬਾਸ ਪਹਿਨਾਉਣ ਦਾ ਯਤਨ ਕੀਤਾ ਹੈ ਪਰ ਅੰਤ ਵਿੱਚ ਫਾਸ਼ੀਵਾਦੀ ਸਟੇਟ, ਇੱਕ ਸੰਦ ਅਤੇ ਵਾਹਕ ਬਣਕੇ ਰਹਿ ਜਾਂਦੀ ਹੈ। ਇੱਥੋਂ ਤੱਕ ਕਿ ਮੁਸਲੋਨੀ ਨੇ ਪਾਰਟੀ, ਲਹਿਰ ਅਤੇ ਲੀਡਰ ਨੂੰ ਸਟੇਟ ਨਾਲੋਂ ਵੀ ਪ੍ਰਮੁੱਖਤਾ ਦਿੱਤੀ ਹੈ। ਉਹ ਆਖਦਾ ਹੈ ਕਿ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਨਾ ਹੋਣ ਵਾਲੇ ਨੂੰ ਦੇਸ਼-ਧਰੋਹ ਦਾ ਦੋਸ਼ ਲਾ ਕੇ ਰਾਜਨੀਤਿਕ ਜੀਵਨ ਤੋਂ ਬਾਹਰ ਕਰ ਦੇਨਾਂ ਚਾਹੀਦਾ ਹੈ। The Statue of 12 October cited in Three Faces of Fascism by Ernst Nolte.

ਮੁਸਲੋਨੀ ਆਖਦਾ ਹੈ,‘ਪਾਰਟੀ ਹੀ ਰਾਜਨੀਤੀ ਨੂੰ ਵੱਡੀ ਬਣਾਏਗੀ ਅਤੇ ਸਟੇਟ ਵੱਡੀ ਪੱਧਰ ਤੇ ਪੁਲਿਸ ਦੀ ਤਰਜਮਾਨੀ ਕਰੇਗੀ।’ Nolte op Cited.

ਮਹਿਜ਼ ਪੁਲਿਸ ਸਟੇਟ ਹੀ ਫਾਸ਼ੀ ਰਾਸ਼ਟਰਵਾਦ ਦਾ ਅੰਤਮ ਨਿਸ਼ਾਨਾ ਨਹੀ ਹੈ ਬਲਕਿ ਹਿੰਸਾ ਨੂੰ ਵਡਿਆਉਣਾਂ ਅਤੇ ਹਿੰਸਕ ਬਿਰਤੀ ਦੀ ਪੁਸ਼ਤਪਨਾਹੀ ਕਰਨੀ ਅਤੇ ਹਰ ਵੇਲੇ ਜੰਗ ਵਰਗੀ ਵਿਚਾਰਧਾਰਾ ਰੱਖਣੀ ਵੀ ਉਸਦੇ ਨਿਸ਼ਾਨੇ ਵਿੱਚ ਸ਼ਾਮਲ ਹੈ। ਉਹ ਹਰ ਵੇਲੇ ਖਤਰੇ ਦੀ ਬਿਰਤੀ ਅਧੀਨ ਰਹਿੰਦੇ ਹਨ, ਡੀਐਨੁਨਜ਼ਿਓ ਨੇ ਇਸ ਵਿਚਾਰ ਦੀ ਤਰਜਮਾਨੀ ਕਰਦੇ ਹੋਏ ਲਿਿਖਆ ਸੀ, ‘ਸੰਸਾਰ ਇਸ ਤੋਂ ਪਹਿਲਾਂ ਕਦੇ ਵੀ ਐਨਾ ਜਾਲਮ ਨਹੀ ਹੋਇਆ’। Cited in The Genesis of Fascism by G Mosse

ਖਤਰੇ ਦੀ ਇਸ ਭਾਵਨਾ ਵਿੱਚੋਂ ਹੀ ਫਾਸ਼ੀਵਾਦੀ ਫਿਰ ਰਾਸ਼ਟਰਵਾਦ ਨੂੰ ਇੱਕ ਔਜ਼ਾਰ ਦੇ ਤੌਰ ਤੇ ਵਰਤਦੇ ਹਨ। ਸ਼ਕਤੀ ਦੇ ਕੇਂਦਰ ਵੱਜੋਂ ਤਾਂ ਕਿ ਇਸ ਸ਼ਕਤੀ ਰਾਹੀਂ ਆਪਣੀ ਤਾਕਤ ਅਤੇ ਇੱਛਾ ਨੂੰ ਥੋਪਿਆ ਜਾ ਸਕੇ।ਉੁਹ ਇਤਿਹਾਸ ਨੂੰ ਵੀ ਉਦਾਹਰਨਾ ਦੇ ਇੱਕ ਭੰਡਾਰ ਵੱਜੋਂ ਵਰਤਦੇ ਹਨ। ਸ਼ਕਤੀ ਦੀ ਕਮਜ਼ੋਰੀ ਉੱਤੇ ਜਿੱਤ ਵੱਜੋਂ। ਮੈਕਿਆਵਲੀ ਚਤੁਰਾਈ ਦੀ ਭੋਲੇਪਣ ਉੱਤੇ ਜਿੱਤ ਵੱਜੋਂ।

ਜਦੋਂ ਅਜਿਹੀਆਂ ਤਾਕਤਾਂ ਸਟੇਟ ਤੇ ਕਬਜਾ ਕਰਕੇ ਮਜਬੂਤ ਹੋ ਜਾਣ ਤਾਂ ਲੀਓਨ ਪੋਲੀਆਕੋਵ ਦੇ ਸ਼ਬਦਾਂ ਵਿੱਚ ਉਹ ‘ਮੌਤ ਦੀ ਸਨਅਤ’ ਬਣ ਜਾਂਦੀਆਂ ਹਨ।

ਉਹ ਆਖਦੇ ਹਨ, ‘ਜਰਮਨੀ ਦੇ ਤਕਨੀਕੀ ਵਿਕਾਸ ਨੇ ਮਹੀਨਿਆਂ ਵਿੱਚ ਹੀ ਮੌਤ ਦੀ ਅਜਿਹੀ ਮਜਬੂਤ ਸਨਅਤ ਖੜ੍ਹੀ ਕਰ ਦਿੱਤੀ ਜੋ ਹੋਰ ਕਿਸੇ ਵੀ ਸਨਅਤ ਦੇ ਮੁਕਾਬਲੇ ਸਭ ਤੋਂ ਵੱਧ ਗੁਪਤ ਸੀ। ਮੌਤ ਦੀ ਇਸ ਸਨਅਤ ਦੀ ਆਪਣੀ ਪ੍ਰਯੋਗਸ਼ਾਲਾ ਸੀ, ਆਪਣਾਂ ਦਫਤਰ ਸੀ, ਆਪਣਾਂ ਖੋਜ ਕੇਂਦਰ ਸੀ ਅਤੇ ਆਪਣੇ ਹੀ ਇਤਿਹਾਸਕ ਦਸਤਾਵੇਜ਼ ਸਨ। ਇਹ ਸਨਅਤ ਆਪਣਾਂ ਕੰਮ ਕਰਕੇ ਸਾਰੇ ਦਸਤਾਵੇਜ਼ ਨਸ਼ਟ ਕਰਕੇ ਅਲੋਪ ਹੋ ਗਈ।’ Harvest of Hate by Leon Poliakov.

ਹੁਣ ਇਸ ਸੰਦਰਭ ਵਿੱਚ ਭਾਰਤ ਦੀ ਮੌਜੂਦਾ ਸਟੇਟ ਦੇ ਕਾਰਜ ਅਤੇ ਵਿਚਾਰਧਾਰਾ ਨੂੰ ਦੇਖਿਆ ਜਾ ਸਕਦਾ ਹੈ। ਸਟੇਟ ਤੇ ਕਬਜਾ ਕਰਨਾ ਇਨ੍ਹਾਂ ਲੋਕਾਂ ਦਾ ਪਹਿਲਾ ਨਿਸ਼ਾਨਾ ਹੈ। ਸਟੇਟ ਦੀ ਮਸ਼ੀਨਰੀ ਅਤੇ ਉਸਦੀ ਸੁਰੱਖਿਆ ਤੋਂ ਬਿਨਾ ਉਹ ਅੱਗੇ ਨਹੀ ਵਧ ਸਕਦੇ। ਸਟੇਟ ਨੂੰ ਉਹ ਆਪਣੇ ਨਿਸ਼ਾਨਿਆਂ ਦੀ ਪੂਰਤੀ ਲਈ ਵਰਤ ਰਹੇ ਹਨ। ਸਭ ਤੋਂ ਵੱਡੀ ਗੱਲ ਕਿ ਸਟੇਟ ਦਾ ਮੁਖੀ ਕਿਸੇ ਹੋਰ ਅੱਗੇ ਜਵਾਬਦੇਹ ਹੈ। ਪਾਰਟੀ, ਲਹਿਰ ਅਤੇ ਲੀਡਰ ਸਟੇਟ ਤੋਂ ਵੀ ਵੱਡਾ ਹੈੈ।ਇਸ ਲਈ ਜੋ ਵਿਅਕਤੀ ਪਾਰਟੀ ਦੇ ਹੱਕ ਵਿੱਚ ਨਹੀ ਹੈ ਉਹ ਦੇਸ਼_ਧਰੋਹੀ ਬਣ ਜਾਂਦਾ ਹੈ, ਮੁਸਲੋਨੀ ਦੀ ਵਿਚਾਰਧਾਰਾ ਵਾਂਗ। ਸਟੇਟ ਦੀ ਸਾਰੀ ਮਸ਼ੀਨਰੀ, ਪੁਲਿਸ, ਫੌਜ, ਮੀਡੀਆ ਫਿਰ ਉਸਦੇ ਚਰਿੱਤਰ ਦੀ ਹੱਤਿਆ ਕਰਦੇ ਹਨ। ਜਿਵੇਂ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਨਾਲ ਹੋ ਰਿਹਾ ਹੈੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,